Connect with us

International

ਯਾਤਰੀਆਂ ਨਾਲ ਭਰੀ ਇਲੈਕਟ੍ਰਿਕ ਵੈਨ 500 ਮੀਟਰ ਡੂੰਘੀ ਖੱਡ ਵਿੱਚ ਡਿੱਗੀ, 10 ਵਿਅਕਤੀਆਂ ਦੀ ਮੌਤ, ਕਈ ਜ਼ਖਮੀ

Published

on

ਮਕਵਾਨਪੁਰ, 12 ਨਵੰਬਰ (ਸ.ਬ.) ਨੇਪਾਲ ਦੇ ਮਕਵਾਨਪੁਰ ਜ਼ਿਲ੍ਹੇ ਵਿੱਚ ਅੱਜ ਭੀਮਫੇਦੀ ਨਗਰਪਾਲਿਕਾ-6 ਵਿੱਚ ਚਿਸਾਪਾਨੀ ਗੜ੍ਹੀ ਨੇੜੇ ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਇਲੈਕਟ੍ਰਿਕ ਵੈਨ ਕੰਟਰੋਲ ਗੁਆ ਬੈਠੀ ਅਤੇ ਸੜਕ ਤੋਂ ਲਗਭਗ 500 ਮੀਟਰ ਹੇਠਾਂ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ 10 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ ਹਨ। ਮੌਕੇ ਤੇ ਬਚਾਅ ਅਤੇ ਰਾਹਤ ਕਾਰਜ ਜਾਰੀ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਮਧੇਸ਼ ਪ੍ਰਦੇਸ਼ ਵਾਲੀ ਇਲੈਕਟ੍ਰਿਕ ਵੈਨ ਕਾਠਮੰਡੂ ਤੋਂ ਸਰਲਾਹੀ ਜਾ ਰਹੀ ਸੀ। ਇਸ ਦੌਰਾਨ ਵਾਹਨ ਨੇ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਭੀਮਫੇਦੀ-ਕੁਲੇਖਾਨੀ-ਕਾਠਮੰਡੂ ਸੜਕ ਤੇ ਚਿਸਾਪਾਨੀ ਗੜ੍ਹੀ ਦੇ ਨੇੜੇ ਇੱਕ ਡੂੰਘੀ ਖੱਡ ਵਿੱਚ ਡਿੱਗ ਗਿਆ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।

ਜ਼ਖਮੀਆਂ ਵਿੱਚ 33 ਸਾਲਾ ਮੁਕੇਸ਼ ਯਾਦਵ, ਪੰਜ ਸਾਲਾ ਸਕਸ਼ਮ ਕੁਮਾਰ ਯਾਦਵ ਅਤੇ ਤਿੰਨ ਸਾਲਾ ਸੁਦਨ ਯਾਦਵ ਸ਼ਾਮਲ ਹਨ, ਜੋ ਕਿ ਸਰਲਾਹੀ ਜ਼ਿਲ੍ਹੇ ਦੇ ਚੱਕਰਘਟਾ ਨਗਰਪਾਲਿਕਾ-4 ਦੇ ਸੁੰਦਰਪੁਰਟੋਲ ਦੇ ਵਸਨੀਕ ਹਨ। ਹੇਟੌਂਡਾ ਹਸਪਤਾਲ ਵਿੱਚ ਦਾਖਲ ਮੁਕੇਸ਼ ਯਾਦਵ ਦੇ ਸਿਰ ਅਤੇ ਪਿੱਠ ਵਿੱਚ ਸੱਟਾਂ ਲੱਗੀਆਂ ਹਨ, ਜਦੋਂ ਕਿ ਸਕਸ਼ਮ ਕੁਮਾਰ ਯਾਦਵ ਨੂੰ ਅੰਦਰੂਨੀ ਸੱਟਾਂ ਲੱਗੀਆਂ ਹਨ। ਦੋਵਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਤਿੰਨ ਸਾਲਾ ਸੁਦਨ ਯਾਦਵ ਦੇ ਸਿਰ ਅਤੇ ਮੂੰਹ ਵਿੱਚ ਸੱਟਾਂ ਲੱਗੀਆਂ ਹਨ। ਉਸਦੀ ਹਾਲਤ ਦਰਮਿਆਨੀ ਦੱਸੀ ਜਾ ਰਹੀ ਹੈ।

ਨੇਪਾਲ ਆਰਮਡ ਪੁਲੀਸ ਫੋਰਸ ਦੇ ਸਹਿ-ਬੁਲਾਰੇ ਸ਼ੈਲੇਂਦਰ ਥਾਪਾ ਨੇ ਕਿਹਾ ਕਿ ਇਸ ਹਾਦਸੇ ਵਿੱਚ ਕੁੱਲ 10 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਪੰਜ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।

ਹਾਦਸੇ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਨੇ ਰਾਹਤ ਅਤੇ ਬਚਾਅ ਕਾਰਜ ਚਲਾਏ ਹਨ। ਫਿਲਹਾਲ ਹਾਦਸੇ ਦੇ ਕਾਰਨਾਂ ਦੀ ਵਿਸਥਾਰਤ ਜਾਂਚ ਜਾਰੀ ਹੈ।

International

ਭਾਰਤ ਅਤੇ ਨਿਊਜ਼ਲੈਂਡ ਵਿਚਾਲੇ ਤੀਜਾ ਵਨਡੇਅ ਮੈਚ ਮੀਂਹ ਕਾਰਨ ਰੱਦ

Published

on

By

ਹੈਮਿਲਟਨ, 10 ਨਵੰਬਰ (ਸ.ਬ.) ਹੈਮਿਲਟਨ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਅੱਜ ਖੇਡਿਆ ਜਾਣ ਵਾਲਾ ਤੀਜਾ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ, ਜਿਸ ਨਾਲ ਮਹਿਮਾਨ ਭਾਰਤੀ ਟੀਮ ਨੇ ਪੰਜ ਮੈਚਾਂ ਦੀ ਲੜੀ ਵਿੱਚ ਆਪਣੀ 2-0 ਦੀ ਲੀਡ ਬਰਕਰਾਰ ਰੱਖੀ ਹੈ।

ਇਸ ਨਤੀਜੇ ਨੇ 2019 ਤੋਂ ਬਾਅਦ ਆਪਣੇ ਘਰੇਲੂ ਮੈਦਾਨਾਂ ਤੇ ਨਿਊਜ਼ੀਲੈਂਡ ਦੀ ਲਗਾਤਾਰ 11 ਇੱਕ ਰੋਜ਼ਾ ਲੜੀਆਂ ਜਿੱਤਣ ਦੇ ਸਿਲਸਿਲੇ ਨੂੰ ਠੱਲ੍ਹ ਪਾ ਦਿੱਤੀ ਹੈ। ਮੀਂਹ ਕਾਰਨ ਮੈਚ ਦੀ ਸ਼ੁਰੂਆਤ ਵਿੱਚ ਦੇਰੀ ਹੋਈ, ਜਿਸ ਨੂੰ ਟੌਸ ਦੇ ਸਮੇਂ ਸ਼ੁਰੂ ਵਿੱਚ 40-40 ਓਵਰਾਂ ਦਾ ਕਰ ਦਿੱਤਾ ਗਿਆ ਸੀ।

ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ ਪਰ ਖੇਡ ਸ਼ੁਰੂ ਨਹੀਂ ਹੋ ਸਕੀ ਅਤੇ ਅੰਪਾਇਰਾਂ ਵੱਲੋਂ ਮੈਦਾਨ ਦੇ ਕਈ ਨਿਰੀਖਣਾਂ ਤੋਂ ਬਾਅਦ ਅਖ਼ੀਰ ਮੈਚ ਰੱਦ ਕਰ ਦਿੱਤਾ ਗਿਆ।

ਮਾਊਂਟ ਮੌਂਗਾਨੁਈ ਸ਼ੁੱਕਰਵਾਰ ਅਤੇ ਐਤਵਾਰ ਨੂੰ ਆਖ਼ਰੀ ਦੋ ਇੱਕ ਰੋਜ਼ਾ ਮੈਚਾਂ ਦੀ ਮੇਜ਼ਬਾਨੀ ਕਰੇਗਾ। ਭਾਰਤ ਨੇ ਇਸ ਤੋਂ ਪਹਿਲਾਂ ਹੋਈ ਟੀ-20 ਲੜੀ 3-2 ਨਾਲ ਜਿੱਤੀ ਸੀ।

Continue Reading

International

ਮਾਊਂਟ ਐਵਰੈਸਟ ਨੇੜੇ ਲੈਂਡਿੰਗ ਦੌਰਾਨ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, 1 ਦੀ ਮੌਤ, 1 ਗੰਭੀਰ ਜ਼ਖਮੀ

Published

on

By

ਕਾਠਮੰਡੂ, 3 ਨਵੰਬਰ (ਸ.ਬ.) ਨੇਪਾਲ ਵਿੱਚ ਅੱਜ ਸਵੇਰੇ ਸੋਲੁਖੁੰਬੂ ਹੈਲੀਪੈਡ ਤੇ ਦੋ ਹੈਲੀਕਾਪਟਰਾਂ ਵਿਚਾਲੇ ਟੱਕਰ ਹੋ ਗਈ। ਲੈਂਡਿੰਗ ਦੌਰਾਨ ਦੋਵਾਂ ਹੈਲੀਕਾਪਟਰਾਂ ਦੇ ਆਪਸ ਵਿੱਚ ਟਕਰਾਉਣ ਕਾਰਨ ਇੱਕ ਵਿਦੇਸ਼ੀ ਨਾਗਰਿਕ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ। ਨੇਪਾਲ ਪੁਲੀਸ ਦੀ ਮੁੱਢਲੀ ਰਿਪੋਰਟ ਅਨੁਸਾਰ, ਇਹ ਹਾਦਸਾ ਸਵੇਰੇ ਕਰੀਬ 8:11 ਵਜੇ ਵਾਪਰਿਆ, ਜਦੋਂ ‘ਫਿਸ਼ਟੇਲ ਏਅਰ’ ਅਤੇ ‘ਡਾਇਨੇਸਟੀ ਏਅਰ’ ਦੇ ਹੈਲੀਕਾਪਟਰ ਲੈਂਡਿੰਗ ਦੌਰਾਨ ਆਪਸ ਵਿੱਚ ਟਕਰਾ ਗਏ।

ਪੁਲੀਸ ਮੁਤਾਬਕ, ਜ਼ਖ਼ਮੀ ਵਿਅਕਤੀ ਨੂੰ ਇਲਾਜ ਲਈ ‘ਪ੍ਰਭੂ ਹੈਲੀਕਾਪਟਰ’ ਰਾਹੀਂ ਲੁਕਲਾ ਲਿਜਾਇਆ ਗਿਆ। ਇਸ ਹਾਦਸੇ ਵਿੱਚ ਮਾਰੇ ਗਏ ਵਿਅਕਤੀ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ।

ਘਟਨਾ ਸਥਾਨ ਤੇ ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਮਾਊਂਟ ਐਵਰੈਸਟ ਖੇਤਰ ਦੇ ਫੇਰਿਚੇ ਵਿੱਚ ਦੋ ਹੈਲੀਕਾਪਟਰ ਆਪਸ ਵਿੱਚ ਟਕਰਾ ਕੇ ਹਾਦਸਾਗ੍ਰਸਤ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਫੇਰਿਚੇ ਹੈਲੀਪੈਡ ਤੇ ਉਤਰਦੇ ਸਮੇਂ ‘ਫਿਸ਼ਟੇਲ ਏਅਰ’ ਅਤੇ ‘ਏਅਰ ਡਾਇਨੇਸਟੀ’ ਦੇ ਹੈਲੀਕਾਪਟਰ ਆਪਸ ਵਿੱਚ ਟਕਰਾ ਗਏ। ‘ਫਿਸ਼ਟੇਲ ਏਅਰ’ ਦੇ ਇੱਕ ਯਾਤਰੀ ਦੀ ਮੌਤ ਹੋ ਗਈ ਹੈ ਅਤੇ ਪਾਇਲਟ (ਕੈਪਟਨ) ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਉਹ ਅਜੇ ਹੋਰ ਜਾਣਕਾਰੀ ਇਕੱਠੀ ਕਰ ਰਹੇ ਹਨ।

‘ਫਿਸ਼ਟੇਲ ਏਅਰ’ ਦਾ ਹੈਲੀਕਾਪਟਰ ਕੈਪਟਨ ਪ੍ਰੱਜਵਲ ਕੇ.ਸੀ. ਉਡਾ ਰਹੇ ਸਨ, ਜਦਕਿ ‘ਏਅਰ ਡਾਇਨੇਸਟੀ’ ਦੇ ਹੈਲੀਕਾਪਟਰ ਦੀ ਕਮਾਨ ਕੈਪਟਨ ਰਬਿੰਦਰ ਪ੍ਰਜਾਪਤੀ ਕੋਲ ਸੀ। ਕੈਪਟਨ ਪ੍ਰਜਾਪਤੀ ਜ਼ਖ਼ਮੀ ਹੋ ਗਏ ਹਨ, ਜਦਕਿ ਮਾਰੇ ਗਏ ਵਿਦੇਸ਼ੀ ਸੈਲਾਨੀ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ‘ਸਿਮਰਿਕ ਏਅਰ’ ਦਾ ਇੱਕ ਹੈਲੀਕਾਪਟਰ ਘਟਨਾ ਸਥਾਨ ਤੇ ਪਹੁੰਚ ਗਿਆ ਹੈ ਅਤੇ ਬਚਾਅ ਮੁਹਿੰਮ ਜਾਰੀ ਹੈ।

Continue Reading

International

ਨੇਪਾਲ ਵਿੱਚ ਭਾਰੀ ਬਰਫ਼ਬਾਰੀ ਦੌਰਾਨ ਫਸੇ 6 ਭਾਰਤੀ ਸੈਲਾਨੀਆਂ ਨੂੰ ਸੁਰੱਖਿਅਤ ਬਚਾਇਆ

Published

on

By

ਕਾਠਮੰਡੂ, 2 ਨਵੰਬਰ (ਸ.ਬ.) ਨੇਪਾਲ ਦੇ ਸ਼ੇ-ਫੋਕਸੁੰਡੋ ਰਾਸ਼ਟਰੀ ਪਾਰਕ ਵਿੱਚ ਭਾਰੀ ਬਰਫ਼ਬਾਰੀ ਕਾਰਨ ਫਸੇ ਛੇ ਭਾਰਤੀ ਸੈਲਾਨੀਆਂ ਨੂੰ ਅੱਜ ਬਚਾ ਲਿਆ ਗਿਆ। ਡੋਲਪਾ ਜ਼ਿਲ੍ਹਾ ਪੁਲੀਸ ਦਫ਼ਤਰ ਦੇ ਬੁਲਾਰੇ ਅਤੇ ਪੁਲੀਸ ਇੰਸਪੈਕਟਰ ਬਿਨੈ ਸਿੰਘ ਨੇ ਕਿਹਾ ਕਿ ਦੋ ਔਰਤਾਂ ਅਤੇ ਚਾਰ ਪੁਰਸ਼ ਸੈਲਾਨੀਆਂ ਦਾ ਬੀਤੇ ਦਿਨ ਤੋਂ ਬਰਫ਼ਬਾਰੀ ਕਾਰਨ ਸੰਪਰਕ ਟੁੱਟ ਗਿਆ ਸੀ ਅਤੇ ਅੱਜ ਸਵੇਰੇ ਇੱਕ ਨਿੱਜੀ ਹੈਲੀਕਾਪਟਰ ਦੀ ਮਦਦ ਨਾਲ ਉਨ੍ਹਾਂ ਨੂੰ ਬਚਾਇਆ ਗਿਆ। ਪੁਲੀਸ ਨੇ ਕਿਹਾ ਕਿ ਸਾਰੇ ਸੈਲਾਨੀ ਡੋਲਪਾ ਜ਼ਿਲ੍ਹੇ ਦੇ ਦੁਨਈ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ ਹਨ ਅਤੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।

ਸੈਲਾਨੀ ਕਾਠਮੰਡੂ ਤੋਂ ਲਗਭਗ 300 ਕਿਲੋਮੀਟਰ ਉੱਤਰ-ਪੱਛਮ ਵਿੱਚ ਸ਼ੇ-ਫੋਕਸੁੰਡੋ ਪੇਂਡੂ ਨਗਰਪਾਲਿਕਾ ਦੇ ਵਾਰਡ ਨੰਬਰ 8 ਦੇ ਧੋ ਖੇਤਰ ਵਿੱਚ ਗਏ ਸਨ। ਡੋਲਪਾ ਦੇ ਮੁੱਖ ਜ਼ਿਲ੍ਹਾ ਅਧਿਕਾਰੀ (ਸੀਡੀਓ) ਜੂਨੂ ਧਾਕਲ ਦੇ ਅਨੁਸਾਰ ਪੂਰਾ ਖੇਤਰ ਭਾਰੀ ਬਰਫ਼ ਨਾਲ ਢੱਕਿਆ ਹੋਇਆ ਸੀ। ਇਸ ਪੇਂਡੂ ਨਗਰਪਾਲਿਕਾ ਵਿੱਚ ਸਥਿਤ ਸ਼ੇ-ਫੋਕਸੁੰਡੋ ਝੀਲ, ਨੇਪਾਲ ਦੀ ਸਭ ਤੋਂ ਡੂੰਘੀ ਝੀਲ ਹੈ। ਇਹ ਸਮੁੰਦਰ ਤਲ ਤੋਂ 3,600 ਮੀਟਰ ਦੀ ਉਚਾਈ ਤੇ ਸਥਿਤ ਹੈ ਅਤੇ ਇਸਦੀ ਅੰਦਾਜ਼ਨ ਡੂੰਘਾਈ 145 ਮੀਟਰ ਹੈ। ਬੀਤੇ ਦਿਨ ਇੱਕ ਫੌਜ ਦਾ ਹੈਲੀਕਾਪਟਰ ਸੈਲਾਨੀਆਂ ਨੂੰ ਬਚਾਉਣ ਲਈ ਇਸ ਖੇਤਰ ਵਿੱਚ ਗਿਆ ਸੀ, ਪਰ ਖਰਾਬ ਮੌਸਮ ਕਾਰਨ ਉਤਰਨ ਵਿੱਚ ਅਸਮਰੱਥ ਸੀ, ਜਿਸ ਕਾਰਨ ਬਚਾਅ ਕਾਰਜ ਨੂੰ ਛੱਡਣਾ ਪਿਆ।

ਸਥਾਨਕ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਸੀ ਕਿ ਇਲਾਕੇ ਵਿੱਚ ਭਾਰੀ ਬਰਫ਼ਬਾਰੀ ਕਾਰਨ ਯਾਤਰਾ ਕਰਨਾ ਅਸੁਰੱਖਿਅਤ ਹੋ ਗਿਆ ਹੈ। ਇਸ ਦੇ ਬਾਵਜੂਦ, ਭਾਰਤੀ ਸੈਲਾਨੀ ਸ਼ੇ-ਫੋਕਸੁੰਡੋ ਪੇਂਡੂ ਨਗਰਪਾਲਿਕਾ ਦੇ ਵਾਰਡ ਨੰਬਰ 8 ਵਿੱਚ ਗਏ ਸਨ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੈਲਾਨੀ ਸ਼ਨੀਵਾਰ ਨੂੰ ਇਲਾਕੇ ਵਿੱਚ ਭਾਰੀ ਬਰਫ਼ਬਾਰੀ ਕਾਰਨ ਸ਼ੇ-ਫੋਕਸੁੰਡੋ ਝੀਲ ਦਾ ਦੌਰਾ ਕਰਕੇ ਵਾਪਸ ਆਉਂਦੇ ਸਮੇਂ ਨੁਮਲਾ ਅਤੇ ਵਾਗਲਾ ਪਾਸਿਆਂ ਦੇ ਵਿਚਕਾਰ ਫਸ ਗਏ ਸਨ। ਖਰਾਬ ਮੌਸਮ ਅਤੇ ਭਾਰੀ ਬਰਫ਼ਬਾਰੀ ਦੇ ਖ਼ਤਰੇ ਨੂੰ ਦੇਖਦੇ ਹੋਏ ਪ੍ਰਸ਼ਾਸਨ ਅਤੇ ਸਥਾਨਕ ਨਿਵਾਸੀਆਂ ਨੇ ਲੋਕਾਂ ਨੂੰ ਪਹਾੜੀ ਖੇਤਰ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਸੀ। ਨੇਪਾਲ ਦੇ ਹਿਮਾਲੀਅਨ ਖੇਤਰਾਂ ਵਿੱਚ ਭਾਰੀ ਬਰਫ਼ਬਾਰੀ ਕਾਰਨ ਸੈਲਾਨੀਆਂ ਦੇ ਫਸਣ ਦੀਆਂ ਘਟਨਾਵਾਂ ਪਹਿਲਾਂ ਵੀ ਵਾਪਰੀਆਂ ਹਨ।

Continue Reading

Latest News

Trending