Editorial
ਗੁਰਪਤਵੰਤ ਸਿੰਘ ਪੰਨੂ ਵੱਲੋਂ ਦਾਇਰ ਮੁਕਦਮੇ ਵਿੱਚ ਅਮਰੀਕੀ ਅਦਲਤ ਵਲੋਂ ਭਾਰਤ ਸਰਕਾਰ ਨੂੰ ਨੋਟਿਸ ਭੇਜਣ ਦੀ ਕਾਰਵਾਈ ਦੇ ਮਾਇਨੇ
ਅਮਰੀਕਾ ਦੀ ਇੱਕ ਅਦਾਲਤ ਨੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਦਾਇਰ ਮੁਕਦਮੇ ਵਿੱਚ ਭਾਰਤ ਸਰਕਾਰ ਨੂੰ ਨੋਟਿਸ ਭੇਜਿਆ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਰਾਹੀਂ ਇਹ ਸੰਮਨ ਮਿਲਿਆ। ਭਾਵੇਂ ਹੀ ਅਮਰੀਕਾ ਵੱਲੋਂ ਸਪਸ਼ਟੀਕਰਨ ਆਇਆ ਹੋਵੇ ਕਿ ਸੰਮਨ ਭੇਜਣਾ ਸਿਰਫ ਕਾਨੂੰਨੀ ਪ੍ਰਕਿਰਿਆ ਦਾ ਹਿੱਸਾ ਹੈ ਅਤੇ ਇਸ ਨਾਲ ਮੁਕਦਮੇ ਨੂੰ ਲੈ ਕੇ ਉਸ ਦਾ ਕੋਈ ਰੁੱਖ ਜਾਹਿਰ ਨਹੀਂ ਹੁੰਦਾ, ਪਰ ਦੋ ਦੇਸ਼ਾਂ ਦੇ ਦਰਮਿਆਨ ਇਹ ਇੰਨਾ ਆਮ ਵੀ ਨਹੀਂ ਹੈ। ਇਸ ਨਾਲ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਵਿੱਚ ਇੱਕ ਨਵੀਂ ਕੂਟਨੀਤਿਕ ਚੁਣੌਤੀ ਖੜੀ ਹੋ ਸਕਦੀ ਹੈ।
ਪੰਨੂ ਨੇ ਆਪਣੇ ਮੁਕਦਮੇ ਵਿੱਚ ਐਨ ਐਸ ਏ ਅਜੀਤ ਡੋਭਾਲ ਸਮੇਤ ਕਈ ਪ੍ਰਮੁੱਖ ਭਾਰਤੀ ਅਧਿਕਾਰੀਆਂ ਨੂੰ ਪੱਖਕਾਰ ਬਣਾਇਆ ਹੈ। ਹਾਲਾਂਕਿ ਉਸਨੇ ਜੋ ਦੋਸ਼ ਲਗਾਏ ਹਨ ਉਸ ਨੂੰ ਭਾਰਤ ਸਰਕਾਰ ਪਹਿਲਾਂ ਹੀ ਖਾਰਿਜ ਕਰ ਚੁੱਕੀ ਹੈ। ਇਥੋਂ ਤੱਕ ਕਿ ਜਾਂਚ ਲਈ ਇੱਕ ਕਮੇਟੀ ਵੀ ਬਣਾਈ ਹੈ। ਉਸ ਜਾਂਚ ਨੂੰ ਅੱਗੇ ਵਧਾਉਣ ਵਿੱਚ ਸਹਿਯੋਗ ਦੀ ਬਜਾਏ ਇੱਕ ਘੋਸ਼ਿਤ ਅੱਤਵਾਦੀ ਦੇ ਦੋਸ਼ਾਂ ਦੇ ਆਧਾਰ ਤੇ ਨਿਆਂਇਕ ਸੀਮਾ ਦੇ ਬਾਹਰ ਜਾ ਕੇ ਨੋਟਿਸ ਭੇਜਣ ਨਾਲ ਕੇਸ ਹੋਰ ਉਲਝੇਗਾ।
ਪੰਨੂ ਅਤੇ ਕਨੇਡਾ ਵਿੱਚ ਮਾਰੇ ਗਏ ਹਰਦੀਪ ਸਿੰਘ ਨਿੱਝਰ ਦਾ ਮਾਮਲਾ ਬੇਹਦ ਸੰਵੇਦਨਸ਼ੀਲ ਹੈ। ਕਨੇਡਾ ਦੀ ਉਸ ਸਮੇਂ ਦੀ ਜਸਟਿਨ ਟਰੂਡੋ ਸਰਕਾਰ ਨੇ 2023 ਵਿੱਚ ਭਾਰਤ ਤੇ ਨਿੱਝਰ ਦੀ ਹੱਤਿਆ ਦਾ ਦੋਸ਼ ਲਗਾਇਆ ਸੀ। ਇਸ ਤੋਂ ਬਾਅਦ ਡਿਪਲੋਮੈਂਟ ਕੱਢਣ ਅਤੇ ਵੀਜ਼ਾ ਸੇਵਾਵਾਂ ਮੁਅਤਲ ਕਰਨ ਵਰਗੇ ਕਦਮ ਵੀ ਚੁੱਕੇ ਗਏ ਸਨ, ਜਿਸ ਨਾਲ ਭਾਰਤ ਅਤੇ ਕਨੇਡਾ ਵਿਚਲੇ ਰਿਸ਼ਤੇ ਬੇਹੱਦ ਤਲਖ ਹੋ ਗਏ ਸਨ। ਇਸਦਾ ਅਸਰ ਵਪਾਰ ਤੋਂ ਲੈ ਕੇ ਉਥੇ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਤੇ ਪਿਆ। ਜਦੋਂ ਮਾਰਕ ਕਾਰਨੀ ਸੱਤਾ ਵਿੱਚ ਆਏ ਤਾਂ ਉਹਨਾਂ ਨੇ ਜਿਆਦਾ ਤਾਰਕਿਕ ਅਤੇ ਸਕਾਰਾਤਮਕ ਰੁੱਖ ਅਪਣਾਇਆ। ਹਾਲਾਂਕਿ ਇਸ ਤੋਂ ਬਾਅਦ ਵੀ ਗੱਲਬਾਤ ਪਟੜੀ ਤੇ ਮੁੜਨ ਵਿੱਚ ਸਮਾਂ ਲੱਗ ਗਿਆ ਸੀ।
ਇਸ ਮਾਮਲੇ ਵਿੱਚ ਇਸ ਲਈ ਵੀ ਸੰਭਲ ਕੇ ਚੱਲਣ ਦੀ ਲੋੜ ਹੈ ਕਿਉਂਕਿ ਅਮਰੀਕਾ, ਕਨੇਡਾ ਅਤੇ ਬ੍ਰਿਟੇਨ ਵਿੱਚ ਵੱਖਵਾਦੀ ਅਤੇ ਭਾਰਤ ਵਿਰੋਧੀ ਤੱਤ ਸਰਗਰਮ ਹਨ। ਉਹ ਉਥੋਂ ਦੇ ਕਾਨੂੰਨਾਂ ਵਿੱਚ ਮੌਜੂਦ ਖਾਮੀਆਂ ਦੀ ਵਰਤੋਂ ਭਾਰਤ ਦੇ ਖਿਲਾਫ ਗਤੀਵਿਧੀਆਂ ਵਧਾਉਣ ਵਿੱਚ ਕਰਦੇ ਹਨ। ਇਹਨਾਂ ਨੂੰ ਲਗਾਤਾਰ ਵੱਖ-ਵੱਖ ਸਰੋਤਾਂ ਤੋਂ ਸਮਰਥਨ ਮਿਲਦਾ ਰਿਹਾ ਹੈ। ਭਾਰਤ ਲਈ ਚੁਣੌਤੀ ਹੈ ਕਿ ਉਹ ਇਹਨਾਂ ਨੂੰ ਜਵਾਬ ਦੇਣ ਦੇ ਨਾਲ ਨਾਲ ਆਪਣੇ ਵਿਦੇਸ਼ ਸੰਬੰਧਾਂ ਵਿੱਚ ਵੀ ਸੰਤੁਲਨ ਬਣਾ ਕੇ ਰੱਖੇ।
ਨਵੀਂ ਦਿੱਲੀ ਅਤੇ ਵਾਸ਼ਿੰਗਟਨ ਦੇ ਵਿਚਾਲੇ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਵਧਿਆ ਹੈ। ਪਰ ਨਾਲ ਹੀ ਟਰੇਡ ਡੀਲ ਅਤੇ ਟੈਰਿਫ ਵਰਗੇ ਮਾਮਲੇ ਵੀ ਹਨ। ਭੂ ਰਾਜਨੀਤਿਕ ਘਟਨਾਵਾਂ ਦੋਵਾਂ ਦੇ ਰਿਸ਼ਤਿਆਂ ਨੂੰ ਵੀ ਆਕਾਰ ਦੇ ਰਹੀਆਂ ਹਨ। ਅਜਿਹੇ ਵਿੱਚ ਕੋਈ ਪੱਖ ਨਹੀਂ ਚਾਹੇਗਾ ਕਿ ਇਹ ਮਾਮਲਾ ਉਨਾਂ ਦੇ ਵਿਚਾਲੇ ਆਵੇ। ਇਸ ਦੇ ਲਈ ਜਰੂਰੀ ਹੈ ਕਿ ਅਮਰੀਕਾ ਭਾਰਤ ਦੀ ਸੰਪ੍ਰਭੂਤਾ ਦਾ ਸਨਮਾਨ ਕਰੇ ਅਤੇ ਤੈਅ ਪ੍ਰਕਿਰਿਆਵਾਂ ਦਾ ਪਾਲਣ ਕੀਤਾ ਜਾਵੇ। ਇਹਨਾਂ ਦੇਸ਼ਾਂ ਨੂੰ ਵੱਖਵਾਦੀ ਅਤੇ ਅੱਤਵਾਦੀ ਤੱਤਾਂ ਨੂੰ ਲੈ ਕੇ ਭਾਰਤ ਦੀਆਂ ਚਿੰਤਾਵਾਂ ਨੂੰ ਵੀ ਸਮਝਣਾ ਪਵੇਗਾ।
ਬਿਊਰੋ
Editorial
ਵਾਹਨਾਂ ਚਾਲਕਾਂ ਵਲੋਂ ਕੀਤੀ ਜਾਂਦੀ ਟੈ੍ਰਫਿਕ ਨਿਯਮਾਂ ਦੀ ਉਲੰਘਣਾ ਖਿਲਾਫ ਹੋਵੇ ਸਖਤ ਕਾਰਵਾਈ
ਪਿਛਲੇ ਕੁੱਝ ਸਾਲਾਂ ਦੌਰਾਨ ਸ਼ਹਿਰ ਦੀਆਂ ਸੜਕਾਂ ਤੇ ਚਲਦੇ ਵਾਹਨਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ ਅਤੇ ਇਸ ਕਾਰਨ ਸਾਡੇ ਸ਼ਹਿਰ ਦੀਆਂ ਸੜਕਾਂ ਤੇ ਹਰ ਵੇਲੇ ਭੀੜ ਭੜੱਕਾ ਦਿਖਦਾ ਹੈ। ਦਿਨ ਵੇਲੇ ਤਾਂ ਹਾਲਾਤ ਫਿਰ ਵੀ ਕਾਬੂ ਹੇਠ ਰਹਿੰਦੇ ਹਨ ਪਰੰਤੂ ਸਵੇਰੇ ਅਤੇ ਸ਼ਾਮ ਵੇਲੇ ਜਦੋਂ ਲੋਕਾਂ ਨੇ ਕੰਮ ਤੇ ਜਾਣਾ ਅਤੇ ਵਾਪਸ ਆਉਣਾ ਹੁੰਦਾ ਹੈ, ਉਸ ਵੇਲੇ ਸੜਕਾਂ ਤੇ ਜਾਮ ਲੱਗਣ ਦੀ ਨੌਬਤ ਆ ਜਾਂਦੀ ਹੈ ਅਤੇ ਇਸ ਦੌਰਾਨ ਸਾਡੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਵਿੱਚ ਭਾਰੀ ਵਾਧਾ ਹੋ ਜਾਂਦਾ ਹੈ। ਸ਼ਹਿਰ ਦੀਆਂ ਸੜਕਾਂ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕ ਇਸ ਸਮੱਸਿਆ ਨੂੰ ਹੋਰ ਵਧਾਉਣ ਵਿੱਚ ਵੱਡਾ ਯੋਗਦਾਨ ਦਿੰਦੇ ਹਨ, ਜਿਹੜੇ ਅਕਸਰ ਟ੍ਰੈਫਿਕ ਨਿਯਮਾਂ ਦੀ ਖੁੱਲੀ ਉਲੰਘਣਾ ਕਰਦੇ ਹਨ।
ਇਸ ਦੌਰਾਨ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਚਾਹਤ ਵਿੱਚ ਵਾਹਨ ਚਾਲਕ ਟੈ੍ਰਫਿਕ ਨਿਯਮਾਂ ਦੀ ਖੁੱਲੀ ਉਲੰਘਣਾ ਕਰਦੇ ਹਨ ਜਿਸ ਕਾਰਨ ਹਾਲਾਤ ਹੋਰ ਵੀ ਬਦਤਰ ਹੋ ਜਾਂਦੇ ਹਨ ਅਤੇ ਇਸ ਕਾਰਨ ਸ਼ਹਿਰ ਵਿੱਚ ਵਾਪਰਦੇ ਸੜਕ ਹਾਦਸਿਆਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ। ਇੱਕ ਤਾਂ ਸਾਡੇ ਸ਼ਹਿਰ ਵਿੱਚ ਸੜਕਾਂ ਦੀ ਸਮਰਥਾ ਦੇ ਮੁਕਾਬਲੇ ਵਾਹਨਾਂ ਦੀ ਗਿਣਤੀ ਜਿਆਦਾ ਹੋਣ ਕਾਰਨ ਸ਼ਹਿਰ ਦੀਆਂ ਸੜਕਾਂ ਤੇ ਹਰ ਵੇਲੇ ਵਾਹਨਾਂ ਦੀ ਭੀੜ ਦਿਖਦੀ ਹੈ। ਉਪਰੋਂ ਵਾਹਨ ਚਾਲਕਾਂ ਦੀਆਂ ਮਨਮਾਨੀਆਂ ਕਾਰਨ ਹਾਲਾਤ ਹੋਰ ਵੀ ਖਰਾਬ ਹੋ ਜਾਂਦੇ ਹਨ। ਸ਼ਹਿਰ ਦੀਆਂ ਲਗਭਗ ਸਾਰੀਆਂ ਹੀ ਸੜਕਾਂ ਤੇ ਅਜਿਹੇ ਵਾਹਨ ਚਾਲਕ ਆਮ ਨਜਰ ਆਉਂਦੇ ਹਨ ਜਿਹੜੇ ਆਪਣੇ ਵਾਹਨਾਂ ਨੂੰ ਬਹੁਤ ਤੇਜ ਰਫਤਾਰ ਨਾਲ ਚਲਾਉਂਦੇ ਹਨ ਅਤੇ ਇਸਨੂੰ ਆਪਣੀ ਬਹਾਦਰੀ ਸਮਝਦੇ ਹਨ। ਕੁੱਝ ਅਜਿਹੇ ਵਾਹਨ ਚਾਲਕ ਵੀ ਹਨ ਜਿਹੜੇ ਪੂਰੀ ਰਫਤਾਰ ਨਾਲ ਲਾਲ ਬੱਤੀ ਪਾਰ ਕਰਨ ਦਾ ਯਤਨ ਕਰਦੇ ਹਨ ਅਤੇ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ। ਇਸਤੋਂ ਇਲਾਵਾ ਅਜਿਹੇ ਵਾਹਨ ਚਾਲਕ ਵੀ ਮੌਜੂਦ ਹਨ ਜਿਹੜੇ ਆਪਣੇ ਤੋਂ ਅੱਗੇ ਜਾ ਰਹੇ ਕਿਸੇ ਵਾਹਨ ਨੂੰ ਉਵਰਟੇਕ ਕਰਨ ਵੇਲੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ। ਅਜਿਹੇ ਵਾਹਨ ਤੇਜ਼ ਰਫਤਾਰ ਨਾਲ ਦੂਜੇ ਵਾਹਨ ਨੂੰ ਓਵਰਟੇਕ ਕਰਨ ਵੇਲੇ ਕਈ ਵਾਰ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਹੋਰਨਾਂ ਵਾਹਨ ਚਾਲਕਾਂ ਦੀ ਜਾਨ ਵੀ ਖਤਰੇ ਵਿੱਚ ਪਾ ਦਿੰਦੇ ਹਨ। ਅਜਿਹੀ ਹਾਲਾਤ ਵਿੱਚ ਸਭਤੋਂ ਵੱਧ ਪਰੇਸ਼ਾਨੀ ਉਹਨਾਂ ਲੋਕਾਂ ਨੂੰ ਹੀ ਸਹਿਣੀ ਪੈਂਦੀ ਹੈ ਜਿਹੜੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹਨ।
ਇਸਦੇ ਨਾਲ ਹੀ ਸ਼ਹਿਰ ਵਿੱਚ ਚਲਦੇ ਆਟੋ ਰਿਕਸ਼ੇ ਵੀ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਵਿੱਚ ਆਪਣਾ ਪੂਰਾ ਯੋਗਦਾਨ ਦਿੰਦੇ ਹਨ ਜਿਹਨਾਂ ਵਲੋਂ ਟ੍ਰੈਫਿਕ ਨਿਯਮਾਂ ਦੀ ਖੁੱਲੀ ਉਲੰਘਣਾ ਕੀਤੀ ਜਾਂਦੀ ਹੈ। ਸੜਕ ਤੇ ਚਲਦੇ ਚਲਦੇ ਕੋਈ ਆਟੋ ਚਾਲਕ ਅਚਾਨਕ, ਸੜਕ ਦੇ ਵਿਚਕਾਰ, ਕਦੋਂ ਬ੍ਰੇਕ ਲਗਾ ਦੇਵੇਗਾ ਜਾਂ ਆਟੋ ਨੂੰ ਝਟਕੇ ਨਾਲ ਕਿਸੇ ਪਾਸੇ ਮੋੜ ਦੇਵੇਗਾ, ਕੁੱਝ ਕਿਹਾ ਨਹੀਂ ਜਾ ਸਕਦਾ। ਆਟੋ ਰਿਕਸ਼ਿਆਂ ਦੇ ਇਹ ਚਾਲਕ ਇੱਕ ਦੂਜੇ ਤੋਂ ਅੱਗੇ ਲੰਘ ਕੇ ਸਵਾਰੀ ਚੁੱਕਣ ਦੀ ਹੋੜ ਵਿੱਚ ਹੋਰਨਾਂ ਵਾਹਨ ਚਾਲਕਾਂ ਵਾਸਤੇ ਭਾਰੀ ਪਰੇਸ਼ਾਨੀ ਦਾ ਕਾਰਨ ਬਣਦੇ ਹਨ ਅਤੇ ਇਹਨਾਂ ਕਾਰਨ ਵੀ ਅਕਸਰ ਸੜਕ ਹਾਦਸੇ ਵਾਪਰਦੇ ਹਨ।
ਇਸਦੇ ਇਲਾਵਾ ਸ਼ਹਿਰ ਦੀਆਂ ਸੜਕਾਂ ਤੇ ਨੌਜਵਾਨਾਂ ਦੇ ਅਜਿਹੇ ਟੋਲੇ ਵੀ ਆਮ ਦਿਖਦੇ ਹਨ ਜਿਹੜੇ ਸੜਕ ਉਪਰ ਆਪਣੇ ਵਾਹਨਾਂ ਰਾਹੀਂ ਕਰਤਬ ਦਿਖਾਉਣ ਲੱਗ ਜਾਂਦੇ ਹਨ ਅਤੇ ਅਕਸਰ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ। ਸੜਕਾਂ ਤੇ ਜਾਂਦੇ ਨੌਜਵਾਨਾਂ ਦੇ ਇਹ ਝੁੰਡ ਅਕਸਰ ਆਪਣੇ ਮੋਟਰਸਾਈਕਲਾਂ ਨੂੰ ਟੇਢੇ ਮੇਢੇ ਢੰਗ ਨਾਲ ਚਲਾਉਂਦੇ ਹਨ ਅਤੇ ਇਹਨਾਂ ਨੂੰ ਸ਼ਹਿਰ ਦੀਆਂ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਗੇੜੀਆਂ ਲਗਾਉਂਦੇ ਆਮ ਦੇਖਿਆ ਜਾ ਸਕਦਾ ਹੈ, ਜਿੱਥੇ ਉਹ ਆਪਣੇ ਵਾਹਨਾਂ ਤੇ ਕਈ ਤਰ੍ਹਾਂ ਦੇ ਕਰਤਬ ਵੀ ਵਿਖਾਉਂਦੇ ਹਨ।
ਵਾਹਨ ਚਾਲਕਾਂ ਵਲੋਂ ਕੀਤੀ ਜਾਂਦੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਇਸ ਕਾਰਵਾਈ ਤੇ ਕਾਬੂ ਕਰਨ ਲਈ ਭਾਵੇਂ ਟ੍ਰੈਫਿਕ ਪੁਲੀਸ ਵਲੋਂ ਵੱਖ ਵੱਖ ਥਾਵਾਂ ਉੱਪਰ ਵਿਸ਼ੇਸ਼ ਨਾਕੇ ਵੀ ਲਗਾਏ ਜਾਂਦੇ ਹਨ ਪਰ ਇਹਨਾਂ ਨਾਕਿਆਂ ਉੱਪਰ ਖੜੇ ਪੁਲੀਸ ਮੁਲਾਜਮਾਂ ਦਾ ਧਿਆਨ ਵੀ ਆਮ ਵਾਹਨ ਚਾਲਕਾਂ ਦੇ ਚਾਲਾਨ ਕਰਨ ਵੱਲ ਹੀ ਹੁੰਦਾ ਹੈ ਅਤੇ ਇਸ ਦੌਰਾਨ ਇਹ ਨਾਕੇ ਵੀ ਟ੍ਰੈਫਿਕ ਵਿਵਸਥਾ ਵਿੱਚ ਰੁਕਾਵਟ ਬਣ ਜਾਂਦੇ ਹਨ। ਅਜਿਹਾ ਵੀ ਆਮ ਹੁੰਦਾ ਹੈ ਕਿ ਇਹਨਾਂ ਨਾਕਿਆਂ ਤੇ ਰੋਕੇ ਜਾਣ ਤੇ ਜਿਆਦਾਤਰ ਵਾਹਨ ਚਾਲਕ ਆਪਣੀ ਉੱਚੀ ਪਹੁੰਚ ਜਾਂ ਆਪਣੇ ਕਿਸੇ ਨਜ਼ਦੀਕੀ ਦੀ ਧੌਂਸ ਦਿੰਦੇ ਹਨ ਅਤੇ ਟ੍ਰੈਫਿਕ ਪੁਲੀਸ ਦੇ ਮੁਲਾਜਮ ਵੀ ਅਕਸਰ ਇਹਨਾਂ ਅਸਰ ਰਸੂਖ ਵਾਲੇ ਲੋਕਾਂ ਦੇ ਖਿਲਾਫ ਕਾਰਵਾਈ ਕਰਨ ਤੋਂ ਝਿਜਕਦੇ ਹਨ।
ਸਾਡੇ ਸ਼ਹਿਰ ਵਿਚਲੀ ਟ੍ਰੈਫਿਕ ਵਿਵਸਥਾ ਵਿੱਚ ਸੁਧਾਰ ਲਈ ਜਰੂਰੀ ਹੈ ਕਿ ਟ੍ਰੈਫਿਕ ਪੁਲੀਸ ਵਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਜਿਲ੍ਹੇ ਦੇ ਐਸ ਐਸ ਪੀ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਇਸ ਕਾਰਵਾਈ ਤੇ ਸਖਤੀ ਨਾਲ ਰੋਕ ਨੂੰ ਯਕੀਨੀ ਬਣਾਉਣ ਤਾਂ ਜੋ ਇਸ ਕਾਰਨ ਲੋਕਾਂ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਤੋਂ ਰਾਹਤ ਮਿਲੇ।
Editorial
ਕੀ ਦਲ-ਬਦਲੂਆਂ ਸਹਾਰੇ ਪੰਜਾਬ ਵਿੱਚ ਜਿੱਤ ਹਾਸਿਲ ਕਰਨ ਦੀਆਂ ਸਮਰਥ ਹੋਣਗੀਆਂ ਸਿਆਸੀ ਪਾਰਟੀਆਂ
ਪੰਜਾਬ ਵਿਧਾਨ ਸਭਾ ਚੋਣਾਂ 2027 ਦੀ ਸ਼ੁਰੂਆਤ ਵਿੱਚ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਅਤੇ ਇਹਨਾਂ ਚੋਣਾਂ ਦੇ ਰਸਮੀ ਐਲਾਨ ਤੋਂ ਪਹਿਲਾਂ ਹੀ ਪੰਜਾਬ ਦੀ ਸਿਆਸਤ ਵਿੱਚ ਦਲ ਬਦਲੀਆਂ ਦੀ ਹਨੇਰੀ ਜਿਹੀ ਆ ਗਈ ਹੈ। ਹਰ ਦਿਨ ਕੋਈ ਨਾ ਕੋਈ ਸਿਆਸੀ ਆਗੂ ਇੱਕ ਪਾਰਟੀ ਛੱਡ ਕੇ ਦੂਜੀ ਸਿਆਸੀ ਪਾਰਟੀ ਵਿੱਚ ਜਾ ਰਿਹਾ ਹੈ। ਇਸ ਤੋਂ ਇਲਾਵਾ ਵੱਖ ਵੱਖ ਸਿਆਸੀ ਪਾਰਟੀਆਂ ਤੋਂ ਬਾਗੀ ਹੋਏ ਰਾਜਸੀ ਆਗੂ ਵੀ ਆਪਣੀਆਂ ਪੁਰਾਣੀਆਂ ਪਾਰਟੀਆਂ ਵਿੱਚ ਘਰ ਵਾਪਸੀ ਕਰਨ ਲੱਗੇ ਹਨ।
ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ (ਆਪ) ਦੇ ਤਿੰਨ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ, ਹਰਮੀਤ ਸਿੰਘ ਪਠਾਨਮਾਜਰਾ ਅਤੇ ਚੇਤੰਨ ਸਿੰਘ ਜੋੜਾਮਾਜਰਾ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਉਸ ਤੋਂ ਬਾਅਦ ਫਿਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਿੱਚੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਅਚਾਨਕ ਕਿਨਾਰਾ ਕਰ ਲਿਆ ਗਿਆ ਅਤੇ ਉਹ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਬਾਦਲ ਦਲ ਵਿੱਚ ਸ਼ਾਮਲ ਹੋ ਗਏ। ਇਸ ਤੋਂ ਬਾਅਦ ਸੀਨੀਅਰ ਅਕਾਲੀ ਆਗੂ ਬੀਬੀ ਜਗੀਰ ਕੌਰ ਵੀ ਮੁੜ ਬਾਦਲ ਦਲ ਵਿੱਚ ਸ਼ਾਮਲ ਹੋ ਗਏ।
ਇਸ ਸਾਰੇ ਘਟਨਾਕ੍ਰਮ ਨੇ ਪੰਜਾਬੀਆਂ ਨੂੰ ਸੋਚਾਂ ਵਿੱਚ ਪਾ ਦਿੱਤਾ ਹੈ ਕਿ ਦਲ ਬਦਲੀ ਕਰਨ ਵਾਲੇ ਇਹ ਸਿਆਸੀ ਆਗੂ ਸਿਰਫ਼ ਕੁਰਸੀ ਦੇ ਲਾਲਚ ਵਿੱਚ ਮੂਲ ਪਾਰਟੀ ਵਿੱਚ ਗਏ ਹਨ ਜਾਂ ਫਿਰ ਇਹ ਆਗੂ ਪੰਜਾਬ ਦਾ ਕੁਝ ਸੰਵਾਰ ਸਕਣਗੇ। ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਪੰਥਕ ਸਰਕਾਰ ਬਣਾਉਣ ਲਈ ਅਕਾਲੀ ਦਲ ਬਾਦਲ ਦਾ ਮਜਬੂਤ ਹੋਣਾ ਜ਼ਰੂਰੀ ਹੈ। ਪਿਛਲੇ ਦਿਨੀਂ ਪ੍ਰੋ. ਚੰਦੂਮਾਜਰਾ ਨੂੰ ਜਦੋਂ ਪੱਤਰਕਾਰਾਂ ਨੇ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਬਾਰੇ ਸਵਾਲ ਕੀਤਾ ਤਾਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਕਥਾ ਵਧੀਆ ਕਰ ਲੈਂਦੇ ਹਨ, ਇਸ ਲਈ ਗਿਆਨੀ ਹਰਪ੍ਰੀਤ ਸਿੰਘ ਨੂੰ ਕਥਾ ਕਰਨ ਲਈ ਰੱਖ ਲਿਆ ਜਾਵੇਗਾ। ਪ੍ਰੋ. ਚੰਦੂਮਾਜਰਾ ਦੇ ਇਸ ਬਿਆਨ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਆਪਣੀ ਪੁਰਾਣੀ ਪਾਰਟੀ ਦੇ ਪ੍ਰਧਾਨ ਬਾਰੇ ਉਹਨਾਂ ਦੇ ਵਿਚਾਰ ਕਿਹੋ ਜਿਹੇ ਹਨ।
ਇਸ ਸੰਬੰਧੀ ਆਮ ਲੋਕਾਂ ਵਲੋਂ ਅਤੇ ਸੋਸ਼ਲ ਮੀਡੀਆ ਤੇ ਚੰਦੂਮਾਜਰਾ ਦੇ ਫ਼ੈਸਲੇ ਤੇ ਤਨਜ਼ ਕਸੇ ਜਾ ਰਹੇ ਹਨ ਕਿਉਂਕਿ ਕੱਲ੍ਹ ਤੱਕ ਬਾਦਲ ਪਰਿਵਾਰ ਨੂੰ ਪੰਥ ਅਤੇ ਪੰਜਾਬ ਦਾ ਗ਼ੱਦਾਰ ਦੱਸਣ ਵਾਲੇ ਅਤੇ ਅਕਾਲੀ ਦਲ ਨੂੰ ਬਚਾਉਣ ਲਈ ਵੱਖਰਾ ਮੰਚ ਬਣਾਉਣ ਵਾਲੇ ਆਗੂ ਕੁਝ ਹੀ ਮਹੀਨਿਆਂ ਵਿੱਚ ਬਾਦਲ ਦਲ ਵਲ ਮੁੜਨ ਲੱਗੇ ਹਨ।
ਦਲ ਬਦਲੀ ਦਾ ਰੁਝਾਨ ਇੰਨਾ ਵੱਧ ਗਿਆ ਹੈ ਕਿ ਕੱਲ੍ਹ ਇੱਕ-ਦੂਜੇ ਨੂੰ ਪਾਣੀ ਪੀ-ਪੀ ਕੋਸਣ ਵਾਲੇ ਆਗੂ ਅੱਜ ਆਪਣੀਆਂ ਵਿਰੋਧੀ ਪਾਰਟੀਆਂ ਨਾਲ ਗਲ਼ਵਕੜੀਆਂ ਪਾ ਰਹੇ ਹਨ। ਹੁਣ ਆਮ ਲੋਕ ਪੁੱਛ ਰਹੇ ਹਨ ਕਿ ਇਹ ਨੇਤਾ ਆਖ਼ਰ ਲੋਕ ਸੇਵਾ ਲਈ ਭੱਜ-ਦੌੜ ਕਰ ਰਹੇ ਹਨ ਜਾਂ ਮਹਿਜ਼ ਸੱਤਾ ਦੀ ਲਾਲਸਾ ਹੈ?
ਸਿਆਸੀ ਆਗੂਆਂ ਵੱਲੋਂ ਕੀਤੀਆਂ ਜਾ ਰਹੀਆਂ ਦਲ ਬਦਲੀਆਂ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਵੱਡੀ ਗਿਣਤੀ ਸਿਆਸੀ ਆਗੂ ਅਜਿਹੇ ਹਨ ਜੋ ਕਿ ਹਰ ਸਮੇਂ ਸੱਤਾ ਵਿੱਚ ਰਹਿਣਾ ਚਾਹੁੰਦੇ ਹਨ ਅਤੇ ਉਹਨਾਂ ਨੂੰ ਵਿਰੋਧੀ ਧਿਰ ਬਣਨ ਤੋਂ ਡਰ ਲੱਗਦਾ ਹੈ। ਇਸ ਤੋਂ ਇਲਾਵਾ ਕਈ ਸਿਆਸੀ ਆਗੂ ਆਪਣੇ ਨਿੱਜੀ ਹਿੱਤਾਂ ਅਤੇ ਆਪਣੇ ਕਾਰੋਬਾਰ ਦੀ ਸੁਰੱਖਿਆ ਲਈ ਵੀ ਦਲ ਬਦਲੀ ਕਰ ਲੈਂਦੇ ਹਨ। ਆਮ ਆਦਮੀ ਪਾਰਟੀ ਦੇ ਕਈ ਆਗੂ ਭਾਜਪਾ ਤੇ ਦੋਸ਼ ਲਗਾ ਰਹੇ ਹਨ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕੇਂਦਰੀ ਏਜੰਸੀਆਂ ਸੀ. ਬੀ. ਆਈ. ਅਤੇ ਈ ਡੀ ਦੀ ਵਰਤੋ ਕਰਕੇ ਵਿਰੋਧੀ ਸਿਆਸੀ ਆਗੂਆਂ ਨੂੰ ਡਰਾਇਆ ਜਾ ਰਿਹਾ ਹੈ, ਜਿਸ ਕਰਕੇ ਕਈ ਸਿਆਸੀ ਆਗੂ ਆਪਣੇ ਵਿਰੁੱਧ ਹੋਣ ਵਾਲੀ ਕਿਸੇ ਸੰਭਾਵੀ ਕਾਰਵਾਈ ਤੋਂ ਬਚਣ ਲਈ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।
ਪੰਜਾਬ ਦੇ ਮੌਜੂਦਾ ਹਾਲਾਤ ਵੇਖ ਕੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਪੰਜਾਬ ਵਿੱਚ ਦਲਬਦਲੀਆਂ ਦਾ ਹੜ੍ਹ ਆ ਗਿਆ ਹੋਵੇ। ਇਸੇ ਦੌਰਾਨ ਇਹ ਵੀ ਚਰਚਾ ਹੋ ਰਹੀ ਹੈ ਕਿ ਅਕਾਲੀ ਦਲ ਬਾਦਲ ਅਤੇ ਭਾਜਪਾ ਵਿਚਾਲੇ ਹੋਰਨਾਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਨ ਲਈ ਦੌੜ ਲੱਗ ਰਹੀ ਹੈ ਭਾਵੇਂ ਕਿ ਇਹ ਦੌੜ ਦੋਸਤਾਨਾ ਮੈਚ ਹੀ ਜਾਪ ਰਹੀ ਹੈ,ਪਰ ਅਕਾਲੀ ਦਲ ਬਾਦਲ ਅਤੇ ਭਾਜਪਾ ਵੱਲੋਂ ਦੂਜੀਆਂ ਸਿਆਸੀ ਪਾਰਟੀਆਂ ਦੇ ਅਣਗੋਲੇ ਲੀਡਰਾਂ ਨੂੰ ਆਪਣੇ ਨਾਲ ਰਲਾ ਕੇ ਆਪਣੇ ਆਪ ਨੂੰ ਮਜਬੂਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਸਿਆਸੀ ਲੀਡਰਾਂ ਵੱਲੋਂ ਕੀਤੀਆਂ ਜਾ ਰਹੀਆਂ ਦਲ ਬਦਲੀਆਂ ਦਾ ਮਾਮਲਾ ਹੁਣ ਜਨਤਾ ਦੀ ਕਚਹਿਰੀ ਵਿੱਚ ਹੈ ਅਤੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪੰਜਾਬ ਦੇ ਆਮ ਲੋਕ ਇਹਨਾਂ ਦਲ ਬਦਲੂ ਨੇਤਾਵਾਂ ਨੂੰ ਕਿੰਨਾ ਕੁ ਪ੍ਰਵਾਨ ਕਰਦੇ ਹਨ ਅਤੇ ਇਹਨਾਂ ਆਗੂਆਂ ਨੂੰ ਕਿੰਨਾ ਕੁ ਹੁੰਗਾਰਾ ਭਰਦੇ ਹਨ।
ਬਿਊਰੋ
Editorial
ਠੰਡ ਦੇ ਮੌਸਮ ਦੇ ਸ਼ੁਰੂ ਹੁੰਦਿਆਂ ਹੀ ਹਿਲ ਸਟੇਸ਼ਨਾਂ ਤੇ ਜਾਣ ਦਾ ਰੁਝਾਨ ਵਧਿਆ
ਪੰਜਾਬ ਸਮੇਤ ਪੂਰੇ ਉਤਰੀ ਭਾਰਤ ਵਿੱਚ ਅੱਜ ਕੱਲ੍ਹ ਹਲਕੀ ਠੰਡ ਪੈਣੀ ਸ਼ੁਰੂ ਹੋ ਗਈ ਹੈ। ਦੁਪਹਿਰ ਸਮੇਂ ਤਾਂ ਮੌਸਮ ਵਿੱਚ ਕੁਝ ਗਰਮਾਹਟ ਰਹਿੰਦੀ ਹੈ ਪਰ ਸਵੇਰੇ ਅਤੇ ਸ਼ਾਮ ਨੂੰ ਹਲਕੀ ਠੰਡ ਵੀ ਆਪਣਾ ਅਸਰ ਦਿਖਾਉਣ ਲੱਗਦੀ ਹੈ। ਭਾਵੇਂ ਇਸ ਸਮੇਂ ਪੂਰੇ ਦੇਸ਼ ਅੰਦਰ ਹੀ ਦਿਵਾਲੀ ਦੇ ਤਿਉਹਾਰ ਮੌਕੇ ਚਲਾਏ ਗਏ ਪਟਾਕਿਆਂ ਅਤੇ ਖੇਤਾਂ ਵਿੱਚ ਸਾੜੀ ਗਈ ਝੋਨੇ ਦੀ ਪਰਾਲੀ ਕਾਰਨ ਵਾਤਾਵਰਣ ਵਿੱਚ ਧੂੰਆਂ ਫੈਲਿਆ ਹੋਇਆ ਹੈ ਪਰੰਤੂ ਇਸ ਦੇ ਬਾਵਜੂਦ ਹਲਕੀ ਠੰਡ ਵੀ ਆਪਣਾ ਅਸਰ ਦਿਖਾਉਣ ਲੱਗ ਪਈ ਹੈ।
ਪੰਜਾਬ ਦੇ ਵੱਖ- ਵੱਖ ਇਲਾਕਿਆਂ ਤੋਂ ਲੋਕ ਅੱਜ ਕੱਲ੍ਹ ਪਹਾੜੀ ਸਥਾਨਾਂ ਦੀ ਸੈਰ ਕਰਨ ਅਤੇ ਠੰਡ ਦੀ ਸ਼ੁਰੂਆਤ ਦੇ ਮੌਸਮ ਦਾ ਆਨੰਦ ਲੈਣ ਲਈ ਹਿਲ ਸਟੇਸ਼ਨਾਂ ਤੇ ਪਹੁੰਚ ਗਏ ਹਨ। ਪੰਜਾਬ ਵਿੱਚ ਪਹਾੜ ਨਾ ਹੋਣ ਕਾਰਨ ਵੱਡੀ ਗਿਣਤੀ ਪੰਜਾਬੀਆਂ ਨੂੰ ਪਹਾੜ ਬਹੁਤ ਪਸੰਦ ਹਨ। ਇਸ ਕਾਰਨ ਵੱਡੀ ਗਿਣਤੀ ਪੰਜਾਬੀ ਹਰ ਮੌਸਮ ਵਿੱਚ ਪਹਾੜੀ ਸਥਾਨਾਂ ਦੀ ਸੈਰ ਕਰਦੇ ਹਨ।
ਵੱਡੀ ਗਿਣਤੀ ਪਹਾੜੀ ਇਲਾਕਿਆਂ ਵਿੱਚ ਬਰਫ਼ ਪੈਣੀ ਸ਼ੁਰੂ ਹੋ ਗਈ ਹੈ ਅਤੇ ਅਸਮਾਨ ਤੋਂ ਡਿੱਗਦੀ ਬਰਫ਼ ਵੇਖਣ ਲਈ ਅਤੇ ਇਸ ਦਾ ਲੁਤਫ ਲੈਣ ਲਈ ਵੱਡੀ ਗਿਣਤੀ ਪੰਜਾਬੀ ਇਸ ਸਮੇਂ ਉਚੇ ਪਹਾੜੀ ਸਥਾਨਾਂ ਤੇ ਮੌਸਮ ਦਾ ਆਨੰਦ ਲੈ ਰਹੇ ਹਨ। ਕੁਦਰਤੀ ਤੌਰ ਤੇ ਪਹਾੜੀ ਸਥਾਨਾਂ ਦਾ ਵਾਤਾਵਰਣ ਕੁਝ ਸ਼ੁੱਧ ਹੁੰਦਾ ਹੈ ਅਤੇ ਉਥੇ ਤਾਜੀ ਹਵਾ ਚਲਦੀ ਹੈ। ਜਿਸ ਕਾਰਨ ਸ਼ੁੱਧ ਵਾਤਾਵਰਣ ਅਤੇ ਤਾਜੀ ਹਵਾ ਲੈਣ ਲਈ ਵੀ ਪੰਜਾਬੀ ਅਕਸਰ ਪਹਾੜਾਂ ਦੀ ਸੈਰ ਕਰਦੇ ਹਨ।
ਡਾਕਟਰ ਵੀ ਬਿਮਾਰ ਵਿਅਕਤੀਆਂ ਨੂੰ ਠੀਕ ਹੋਣ ਅਤੇ ਚੰਗੀ ਸਿਹਤ ਬਣਾਉਣ ਲਈ ਪਹਾੜਾਂ ਦੇ ਰਮਣੀਕ ਅਤੇ ਸ਼ਾਂਤ ਵਾਤਾਵਰਣ ਵਿੱਚ ਕੁਝ ਦਿਨ ਬਿਤਾਉਣ ਦੀ ਸਲਾਹ ਦੇ ਦਿੰਦੇ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਸਾਫ਼ ਅਤੇ ਸ਼ੁੱਧ ਹਵਾ ਅਤੇ ਸ਼ਾਂਤ ਤੇ ਹਰਿਆਲੀ ਭਰਪੂਰ ਵਾਤਾਵਰਣ ਵਿੱਚ ਕੁਝ ਦਿਨ ਬਤੀਤ ਕਰਨ ਨਾਲ ਮਨੁੱਖੀ ਸਰੀਰ ਵਿੱਚ ਨਵੀਂ ਊਰਜਾ ਭਰ ਜਾਂਦੀ ਹੈ ਅਤੇ ਲੋਕ ਤਰੋ ਤਾਜਾ ਹੋ ਕੇ ਪਹਾੜੀ ਸਥਾਨਾਂ ਤੋਂ ਆਪਣੇ ਘਰਾਂ ਨੂੰ ਪਰਤਦੇ ਹਨ। ਪਹਾੜੀ ਇਲਾਕਿਆਂ ਵਿੱਚ ਲੱਗੇ ਵੱਖ ਵੱਖ ਕਿਸਮਾਂ ਦੇ ਉੱਚੇ ਉੱਚੇ ਦਰਖਤਾਂ ਨਾਲ ਖਹਿ ਕੇ ਜਦੋਂ ਤਾਜੀ ਹਵਾ ਰੁਮਕਦੀ ਹੈ ਤਾਂ ਇਹ ਹਰ ਵਿਅਕਤੀ ਦੇ ਤਨ ਮਨ ਨੂੰ ਠਾਰ ਦਿੰਦੀ ਹੈ। ਇਹੋ ਕਾਰਨ ਹੈ ਕਿ ਪਹਾੜੀ ਇਲਾਕੇ ਹਮੇਸ਼ਾ ਪੰਜਾਬੀਆਂ ਨੂੰ ਖਿੱਚ ਪਾਉਂਦੇ ਰਹਿੰਦੇ ਹਨ।
ਪੰਜਾਬ ਵਿੱਚ ਜਿਹੜੇ ਦੁਕਾਨਦਾਰਾਂ ਨੇ ਦਿਵਾਲੀ ਦੇ ਤਿਉਹਾਰ ਮੌਕੇ ਚੰਗੀ ਕਮਾਈ ਕੀਤੀ ਹੈ ਅਤੇ ਦਿਵਾਲੀ ਮੌਕੇ ਉਹਨਾਂ ਨੇ ਲੰਬਾ ਸਮਾਂ ਦੁਕਾਨਾਂ ਖੋਲੀ ਰੱਖੀਆਂ ਉਹ ਵੀ ਆਪਣੀ ਥਕਾਵਟ ਉਤਾਰਨ ਲਈ ਪਹਾੜੀ ਸਥਾਨਾਂ ਦੀ ਸੈਰ ਕਰ ਰਹੇ ਹਨ। ਇਸ ਤੋਂ ਇਲਾਵਾ ਕਾਲਜ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ ਵੀ ਗਰੁਪ ਬਣਾ ਕੇ ਹਿਲ ਸਟੇਸ਼ਨਾਂ ਤੇ ਘੁੰਮ ਰਹੇ ਹਨ। ਅੱਜ ਕੱਲ੍ਹ ਮਹਿੰਗਾਈ ਦੇ ਯੁੱਗ ਵਿੱਚ ਵੱਡੀ ਗਿਣਤੀ ਪੰਜਾਬੀ ਸਾਰਾ ਸਾਲ ਡਟ ਕੇ ਮਿਹਨਤ ਕਰਦੇ ਹਨ ਅਤੇ ਕਾਫੀ ਪੈਸੇ ਜੋੜ ਲੈਂਦੇ ਹਨ ਅਤੇ ਫਿਰ ਸਾਲ ਵਿੱਚ ਇੱਕ ਵਾਰੀ ਜਾਂ ਹਰ ਛੇ ਮਹੀਨੇ ਬਾਅਦ ਉਹ ਭਾਰਤ ਦੇ ਕਿਸੇ ਨਾ ਕਿਸੇ ਹਿਲ ਸਟੇਸ਼ਨ ਦੀ ਯਾਤਰਾ ਕਰਦੇ ਹਨ। ਹਿਲ ਸਟੇਸ਼ਨਾਂ ਤੇ ਘੁੰਮਣਾ ਪੰਜਾਬ ਵਿੱਚ ਇੱਕ ਟਰੈਂਡ ਬਣ ਗਿਆ ਹੈ ਅਤੇ ਵੱਡੀ ਗਿਣਤੀ ਲੋਕ ਇੱਕ ਦੂਜੇ ਦੀ ਦੇਖਾਦੇਖੀ ਹਿਲ ਸਟੇਸ਼ਨਾਂ ਦੇ ਰਾਹ ਪੈ ਰਹੇ ਹਨ।
ਬੱਚਿਆਂ ਵਿੱਚ ਵੀ ਹਿਲ ਸਟੇਸ਼ਨ ਘੁੰਮਣ ਦਾ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਉਹ ਹਿਲ ਸਟੇਸ਼ਨਾਂ ਤੇ ਆਪਣੀਆਂ ਤਸਵੀਰਾਂ ਖਿੱਚ ਕੇ ਆਪਣੇ ਦੋਸਤਾਂ ਨੂੰ ਭੇੇਜ ਰਹੇ ਹਨ। ਵੱਖ ਵੱਖ ਉਮਰ ਵਰਗ ਦੇ ਵਿਅਕਤੀ ਹਿਲ ਸਟੇਸ਼ਨਾਂ ਤੋਂ ਸਦੀਵੀ ਯਾਦਾਂ ਲੈ ਕੇ ਵਾਪਸ ਮੁੜਦੇ ਹਨ। ਜਦੋਂ ਪਹਾੜੀ ਸਥਾਨਾਂ ਵਿੱਚ ਹੋਰ ਬਰਫ਼ਵਾਰੀ ਹੋਵੇਗੀ ਤਾਂ ਪੰਜਾਬੀਆਂ ਸਮੇਤ ਪੂਰੇ ਦੇਸ਼ ਦੇ ਲੋਕਾਂ ਵਿੱਚ ਹਿਲ ਸਟੇਸ਼ਨਾਂ ਤੇ ਜਾਣ ਦਾ ਰੁਝਾਨ ਹੋਰ ਵੀ ਵਧੇਗਾ।
ਬਿਊਰੋ
-
International2 months ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
-
Chandigarh2 months ago36 ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਗਮਾਡਾ ਦਫ਼ਤਰ ਵਿੱਚ ਢਾਈ ਦਰਜਨ ਬੈਗ ਲੈ ਕੇ ਬਾਹਰ ਨਿਕਲੇ ਈ ਡੀ ਅਧਿਕਾਰੀ
-
Chandigarh2 months agoਚੰਡੀਗੜ੍ਹ ਦੇ ਸੈਕਟਰ 22 ਵਿੱਚ ਹੈਡ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ
-
International1 month agoਨਾਈਜੀਰੀਆ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਵਿਅਕਤੀਆਂ ਦੀ ਮੌਤ
-
International1 month agoਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ ਕਾਰਨ 9 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International3 weeks agoਤਿੱਬਤ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਸੈਂਕੜੇ ਮਕਾਨ ਢਹਿ-ਢੇਰੀ, 16 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International4 weeks ago
ਪਨਾਮਾ ਵਿੱਚ ਮੁੜ ਲੱਗੇ ਭੂਚਾਲ ਦੇ ਤੇਜ਼ ਝਟਕੇ
-
International4 weeks agoਸਕੂਲ ਦੀ ਛੱਤ ਡਿੱਗਣ ਕਾਰਨ 28 ਵਿਦਿਆਰਥੀਆਂ ਅਤੇ 1 ਅਧਿਆਪਕਾ ਦੀ ਮੌਤ, ਕਈ ਜ਼ਖ਼ਮੀ
