Connect with us

Mohali

ਮੁਹਾਲੀ ਪੁਲੀਸ ਵੱਲੋਂ ਜ਼ੀਰਕਪੁਰ ਗੁਦਾਮ ਚੋਰੀ ਮਾਮਲੇ ਵਿੱਚ ਗਿਰੋਹ ਦੇ 3 ਮੈਂਬਰ ਕਾਬੂ

Published

on

42.14 ਲੱਖ ਦੇ 98 ਐਲ ਈ ਡੀ ਟੀ ਵੀ ਬਰਾਮਦ, ਚੋਰੀ ਦਾ ਕੈਂਟਰ ਵੀ ਬਰਾਮਦ ਕੀਤਾ

ਐਸ ਏ ਐਸ ਨਗਰ, 18 ਨਵੰਬਰ (ਸ.ਬ.) ਮੁਹਾਲੀ ਪੁਲੀਸ ਨੇ ਜ਼ੀਰਕਪੁਰ ਦੇ ਇਕ ਗੁਦਾਮ ਵਿੱਚੋਂ ਲੱਖਾਂ ਰੁਪਏ ਦੇ ਐਲਈਡੀ ਟੀਵੀ ਚੋਰੀ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਚੋਰੀਸ਼ੁਦਾ 98 ਐਲਈਡੀ ਟੀਵੀ (43 ਇੰਚ) ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਕੁੱਲ ਕੀਮਤ 42 ਲੱਖ 14 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਵਾਰਦਾਤ ਵਿੱਚ ਵਰਤਿਆ ਗਿਆ ਚੋਰੀ ਦਾ ਕੈਂਟਰ ਵੀ ਬਰਾਮਦ ਕਰ ਲਿਆ ਗਿਆ ਹੈ।

ਇਸ ਸੰਬੰਧੀ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦਿਆਂ ਐਸਪੀ (ਇਨਵੈਸਟੀਗੇਸ਼ਨ) ਸੌਰਵ ਜਿੰਦਲ ਨੇ ਦੱਸਿਆ ਕਿ ਪੁਲੀਸ ਦੀ ਜਾਂਚ ਵਿੱਚ ਸਾਮ੍ਹਣੇ ਆਇਆ ਹੈ ਕਿ ਇਹ ਕੁਲ 5 ਵਿਅਕਤੀਆਂ ਦਾ ਗਿਰੋਹ ਹੈ ਜਿਸਦੇ ਤਿੰਨ ਮੈਂਬਰਾਂ ਸਾਹਿਲ ਉਰਫ਼ ਸੋਨੂੰ ਵਾਸੀ ਪਿੰਡ ਜੰਡੋਲੀ, ਹਾਲ ਵਾਸੀ ਰਾਜਪੁਰਾ, ਦੀਪਕ ਵਾਸੀ ਕੁਰੂਕਸ਼ੇਤਰ, ਹਾਲ ਵਾਸੀ ਰਾਜਪੁਰਾ ਅਤੇ ਰਵਿੰਦਰ ਸਿੰਘ ਉਰਫ਼ ਬਹਾਦਰ ਵਾਸੀ ਬਨੂੜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦੋਂਕਿ ਇਹਨਾਂ ਦੇ ਦੋ ਸਾਥੀ ਮਨਜੀਤ ਸਿੰਘ ਅਤੇ ਸ਼ਲੀਨ ਸਿੰਗਲਾ ਫਰਾਰ ਹਨ ਅਤੇ ਪੁਲੀਸ ਵਲੋਂ ਇਹਨਾਂ ਦੋਵਾਂ ਨੂੰ ਵੀ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।

ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਸੁਮਿਤ (ਵਾਸੀ ਨਰਾਇਣਗੜ੍ਹ, ਅੰਬਾਲਾ) ਨੇ ਥਾਣਾ ਜ਼ੀਰਕਪੁਰ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਮੋਦੀਕੁੰਜ ਜ਼ੀਰਕਪੁਰ ਨੇੜੇ ‘ਸ਼ਿਵਾਲਿਕ ਡਿਸਟ੍ਰੀਬਿਊਸ਼ਨ ਪ੍ਰਾਈਵੇਟ ਲਿਮਟਿਡ’ ਦੇ ਗੁਦਾਮ ਵਿੱਚ ਨੌਕਰੀ ਕਰਦਾ ਹੈ। ਬੀਤੀ 6 ਨਵੰਬਰ ਦੀ ਸ਼ਾਮ ਨੂੰ ਦੀਵਾਲੀ ਦੀਆਂ ਛੁੱਟੀਆਂ ਕਾਰਨ ਸਟਾਫ਼ ਗੁਦਾਮ ਬੰਦ ਕਰਕੇ ਚਲਾ ਗਿਆ ਸੀ। ਜਦੋਂ 10 ਨਵੰਬਰ ਦੀ ਸਵੇਰ ਨੂੰ ਗੁਦਾਮ ਖੋਲ੍ਹਿਆ ਗਿਆ ਤਾਂ ਸ਼ਟਰ ਟੁੱਟੇ ਹੋਏ ਸਨ ਅਤੇ ਅੰਦਰੋਂ 133 ਐਲਈਡੀ ਟੀਵੀ ਗਾਇਬ ਸਨ। ਇਸ ਸਬੰਧੀ ਥਾਣਾ ਜ਼ੀਰਕਪੁਰ ਵਿਖੇ ਬੀਐਨਐਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਉਹਨਾਂ ਦੱਸਿਆ ਕਿ ਵਾਰਦਾਤ ਦੀ ਗੰਭੀਰਤਾ ਨੂੰ ਦੇਖਦਿਆਂ ਜਿਲ੍ਹੇ ਦੇ ਐਸ ਐਸ ਪੀ ਵਰੁਣ ਸ਼ਰਮਾ ਦੀਆਂ ਹਦਾਇਤਾਂ ਤੇ ਐਸਪੀ (ਆਪ੍ਰੇਸ਼ਨ) ਅਕਾਸ਼ਦੀਪ ਸਿੰਘ ਔਲਖ, ਐਸ ਪੀ (ਇਨਵੈਸਟੀਗੇਸ਼ਨ) ਸੌਰਵ ਜਿੰਦਲ ਅਤੇ ਡੀ ਐਸ ਪੀ ਰਾਜਨ ਪਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਆਪ੍ਰੇਸ਼ਨ ਸੈਲ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਟੀਮ ਨੇ ਤਕਨੀਕੀ ਅਤੇ ਖੁਫ਼ੀਆ ਸੋਰਸਾਂ ਦੀ ਮਦਦ ਨਾਲ 17 ਨਵੰਬਰ ਨੂੰ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਉਹਨਾਂ ਦੱਸਿਆ ਕਿ ਪੁਲੀਸ ਵਲੋਂ ਪਹਿਲਾਂ ਸਾਹਿਲ ਅਤੇ ਦੀਪਕ ਨੂੰ ਰਾਜਪੁਰਾ ਤੋਂ ਕਾਬੂ ਕੀਤਾ ਗਿਆ ਅਤੇ ਫਿਰ ਰਵਿੰਦਰ ਸਿੰਘ ਉਰਫ਼ ਬਹਾਦਰ ਨੂੰ ਬਨੂੜ ਸਥਿਤ ਉਸ ਦੀ ਕੌਸਮੈਟਿਕਸ ਦੀ ਦੁਕਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ।

ਉਹਨਾਂ ਦੱਸਿਆ ਕਿ ਪੁਲੀਸ ਦੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਨੇ ਆਪਣੇ ਦੋ ਹੋਰ ਸਾਥੀਆਂ ਮਨਜੀਤ ਸਿੰਘ ਉਰਫ਼ ਮਨੀ ਵਾਸੀ ਖਰੜ ਅਤੇ ਸ਼ਲੀਨ ਸਿੰਗਲਾ ਵਾਸੀ ਪਟਿਆਲਾ ਨਾਲ ਮਿਲ ਕੇ ਚੋਰੀ ਦੀ ਯੋਜਨਾ ਬਣਾਈ ਸੀ। ਮੁਲਜ਼ਮਾਂ ਨੇ ਪਹਿਲਾਂ ਜ਼ੀਰਕਪੁਰ ਦੇ ਗੁਦਾਮ ਏਰੀਆ ਵਿੱਚੋਂ ਇਕ ਕੈਂਟਰ ਚੋਰੀ ਕੀਤਾ ਅਤੇ ਫਿਰ 7 ਨਵੰਬਰ ਨੂੰ ਗੁਦਾਮ ਦਾ ਸ਼ਟਰ ਤੋੜ ਕੇ ਐਲ ਈ ਡੀ ਟੀਵੀ ਚੋਰੀ ਕੀਤੇ। ਚੋਰੀ ਕੀਤੇ ਟੀਵੀ ਅੱਗੇ ਵੇਚਣ ਲਈ ਬਨੂੜ ਇਲਾਕੇ ਵਿੱਚ ਲੁਕਾਏ ਗਏ ਸਨ ਅਤੇ ਕੈਂਟਰ ਨੂੰ ਸੈਕਟਰ-82 ਮੁਹਾਲੀ ਵਿਖੇ ਲਾਵਾਰਿਸ ਹਾਲਤ ਵਿੱਚ ਖੜ੍ਹਾ ਕਰ ਦਿੱਤਾ ਗਿਆ ਸੀ।

ਫ਼ਰਾਰ ਚੱਲ ਰਹੇ ਦੋ ਮੁਲਜ਼ਮਾਂ ਮਨਜੀਤ ਸਿੰਘ ਅਤੇ ਸ਼ਲੀਨ ਸਿੰਗਲਾ ਦੀ ਭਾਲ ਜਾਰੀ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਬਾਕੀ ਰਹਿੰਦੇ ਟੀਵੀ ਵੀ ਬਰਾਮਦ ਕਰ ਲਏ ਜਾਣਗੇ। ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀਆਂ ਵਿੱਚੋਂ ਸਾਹਿਲ ਉਰਫ਼ ਸੋਨੂੰ ਖ਼ਿਲਾਫ਼ ਪਹਿਲਾਂ ਵੀ ਥਾਣਾ ਮਟੌਰ ਅਤੇ ਜ਼ੀਰਕਪੁਰ ਵਿੱਚ ਚੋਰੀ ਦੇ ਦੋ ਮਾਮਲੇ ਦਰਜ ਹਨ। ਦੂਜਾ ਮੁਲਜਮ ਦੀਪਕ ਜ਼ੀਰਕਪੁਰ ਵਿਖੇ ਇਕ ਡਰਾਈ ਫਰੂਟ ਦੀ ਦੁਕਾਨ ਵਿੱਚ ਹੋਈ ਚੋਰੀ ਦੇ ਮਾਮਲੇ ਵਿੱਚ ਭਗੌੜਾ ਚੱਲ ਰਿਹਾ ਸੀ।

ਪੁਲੀਸ ਅਨੁਸਾਰ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।

Mohali

ਫੇਜ਼ 9 ਵਿੱਚ ਨੌਜਵਾਨ ਲੜਕੀ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਮਾਮਲੇ ਵਿੱਚ ਪੁਲੀਸ ਵਲੋਂ ਮੁਲਜਮ ਨੌਜਵਾਨ ਅਤੇ ਉਸਦਾ ਪਿਤਾ ਗ੍ਰਿਫ਼ਤਾਰ

Published

on

By

ਮ੍ਰਿਤਕਾ ਨੇ ਮੌਤ ਤੋਂ ਪਹਿਲਾਂ ਮੋਬਾਈਲ ਫੋਨ ਵਿੱਚ ਵੀਡੀਓ ਰਿਕਾਰਡ ਕਰਕੇ ਨੌਜਵਾਨ ਅਤੇ ਉਸ ਦੇ ਪਰਿਵਾਰ ਨੂੰ ਠਹਿਰਾਇਆ ਸੀ ਆਪਣੀ ਮੌਤ ਲਈ ਜ਼ਿੰਮੇਵਾਰ

ਐਸ ਏ ਐਸ ਨਗਰ, 18 ਨਵੰਬਰ (ਸ.ਬ.) ਮੁਹਾਲੀ ਪੁਲੀਸ ਨੇ ਸਥਾਨਕ ਫੇਜ਼-9 ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ 19 ਸਾਲਾ ਲੜਕੀ ਦੀ ਖ਼ੁਦਕੁਸ਼ੀ ਦੇ ਮਾਮਲੇ ਵਿੱਚ ਉਸ ਦੇ ਪ੍ਰੇਮੀ ਅਤੇ ਉਸ ਦੇ ਮਾਪਿਆਂ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰਕੇ ਮੁਲਜ਼ਮ ਨੌਜਵਾਨ ਅਤੇ ਉਸਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮ੍ਰਿਤਕਾ ਨੇ ਮੌਤ ਤੋਂ ਪਹਿਲਾਂ ਮੋਬਾਈਲ ਫੋਨ ਵਿੱਚ ਵੀਡੀਓ ਰਿਕਾਰਡ ਕਰਕੇ ਨੌਜਵਾਨ ਅਤੇ ਉਸ ਦੇ ਪਰਿਵਾਰ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਸੀ। ਇਸ ਸੰਬੰਧੀ ਥਾਣਾ ਫੇਜ਼-8 ਵਿਖੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਮ੍ਰਿਤਕਾ ਦੇ ਪਿਤਾ ਜੱਗਾ ਸਿੰਘ ਵਾਸੀ ਮਾਨਸਾ ਨੇ ਦੱਸਿਆ ਸੀ ਕਿ ਉਸ ਦੀ ਛੋਟੀ ਧੀ ਕਰੀਬ 10 ਮਹੀਨੇ ਪਹਿਲਾਂ ਰੁਜ਼ਗਾਰ ਲਈ ਮੁਹਾਲੀ ਆਈ ਸੀ ਅਤੇ ਉਹ ਆਪਣੀ ਵੱਡੀ ਭੈਣ ਨਾਲ ਫੇਜ਼-9 ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ। ਸ਼ਿਕਾਇਤਕਰਤਾ ਅਨੁਸਾਰ ਫੇਜ਼ 8 ਸਥਿਤ ਡੀ ਮਾਰਟ ਵਿੱਚ ਕੰਮ ਕਰਦਿਆਂ ਉਸ ਦੀ ਜਾਣ-ਪਛਾਣ ਚੰਡੀਗੜ੍ਹ ਦੇ ਸੈਕਟਰ-37 ਸੀ ਦੇ ਰਹਿਣ ਵਾਲੇ ਤੁਸ਼ਾਰ ਨਾਲ ਹੋਈ ਸੀ ਅਤੇ ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ।

ਸ਼ਿਕਾਇਤ ਕਰਤਾ ਅਨੁਸਾਰ ਇਸ ਸੰਬੰਧੀ ਪਹਿਲਾਂ ਨੌਜਵਾਨ ਦੇ ਪਰਿਵਾਰ ਨੇ ਵੀ ਸਹਿਮਤੀ ਦਿੱਤੀ ਸੀ। ਪਰੰਤੂ ਕੁਝ ਸਮੇਂ ਬਾਅਦ ਤੁਸ਼ਾਰ ਅਤੇ ਉਸ ਦੇ ਮਾਪਿਆਂ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ, ਇਸ ਤੋਂ ਬਾਅਦ ਉਹਨਾਂ ਦੀ ਧੀ ਮਾਨਸਿਕ ਤਣਾਅ ਵਿੱਚ ਰਹਿਣ ਲੱਗੀ ਅਤੇ ਉਸਨੇ 14 ਨਵੰਬਰ ਦੀ ਰਾਤ ਕੋਮਲ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

ਮ੍ਰਿਤਕ ਦੇ ਪਿਤਾ ਅਨੁਸਾਰ ਕਮਰੇ ਵਿੱਚ ਪਏ ਫੋਨ ਵਿੱਚ ਮਿਲੀ ਵੀਡੀਓ ਵਿੱਚ ਉਹਨਾਂ ਦੀ ਬੇਟੀ ਨੇ ਤੁਸ਼ਾਰ ਦੇ ਪਰਿਵਾਰ ਵੱਲੋਂ ਰਿਸ਼ਤੇ ਤੋਂ ਇਨਕਾਰ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਦੱਸਿਆ ਸੀ।

ਸz. ਬੱਲ ਨੇ ਦੱਸਿਆ ਕਿ ਇਸ ਮਾਮਲੇ ਤੇ ਕਾਰਵਾਈ ਕਰਦਿਆਂ ਪੁਲੀਸ ਨੇ ਤੁਸ਼ਾਰ, ਉਸ ਦੇ ਪਿਤਾ ਸੰਤੋਸ਼ ਕੁਮਾਰ ਅਤੇ ਮਾਤਾ ਰੰਜਨਾ ਖ਼ਿਲਾਫ਼ ਬੀ ਐਨ ਐਸ ਦੀ ਧਾਰਾ 108 ਤਹਿਤ ਮਾਮਲਾ ਦਰਜ ਕੀਤਾ ਹੈ। ਉਹਨਾਂ ਦੱਸਿਆ ਕਿ ਸੰਤੋਸ਼ ਕੁਮਾਰ ਨੂੰ 15 ਨਵੰਬਰ ਨੂੰ ਗ੍ਰਿਫ਼ਤਾਰ ਕਰਕੇ 2 ਦਿਨਾਂ ਦਾ ਪੁਲੀਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਅਤੇ 16 ਨਵੰਬਰ ਨੂੰ ਤੁਸ਼ਾਰ ਨੂੰ ਗ੍ਰਿਫਤਾਰ ਕਰਕੇ 1 ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ ਜਦੋਂਕਿ ਤੁਸ਼ਾਰ ਦੀ ਮਾਂ ਰੰਜਨਾ ਦੀ ਗ੍ਰਿਫਤਾਰੀ ਅਜੇ ਬਾਕੀ ਹੈ।

Continue Reading

Mohali

ਪੂਰੀ ਤਰ੍ਹਾਂ ਸਫਲ ਰਹੀ ਕੇਂਦਰੀ ਮੰਤਰੀ ਸ਼੍ਰੀ ਸੀ.ਆਰ. ਪਾਟਿਲ ਦੀ ਹਾਜ਼ਰੀ ਵਿੱਚ ਕਰਵਾਈ ਗਈ ਇੰਡਸਟਰੀ ਮੀਟ : ਸੰਜੀਵ ਵਸ਼ਿਸ਼ਟ

Published

on

By

ਐਸ ਏ ਐਸ ਨਗਰ, 18 ਨਵੰਬਰ (ਸ.ਬ.) ਭਾਜਪਾ ਮੁਹਾਲੀ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਸੰਜੀਵ ਵਸ਼ਿਸ਼ਟ ਨੇ ਕਿਹਾ ਹੈ ਕਿ ਮੁਹਾਲੀ ਵਿੱਚ ਕੇਂਦਰੀ ਜਲ ਸ਼ਕਤੀ ਮੰਤਰੀ ਮਾਣਯੋਗ ਸ਼੍ਰੀ ਸੀ.ਆਰ. ਪਾਟਿਲ ਦੀ ਹਾਜ਼ਰੀ ਵਿੱਚ ਕਰਵਾਈ ਗਈ ਇੰਡਸਟਰੀ ਮੀਟ ਬੇਹੱਦ ਸਫ਼ਲ ਰਹੀ। ਇਸ ਸਮਾਗਮ ਵਿੱਚ ਉਦਯੋਗ ਜਗਤ ਦੇ ਨੁਮਾਇੰਦਿਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਅਤੇ ਉਦਯੋਗਾਂ ਨਾਲ ਜੁੜੇ ਵੱਖ-ਵੱਖ ਮੁੱਦਿਆਂ ਤੇ ਸਾਰਥਕ ਵਿਚਾਰ-ਵਟਾਂਦਰਾ ਕੀਤਾ ਗਿਆ।

ਸਮਾਗਮ ਤੋਂ ਬਾਅਦ ਗੱਲ ਕਰਦਿਆਂ ਸ਼੍ਰੀ ਵਸ਼ਿਸ਼ਟ ਨੇ ਕਿਹਾ ਕਿ ਪੰਜਾਬ ਵਿੱਚ ਉਦਯੋਗਿਕ ਵਿਕਾਸ ਦੀਆਂ ਬੇਅੰਤ ਸੰਭਾਵਨਾਵਾਂ ਹਨ। ਸਹੀ ਨੀਤੀਆਂ, ਸਿਆਸੀ ਇੱਛਾ ਸ਼ਕਤੀ ਅਤੇ ਵਿਕਾਸ ਪੱਖੀ ਸਰਕਾਰ ਦੇ ਨਾਲ ਪੰਜਾਬ ਮੁੜ ਦੇਸ਼ ਦੇ ਮੋਹਰੀ ਉਦਯੋਗਿਕ ਸੂਬਿਆਂ ਵਿੱਚ ਆਪਣੀ ਪਛਾਣ ਸਥਾਪਿਤ ਕਰ ਸਕਦਾ ਹੈ। ਸਾਡੀ ਪਹਿਲ ਨਵੇਂ ਨਿਵੇਸ਼ ਨੂੰ ਆਕਰਸ਼ਿਤ ਕਰਨਾ, ਮੌਜੂਦਾ ਉਦਯੋਗਾਂ ਨੂੰ ਮਜ਼ਬੂਤ ਕਰਨਾ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਬਿਹਤਰ ਮੌਕੇ ਪੈਦਾ ਕਰਨਾ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਉਦਯੋਗਪਤੀ ਸੂਬੇ ਵਿੱਚ ਅਜਿਹੀ ਭਾਜਪਾ ਸਰਕਾਰ ਚਾਹੁੰਦੇ ਹਨ, ਜੋ ਪਾਰਦਰਸ਼ੀ ਪ੍ਰਸ਼ਾਸਨ, ਨਿਵੇਸ਼ ਪੱਖੀ ਨੀਤੀਆਂ, ਬਿਹਤਰ ਬੁਨਿਆਦੀ ਢਾਂਚਾ ਅਤੇ ਉਦਯੋਗਾਂ ਨੂੰ ਸਹਿਯੋਗ ਦੇਣ ਵਾਲਾ ਮਾਹੌਲ ਪ੍ਰਦਾਨ ਕਰੇ।

ਉਹਨਾਂ ਕਿਹਾ ਕਿ ਉੱਦਮੀਆਂ ਅਤੇ ਉਦਯੋਗਪਤੀਆਂ ਵਿੱਚ ਇਹ ਭਾਵਨਾ ਵਧ ਰਹੀ ਹੈ ਕਿ ਭਾਜਪਾ ਦੀ ਅਗਵਾਈ ਹੇਠ ਪੰਜਾਬ ਨੂੰ ਤਰੱਕੀ, ਖੁਸ਼ਹਾਲੀ ਅਤੇ ਆਰਥਿਕ ਵਿਕਾਸ ਦੇ ਨਵੇਂ ਰਾਹ ਤੇ ਲਿਜਾਇਆ ਜਾ ਸਕਦਾ ਹੈ।

Continue Reading

Mohali

ਹਲਕਾ ਵਿਧਾਇਕ ਕੁਲਵੰਤ ਸਿੰਘ ਵਲੋਂ ਸੈਕਟਰ 74 ਅਤੇ ਸੈਕਟਰ 75 ਨੂੰ ਜੋੜਨ ਵਾਲੀ ਸੜਕ ਨੂੰ ਚੌੜਾ ਕਰਨ ਦੇ ਕੰਮ ਦਾ ਉਦਘਾਟਨ

Published

on

By

3.20 ਕਰੋੜ ਰੁਪਏ ਦੀ ਲਾਗਤ ਨਾਲ ਹੋਵੇਗਾ ਨਵੀਨੀਕਰਨ, 1.36 ਕਿਲੋਮੀਟਰ ਲੰਬੀ ਸੜਕ ਨੂੰ ਆਧੁਨਿਕ ਸਹੂਲਤਾਂ ਨਾਲ ਕੀਤਾ ਜਾਵੇਗਾ ਵਿਕਸਤ

ਐਸ ਏ ਐਸ ਨਗਰ, 18 ਨਵੰਬਰ (ਸ.ਬ.) ਹਲਕਾ ਵਿਧਾਇਕ ਕੁਲਵੰਤ ਸਿੰਘ ਵਲੋਂ ਸੈਕਟਰ 74 ਅਤੇ ਸੈਕਟਰ 75 ਨੂੰ ਜੋੜਨ ਵਾਲੀ ਸੜਕ ਨੂੰ ਚੌੜਾ ਕਰਨ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਹਨਾਂ ਕਿਹਾ ਕਿ ਮੁਹਾਲੀ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਸ਼ਹਿਰ ਵਾਸੀਆਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਸੜਕ ਦਾ 3.20 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕੀਤਾ ਜਾ ਰਿਹਾ ਹੈ ਅਤੇ 1.36 ਕਿਲੋਮੀਟਰ ਲੰਬੀ ਸੜਕ ਨੂੰ ਆਧੁਨਿਕ ਸਹੂਲਤਾਂ ਨਾਲ ਵਿਕਸਤ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਇਹ ਸੜਕ 32 ਫੁੱਟ ਚੌੜੀ ਹੈ ਅਤੇ ਸਿੰਗਲ ਕੈਰਿਜਵੇਅ ਵਜੋਂ ਵਰਤੀ ਜਾ ਰਹੀ ਹੈ। ਇਸ ਨਵੀਨੀਕਰਨ ਤਹਿਤ ਸੜਕ ਦੇ ਵਿਚਕਾਰ ਸੈਂਟਰ ਬਰਮ ਬਣਾਇਆ ਜਾਵੇਗਾ ਅਤੇ ਇਸ ਦੇ ਦੋਵੇਂ ਪਾਸੇ 22-22 ਫੁੱਟ ਚੌੜੀਆਂ ਸੜਕਾਂ ਤਿਆਰ ਕੀਤੀਆਂ ਜਾਣਗੀਆਂ। ਇਸ ਨਾਲ ਸੜਕ ਦੀ ਬਣਤਰ ਨੂੰ ਹੋਰ ਵਿਵਸਥਿਤ ਕੀਤਾ ਜਾਵੇਗਾ ਅਤੇ ਵਾਹਨਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਵਿੱਚ ਮਦਦ ਮਿਲੇਗੀ।

ਉਹਨਾਂ ਦੱਸਿਆ ਕਿ ਨਗਰ ਨਿਗਮ ਵਲੋਂ ਆਰੰਭ ਕੀਤੇ ਇਸ ਪ੍ਰਾਜੈਕਟ ਤਹਿਤ ਸੜਕ ਦੇ ਦੋਵੇਂ ਪਾਸੇ ਪੈਦਲ ਚੱਲਣ ਵਾਲੇ ਲੋਕਾਂ ਦੀ ਸਹੂਲਤ ਲਈ ਫੁੱਟਪਾਥ ਵੀ ਬਣਾਏ ਜਾਣਗੇ। ਇਸ ਤੋਂ ਇਲਾਵਾ ਰਾਤ ਸਮੇਂ ਸੁਰੱਖਿਅਤ ਅਤੇ ਸੁਵਿਧਾਜਨਕ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ ਅਤੇ ਵਾਹਨ ਚਾਲਕਾਂ ਦੇ ਨਾਲ-ਨਾਲ ਪੈਦਲ ਚੱਲਣ ਵਾਲੇ ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ। ਉਹਨਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਲੋਕਾਂ ਦੀਆਂ ਲੋੜਾਂ ਅਤੇ ਸਹੂਲਤਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਸੜਕਾਂ ਦਾ ਨਵੀਨੀਕਰਨ, ਬਿਹਤਰ ਆਵਾਜਾਈ ਪ੍ਰਬੰਧ ਅਤੇ ਪੈਦਲ ਚੱਲਣ ਵਾਲਿਆਂ ਲਈ ਸਹੂਲਤਾਂ ਮੁਹੱਈਆ ਕਰਵਾਉਣਾ ਸ਼ਹਿਰੀ ਵਿਕਾਸ ਦਾ ਅਹਿਮ ਹਿੱਸਾ ਹਨ।

ਇਸ ਮੌਕੇ ਨਗਰ ਨਿਗਮ ਦੇ ਮੇਅਰ ਸਰਬਜੀਤ ਸਿੰਘ ਸਮਾਣਾ, ਸੀਨੀਅਰ ਡਿਪਟੀ ਮੇਅਰ ਆਰ.ਪੀ.ਸ਼ਰਮਾ, ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ਵਾਰਡ ਨੰ. 50 ਦੇ ਕੌਂਸਲਰ ਹਰਪਾਲ ਸਿੰਘ ਬਰਾੜ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਸਮਾਣਾ, ਮੁਹਾਲੀ ਉਦਯੋਗ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਸ਼ੋਕ ਗੁਪਤਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਰਿੰਦਰ ਪਾਲ ਸਿੰਘ ਬਿੱਲਾ, ਐਡਵੋਕੇਟ ਜਸਵੀਰ ਸਿੰਘ, ਕੇ. ਐਸ. ਮਾਹਲ, ਆਰ. ਵਿੱਜ, ਏ. ਐਸ. ਪ੍ਰਮਾਰ, ਗੁਰਪ੍ਰੀਤ ਸਿੰਘ ਚਾਹਲ, ਗੁਰਪ੍ਰੀਤ ਸਿੰਘ ਲਾਂਡਰਾਂ, ਜਸਪ੍ਰੀਤ ਸਿੰਘ ਸਰਪੰਚ ਲਾਂਡਰਾਂ, ਦਰਸ਼ਣ ਸਿੰਘ ਮਟੌਰ ਬਲਾਕ ਪ੍ਰਧਾਨ, ਅਕਬਿੰਦਰ ਸਿੰਘ ਗੋਸਲ ਚੇਅਰਮੈਨ, ਵਪਾਰ ਕਮਿਸ਼ਨ ਹਲਕਾ ਮੁਹਾਲੀ, ਬਚਨ ਸਿੰਘ ਬੋਪਾਰਾਏ ਐਮ. ਸੀ., ਕਮਲਜੀਤ ਕੌਰ ਐਮ. ਸੀ.ਸੋਹਾਣਾ ਹਾਜ਼ਰ ਸਨ।

Continue Reading

Latest News

Trending