National
ਸੁਪਾਰੀ ਕਿਲਰ ਵਾਹਿਦ ਅੰਸਾਰੀ ਪੁਲੀਸ ਮੁਕਾਬਲੇ ਦੌਰਾਨ ਢੇਰ, 2 ਪੁਲੀਸ ਮੁਲਾਜ਼ਮ ਵੀ ਜ਼ਖਮੀ
ਅੰਬੇਡਕਰਨਗਰ, 18 ਨਵੰਬਰ (ਸ.ਬ.) ਉੱਤਰ ਪ੍ਰਦੇਸ਼ ਦੇ ਅੰਬੇਡਕਰਨਗਰ ਵਿੱਚ ਸੁਪਾਰੀ ਲੈ ਕੇ ਕਤਲ ਕਰਨ ਵਾਲਾ ਵਾਹਿਦ ਅੰਸਾਰੀ ਪੁਲੀਸ ਮੁਕਾਬਲੇ ਵਿੱਚ ਮਾਰਿਆ ਗਿਆ। ਉਹ ਪੂਰਵਾਂਚਲ ਖੇਤਰ ਦਾ ਵੱਡਾ ਹਥਿਆਰ ਸਪਲਾਇਰ ਸੀ ਅਤੇ ਪੈਸੇ ਲੈ ਕੇ ਲੋਕਾਂ ਦੇ ਕਤਲ ਕਰਦਾ ਸੀ। ਪੁਲੀਸ ਮੁਤਾਬਕ ਬੀਤੀ ਰਾਤ ਸੂਚਨਾ ਮਿਲੀ ਸੀ ਕਿ ਵਾਹਿਦ ਸ਼ਹਿਰ ਵਿੱਚ ਲੁਕਿਆ ਹੋਇਆ ਹੈ ਅਤੇ ਉੱਥੋਂ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। ਪੁਲੀਸ ਟੀਮ ਨੇ ਜਦੋਂ ਉਸ ਦੀ ਘੇਰਾਬੰਦੀ ਕੀਤੀ ਤਾਂ ਉਸ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਉਸ ਦੀ ਛਾਤੀ ਅਤੇ ਲੱਤ ਵਿੱਚ ਚਾਰ ਗੋਲੀਆਂ ਲੱਗੀਆਂ, ਜਿਸ ਤੋਂ ਬਾਅਦ ਉਹ ਸੜਕ ਤੇ ਡਿੱਗ ਪਿਆ।
ਪੁਲੀਸ ਉਸ ਨੂੰ ਹਸਪਤਾਲ ਲੈ ਕੇ ਪਹੁੰਚੀ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮੁਕਾਬਲੇ ਵਿੱਚ ਦੋ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ, ਜਦਕਿ ਐਸ.ਪੀ. ਪ੍ਰਾਚੀ ਸਿੰਘ ਦੀ ਬੁਲੇਟਪਰੂਫ ਜੈਕੇਟ ਵਿੱਚ ਗੋਲੀ ਲੱਗਣ ਕਾਰਨ ਉਨ੍ਹਾਂ ਦੀ ਜਾਨ ਵਾਲ-ਵਾਲ ਬਚ ਗਈ। ਇਹ ਮੁਕਾਬਲਾ ਰਾਤ 12 ਵਜੇ ਜ਼ਿਲ੍ਹਾ ਹੈਡਕੁਆਰਟਰ ਤੋਂ 7 ਕਿਲੋਮੀਟਰ ਦੂਰ ਅਕਬਰਪੁਰ ਕੋਤਵਾਲੀ ਖੇਤਰ ਵਿੱਚ ਸ਼ਿਵ ਬਾਬਾ ਮੰਦਰ ਨੇੜੇ ਹੋਇਆ। ਵਾਹਿਦ ਗਾਜ਼ੀਪੁਰ ਦੇ ਬਹਿਰੀਆਬਾਦ ਦਾ ਰਹਿਣ ਵਾਲਾ ਸੀ। ਉਹ ਬਿੱਲੂ ਇੰਦੌਰੀਆ ਗੈਂਗ ਦਾ ਸਰਗਰਮ ਮੈਂਬਰ ਸੀ। ਉਸ ਖ਼ਿਲਾਫ਼ 35 ਅਪਰਾਧਿਕ ਮਾਮਲੇ ਦਰਜ ਸਨ। ਉਹ ਗੋਰਖਪੁਰ ਦੇ ਕੈਂਟ ਥਾਣੇ ਵਿੱਚ ਵੀ ਲੋੜੀਂਦਾ ਸੀ।
ਐਸ.ਪੀ. ਪ੍ਰਾਚੀ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਪੁਲੀਸ ਵੱਲੋਂ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਸੀ। ਅਕਬਰਪੁਰ ਥਾਣਾ ਖੇਤਰ ਦੇ ਸ਼ਿਵ ਬਾਬਾ ਧਾਮ ਨੇੜੇ ਪੁਲੀਸ ਨੇ ਬੈਰੀਅਰ ਲਗਾ ਕੇ ਜਾਂਚ ਸ਼ੁਰੂ ਕੀਤੀ ਹੋਈ ਸੀ। ਉਹ ਖ਼ੁਦ ਵੀ ਐਸ.ਓ.ਜੀ. ਟੀਮ ਨਾਲ ਮੌਕੇ ਤੇ ਪਹੁੰਚੇ ਹੋਏ ਸਨ। ਰਾਤ ਕਰੀਬ 12 ਵਜੇ ਤੇਜ਼ ਰਫ਼ਤਾਰ ਮੋਟਰਸਾਈਕਲ ਤੇ ਸਵਾਰ ਦੋ ਸ਼ੱਕੀ ਵਿਅਕਤੀਆਂ ਨੇ ਬੈਰੀਅਰ ਪਾਰ ਕਰਨ ਦੀ ਕੋਸ਼ਿਸ਼ ਕੀਤੀ। ਥਾਣਾ ਇੰਚਾਰਜ ਵੱਲੋਂ ਰੋਕਣ ਤੇ ਮੋਟਰਸਾਈਕਲ ਦੇ ਪਿੱਛੇ ਬੈਠੇ ਵਿਅਕਤੀ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਥਾਣਾ ਇੰਚਾਰਜ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਬਦਮਾਸ਼ ਗੋਲੀਬਾਰੀ ਕਰਦੇ ਹੋਏ ਭੱਜਣ ਲੱਗੇ। ਪੁਲੀਸ ਟੀਮ ਨੇ ਉਨ੍ਹਾਂ ਦੀ ਘੇਰਾਬੰਦੀ ਕੀਤੀ। ਇਸ ਦੌਰਾਨ ਇੱਕ ਬਦਮਾਸ਼ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ, ਜਦਕਿ ਦੂਜਾ ਜਵਾਬੀ ਗੋਲੀਬਾਰੀ ਵਿੱਚ ਜ਼ਖ਼ਮੀ ਹੋ ਗਿਆ।
ਜ਼ਖ਼ਮੀ ਬਦਮਾਸ਼ ਨੂੰ ਇਲਾਜ ਲਈ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੋਂ ਉਸ ਨੂੰ ਜ਼ਿਲ੍ਹਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਹਾਲਾਂਕਿ, ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਵਾਹਿਦ ਅੰਸਾਰੀ ਵਜੋਂ ਹੋਈ। ਕ੍ਰਾਈਮ ਐਂਡ ਕ੍ਰਿਮਿਨਲ ਟ੍ਰੈਕਿੰਗ ਨੈਟਵਰਕ ਐਂਡ ਸਿਸਟਮ ਵਿੱਚ ਜਾਂਚ ਕਰਨ ਤੇ ਪਤਾ ਲੱਗਾ ਕਿ ਉਸ ਖ਼ਿਲਾਫ਼ ਲੁੱਟ-ਖੋਹ, ਕਤਲ, ਡਕੈਤੀ, ਗੈਂਗਸਟਰ ਐਕਟ ਅਤੇ ਆਰਮਜ਼ ਐਕਟ ਸਮੇਤ ਕੁੱਲ 35 ਅਪਰਾਧਿਕ ਮਾਮਲੇ ਦਰਜ ਸਨ।
National
ਸੁਰੱਖਿਆ ਬਲਾਂ ਨਾਲ ਮੁੱਠਭੇੜ ਦੌਰਾਨ ਲਸ਼ਕਰ-ਏ-ਤੋਇਬਾ ਦਾ ਕਮਾਂਡਰ ਮੁਹੰਮਦ ਲਤੀਫ਼ ਭੱਟ ਢੇਰ
ਸ਼੍ਰੀਨਗਰ, 18 ਨਵੰਬਰ (ਸ.ਬ.) ਸੁਰੱਖਿਆ ਬਲਾਂ ਲਈ ਇੱਕ ਵੱਡੀ ਕਾਮਯਾਬੀ ਵਜੋਂ ਪਿਛਲੇ ਹਫ਼ਤੇ ਸੀ.ਆਰ.ਪੀ.ਐਫ. ਦੇ ਜਵਾਨਾਂ ਤੇ ਹੋਏ ਹਮਲੇ ਅਤੇ ਦੱਖਣੀ ਕਸ਼ਮੀਰ ਵਿੱਚ ਹੋਰ ਹਮਲਿਆਂ ਵਿੱਚ ਸ਼ਾਮਲ ਲਸ਼ਕਰ-ਏ-ਤੋਇਬਾ ਦਾ ਕਮਾਂਡਰ ਮੁਹੰਮਦ ਲਤੀਫ਼ ਭੱਟ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਹੋਏ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ ਹੈ।
ਕੁਲਗਾਮ ਦੇ ਐਸਐਸਪੀ ਅਨਾਇਤ ਅਲੀ ਨੇ ਕਿਹਾ ਕਿ ਇਹ ਮੁਕਾਬਲਾ ਜੰਮੂ-ਕਸ਼ਮੀਰ ਪੁਲੀਸ ਤੋਂ ਮਿਲੇ ਭਰੋਸੇਯੋਗ ਇਨਪੁਟਸ ਤੇ ਅਧਾਰਤ ਸੀ। ਪੂਰੀ ਯੋਜਨਾਬੰਦੀ ਅਤੇ ਸਾਰੇ ਸੁਰੱਖਿਆ ਬਲਾਂ ਨਾਲ ਮਿਲ ਕੇ ਕੀਤੇ ਗਏ ਠੋਸ ਯਤਨਾਂ ਨਾਲ, ਅਸੀਂ ਉਸ ਖੇਤਰ ਨੂੰ ਸੁਰੱਖਿਅਤ ਕਰ ਲਿਆ ਜਿੱਥੇ ਅੱਜ ਮੁਕਾਬਲੇ ਵਿੱਚ ਲਤੀਫ ਨਾਮ ਦਾ ਇੱਕ ਸਥਾਨਕ ਅੱਤਵਾਦੀ ਫਸਿਆ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਅਸੀਂ ਉਸਨੂੰ ਆਤਮ ਸਮਰਪਣ ਕਰਨ ਲਈ ਮਜਬੂਰ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਅਤੇ ਉਸ ਨਾਲ ਗੱਲ ਕੀਤੀ। ਉਨ੍ਹਾਂ ਨਿੱਜੀ ਤੌਰ ਤੇ ਵੀਡੀਓ ਕਾਲ ਰਾਹੀਂ ਉਸ ਨਾਲ ਗੱਲ ਕੀਤੀ ਅਤੇ ਅੰਦਰ ਦਿੱਤੇ ਗਏ ਫ਼ੋਨ ਦੀ ਵਰਤੋਂ ਕਰਕੇ ਵੀ ਲੰਮੀ ਗੱਲਬਾਤ ਕੀਤੀ। ਉਸ ਨੂੰ ਆਤਮ ਸਮਰਪਣ ਕਰਨ ਲਈ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਉਸ ਨੂੰ ਦੱਸਿਆ ਕਿ ਉਹ ਅਜੇ ਵੀ ਜਵਾਨ ਹੈ ਅਤੇ ਉਸਦੀ ਪੂਰੀ ਜ਼ਿੰਦਗੀ ਉਸਦੇ ਸਾਹਮਣੇ ਹੈ। ਉਸਨੇ ਇਨਕਾਰ ਕਰ ਦਿੱਤਾ ਅਤੇ ਇੱਕ ਮਸਜਿਦ ਵਿੱਚ ਦਾਖਲ ਹੋ ਕੇ ਲਗਭਗ 2:45 ਵਜੇ ਗੋਲੀਬਾਰੀ ਕਰ ਦਿੱਤੀ। ਸਥਿਤੀ ਨੂੰ ਸੰਭਾਲਣ ਲਈ ਆਪਣੇ ਨਿਯੰਤਰਣ ਉਪਾਵਾਂ ਦੀ ਵਰਤੋਂ ਕੀਤੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮਸਜਿਦ ਨੂੰ ਜ਼ੀਰੋ ਜਾਂ ਘੱਟੋ-ਘੱਟ ਨੁਕਸਾਨ ਹੋਵੇ। ਫਿਰ ਜਵਾਬੀ ਕਾਰਵਾਈ ਦੌਰਾਨ ਉਹ ਢੇਰ ਹੋ ਗਿਆ।
ਉਨ੍ਹਾਂ ਕਿਹਾ ਕਿ ਇਹ 2026 ਵਿੱਚ ਸਾਡੀਆਂ ਸਭ ਤੋਂ ਵੱਡੀਆਂ ਸਫਲਤਾਵਾਂ ਵਿੱਚੋਂ ਇੱਕ ਹੈ। ਉਹ ਪਿਛਲੇ ਸਾਲ ਅੱਜ ਦੇ ਦਿਨ ਸਰਗਰਮ ਹੋਇਆ, ਲਸ਼ਕਰ-ਏ-ਤੋਇਬਾ ਵਿੱਚ ਸ਼ਾਮਲ ਹੋ ਗਿਆ ਅਤੇ ਕੱਟੜਪੰਥੀ ਬਣ ਗਿਆ। ਤਿੰਨ ਜਾਂ ਚਾਰ ਹਮਲੇ ਕਰਨ ਤੋਂ ਬਾਅਦ, ਉਸਨੂੰ ਸਰਹੱਦ ਪਾਰ ਤੋਂ ਸ਼ਾਂਤੀ, ਸੈਰ-ਸਪਾਟਾ ਅਤੇ ਆਰਥਿਕਤਾ ਨੂੰ ਭੰਗ ਕਰਨ ਦੇ ਨਿਰਦੇਸ਼ ਮਿਲ ਰਹੇ ਸਨ।
ਉਨ੍ਹਾਂ ਦੱਸਿਆ ਕਿ ਅਖਰਾਨ ਵਿਖੇ ਸੀ.ਆਰ.ਪੀ.ਐਫ. ਜਵਾਨਾਂ ਤੇ ਹੋਏ ਹਮਲੇ ਤੋਂ ਬਾਅਦ ਪੂਰੇ ਦੱਖਣੀ ਕਸ਼ਮੀਰ ਵਿੱਚ ਤੇਜ਼ ਕੀਤੀਆਂ ਗਈਆਂ ਕਾਰਵਾਈਆਂ ਦਰਮਿਆਨ ਇਹ ਦੂਜਾ ਮੁਕਾਬਲਾ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਲਾਰੂ ਕੁਲਗਾਮ ਵਿਖੇ ਹੋਏ ਮੁਕਾਬਲੇ ਵਿੱਚ ਲਸ਼ਕਰ-ਏ-ਤਇਬਾ ਦੇ ਲੋੜੀਂਦੇ ਕਮਾਂਡਰ ਮੁਹੰਮਦ ਲਤੀਫ਼ ਭੱਟ ਦਾ ਕਰੀਬੀ ਸਾਥੀ ਉਮਰ ਨਿਸਾਰ ਡਾਰ ਮਾਰਿਆ ਗਿਆ ਸੀ, ਜਦਕਿ ਭੱਟ ਉੱਥੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ।
ਪੁਲੀਸ ਨੇ ਦੱਸਿਆ ਕਿ ਭੱਟ ਅਤੇ ਡਾਰ ਨੇ ਪਿਛਲੇ ਹਫ਼ਤੇ ਅਖਰਾਨ ਵਿਖੇ ਹਮਲਾ ਕੀਤਾ ਸੀ। ਭੱਟ ਵਾਦੀ ਵਿੱਚ ਸਭ ਤੋਂ ਵੱਧ ਲੋੜੀਂਦਾ ਸਥਾਨਕ ਅੱਤਵਾਦੀ ਹੈ ਅਤੇ ਕਥਿਤ ਤੌਰ ਤੇ ਪਹਿਲਾਂ ਵੀ ਕਈ ਹਮਲਿਆਂ ਵਿੱਚ ਸ਼ਾਮਲ ਰਿਹਾ ਹੈ।
ਸੀ.ਸੀ.ਟੀ.ਵੀ. ਫੁਟੇਜ ਵਿੱਚ 11 ਨਵੰਬਰ ਨੂੰ ਸੀ.ਆਰ.ਪੀ.ਐਫ. ਜਵਾਨਾਂ ਤੇ ਹੋਏ ਹਮਲੇ ਤੋਂ ਇੱਕ ਦਿਨ ਪਹਿਲਾਂ ਭੱਟ ਅਤੇ ਉਸ ਦੇ ਮਾਰੇ ਗਏ ਸਾਥੀ ਉਮਰ ਨਿਸਾਰ ਡਾਰ ਨੂੰ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਕਈ ਥਾਵਾਂ ਤੇ ਰੇਕੀ (ਜਾਸੂਸੀ) ਕਰਦੇ ਹੋਏ ਦੇਖਿਆ ਗਿਆ ਸੀ, ਜਿਸ ਹਮਲੇ ਵਿੱਚ ਤਿੰਨ ਜਵਾਨ ਜ਼ਖ਼ਮੀ ਹੋ ਗਏ ਸਨ।
National
ਅਣਪਛਾਤੇ ਹਮਲਾਵਰਾਂ ਵੱਲੋਂ ਪਤੀ-ਪਤਨੀ ਅਤੇ ਪੁੱਤ ਦਾ ਕਤਲ
ਸੀਹੋਰ, 18 ਨਵੰਬਰ (ਸ.ਬ.) ਮੱਧ ਪ੍ਰਦੇਸ਼ ਦੇ ਸੀਹੋਰ ਜ਼ਿਲ੍ਹੇ ਵਿੱਚ ਬੀਤੀ ਰਾਤ ਅਣਪਛਾਤੇ ਹਮਲਾਵਰਾਂ ਨੇ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਕਥਿਤ ਤੌਰ ਤੇ ਕਤਲ ਕਰ ਦਿੱਤਾ ਗਿਆ। ਪੁਲੀਸ ਦੇ ਇਕ ਅਧਿਕਾਰੀ ਨੇ ਅੱਜ ਦੱਸਿਆ ਕਿ ਮ੍ਰਿਤਕਾਂ ਵਿੱਚ ਪਤੀ-ਪਤਨੀ ਅਤੇ ਉਨ੍ਹਾਂ ਦਾ ਬੇਟਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਹ ਘਟਨਾ ਜ਼ਿਲ੍ਹੇ ਦੀ ਬੁਡਨੀ ਤਹਿਸੀਲ ਦੇ ਵਾਰਡ ਨੰਬਰ 12 ਵਿੱਚ ਵਾਪਰੀ।
ਉਨ੍ਹਾਂ ਕਿਹਾ ਕਿ ਘਟਨਾ ਦੀ ਜਾਣਕਾਰੀ ਮਿਲਣ ਤੇ ਸਬ-ਡਿਵੀਜ਼ਨਲ ਪੁਲੀਸ ਅਧਿਕਾਰੀ ਰਵੀ ਸ਼ਰਮਾ ਅਤੇ ਥਾਣਾ ਇੰਚਾਰਜ ਸੁਨੀਲ ਠਾਕੁਰ ਪੁਲੀਸ ਟੀਮ ਨਾਲ ਮੌਕੇ ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਪੁਲੀਸ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਬਾਰੀਕੀ ਨਾਲ ਮੁਆਇਨਾ ਕੀਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਐਸਡੀਓਪੀ ਰਵੀ ਸ਼ਰਮਾ ਨੇ ਕਿਹਾ ਕਿ ਤਿੰਨਾਂ ਮ੍ਰਿਤਕਾਂ ਦੇ ਸਿਰ ਤੇ ਡੂੰਘੀਆਂ ਸੱਟਾਂ ਹਨ ਅਤੇ ਸ਼ੁਰੂਆਤੀ ਜਾਂਚ ਵਿੱਚ ਉਨ੍ਹਾਂ ਦਾ ਕਤਲ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ।
ਪੁਲੀਸ ਅਨੁਸਾਰ, ਮ੍ਰਿਤਕਾਂ ਦੀ ਪਛਾਣ ਰਾਕੇਸ਼ ਮੀਨਾ (45), ਉਨ੍ਹਾਂ ਦੀ ਪਤਨੀ ਰਾਧਾ (40) ਅਤੇ ਪੁੱਤਰ ਅਸ਼ਵਿਨ (24) ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਤਿੰਨੇ ਪਰਿਵਾਰਕ ਮੈਂਬਰ ਰਾਤ ਨੂੰ ਆਪਣੇ ਘਰ ਵਿੱਚ ਸੌਂ ਰਹੇ ਸਨ, ਅਣਪਛਾਤੇ ਹਮਲਾਵਰਾਂ ਨੇ ਇਸੇ ਦੌਰਾਨ ਉਨ੍ਹਾਂ ਦਾ ਕਤਲ ਕਰ ਦਿੱਤਾ। ਸ਼ਰਮਾ ਨੇ ਕਿਹਾ ਕਿ ਪੁਲੀਸ ਨੇ ਘਟਨਾ ਸਥਾਨ ਤੋਂ ਜ਼ਰੂਰੀ ਜਾਣਕਾਰੀ ਇਕੱਠੀ ਕੀਤੀ ਹੈ ਅਤੇ ਮਾਮਲੇ ਦੇ ਵੱਖ-ਵੱਖ ਪਹਿਲੂਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਕਤਲ ਕਿਸ ਨੇ ਅਤੇ ਕਿਉਂ ਕੀਤਾ, ਇਸ ਦਾ ਪਤਾ ਜਾਂਚ ਪੂਰੀ ਹੋਣ ਮਗਰੋਂ ਹੀ ਲੱਗ ਸਕੇਗਾ।
National
ਨੀਟ-ਯੂਜੀ ਪੇਪਰ ਲੀਕ ਮਾਮਲੇ ਵਿੱਚ ਦਿੱਲੀ ਦੀ ਅਦਾਲਤ ਵੱਲੋਂ 14 ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕਰਨ ਦੇ ਹੁਕਮ
ਨਵੀਂ ਦਿੱਲੀ, 18 ਨਵੰਬਰ (ਸ.ਬ.) ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਨੈਸ਼ਨਲ ਐਲੀਜੀਬਿਲਟੀ-ਕਮ-ਐਂਟਰੈਂਸ ਟੈਸਟ ਅੰਡਰਗ੍ਰੈਜੂਏਟ ਪੇਪਰ ਲੀਕ ਮਾਮਲੇ ਵਿੱਚ 14 ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਿਨ੍ਹਾਂ ਵਿੱਚ ਕਾਪੀਰਾਈਟ ਐਕਟ ਅਧੀਨ ਅਪਰਾਧ ਵੀ ਸ਼ਾਮਲ ਹਨ।
ਕੇਂਦਰੀ ਜਾਂਚ ਬਿਊਰੋ ਦੀ ਮੁੱਖ ਅਤੇ ਸਪਲੀਮੈਂਟਰੀ ਚਾਰਜਸ਼ੀਟ ਵਿੱਚ ਦਰਜ ਅਪਰਾਧਾਂ ਨੂੰ ਸ਼ਾਮਲ ਕਰਦੇ ਹੋਏ ਇਹ ਦੋਸ਼ ਸ਼ਨਿਚਰਵਾਰ, 21 ਨਵੰਬਰ ਨੂੰ ਰਸਮੀ ਤੌਰ ਤੇ ਆਇਦ ਕੀਤੇ ਜਾਣਗੇ, ਜਦੋਂ ਸਾਰੇ 14 ਮੁਲਜ਼ਮਾਂ ਨੂੰ ਅਦਾਲਤ ਵਿੱਚ ਨਿੱਜੀ ਤੌਰ ਤੇ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਮੁਲਜ਼ਮਾਂ ਵਿੱਚ ਮਾਂਗੀ ਲਾਲ ਬਿਵਾਲ, ਦਿਨੇਸ਼ ਬਿਵਾਲ, ਵਿਕਾਸ ਬਿਵਾਲ, ਮਨੀਸ਼ਾ ਵਾਘਮਾਰੇ, ਮਨੀਸ਼ ਮੰਧਾਰੇ, ਮਨੀਸ਼ਾ ਹਵਾਲਦਾਰ, ਪੀ.ਵੀ. ਕੁਲਕਰਨੀ, ਰਘੂਨਾਥ ਮੋਟੇਗਾਓਂਕਰ, ਮਨੋਜ ਸ਼ਿਰੂਰੇ, ਸ਼ੁਭਮ ਖੈਰਨਾਰ, ਸ਼ੇਸ਼ਰਾਓ ਬਜਰੰਗ ਸੂਰਿਆਵੰਸ਼ੀ, ਯਸ਼ ਯਾਦਵ, ਧਨੰਜੇ ਲੋਖੰਡੇ ਅਤੇ ਤੇਜਸ ਹਰਸ਼ਦ ਕੁਮਾਰ ਸ਼ਾਹ ਸ਼ਾਮਲ ਹਨ। ਨੀਟ-ਯੂਜੀ ਦੀ ਪ੍ਰੀਖਿਆ 3 ਮਈ, 2026 ਨੂੰ ਹੋਈ ਸੀ, ਜਿਸ ਵਿੱਚ ਲਗਪਗ 22 ਲੱਖ ਉਮੀਦਵਾਰ ਸ਼ਾਮਲ ਹੋਏ ਸਨ।
ਪ੍ਰਸ਼ਨ ਪੱਤਰ ਲੀਕ ਹੋਣ ਦੇ ਦੋਸ਼ ਸਾਹਮਣੇ ਆਉਣ ਤੋਂ ਬਾਅਦ ਐਨਟੀਏ ਨੇ 12 ਮਈ ਨੂੰ ਪ੍ਰੀਖਿਆ ਰੱਦ ਕਰ ਦਿੱਤੀ ਸੀ ਅਤੇ ਇਸ ਤੋਂ ਬਾਅਦ 21 ਜੂਨ ਨੂੰ ਮੁੜ-ਪ੍ਰੀਖਿਆ ਕਰਵਾਈ ਗਈ ਸੀ। ਸੀਬੀਆਈ ਨੇ ਕੇਂਦਰੀ ਸਿੱਖਿਆ ਮੰਤਰਾਲੇ ਦੇ ਉੱਚ ਸਿੱਖਿਆ ਵਿਭਾਗ ਦੀ ਸ਼ਿਕਾਇਤ ਤੋਂ ਬਾਅਦ 12 ਮਈ ਨੂੰ ਆਪਣਾ ਕੇਸ ਦਰਜ ਕੀਤਾ ਸੀ। ਇਸ ਦੀਆਂ ਪਹਿਲੀਆਂ ਗ੍ਰਿਫ਼ਤਾਰੀਆਂ 13 ਮਈ ਨੂੰ ਕੀਤੀਆਂ ਗਈਆਂ ਸਨ ਅਤੇ ਬਾਅਦ ਵਿੱਚ ਇਹ ਜਾਂਚ ਮਹਾਰਾਸ਼ਟਰ, ਰਾਜਸਥਾਨ ਅਤੇ ਹਰਿਆਣਾ ਤੱਕ ਫੈਲ ਗਈ ਸੀ।
-
International2 months agoਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ ਕਾਰਨ 9 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month agoਨਾਈਜੀਰੀਆ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਵਿਅਕਤੀਆਂ ਦੀ ਮੌਤ
-
International4 weeks agoਤਿੱਬਤ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਸੈਂਕੜੇ ਮਕਾਨ ਢਹਿ-ਢੇਰੀ, 16 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month ago
ਪਨਾਮਾ ਵਿੱਚ ਮੁੜ ਲੱਗੇ ਭੂਚਾਲ ਦੇ ਤੇਜ਼ ਝਟਕੇ
-
International1 month agoਖੱਡ ਵਿੱਚ ਡਿੱਗੀ ਸਕੂਲ ਬੱਸ, ਵਿਦਿਆਰਥੀਆਂ ਸਮੇਤ 5 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month ago
ਮਿਲਟਰੀ ਬੇਸ ਤੇ ਅੱਗ ਲੱਗਣ ਕਾਰਨ 4 ਫ਼ੌਜੀ ਜਵਾਨ ਸ਼ਹੀਦ, 39 ਜ਼ਖਮੀ
-
International1 month agoਸਕੂਲ ਦੀ ਛੱਤ ਡਿੱਗਣ ਕਾਰਨ 28 ਵਿਦਿਆਰਥੀਆਂ ਅਤੇ 1 ਅਧਿਆਪਕਾ ਦੀ ਮੌਤ, ਕਈ ਜ਼ਖ਼ਮੀ
-
Chandigarh1 month ago
ਪਰਵਿੰਦਰ ਝੋਟਾ ਕਤਲ ਮਾਮਲੇ ਵਿੱਚ ਹੋਈ ਪਹਿਲੀ ਗ੍ਰਿਫਤਾਰੀ
