Connect with us

National

ਯਾਤਰੀਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ

Published

on

ਮਥੁਰਾ, 14 ਨਵੰਬਰ (ਸ.ਬ.) ਰਾਇਆ ਦੇ ਯਮੁਨਾ ਐਕਸਪ੍ਰੈਸਵੇਅ ਤੇ ਬੀਤੀ ਦੇਰ ਰਾਤ ਦਿੱਲੀ ਤੋਂ ਛਤਰਪੁਰ ਜਾ ਰਹੀ ਇੱਕ ਨਿੱਜੀ ਬੱਸ ਨੂੰ ਅਚਾਨਕ ਅੱਗ ਲੱਗ ਗਈ। ਮਾਈਲਸਟੋਨ 110 ਦੇ ਨੇੜੇ ਚੱਲਦੀ ਬੱਸ ਅੱਗ ਦੀਆਂ ਲਪਟਾਂ ਵਿੱਚ ਘਿਰ ਗਈ। ਡਰਾਈਵਰ ਨੇ ਸੂਝਬੂਝ ਦਿਖਾਉਂਦਿਆਂ ਬੱਸ ਨੂੰ ਸੜਕ ਕਿਨਾਰੇ ਰੋਕ ਦਿੱਤਾ। ਇਸ ਤੋਂ ਬਾਅਦ ਕਰੀਬ 40 ਯਾਤਰੀ ਕਿਸੇ ਤਰ੍ਹਾਂ ਬੱਸ ਵਿੱਚੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਰਹੇ।

ਹਾਦਸੇ ਵਿੱਚ ਯਾਤਰੀਆਂ ਦਾ ਬੱਸ ਵਿੱਚ ਰੱਖਿਆ ਜ਼ਿਆਦਾਤਰ ਸਾਮਾਨ ਸੜ ਕੇ ਸੁਆਹ ਹੋ ਗਿਆ। ਬੱਸ ਨੂੰ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਯਮੁਨਾ ਐਕਸਪ੍ਰੈਸਵੇਅ ਦੀ ਫਾਇਰ ਬ੍ਰਿਗੇਡ ਟੀਮ ਮੌਕੇ ਤੇ ਪਹੁੰਚੀ ਅਤੇ ਕਰੀਬ ਇੱਕ ਘੰਟੇ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ।

ਮੱਧ ਪ੍ਰਦੇਸ਼ ਦੇ ਨੌਗਾਂਵ ਦੇ ਰਹਿਣ ਵਾਲੇ ਡਰਾਈਵਰ ਜਤਿੰਦਰ ਨੇ ਦੱਸਿਆ ਕਿ ਬੱਸ ਖਜੁਰਾਹੋ ਟ੍ਰੈਵਲਜ਼ ਦੀ ਸੀ ਅਤੇ ਯਾਤਰੀਆਂ ਨੂੰ ਦਿੱਲੀ ਦੇ ਕਸ਼ਮੀਰੀ ਗੇਟ ਤੋਂ ਛਤਰਪੁਰ ਲੈ ਕੇ ਜਾ ਰਹੀ ਸੀ।

ਹਾਦਸੇ ਤੋਂ ਬਾਅਦ ਪੁਲੀਸ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਵੀ ਯਾਤਰੀਆਂ ਵਿੱਚ ਨਾਰਾਜ਼ਗੀ ਦੇਖਣ ਨੂੰ ਮਿਲੀ। ਯਾਤਰੀਆਂ ਦਾ ਦੋਸ਼ ਸੀ ਕਿ ਅੱਗ ਲੱਗਣ ਦੇ ਕਈ ਘੰਟਿਆਂ ਬਾਅਦ ਪੁਲੀਸ ਮੌਕੇ ਤੇ ਪਹੁੰਚੀ। ਪੁਲੀਸ ਦੇ ਦੇਰ ਨਾਲ ਪਹੁੰਚਣ ਕਾਰਨ ਯਾਤਰੀਆਂ ਵਿੱਚ ਗੁੱਸਾ ਰਿਹਾ। ਰਾਹਤ ਦੀ ਗੱਲ ਇਹ ਰਹੀ ਕਿ ਸਮੇਂ ਸਿਰ ਬੱਸ ਰੋਕ ਦਿੱਤੀ ਗਈ ਅਤੇ ਸਾਰੇ ਯਾਤਰੀ ਸੁਰੱਖਿਅਤ ਬਾਹਰ ਨਿਕਲ ਆਏ।

ਸੀਓ ਸੰਜੀਵ ਕੁਮਾਰ ਰਾਏ ਨੇ ਦੱਸਿਆ ਕਿ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਸਾਰੇ ਯਾਤਰੀਆਂ ਨੂੰ ਦੂਜੀ ਬੱਸ ਰਾਹੀਂ ਉਨ੍ਹਾਂ ਦੀ ਮੰਜ਼ਿਲ ਲਈ ਰਵਾਨਾ ਕਰ ਦਿੱਤਾ ਗਿਆ।

Continue Reading

National

ਨਹਿਰ ਦੀ ਪੁਲੀ ਨਾਲ ਟਕਰਾਈ ਕਾਰ, 3 ਨੌਜਵਾਨਾਂ ਦੀ ਮੌਤ, 4 ਗੰਭੀਰ ਜ਼ਖ਼ਮੀ

Published

on

By

ਕੈਥਲ, 14 ਨਵੰਬਰ (ਸ.ਬ.) ਕੈਥਲ ਦੇ ਪਿੰਡ ਸਿਸਮੌਰ ਨੇੜੇ ਨਹਿਰ ਦੀ ਪੁਲੀ ਨਾਲ ਇੱਕ ਅਲਟ੍ਰੋਜ਼ ਕਾਰ ਟਕਰਾ ਗਈ। ਜ਼ਿਕਰਯੋਗ ਹੈ ਕਿ ਡਰਾਈਵਰ ਦਾ ਸੰਤੁਲਨ ਵਿਗੜਨ ਕਾਰਨ ਇਹ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਚਾਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਜ਼ਖ਼ਮੀਆਂ ਨੂੰ ਇਲਾਜ ਲਈ ਨਾਗਰਿਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਹ ਹਾਦਸਾ ਬੀਤੀ ਦੇਰ ਰਾਤ ਵਾਪਰਿਆ। ਸਾਰੇ ਮ੍ਰਿਤਕ ਪਿੰਡ ਕਰੋੜਾ ਦੇ ਰਹਿਣ ਵਾਲੇ ਸਨ। ਕਾਰ ਵਿੱਚ ਸਵਾਰ ਸਾਰੇ ਸੱਤ ਨੌਜਵਾਨ ਪਿੰਡ ਕਰੋੜਾ ਤੋਂ ਕੈਥਲ ਵਿੱਚ ਆਪਣੇ ਪਰਿਵਾਰ ਦੇ ਇੱਕ ਮੈਂਬਰ ਨੂੰ ਮਿਲਣ ਆ ਰਹੇ ਸਨ।

ਹਾਦਸੇ ਵਿੱਚ 22 ਸਾਲਾ ਅਜੈ ਕੁਮਾਰ, 20 ਸਾਲਾ ਨਵਦੀਪ ਅਤੇ 32 ਸਾਲਾ ਪ੍ਰਦੀਪ ਕੁਮਾਰ ਦੀ ਮੌਤ ਹੋ ਗਈ। ਜਦਕਿ ਸਾਹਿਲ, ਨਰਿੰਦਰ, ਗੌਰਵ ਅਤੇ ਅਰਜੁਨ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਮ੍ਰਿਤਕ ਅਜੈ ਅਤੇ ਪ੍ਰਦੀਪ ਆਪਣੇ ਪਰਿਵਾਰਾਂ ਦੇ ਇਕਲੌਤੇ ਪੁੱਤਰ ਸਨ। ਪ੍ਰਦੀਪ ਵਿਆਹਿਆ ਹੋਇਆ ਸੀ ਅਤੇ ਆਪਣੇ ਪਿੱਛੇ ਪਤਨੀ ਤੇ ਇੱਕ ਪੁੱਤਰ ਅਤੇ ਇੱਕ ਧੀ ਛੱਡ ਗਿਆ ਹੈ। ਅਜੈ ਪਿੰਡ ਵਿੱਚ ਸੈਲੂਨ ਚਲਾਉਂਦਾ ਸੀ।

Continue Reading

National

ਖੇਤ ਵਿੱਚੋਂ ਮਿਲੀ ਨੌਜਵਾਨ ਦੀ ਖੂਨ ਨਾਲ ਲੱਥਪੱਥ ਲਾਸ਼

Published

on

By

ਬਰੇਲੀ, 14 ਨਵੰਬਰ (ਸ.ਬ.) ਬਰੇਲੀ ਦੇ ਸੀਬੀਗੰਜ ਦੇ ਬਾਦਸ਼ਾਹ ਨਗਰ ਵਿੱਚ ਅੱਜ ਸਵੇਰੇ ਇੱਕ ਨੌਜਵਾਨ ਦੀ ਖੂਨ ਨਾਲ ਲੱਥਪੱਥ ਲਾਸ਼ ਖੇਤ ਵਿੱਚ ਪਈ ਮਿਲੀ। ਨੌਜਵਾਨ ਬੀਤੀ ਰਾਤ ਆਪਣੇ ਇੱਕ ਰਿਸ਼ਤੇਦਾਰ ਦੇ ਘਰ ਸਮਾਗਮ ਵਿੱਚ ਗਿਆ ਸੀ। ਉਸ ਦੇ ਸਿਰ ਵਿੱਚ ਗੋਲੀ ਮਾਰ ਕੇ ਕਤਲ ਕੀਤੇ ਜਾਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਪੁਲੀਸ ਕਤਲ ਦੇ ਨਾਲ-ਨਾਲ ਖੁਦਕੁਸ਼ੀ ਦੇ ਪਹਿਲੂ ਤੋਂ ਵੀ ਜਾਂਚ ਕਰ ਰਹੀ ਹੈ।

ਪੁਲੀਸ ਤੋਂ ਮਿਲੀ ਜਾਣਕਾਰੀ ਮੁਤਾਬਕ ਬਾਦਸ਼ਾਹ ਨਗਰ ਵਾਸੀ 22 ਸਾਲਾ ਮਿਥੁਨ ਮੌਰਿਆ ਇੱਕ ਕਲੀਨਿਕ ਵਿੱਚ ਪ੍ਰਾਈਵੇਟ ਨੌਕਰੀ ਕਰਦਾ ਸੀ। ਉਹ ਬੀਤੀ ਰਾਤ ਕਿਸੇ ਰਿਸ਼ਤੇਦਾਰ ਦੇ ਘਰ ਸਮਾਗਮ ਵਿੱਚ ਸ਼ਾਮਲ ਹੋਣ ਗਿਆ ਸੀ। ਅੱਜ ਸਵੇਰੇ ਉਸ ਦੀ ਲਾਸ਼ ਖੇਤ ਵਿੱਚ ਖੂਨ ਨਾਲ ਲੱਥਪੱਥ ਹਾਲਤ ਵਿੱਚ ਮਿਲੀ।

ਲੋਕਾਂ ਨੇ ਖੇਤ ਵਿੱਚ ਲਾਸ਼ ਪਈ ਦੇਖ ਕੇ ਪੁਲੀਸ ਨੂੰ ਸੂਚਨਾ ਦਿੱਤੀ। ਮਿਥੁਨ ਦੇ ਸਿਰ ਵਿੱਚ ਗੋਲੀ ਲੱਗੀ ਹੋਈ ਸੀ। ਪੁਲੀਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਉਸ ਨੂੰ ਨੇੜਿਓਂ ਗੋਲੀ ਮਾਰੀ ਗਈ ਸੀ। ਮੌਕੇ ਤੇ ਥਾਣਾ ਪੁਲੀਸ ਦੇ ਨਾਲ ਫੀਲਡ ਯੂਨਿਟ ਨੇ ਵੀ ਜਾਂਚ ਕੀਤੀ। ਪਰਿਵਾਰਕ ਮੈਂਬਰਾਂ ਨੇ ਗੋਲੀ ਮਾਰ ਕੇ ਕਤਲ ਕੀਤੇ ਜਾਣ ਦਾ ਸ਼ੱਕ ਜਤਾਇਆ ਹੈ। ਐਸਪੀ ਸਿਟੀ ਚਿਰਾਗ ਜੈਨ ਨੇ ਵੀ ਮੌਕੇ ਦਾ ਜਾਇਜ਼ਾ ਲਿਆ।

ਐਸਪੀ ਸਿਟੀ ਨੇ ਦੱਸਿਆ ਕਿ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕੀਤੇ ਜਾਣ ਦਾ ਸ਼ੱਕ ਹੈ। ਹਾਲਾਂਕਿ, ਖੁਦਕੁਸ਼ੀ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਦੋਵਾਂ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਪੋਸਟਮਾਰਟਮ ਰਿਪੋਰਟ ਅਤੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

Continue Reading

National

ਨੌਜਵਾਨ ਦਾ ਗੋਲੀ ਮਾਰ ਕੇ ਕਤਲ

Published

on

By

ਅਰਰੀਆ, 14 ਨਵੰਬਰ (ਸ.ਬ.) ਅਰਰੀਆ ਵਿੱਚ ਨਗਰ ਥਾਣਾ ਖੇਤਰ ਦੇ ਜੀਰੋ ਮਾਈਲ ਸਥਿਤ ਇੱਕ ਬਿਰਯਾਨੀ ਹੋਟਲ ਵਿੱਚ ਬੀਤੀ ਰਾਤ ਬਿਰਯਾਨੀ ਖਾ ਰਹੇ ਇੱਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਜੋਕੀਹਾਟ ਬਲਾਕ ਦੇ ਸਿਕਟੀਆ ਵਾਸੀ ਮੰਗਲ ਕੁਮਾਰ ਵਜੋਂ ਹੋਈ ਹੈ। ਹਾਲਾਂਕਿ, ਸਥਾਨਕ ਲੋਕਾਂ ਨੇ ਹਿੰਮਤ ਅਤੇ ਫੁਰਤੀ ਦਿਖਾਉਂਦਿਆਂ ਮੁਲਜ਼ਮ ਨੂੰ ਮੌਕੇ ਤੇ ਹੀ ਫੜ ਲਿਆ ਅਤੇ ਪੁਲੀਸ ਦੇ ਹਵਾਲੇ ਕਰ ਦਿੱਤਾ।

ਪ੍ਰਾਪਤ ਜਾਣਕਾਰੀ ਅਨੁਸਾਰ, ਮੰਗਲ ਕੁਮਾਰ ਬੀਤੀ ਸ਼ਾਮ ਕਰੀਬ 8 ਵਜੇ ਜੀਰੋ ਮਾਈਲ ਸਥਿਤ ਆਲਮ ਮੁਰਾਦਾਬਾਦੀ ਚਿਕਨ ਬਿਰਯਾਨੀ ਹੋਟਲ ਵਿੱਚ ਬਿਰਯਾਨੀ ਖਾਣ ਗਿਆ ਸੀ। ਇਸੇ ਦੌਰਾਨ ਉੱਥੇ ਪਹੁੰਚੇ ਇੱਕ ਨੌਜਵਾਨ ਨੇ ਉਸ ਤੇ ਗੋਲੀ ਚਲਾ ਦਿੱਤੀ। ਗੋਲੀ ਲੱਗਣ ਕਾਰਨ ਮੰਗਲ ਕੁਮਾਰ ਗੰਭੀਰ ਜ਼ਖ਼ਮੀ ਹੋ ਕੇ ਡਿੱਗ ਪਿਆ। ਗੋਲੀ ਦੀ ਆਵਾਜ਼ ਸੁਣਦਿਆਂ ਹੀ ਹੋਟਲ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਭਗਦੜ ਵਰਗੀ ਸਥਿਤੀ ਬਣ ਗਈ। ਪਰ ਸਥਾਨਕ ਲੋਕਾਂ ਨੇ ਘੇਰਾਬੰਦੀ ਕਰਕੇ ਹਮਲਾਵਰ ਨੂੰ ਫੜ ਲਿਆ ਅਤੇ ਤੁਰੰਤ ਇਸ ਦੀ ਸੂਚਨਾ ਨਗਰ ਥਾਣਾ ਪੁਲੀਸ ਨੂੰ ਦਿੱਤੀ।

ਸੂਚਨਾ ਮਿਲਦੇ ਹੀ ਨਗਰ ਥਾਣੇ ਦੀ ਪੁਲੀਸ ਮੌਕੇ ਤੇ ਪਹੁੰਚੀ ਅਤੇ ਗੰਭੀਰ ਜ਼ਖ਼ਮੀ ਮੰਗਲ ਕੁਮਾਰ ਨੂੰ ਇਲਾਜ ਲਈ ਸਦਰ ਹਸਪਤਾਲ ਲਿਜਾਣ ਲੱਗੀ, ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਪੁਲੀਸ ਨੇ ਫੜੇ ਗਏ ਮੁਲਜ਼ਮ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਉਸ ਦੀ ਪਛਾਣ ਅਰਰੀਆ ਦੇ ਬੇਲਵਾ ਵਾਸੀ ਮੁਹੰਮਦ ਅਸਗਰ ਵਜੋਂ ਹੋਈ ਹੈ।

ਮਾਮਲੇ ਦੀ ਜਾਣਕਾਰੀ ਦਿੰਦਿਆਂ ਅਰਰੀਆ ਦੇ ਐਸਡੀਪੀਓ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਨਗਰ ਥਾਣਾ ਪੁਲੀਸ ਨੂੰ ਜੀਰੋ ਮਾਈਲ ਤੇ ਇੱਕ ਨੌਜਵਾਨ ਨੂੰ ਗੋਲੀ ਮਾਰਨ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦਿਆਂ ਹੀ ਪੁਲੀਸ ਟੀਮ ਮੌਕੇ ਤੇ ਪਹੁੰਚੀ ਅਤੇ ਜ਼ਖ਼ਮੀ ਨੌਜਵਾਨ ਨੂੰ ਸਦਰ ਹਸਪਤਾਲ ਭੇਜਿਆ ਗਿਆ, ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ।

ਐਸਡੀਪੀਓ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਮ੍ਰਿਤਕ ਅਤੇ ਮੁਲਜ਼ਮ ਦੋਵੇਂ ਆਪਸ ਵਿੱਚ ਦੋਸਤ ਦੱਸੇ ਜਾ ਰਹੇ ਹਨ। ਪੁਲੀਸ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ ਅਤੇ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

ਉੱਧਰ, ਸਥਾਨਕ ਪੱਧਰ ਤੇ ਚਰਚਾ ਹੈ ਕਿ ਮ੍ਰਿਤਕ ਮੰਗਲ ਕੁਮਾਰ ਗਿੱਟੀ-ਰੇਤ ਦਾ ਡਿਪੂ ਚਲਾਉਂਦਾ ਸੀ ਅਤੇ ਪੈਸਿਆਂ ਦੇ ਲੈਣ-ਦੇਣ ਸਬੰਧੀ ਵਿਵਾਦ ਕਾਰਨ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਫਿਲਹਾਲ ਪੁਲੀਸ ਸਾਰੇ ਪਹਿਲੂਆਂ ਤੋਂ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

Continue Reading

Latest News

Trending