National
ਸੁਰੱਖਿਆ ਬਲਾਂ ਨਾਲ ਮੁੱਠਭੇੜ ਦੌਰਾਨ ਲਸ਼ਕਰ-ਏ-ਤੋਇਬਾ ਦਾ ਕਮਾਂਡਰ ਮੁਹੰਮਦ ਲਤੀਫ਼ ਭੱਟ ਢੇਰ
ਸ਼੍ਰੀਨਗਰ, 18 ਨਵੰਬਰ (ਸ.ਬ.) ਸੁਰੱਖਿਆ ਬਲਾਂ ਲਈ ਇੱਕ ਵੱਡੀ ਕਾਮਯਾਬੀ ਵਜੋਂ ਪਿਛਲੇ ਹਫ਼ਤੇ ਸੀ.ਆਰ.ਪੀ.ਐਫ. ਦੇ ਜਵਾਨਾਂ ਤੇ ਹੋਏ ਹਮਲੇ ਅਤੇ ਦੱਖਣੀ ਕਸ਼ਮੀਰ ਵਿੱਚ ਹੋਰ ਹਮਲਿਆਂ ਵਿੱਚ ਸ਼ਾਮਲ ਲਸ਼ਕਰ-ਏ-ਤੋਇਬਾ ਦਾ ਕਮਾਂਡਰ ਮੁਹੰਮਦ ਲਤੀਫ਼ ਭੱਟ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਹੋਏ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ ਹੈ।
ਕੁਲਗਾਮ ਦੇ ਐਸਐਸਪੀ ਅਨਾਇਤ ਅਲੀ ਨੇ ਕਿਹਾ ਕਿ ਇਹ ਮੁਕਾਬਲਾ ਜੰਮੂ-ਕਸ਼ਮੀਰ ਪੁਲੀਸ ਤੋਂ ਮਿਲੇ ਭਰੋਸੇਯੋਗ ਇਨਪੁਟਸ ਤੇ ਅਧਾਰਤ ਸੀ। ਪੂਰੀ ਯੋਜਨਾਬੰਦੀ ਅਤੇ ਸਾਰੇ ਸੁਰੱਖਿਆ ਬਲਾਂ ਨਾਲ ਮਿਲ ਕੇ ਕੀਤੇ ਗਏ ਠੋਸ ਯਤਨਾਂ ਨਾਲ, ਅਸੀਂ ਉਸ ਖੇਤਰ ਨੂੰ ਸੁਰੱਖਿਅਤ ਕਰ ਲਿਆ ਜਿੱਥੇ ਅੱਜ ਮੁਕਾਬਲੇ ਵਿੱਚ ਲਤੀਫ ਨਾਮ ਦਾ ਇੱਕ ਸਥਾਨਕ ਅੱਤਵਾਦੀ ਫਸਿਆ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਅਸੀਂ ਉਸਨੂੰ ਆਤਮ ਸਮਰਪਣ ਕਰਨ ਲਈ ਮਜਬੂਰ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਅਤੇ ਉਸ ਨਾਲ ਗੱਲ ਕੀਤੀ। ਉਨ੍ਹਾਂ ਨਿੱਜੀ ਤੌਰ ਤੇ ਵੀਡੀਓ ਕਾਲ ਰਾਹੀਂ ਉਸ ਨਾਲ ਗੱਲ ਕੀਤੀ ਅਤੇ ਅੰਦਰ ਦਿੱਤੇ ਗਏ ਫ਼ੋਨ ਦੀ ਵਰਤੋਂ ਕਰਕੇ ਵੀ ਲੰਮੀ ਗੱਲਬਾਤ ਕੀਤੀ। ਉਸ ਨੂੰ ਆਤਮ ਸਮਰਪਣ ਕਰਨ ਲਈ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਉਸ ਨੂੰ ਦੱਸਿਆ ਕਿ ਉਹ ਅਜੇ ਵੀ ਜਵਾਨ ਹੈ ਅਤੇ ਉਸਦੀ ਪੂਰੀ ਜ਼ਿੰਦਗੀ ਉਸਦੇ ਸਾਹਮਣੇ ਹੈ। ਉਸਨੇ ਇਨਕਾਰ ਕਰ ਦਿੱਤਾ ਅਤੇ ਇੱਕ ਮਸਜਿਦ ਵਿੱਚ ਦਾਖਲ ਹੋ ਕੇ ਲਗਭਗ 2:45 ਵਜੇ ਗੋਲੀਬਾਰੀ ਕਰ ਦਿੱਤੀ। ਸਥਿਤੀ ਨੂੰ ਸੰਭਾਲਣ ਲਈ ਆਪਣੇ ਨਿਯੰਤਰਣ ਉਪਾਵਾਂ ਦੀ ਵਰਤੋਂ ਕੀਤੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮਸਜਿਦ ਨੂੰ ਜ਼ੀਰੋ ਜਾਂ ਘੱਟੋ-ਘੱਟ ਨੁਕਸਾਨ ਹੋਵੇ। ਫਿਰ ਜਵਾਬੀ ਕਾਰਵਾਈ ਦੌਰਾਨ ਉਹ ਢੇਰ ਹੋ ਗਿਆ।
ਉਨ੍ਹਾਂ ਕਿਹਾ ਕਿ ਇਹ 2026 ਵਿੱਚ ਸਾਡੀਆਂ ਸਭ ਤੋਂ ਵੱਡੀਆਂ ਸਫਲਤਾਵਾਂ ਵਿੱਚੋਂ ਇੱਕ ਹੈ। ਉਹ ਪਿਛਲੇ ਸਾਲ ਅੱਜ ਦੇ ਦਿਨ ਸਰਗਰਮ ਹੋਇਆ, ਲਸ਼ਕਰ-ਏ-ਤੋਇਬਾ ਵਿੱਚ ਸ਼ਾਮਲ ਹੋ ਗਿਆ ਅਤੇ ਕੱਟੜਪੰਥੀ ਬਣ ਗਿਆ। ਤਿੰਨ ਜਾਂ ਚਾਰ ਹਮਲੇ ਕਰਨ ਤੋਂ ਬਾਅਦ, ਉਸਨੂੰ ਸਰਹੱਦ ਪਾਰ ਤੋਂ ਸ਼ਾਂਤੀ, ਸੈਰ-ਸਪਾਟਾ ਅਤੇ ਆਰਥਿਕਤਾ ਨੂੰ ਭੰਗ ਕਰਨ ਦੇ ਨਿਰਦੇਸ਼ ਮਿਲ ਰਹੇ ਸਨ।
ਉਨ੍ਹਾਂ ਦੱਸਿਆ ਕਿ ਅਖਰਾਨ ਵਿਖੇ ਸੀ.ਆਰ.ਪੀ.ਐਫ. ਜਵਾਨਾਂ ਤੇ ਹੋਏ ਹਮਲੇ ਤੋਂ ਬਾਅਦ ਪੂਰੇ ਦੱਖਣੀ ਕਸ਼ਮੀਰ ਵਿੱਚ ਤੇਜ਼ ਕੀਤੀਆਂ ਗਈਆਂ ਕਾਰਵਾਈਆਂ ਦਰਮਿਆਨ ਇਹ ਦੂਜਾ ਮੁਕਾਬਲਾ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਲਾਰੂ ਕੁਲਗਾਮ ਵਿਖੇ ਹੋਏ ਮੁਕਾਬਲੇ ਵਿੱਚ ਲਸ਼ਕਰ-ਏ-ਤਇਬਾ ਦੇ ਲੋੜੀਂਦੇ ਕਮਾਂਡਰ ਮੁਹੰਮਦ ਲਤੀਫ਼ ਭੱਟ ਦਾ ਕਰੀਬੀ ਸਾਥੀ ਉਮਰ ਨਿਸਾਰ ਡਾਰ ਮਾਰਿਆ ਗਿਆ ਸੀ, ਜਦਕਿ ਭੱਟ ਉੱਥੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ।
ਪੁਲੀਸ ਨੇ ਦੱਸਿਆ ਕਿ ਭੱਟ ਅਤੇ ਡਾਰ ਨੇ ਪਿਛਲੇ ਹਫ਼ਤੇ ਅਖਰਾਨ ਵਿਖੇ ਹਮਲਾ ਕੀਤਾ ਸੀ। ਭੱਟ ਵਾਦੀ ਵਿੱਚ ਸਭ ਤੋਂ ਵੱਧ ਲੋੜੀਂਦਾ ਸਥਾਨਕ ਅੱਤਵਾਦੀ ਹੈ ਅਤੇ ਕਥਿਤ ਤੌਰ ਤੇ ਪਹਿਲਾਂ ਵੀ ਕਈ ਹਮਲਿਆਂ ਵਿੱਚ ਸ਼ਾਮਲ ਰਿਹਾ ਹੈ।
ਸੀ.ਸੀ.ਟੀ.ਵੀ. ਫੁਟੇਜ ਵਿੱਚ 11 ਨਵੰਬਰ ਨੂੰ ਸੀ.ਆਰ.ਪੀ.ਐਫ. ਜਵਾਨਾਂ ਤੇ ਹੋਏ ਹਮਲੇ ਤੋਂ ਇੱਕ ਦਿਨ ਪਹਿਲਾਂ ਭੱਟ ਅਤੇ ਉਸ ਦੇ ਮਾਰੇ ਗਏ ਸਾਥੀ ਉਮਰ ਨਿਸਾਰ ਡਾਰ ਨੂੰ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਕਈ ਥਾਵਾਂ ਤੇ ਰੇਕੀ (ਜਾਸੂਸੀ) ਕਰਦੇ ਹੋਏ ਦੇਖਿਆ ਗਿਆ ਸੀ, ਜਿਸ ਹਮਲੇ ਵਿੱਚ ਤਿੰਨ ਜਵਾਨ ਜ਼ਖ਼ਮੀ ਹੋ ਗਏ ਸਨ।
National
ਅਣਪਛਾਤੇ ਹਮਲਾਵਰਾਂ ਵੱਲੋਂ ਪਤੀ-ਪਤਨੀ ਅਤੇ ਪੁੱਤ ਦਾ ਕਤਲ
ਸੀਹੋਰ, 18 ਨਵੰਬਰ (ਸ.ਬ.) ਮੱਧ ਪ੍ਰਦੇਸ਼ ਦੇ ਸੀਹੋਰ ਜ਼ਿਲ੍ਹੇ ਵਿੱਚ ਬੀਤੀ ਰਾਤ ਅਣਪਛਾਤੇ ਹਮਲਾਵਰਾਂ ਨੇ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਕਥਿਤ ਤੌਰ ਤੇ ਕਤਲ ਕਰ ਦਿੱਤਾ ਗਿਆ। ਪੁਲੀਸ ਦੇ ਇਕ ਅਧਿਕਾਰੀ ਨੇ ਅੱਜ ਦੱਸਿਆ ਕਿ ਮ੍ਰਿਤਕਾਂ ਵਿੱਚ ਪਤੀ-ਪਤਨੀ ਅਤੇ ਉਨ੍ਹਾਂ ਦਾ ਬੇਟਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਹ ਘਟਨਾ ਜ਼ਿਲ੍ਹੇ ਦੀ ਬੁਡਨੀ ਤਹਿਸੀਲ ਦੇ ਵਾਰਡ ਨੰਬਰ 12 ਵਿੱਚ ਵਾਪਰੀ।
ਉਨ੍ਹਾਂ ਕਿਹਾ ਕਿ ਘਟਨਾ ਦੀ ਜਾਣਕਾਰੀ ਮਿਲਣ ਤੇ ਸਬ-ਡਿਵੀਜ਼ਨਲ ਪੁਲੀਸ ਅਧਿਕਾਰੀ ਰਵੀ ਸ਼ਰਮਾ ਅਤੇ ਥਾਣਾ ਇੰਚਾਰਜ ਸੁਨੀਲ ਠਾਕੁਰ ਪੁਲੀਸ ਟੀਮ ਨਾਲ ਮੌਕੇ ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਪੁਲੀਸ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਬਾਰੀਕੀ ਨਾਲ ਮੁਆਇਨਾ ਕੀਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਐਸਡੀਓਪੀ ਰਵੀ ਸ਼ਰਮਾ ਨੇ ਕਿਹਾ ਕਿ ਤਿੰਨਾਂ ਮ੍ਰਿਤਕਾਂ ਦੇ ਸਿਰ ਤੇ ਡੂੰਘੀਆਂ ਸੱਟਾਂ ਹਨ ਅਤੇ ਸ਼ੁਰੂਆਤੀ ਜਾਂਚ ਵਿੱਚ ਉਨ੍ਹਾਂ ਦਾ ਕਤਲ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ।
ਪੁਲੀਸ ਅਨੁਸਾਰ, ਮ੍ਰਿਤਕਾਂ ਦੀ ਪਛਾਣ ਰਾਕੇਸ਼ ਮੀਨਾ (45), ਉਨ੍ਹਾਂ ਦੀ ਪਤਨੀ ਰਾਧਾ (40) ਅਤੇ ਪੁੱਤਰ ਅਸ਼ਵਿਨ (24) ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਤਿੰਨੇ ਪਰਿਵਾਰਕ ਮੈਂਬਰ ਰਾਤ ਨੂੰ ਆਪਣੇ ਘਰ ਵਿੱਚ ਸੌਂ ਰਹੇ ਸਨ, ਅਣਪਛਾਤੇ ਹਮਲਾਵਰਾਂ ਨੇ ਇਸੇ ਦੌਰਾਨ ਉਨ੍ਹਾਂ ਦਾ ਕਤਲ ਕਰ ਦਿੱਤਾ। ਸ਼ਰਮਾ ਨੇ ਕਿਹਾ ਕਿ ਪੁਲੀਸ ਨੇ ਘਟਨਾ ਸਥਾਨ ਤੋਂ ਜ਼ਰੂਰੀ ਜਾਣਕਾਰੀ ਇਕੱਠੀ ਕੀਤੀ ਹੈ ਅਤੇ ਮਾਮਲੇ ਦੇ ਵੱਖ-ਵੱਖ ਪਹਿਲੂਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਕਤਲ ਕਿਸ ਨੇ ਅਤੇ ਕਿਉਂ ਕੀਤਾ, ਇਸ ਦਾ ਪਤਾ ਜਾਂਚ ਪੂਰੀ ਹੋਣ ਮਗਰੋਂ ਹੀ ਲੱਗ ਸਕੇਗਾ।
National
ਨੀਟ-ਯੂਜੀ ਪੇਪਰ ਲੀਕ ਮਾਮਲੇ ਵਿੱਚ ਦਿੱਲੀ ਦੀ ਅਦਾਲਤ ਵੱਲੋਂ 14 ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕਰਨ ਦੇ ਹੁਕਮ
ਨਵੀਂ ਦਿੱਲੀ, 18 ਨਵੰਬਰ (ਸ.ਬ.) ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਨੈਸ਼ਨਲ ਐਲੀਜੀਬਿਲਟੀ-ਕਮ-ਐਂਟਰੈਂਸ ਟੈਸਟ ਅੰਡਰਗ੍ਰੈਜੂਏਟ ਪੇਪਰ ਲੀਕ ਮਾਮਲੇ ਵਿੱਚ 14 ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਿਨ੍ਹਾਂ ਵਿੱਚ ਕਾਪੀਰਾਈਟ ਐਕਟ ਅਧੀਨ ਅਪਰਾਧ ਵੀ ਸ਼ਾਮਲ ਹਨ।
ਕੇਂਦਰੀ ਜਾਂਚ ਬਿਊਰੋ ਦੀ ਮੁੱਖ ਅਤੇ ਸਪਲੀਮੈਂਟਰੀ ਚਾਰਜਸ਼ੀਟ ਵਿੱਚ ਦਰਜ ਅਪਰਾਧਾਂ ਨੂੰ ਸ਼ਾਮਲ ਕਰਦੇ ਹੋਏ ਇਹ ਦੋਸ਼ ਸ਼ਨਿਚਰਵਾਰ, 21 ਨਵੰਬਰ ਨੂੰ ਰਸਮੀ ਤੌਰ ਤੇ ਆਇਦ ਕੀਤੇ ਜਾਣਗੇ, ਜਦੋਂ ਸਾਰੇ 14 ਮੁਲਜ਼ਮਾਂ ਨੂੰ ਅਦਾਲਤ ਵਿੱਚ ਨਿੱਜੀ ਤੌਰ ਤੇ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਮੁਲਜ਼ਮਾਂ ਵਿੱਚ ਮਾਂਗੀ ਲਾਲ ਬਿਵਾਲ, ਦਿਨੇਸ਼ ਬਿਵਾਲ, ਵਿਕਾਸ ਬਿਵਾਲ, ਮਨੀਸ਼ਾ ਵਾਘਮਾਰੇ, ਮਨੀਸ਼ ਮੰਧਾਰੇ, ਮਨੀਸ਼ਾ ਹਵਾਲਦਾਰ, ਪੀ.ਵੀ. ਕੁਲਕਰਨੀ, ਰਘੂਨਾਥ ਮੋਟੇਗਾਓਂਕਰ, ਮਨੋਜ ਸ਼ਿਰੂਰੇ, ਸ਼ੁਭਮ ਖੈਰਨਾਰ, ਸ਼ੇਸ਼ਰਾਓ ਬਜਰੰਗ ਸੂਰਿਆਵੰਸ਼ੀ, ਯਸ਼ ਯਾਦਵ, ਧਨੰਜੇ ਲੋਖੰਡੇ ਅਤੇ ਤੇਜਸ ਹਰਸ਼ਦ ਕੁਮਾਰ ਸ਼ਾਹ ਸ਼ਾਮਲ ਹਨ। ਨੀਟ-ਯੂਜੀ ਦੀ ਪ੍ਰੀਖਿਆ 3 ਮਈ, 2026 ਨੂੰ ਹੋਈ ਸੀ, ਜਿਸ ਵਿੱਚ ਲਗਪਗ 22 ਲੱਖ ਉਮੀਦਵਾਰ ਸ਼ਾਮਲ ਹੋਏ ਸਨ।
ਪ੍ਰਸ਼ਨ ਪੱਤਰ ਲੀਕ ਹੋਣ ਦੇ ਦੋਸ਼ ਸਾਹਮਣੇ ਆਉਣ ਤੋਂ ਬਾਅਦ ਐਨਟੀਏ ਨੇ 12 ਮਈ ਨੂੰ ਪ੍ਰੀਖਿਆ ਰੱਦ ਕਰ ਦਿੱਤੀ ਸੀ ਅਤੇ ਇਸ ਤੋਂ ਬਾਅਦ 21 ਜੂਨ ਨੂੰ ਮੁੜ-ਪ੍ਰੀਖਿਆ ਕਰਵਾਈ ਗਈ ਸੀ। ਸੀਬੀਆਈ ਨੇ ਕੇਂਦਰੀ ਸਿੱਖਿਆ ਮੰਤਰਾਲੇ ਦੇ ਉੱਚ ਸਿੱਖਿਆ ਵਿਭਾਗ ਦੀ ਸ਼ਿਕਾਇਤ ਤੋਂ ਬਾਅਦ 12 ਮਈ ਨੂੰ ਆਪਣਾ ਕੇਸ ਦਰਜ ਕੀਤਾ ਸੀ। ਇਸ ਦੀਆਂ ਪਹਿਲੀਆਂ ਗ੍ਰਿਫ਼ਤਾਰੀਆਂ 13 ਮਈ ਨੂੰ ਕੀਤੀਆਂ ਗਈਆਂ ਸਨ ਅਤੇ ਬਾਅਦ ਵਿੱਚ ਇਹ ਜਾਂਚ ਮਹਾਰਾਸ਼ਟਰ, ਰਾਜਸਥਾਨ ਅਤੇ ਹਰਿਆਣਾ ਤੱਕ ਫੈਲ ਗਈ ਸੀ।
National
ਕਬਾੜ ਚੁਗਣ ਵਾਲੇ ਵਿਅਕਤੀ ਨੂੰ ਹੱਥ-ਪੈਰ ਬੰਨ੍ਹ ਕੇ ਜ਼ਿੰਦਾ ਸਾੜਿਆ, ਹਾਲਤ ਨਾਜ਼ੁਕ
ਬੰਗਲੁਰੂ, 18 ਨਵੰਬਰ (ਸ.ਬ.) ਬੰਗਲੁਰੂ ਦੇ ਗਿਰੀਨਗਰ ਇਲਾਕੇ ਦੇ ਵੀਰਭਦਰਨਗਰ ਵਿੱਚ ਕਬਾੜ ਦਾ ਕੰਮ ਕਰਨ ਵਾਲਾ ਇੱਕ ਵਿਅਕਤੀ ਸੜਕ ਕਿਨਾਰੇ ਬੁਰੀ ਤਰ੍ਹਾਂ ਝੁਲਸੀ ਹੋਈ ਹਾਲਤ ਵਿੱਚ ਮਿਲਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੀੜਤ ਦੀ ਪਛਾਣ ਸਈਅਦ ਐਚ. ਵਜੋਂ ਹੋਈ ਹੈ। ਇਹ ਘਟਨਾ ਗਿਰੀਨਗਰ ਪੁਲੀਸ ਥਾਣੇ ਦੇ ਅਧਿਕਾਰ ਖੇਤਰ ਵਿੱਚ ਵਾਪਰੀ। ਪੁਲੀਸ ਮੁਤਾਬਕ ਸਵੇਰੇ ਕਰੀਬ 6 ਵਜੇ ਸਥਾਨਕ ਲੋਕਾਂ ਨੇ ਉਸ ਨੂੰ ਸੜਕ ਕਿਨਾਰੇ ਪਿਆ ਦੇਖਿਆ। ਉਸ ਦੇ ਹੱਥ-ਪੈਰ ਬੰਨ੍ਹੇ ਹੋਏ ਸਨ।
ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਮੁੱਢਲੀ ਜਾਣਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਸ਼ੱਕ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਸੜਕ ਕਿਨਾਰੇ ਉਸ ਨੂੰ ਇਸ ਹਾਲਤ ਵਿੱਚ ਪਿਆ ਦੇਖ ਕੇ ਸਥਾਨਕ ਲੋਕਾਂ ਨੇ ਪੁਲੀਸ ਨੂੰ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਤੁਰੰਤ ਉਸ ਨੂੰ ਇਲਾਜ ਲਈ ਵਿਕਟੋਰੀਆ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਪੁਲੀਸ ਅਧਿਕਾਰੀ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਅਕਤੀ ਦਾ ਕੋਈ ਪਰਿਵਾਰ ਜਾਂ ਰਿਸ਼ਤੇਦਾਰ ਨਹੀਂ ਹੈ ਅਤੇ ਉਹ ਅਕਸਰ ਸੜਕਾਂ ਤੇ ਹੀ ਘੁੰਮਦਾ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਉਸ ਕੋਲ ਨਾ ਤਾਂ ਕੋਈ ਘਰ ਹੈ, ਨਾ ਫ਼ੋਨ ਅਤੇ ਨਾ ਹੀ ਕੋਈ ਪਛਾਣ ਪੱਤਰ ਹੈ। ਸਥਾਨਕ ਲੋਕਾਂ ਮੁਤਾਬਕ ਉਹ ਪਹਿਲਾਂ ਕਈ ਸਾਲਾਂ ਤੱਕ ਪਾਦਰਾਇਣਪੁਰਾ ਇਲਾਕੇ ਵਿੱਚ ਰਹਿੰਦਾ ਸੀ।
ਫਿਲਹਾਲ ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਦੀ ਪਛਾਣ ਕਰਨ ਲਈ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।
-
International2 months agoਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ ਕਾਰਨ 9 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month agoਨਾਈਜੀਰੀਆ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਵਿਅਕਤੀਆਂ ਦੀ ਮੌਤ
-
International4 weeks agoਤਿੱਬਤ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਸੈਂਕੜੇ ਮਕਾਨ ਢਹਿ-ਢੇਰੀ, 16 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month ago
ਪਨਾਮਾ ਵਿੱਚ ਮੁੜ ਲੱਗੇ ਭੂਚਾਲ ਦੇ ਤੇਜ਼ ਝਟਕੇ
-
International1 month agoਖੱਡ ਵਿੱਚ ਡਿੱਗੀ ਸਕੂਲ ਬੱਸ, ਵਿਦਿਆਰਥੀਆਂ ਸਮੇਤ 5 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month ago
ਮਿਲਟਰੀ ਬੇਸ ਤੇ ਅੱਗ ਲੱਗਣ ਕਾਰਨ 4 ਫ਼ੌਜੀ ਜਵਾਨ ਸ਼ਹੀਦ, 39 ਜ਼ਖਮੀ
-
International1 month agoਸਕੂਲ ਦੀ ਛੱਤ ਡਿੱਗਣ ਕਾਰਨ 28 ਵਿਦਿਆਰਥੀਆਂ ਅਤੇ 1 ਅਧਿਆਪਕਾ ਦੀ ਮੌਤ, ਕਈ ਜ਼ਖ਼ਮੀ
-
Chandigarh1 month ago
ਪਰਵਿੰਦਰ ਝੋਟਾ ਕਤਲ ਮਾਮਲੇ ਵਿੱਚ ਹੋਈ ਪਹਿਲੀ ਗ੍ਰਿਫਤਾਰੀ
