Editorial
ਸੂਬੇ ਦੀ ਪੁਲੀਸ ਫੋਰਸ ਦੀ ਕਾਰਗੁਜਾਰੀ ਵਿੱਚ ਸੁਧਾਰ ਲਈ ਕਦਮ ਚੁੱਕੇ ਜਾਣੇ ਜਰੂਰੀ
ਪੰਜਾਬ ਦੀ ਸੱਤਾ ਤੇ ਕਾਬਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਾਰਜਕਾਲ ਖਤਮ ਹੋਣ ਵੱਲ ਵੱਧ ਰਿਹਾ ਹੈ ਅਤੇ ਮੌਜੂਦਾ ਸਰਕਾਰ ਵਲੋਂ ਭਾਵੇਂ ਆਪਣੇ ਹੁਣ ਤਕ ਦੇ ਕਾਰਜਕਾਲ ਦੌਰਾਨ ਸੂਬੇ ਦੀ ਜਨਤਾ ਨੂੰ ਸਾਫ ਸੁਥਰਾ ਅਤੇ ਪਾਰਦਰਸ਼ੀ ਪ੍ਰਸ਼ਾਸ਼ਨ ਮੁਹਈਆ ਕਰਵਾਉਣ ਦੇ ਲੰਬੇ ਚੌੜੇ ਦਾਅਵੇ ਕੀਤੇ ਜਾਂਦੇ ਰਹੇ ਹਨ ਪਰੰਤੂ ਸੂਬੇ ਦੀ ਜਨਤਾ ਸਰਕਾਰ ਦੇ ਦਾਅਵਿਆਂ ਨਾਲ ਸੰਤੁਸ਼ਟ ਨਹੀਂ ਦਿਖਦੀ। ਇਸ ਸੰਬੰਧੀ ਜੇਕਰ ਆਮ ਲੋਕਾਂ ਨਾਲ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੁੰਦਾ ਹੈ ਕਿ ਪੰਜਾਬ ਵਿੱਚ ਸੱਤਾ ਦੀ ਤਬਦੀਲੀ ਹੋਣ ਤੋਂ ਬਾਅਦ ਵੀ ਸਰਕਾਰ ਦੀ ਕਾਰਗੁਜਾਰੀ ਵਿੱਚ ਕੋਈ ਖਾਸ ਫਰਕ ਨਹੀਂ ਪਿਆ ਹੈ। ਇਸ ਦੌਰਾਨ ਜੇਕਰ ਸੂਬੇ ਦੀ ਪੁਲੀਸ ਫੋਰਸ ਦੀ ਕਾਰਗੁਜਾਰੀ ਦੀ ਗੱਲ ਕੀਤੀ ਜਾਵੇ ਤਾਂ ਇਹ ਗੱਲ ਆਮ ਆਖੀ ਜਾਂਦੀ ਹੈ ਸਰਕਾਰ ਭਾਵੇਂ ਕੁੱਝ ਵੀ ਦਾਅਵੇ ਕਰੇ ਪਰੰਤੂ ਨਵੀਂ ਸਰਕਾਰ ਦੇ ਕਾਰਜਕਾਲ ਦੌਰਾਨ ਪੁਲੀਸ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਸੂਬੇ ਦੀ ਜਨਤਾ ਨਾਲ ਕੀਤੇ ਜਾਣ ਵਾਲੇ ਦੁਰਵਿਵਹਾਰ ਅਤੇ ਧੱਕੇਸ਼ਾਹੀਆਂ ਦੀਆਂ ਸ਼ਿਕਾਇਤਾਂ ਪਹਿਲਾਂ ਨਾਲੋਂ ਵੀ ਵੱਧ ਗਈਆਂ ਹਨ ਅਤੇ ਸਰਕਾਰ ਵਲੋਂ ਪੁਲੀਸ ਫੋਰਸ ਨੂੰ ਜਵਾਬਦੇਹ ਬਣਾਉਣ ਦੀ ਥਾਂ ਉਲਟਾ ਮਨਮਰਜੀਆਂ ਕਰਨ ਦੀ ਛੂਟ ਦੀ ਦਿੱਤੀ ਗਈ ਹੈ।
ਲੋਕਾਂ ਦੀ ਇਹ ਸ਼ਿਕਾਇਤ ਵੀ ਪਹਿਲਾਂ ਵਾਂਗ ਹੀ ਚਲਦੀ ਆ ਰਹੀ ਹੈ ਕਿ ਪੁਲੀਸ ਫੋਰਸ ਵਲੋਂ ਖੁਦ ਨੂੰ ਕਿਸੇ ਵੀ ਕਾਇਦੇ ਕਾਨੂੰਨ ਤੋਂ ਉੱਪਰ ਸਮਝਦਿਆਂ ਮਨਮਰਜੀ ਨਾਲ ਕਾਰਵਾਈ ਕਰਨ ਵੇਲੇ ਖੁਦ ਹੀ ਕਾਨੂੰਨ ਦੀ ਉਲੰਘਣਾ ਦੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਨਵੀਂ ਸਰਕਾਰ ਦੇ ਕਾਰਜਕਾਲ ਦੌਰਾਨ ਇੰਨਾ ਕੁ ਫਰਕ ਜਰੂਰ ਪਿਆ ਹੈ ਕਿ ਪਿਛਲੀ ਸਰਕਾਰ ਦੌਰਾਨ ਜਿੱਥੇ ਆਮ ਆਦਮੀ ਪਾਰਟੀ ਸਮੇਤ ਹੋਰਨਾਂ ਵਿਰੋਧੀ ਪਾਰਟੀਆਂ ਦੇ ਆਗੂ ਅਤੇ ਵਰਕਰ ਪੁਲੀਸ ਵਲੋਂ ਕੀਤੀ ਜਾਂਦੀ ਧੱਕੇਸ਼ਾਹੀ ਦੀ ਸ਼ਿਕਾਇਤ ਕਰਦੇ ਦਿਖਦੇ ਸਨ, ਉੱਥੇ ਹੁਣ ਉਹਨਾਂ ਦੀ ਥਾਂ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਲੈ ਲਈ ਹੈ।
ਇਸ ਦੌਰਾਨ ਇਹ ਗੱਲ ਵੀ ਆਮ ਆਖੀ ਜਾਂਦੀ ਹੈ ਕਿ ਸੱਤਾ ਤੇ ਕਾਬਿਜ ਸਿਆਸੀ ਆਗੂਆਂ ਵਲੋਂ ਪੁਲੀਸ ਫੋਰਸ ਦੀ ਤਾਕਤ ਨੂੰ ਆਪਣੇ ਫਾਇਦੇ ਲਈ ਵਰਤਣ ਦੇ ਰੁਝਾਨ ਨੇ ਪੁਲੀਸ ਫੋਰਸ ਦੀ ਮਾਨਸਿਕਤਾ ਤੇ ਡੂੰਘਾ ਅਸਰ ਪਾਇਆ ਹੈ ਅਤੇ ਜਿਆਦਾਤਰ ਪੁਲੀਸ ਅਧਿਕਾਰੀ ਅਤੇ ਕਰਮਚਾਰੀ ਖੁਦ ਨੂੰ ਜਨਤਾ ਦਾ ਸੇਵਕ ਸਮਝਣ ਦੀ ਥਾਂ ਸ਼ਾਸ਼ਕ ਸਮਝਦੇ ਹਨ। ਸ਼ਾਇਦ ਇਸੇ ਦਾ ਨਤੀਜਾ ਹੈ ਕਿ ਸਾਡੇ ਜਿਆਦਾਤਰ ਪੁਲੀਸ ਅਧਿਕਾਰੀਆਂ ਅਤੇ ਕਰਮਚਾਰੀਆਂ ਉੱਪਰ ਇਹ ਮਾਨਸਿਕਤਾ ਕਾਫੀ ਹੱਦ ਤਕ ਹਾਵੀ ਹੋ ਚੁੱਕੀ ਹੈ ਕਿ ਜਨਤਾ ਨੂੰ ਡੰਡੇ ਦੇ ਜੋਰ ਨਾਲ ਜਿੱਧਰ ਮਰਜੀ ਹੱਕਿਆ ਜਾ ਸਕਦਾ ਹੈ।
ਪੁਲੀਸ ਫੋਰਸ ਦਾ ਗਠਨ ਇਸ ਲਈ ਹੁੰਦਾ ਹੈ ਕਿ ਉਹ ਕਿਸੇ ਵੀ ਮੁਸੀਬਤ ਦੇ ਸਮੇਂ ਆਮ ਲੋਕਾਂ ਦੀ ਮਦਦ ਕਰਨ ਲਈ ਤਿਆਰ ਬਰ ਤਿਆਰ ਰਹੇ। ਪਰੰਤੂ ਜੇਕਰ ਖੁਦ ਪੁਲੀਸ ਫੋਰਸ ਹੀ ਆਮ ਲੋਕਾਂ ਲਈ ਮੁਸੀਬਤ ਬਣ ਜਾਏ ਤਾਂ ਇਸ ਕਾਰਨ ਆਮ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦਾ ਅੰਦਾਜਾ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ। ਹਾਲਾਂਕਿ ਅਜਿਹਾ ਵੀ ਨਹੀਂ ਹੈ ਕਿ ਪੂਰੀ ਪੁਲੀਸ ਫੋਰਸ ਦਾ ਰਵਈਆ ਅਜਿਹਾ ਹੀ ਹੈ ਅਤੇ ਪੁਲੀਸ ਫੋਰਸ ਵਿੱਚ ਚੰਗੇ ਅਤੇ ਇਮਾਨਦਾਰ ਅਫਸਰ ਅਤੇ ਮੁਲਾਜਮ ਵੀ ਮੌਜੂਦ ਹਨ ਅਤੇ ਆਮ ਜਨਤਾ ਪ੍ਰਤੀ ਉਹਨਾਂ ਦਾ ਰਵਈਆ ਵੀ ਬਹੁਤ ਵਧੀਆ ਹੁੰਦਾ ਹੈ। ਪਰੰਤੂ ਅਸਲੀਅਤ ਇਹੀ ਹੈ ਕਿ ਸਾਡੀ ਪੁਲੀਸ ਫੋਰਸ ਦੇ ਵੱਡੀ ਗਿਣਤੀ ਅਧਿਕਾਰੀ ਅਤੇ ਕਰਮਚਾਰੀ ਖੁਦ ਨੂੰ ਕਿਸੇ ਵੀ ਕਾਇਦੇ ਕਾਨੂੰਨ ਤੋਂ ਉੱਪਰ ਸਮਝਦੇ ਹਨ।
ਸਵਾਲ ਇਹ ਹੈ ਕਿ ਇਸ ਸਾਰੇ ਕੁੱਝ ਲਈ ਆਖਿਰ ਕਿਸਨੂੰ ਜਿੰਮੇਵਾਰ ਠਹਿਰਾਇਆ ਜਾਵੇ? ਕੀ ਇਹ ਕਿਹਾ ਜਾਵੇ ਕਿ ਪੁਲੀਸ ਦੀ ਮੁੱਢਲੀ ਟ੍ਰੇਨਿੰਗ ਵਿੱਚ ਹੀ ਅਜਿਹੀਆਂ ਖਾਮੀਆਂ ਹਨ ਜਿਸ ਕਾਰਨ ਕਈ ਵਾਰ ਸਾਡੇ ਪੁਲੀਸ ਅਧਿਕਾਰੀ ਅਤੇ ਕਰਮਚਾਰੀ ਆਮ ਲੋਕਾਂ ਦੇ ਰਾਖਿਆਂ ਦੀ ਥਾਂ ਉਲਟਾ ਜਾਲਮ ਦੀ ਭੂਮਿਕਾ ਵਿੱਚ ਆ ਜਾਂਦੇ ਹਨ ਜਾਂ ਫਿਰ ਇਹ ਕਿਹਾ ਜਾਵੇ ਕਿ ਆਪਣੇ ਫਾਇਦੇ ਲਈ ਪੁਲੀਸ ਫੋਰਸ ਦੀ ਵਰਤੋਂ ਕਰਨ ਵਾਲੇ ਸਾਡੇ ਸਿਆਸਤਦਾਨਾਂ ਵਲੋਂ ਪੁਲੀਸ ਫੋਰਸ ਦੀ ਮਾਨਸਿਕਤਾ ਨੂੰ ਹੀ ਗੰਧਲਾ ਕਰ ਦਿੱਤਾ ਗਿਆ ਹੈ। ਕਾਰਨ ਕੁੱਝ ਵੀ ਹੋਵੇ ਪਰੰਤੂ ਇਹਨਾਂ ਹਾਲਾਤਾਂ ਵਿੱਚ ਸੁਧਾਰ ਕੀਤਾ ਜਾਣਾ ਬਹੁਤ ਜਰੂਰੀ ਹੈ।
ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਸ ਵਲੋਂ ਪੁਲੀਸ ਫੋਰਸ ਦੀ ਆਪਣੇ ਆਪ ਨੂੰ ਸਾਰੇ ਕੁੱਝ ਤੋਂ ਉੱਪਰ ਸਮਝਣ ਦੀ ਮਾਨਸਿਕਤਾ ਤੇ ਕਾਬੂ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਣ ਅਤੇ ਪੁਲੀਸ ਫੋਰਸ ਨੂੰ ਆਮ ਲੋਕਾਂ ਪ੍ਰਤੀ ਵਧੇਰੇ ਜਵਾਬਦੇਹ ਬਣਾਇਆ ਜਾਵੇ। ਜਨਤਾ ਨੂੰ ਪੁਲੀਸ ਦੇ ਰੁਪ ਵਿੱਚ ਵਰਦੀ ਵਾਲੇ ਗੁੰਡਿਆਂ ਦੀ ਨਹੀਂ ਬਲਕਿ ਅਜਿਹੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਲੋੜ ਹੈ ਜਿਹੜੇ ਮੁਸੀਬਤ ਵੇਲੇ ਉਸਦੀ ਮਦਦ ਕਰਨ। ਇਸ ਲਈ ਜਰੂਰੀ ਹੈ ਕਿ ਪੁਲੀਸ ਫੋਰਸ ਵਿੱਚ ਮੌਜੂਦ ਅਜਿਹੇ ਅਨਸਰਾਂ ਦੇ ਖਿਲਾਫ ਸਖਤ ਰੁੱਖ ਅਪਣਾਇਆ ਜਾਵੇ ਜਿਹੜੇ ਆਪਣੀਆਂ ਕਾਰਵਾਈਆਂ ਨਾਲ ਪੂਰੀ ਪੁਲੀਸ ਫੋਰਸ ਦਾ ਸਿਰ ਝੁਕਾ ਦਿੰਦੇ ਹਨ। ਪੁਲੀਸ ਫੋਰਸ ਨੂੰ ਦੇਸ਼ ਅਤੇ ਸਮਾਜ ਦੇ ਪ੍ਰਤੀ ਜਵਾਬਦੇਹ ਬਣਾਇਆ ਜਾਣਾ ਬਹੁਤ ਜਰੂਰੀ ਹੈ ਤਾਂ ਜੋ ਜਨਤਾ ਨੂੰ ਇੱਕ ਬਿਹਤਰ, ਪਾਰਦਰਸ਼ੀ ਅਤੇ ਸਾਫ ਸੁਥਰਾ ਪ੍ਰਸ਼ਾਸ਼ਨ ਅਤੇ ਪੁਲੀਸ ਹਾਸਿਲ ਹੋਵੇ।
Editorial
ਪੰਜਾਬ ਦੀ ਰਾਜਨੀਤੀ ਵਿੱਚ ਗੱਠਜੋੜ ਸਿਆਸਤ ਦਾ ਮਹੱਤਵ
ਪੰਜਾਬ ਦੀ ਸਿਆਸਤ ਵਿੱਚ ਗੱਠਜੋੜ ਰਣਨੀਤੀ ਦੀ ਵੱਡੀ ਮਹੱਤਤਾ ਹੈ। ਇਸ ਦਾ ਕਾਰਨ ਇਹ ਹੈ ਕਿ ਅਕਸਰ ਪੰਜਾਬ ਵਿੱਚ ਸਿਆਸੀ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਕਿਸੇ ਵੀ ਸਿਆਸੀ ਧਿਰ ਲਈ ਇੱਕਲਿਆਂ ਚੋਣਾਂ ਜਿੱਤਣਾ ਮੁਸ਼ਕਿਲ ਹੋ ਜਾਂਦਾ ਹੈ। ਇਸੇ ਕਾਰਨ ਅਕਸਰ ਸਿਆਸੀ ਧਿਰਾਂ ਵੱਖੋ ਵੱਖਰੀਆਂ ਰਹਿਣ ਦੀ ਥਾਂ ਆਪਸ ਵਿੱਚ ਗਠਜੋੜ ਕਰਨ ਨੂੰ ਤਰਜੀਹ ਦਿੰਦੀਆਂ ਹਨ ਅਤੇ ਪੰਜਾਬ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਵਿਚਾਲੇ ਗੱਠਜੋੜ ਦੀ ਸਿਆਸਤ ਦਾ ਰੁਝਾਨ ਜੋਰ ਫੜ ਰਿਹਾ ਹੈ। ਅਕਾਲੀ ਦਲ ਬਾਦਲ ਅਤੇ ਭਾਜਪਾ ਵਿਚਾਲੇ ਹੋਏ ਨਵੇਂ ਸਿਆਸੀ ਗੱਠਜੋੜ ਤੋਂ ਬਾਅਦ ਅਕਾਲੀ ਦਲ ਵਾਰਿਸ ਪੰਜਾਬ ਦੇ, ਅਕਾਲੀ ਦਲ ਪੁਨਰ ਸੁਰਜੀਤ ਅਤੇ ਬਸਪਾ ਵਿਚਾਲੇ ਗੱਠਜੋੜ ਦੀ ਚਰਚਾ ਹੋ ਰਹੀ ਹੈ। ਇਸੇ ਦੌਰਾਨ ਕਾਂਗਰਸ ਵੱਲੋਂ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਖੱਬੇ ਪੱਖੀ ਪਾਰਟੀਆਂ ਨਾਲ ਗੱਠਜੋੜ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ। ਇਸ ਕਾਰਨ ਹਰ ਪਾਸੇ ਇਸ ਸਮੇਂ ਵੱਖ ਵੱਖ ਸਿਆਸੀ ਪਾਰਟੀਆਂ ਵਿਚਾਲੇ ਸਿਆਸੀ ਗੱਠਜੋੜ ਦੀਆਂ ਗੱਲਾਂ ਹੋ ਰਹੀਆਂ ਹਨ।
ਜਿਹੜੀਆਂ ਸਿਆਸੀ ਪਾਰਟੀਆਂ ਇਸ ਸਮੇਂ ਗੱਠਜੋੜ ਦੀ ਸਿਆਸਤ ਕਰ ਰਹੀਆਂ ਹਨ, ਉਹਨਾਂ ਵਿਚੋਂ ਅਕਾਲੀ ਦਲ ਬਾਦਲ ਅਤੇ ਭਾਜਪਾ ਗਠਜੋੜ ਸਭ ਤੋਂ ਵੱਧ ਧਿਆਨ ਖਿੱਚ ਰਿਹਾ ਹੈ। ਅਸਲੀਅਤ ਤਾਂ ਇਹ ਹੈ ਕਿ ਅਕਾਲੀ ਭਾਜਪਾ ਗਠਜੋੜ ਕਈ ਦਹਾਕਿਆਂ ਪੁਰਾਣਾ ਹੈ ਅਤੇ ਇਹ ਗੱਠਜੋੜ ਸਾਂਝੇ ਰੂਪ ਵਿੱਚ ਕਈ ਵਾਰ ਪੰਜਾਬ ਦੀ ਸੱਤਾ ਦੀ ਵਾਗਡੋਰ ਸੰਭਾਲ ਚੁੱਕਿਆ ਹੈ, ਪਰ 6 ਸਾਲ ਪਹਿਲਾਂ ਕਿਸਾਨ ਅੰਦੋਲਨ ਦੌਰਾਨ ਅਕਾਲੀ ਦਲ ਬਾਦਲ ਨੇ ਭਾਜਪਾ ਨਾਲੋਂ ਨਾਤਾ ਤੋੜ ਲਿਆ ਸੀ ਅਤੇ ਉਸ ਸਮੇਂ ਤੋਂ ਦੋਵੇਂ ਸਿਆਸੀ ਪਾਰਟੀਆਂ ਵੱਖਰੀਆਂ ਵੱਖਰੀਆਂ ਸਰਗਰਮ ਸਨ।
ਗਠਜੋੜ ਟੁੱਟਣ ਤੋਂ ਬਾਅਦ ਦੋਵਾਂ ਹੀ ਸਿਆਸੀ ਪਾਰਟੀਆਂ ਵਿੱਚ ਨਿਘਾਰ ਆ ਰਿਹਾ ਸੀ ਅਤੇ ਭਾਜਪਾ ਭਾਵੇਂ ਕੇਂਦਰ ਸਰਕਾਰ ਅਤੇ ਹੋਰਨਾਂ ਸੂਬਿਆਂ ਵਿੱਚ ਕਾਮਯਾਬ ਹੋ ਕੇ ਛਾ ਗਈ ਪਰ ਪੰਜਾਬ ਵਿੱਚ ਭਾਜਪਾ ਦੀ ਜਿੱਤ ਦੀ ਸੰਭਾਵਨਾ ਘੱਟ ਨਜ਼ਰ ਆ ਰਹੀ ਸੀ। ਦੂਜੇ ਪਾਸੇ ਅਕਾਲੀ ਦਲ ਬਾਦਲ ਵੀ ਆਪਣੇ ਆਪ ਨੂੰ ਇਕੱਲਾ ਸਮਝ ਰਿਹਾ ਸੀ ਜਿਸ ਕਰਕੇ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਅਕਾਲੀ ਦਲ ਬਾਦਲ ਅਤੇ ਭਾਜਪਾ ਦੇ ਸੀਨੀਅਰ ਆਗੂਆਂ ਵੱਲੋਂ ਦੋਵਾਂ ਸਿਆਸੀ ਪਾਰਟੀਆਂ ਦੇ ਸਾਂਝੇ ਗੱਠਜੋੜ ਦਾ ਐਲਾਨ ਕਰ ਦਿੱਤਾ ਗਿਆ।
ਇਸ ਦੌਰਾਨ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੀ ਜਥੇਬੰਦੀ ‘ਵਾਰਿਸ ਪੰਜਾਬ ਦੇ’, ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਅਤੇ ਬਹੁਜਨ ਸਮਾਜ ਪਾਰਟੀ ਵਿਚਾਲੇ ਚੋਣ ਗੱਠਜੋੜ ਦੀ ਗੱਲ ਨੇ ਸੂਬੇ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਸਿਆਸੀ ਮਾਹਿਰਾਂ ਅਤੇ ਨਿਰੀਖਕਾਂ ਅਨੁਸਾਰ, ਜੇਕਰ ਇਹ ਗੱਠਜੋੜ ਸਿਰੇ ਚੜ੍ਹਦਾ ਹੈ ਤਾਂ ਇਹ ਪੰਜਾਬ ਦੀਆਂ ਰਵਾਇਤੀ ਸਿਆਸੀ ਪਾਰਟੀਆਂ ਕਾਂਗਰਸ, ਆਪ ਅਤੇ ਅਕਾਲੀ-ਭਾਜਪਾ ਗਠਜੋੜ ਲਈ ਵੱਡੀ ਚੁਣੌਤੀ ਖੜ੍ਹੀ ਕਰ ਸਕਦਾ ਹੈ।
ਇਸੇ ਦੌਰਾਨ ਕਾਂਗਰਸ ਅਤੇ ਖੱਬੇ ਪੱਖੀ ਸਿਆਸੀ ਪਾਰਟੀਆਂ ਵਿਚਾਲੇ ਸੰਭਾਵੀ ਗੱਠਜੋੜ ਨੇ ਪੰਜਾਬ ਦੀ ਸਿਆਸਤ ਵਿੱਚ ਹੋਰ ਤੇਜੀ ਲਿਆ ਦਿੱਤੀ ਹੈ। ਕਾਂਗਰਸ ਭਾਵੇਂ ਅੰਦਰੂਨੀ ਫੁੱਟ ਦੀ ਸ਼ਿਕਾਰ ਹੈ ਪਰ ਹਾਈਕਮਾਂਡ ਦੀ ਘੁਰਕੀ ਤੋਂ ਬਾਅਦ ਵੱਡੀ ਗਿਣਤੀ ਕਾਂਗਰਸੀ ਆਗੂ ਇੱਕ ਦੂਜੇ ਪ੍ਰਤੀ ਨਰਮ ਸੁਰ ਰੱਖਣ ਲੱਗ ਪਏ ਹਨ ਅਤੇ ਇਸ ਸਮੇਂ ਪੂਰਾ ਧਿਆਨ ਕਾਂਗਰਸ ਪਾਰਟੀ ਦੇ ਚੋਣ ਪ੍ਰਚਾਰ ਵੱਲ ਲਗਾ ਰਹੇ ਹਨ। ਪੰਜਾਬ ਵਿੱਚ ਕਾਂਗਰਸ ਦਾ ਆਪਣਾ ਆਧਾਰ ਵੀ ਹੈ ਅਤੇ ਸ਼ਹਿਰੀ ਖੇਤਰਾਂ ਵਿੱਚ ਕਾਂਗਰਸ ਦੀਆਂ ਪੱਕੀਆਂ ਵੋਟਾਂ ਅਜੇ ਵੀ ਮੌਜੂਦ ਹਨ। ਜੇ ਅਜਿਹੇ ਸਮੇਂ ਦੌਰਾਨ ਕਾਂਗਰਸ ਅਤੇ ਖੱਬੇ ਪੱਖੀ ਸਿਆਸੀ ਪਾਰਟੀਆਂ ਵਿਚਾਲੇ ਸਿਆਸੀ ਗੱਠਜੋੜ ਹੋ ਜਾਂਦਾ ਹੈ ਤਾਂ ਇਸ ਨਾਲ ਪੰਜਾਬ ਦੀ ਰਾਜਨੀਤੀ ਦੇ ਸਮੀਕਰਨ ਹੋਰ ਵੀ ਬਦਲ ਸਕਦੇ ਹਨ। ਵੇਖਣਾਂ ਇਹ ਹੋਵੇਗਾ ਕਿ ਪੰਜਾਬੀ ਸਿਆਸੀ ਗੱਠਜੋੜਾਂ ਦੀ ਇਸ ਰਾਜਨੀਤੀ ਨੂੰ ਕਿੰਨਾ ਕੁ ਹੁੰਗਾਰਾ ਭਰਦੇ ਹਨ।
ਬਿਊਰੋ
Editorial
ਰੁਕ ਕਿਉਂ ਨਹੀਂ ਰਿਹਾ ਚਾਈਨਾ ਡੋਰ ਕਾਰਨ ਲੋਕਾਂ ਦੀਆਂ ਜਾਨਾਂ ਜਾਣ ਦਾ ਸਿਲਸਿਲਾ
ਪਤੰਗ ਦੀ ਡੋਰ ਜਦੋਂ ਮੌਤ ਦਾ ਫੰਦਾ ਬਣ ਜਾਵੇ ਅਤੇ ਸੜਕਾਂ ਤੇ ਆਮ ਲੋਕਾਂ ਦੀ ਜਾਨ ਜਾਣ ਦਾ ਸਿਲਸਿਲਾ ਘਟਣ ਦਾ ਨਾਮ ਨਾ ਲਵੇ ਤਾਂ ਸਵਾਲ ਸਿਰਫ ਇੱਕ ਡੋਰ ਤੇ ਨਹੀਂ ਬਲਕਿ ਸਮੁੱਚੀ ਕਾਨੂੰਨ ਵਿਵਸਥਾ ਤੇ ਖੜ੍ਹਾ ਹੁੰਦਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਬਾਰਾਪੁਲਾ ਦੇ ਕੋਲ ਦਿੱਲੀ ਮੁੰਬਈ ਐਕਸਪ੍ਰੈਸਵੇਅ ਤੇ ਹਾਲ ਹੀ ਵਿੱਚ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਪਤੰਗ ਦੀ ਡੋਰ ਨਾਲ ਗਲਾ ਵੱਢੇ ਜਾਣ ਕਾਰਨ ਹੋਈ ਮੌਤ ਵਿਵਸਥਾ ਦੀ ਇਸੇ ਨਾਕਾਮੀ ਨੂੰ ਦਰਸ਼ਾਉਂਦੀ ਹੈ।
ਇਹ ਸਿਰਫ ਇੱਕ ਪਰਿਵਾਰ ਦੀ ਤ੍ਰਾਸਦੀ ਨਹੀਂ ਬਲਕਿ ਜਨਤਕ ਸੁਰੱਖਿਆ ਦੇ ਦਾਅਵਿਆਂ ਤੇ ਲੱਗਿਆ ਗੰਭੀਰ ਸਵਾਲੀਆ ਨਿਸ਼ਾਨ ਹੈ। ਚਾਈਨਾ ਡੋਰ ਦੀ ਵਿਕਰੀ, ਭੰਡਾਰਨ ਅਤੇ ਇਸਤੇਮਾਲ ਤੇ ਪਾਬੰਦੀ ਦੇ ਬਾਵਜੂਦ ਇਸ ਦੀ ਉਪਲਬਧਤਾ ਅਤੇ ਖੁੱਲੇਆਮ ਇਸਤੇਮਾਲ ਦੱਸਦਾ ਹੈ ਕਿ ਸਖਤ ਨਿਯਮ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਰਹਿੰਦੇ ਹਨ, ਉਹਨਾਂ ਨੂੰ ਜਮੀਨ ਤੇ ਪ੍ਰਭਾਵਿਤ ਤਰੀਕੇ ਨਾਲ ਉਤਾਰਨ ਦੇ ਯਤਨ ਘੱਟ ਹੀ ਨਜ਼ਰ ਆਉਂਦੇ ਹਨ। ਅਜਿਹੇ ਵਿੱਚ ਜਰੂਰੀ ਹੈ ਕਿ ਸਰਕਾਰੀ ਤੰਤਰ ਵਿੱਚ ਹਰ ਪੱਧਰ ਤੇ ਜਵਾਬਦੇਹੀ ਤੈਅ ਕੀਤੀ ਜਾਵੇ ਤਾਂ ਕਿ ਇਸ ਤਰ੍ਹਾਂ ਦੇ ਹਾਦਸਿਆਂ ਤੇ ਪੂਰੀ ਤਰ੍ਹਾਂ ਰੋਕ ਲਗਾਈ ਜਾ ਸਕੇ ।
ਅਹਿਮ ਸਵਾਲ ਇਹ ਹੈ ਕਿ ਜਦੋਂ ਪਤੰਗ ਦੀ ਪਾਬੰਦੀਸ਼ੁਦਾ ਡੋਰ ਦੇ ਖਤਰੇ ਨੂੰ ਹਰ ਕੋਈ ਚੰਗੀ ਤਰ੍ਹਾਂ ਜਾਣਦਾ ਹੈ ਤਾਂ ਫਿਰ ਇਸ ਦੀ ਸਪਲਾਈ ਅਤੇ ਵਿਕਰੀ ਰੋਕਣ ਲਈ ਪ੍ਰਭਾਵੀ ਨਿਗਰਾਨੀ ਦੀ ਵਿਵਸਥਾ ਕਿਉਂ ਨਹੀਂ ਬਣਾਈ ਜਾਂਦੀ? ਦੁਕਾਨਾਂ ਦਾ ਨਿਯਮਿਤ ਤੌਰ ਤੇ ਨਿਰੀਖਣ ਕਿਉਂ ਨਹੀਂ ਕੀਤਾ ਜਾਂਦਾ? ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਵਿਰੁੱਧ ਸਖਤ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ, ਜੋ ਦੂਸਰਿਆਂ ਲਈ ਵੀ ਮਿਸਾਲ ਬਣੇ? ਕੀ ਪ੍ਰਸ਼ਾਸਨ ਦੀ ਨੀਂਦ ਕਿਸੇ ਦੀ ਜਾਨ ਜਾਣ ਤੋਂ ਬਾਅਦ ਹੀ ਖੁੱਲਦੀ ਹੈ।
ਇਸ ਤਰ੍ਹਾਂ ਦੀਆਂ ਘਟਨਾਵਾਂ ਤੇ ਉਦੋਂ ਰੋਕ ਲੱਗ ਸਕੇਗੀ ਜਦੋਂ ਪਤੰਗਬਾਜੀ ਦੇ ਸੁਰੱਖਿਅਤ ਵਿਕਲਪਾਂ ਦੇ ਇਸਤੇਮਾਲ ਨੂੰ ਬੜਾਵਾ ਦੇਣ ਦੇ ਨਾਲ ਚੀਨੀ ਡੋਰ ਦੇ ਸਪਲਾਈ ਕਰਤਾਵਾਂ, ਵਿਕਰੇਤਾਵਾਂ ਅਤੇ ਇਸਤੇਮਾਲ ਕਰਨ ਵਾਲਿਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ। ਸਰਕਾਰ ਨੇ ਇਸ ਡੋਰ ਤੇ ਪਾਬੰਦੀ ਤਾਂ ਲਗਾ ਦਿੱਤੀ ਹੈ ਪਰ ਇਹਨਾਂ ਨਿਯਮਾਂ ਦਾ ਪੂਰੀ ਤਰ੍ਹਾਂ ਪਾਲਣ ਯਕੀਨੀ ਕਰਾਉਣ ਦੀ ਜਰੂਰਤ ਮਹਿਸੂਸ ਨਹੀਂ ਕੀਤੀ ਜਾ ਰਹੀ। ਤ੍ਰਾਸਦੀ ਇਹ ਹੈ ਕਿ ਹਰ ਹਾਦਸੇ ਤੋਂ ਬਾਅਦ ਕੁਝ ਦਿਨਾਂ ਦੀ ਸਖਤੀ ਦਿਖਾਈ ਦਿੰਦੀ ਹੈ ਅਤੇ ਫਿਰ ਸਭ ਕੁਝ ਪਹਿਲਾਂ ਵਰਗਾ ਹੋ ਜਾਂਦਾ ਹੈ।
ਬਿਊਰੋ
Editorial
ਸਾਈਬਰ ਅਪਰਾਧਾਂ ਤੇ ਕਾਬੂ ਕਰਨ ਲਈ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਨੂੰ ਚੁੱਕਣੇ ਪੈਣਗੇ ਠੋਸ ਕਦਮ
ਅੱਜਕੱਲ ਦੇਸ਼ ਵਿੱਚ ਅੱਜ ਹਰ ਕੰਮ ਦਾ ਡਿਜੀਟਲੀਕਰਨ ਕੀਤਾ ਜਾ ਰਿਹਾ ਹੈ । ਬੈਂਕਿੰਗ, ਸਿੱਖਿਆ, ਸਿਹਤ, ਵਪਾਰ, ਸਰਕਾਰੀ ਸੇਵਾਵਾਂ ਅਤੇ ਰੋਜਮਰਾ ਦੇ ਕੰਮਾਂ ਵਿੱਚ ਡਿਜੀਟਲ ਤਕਨੀਕ ਦਾ ਇਸਤੇਮਾਲ ਲਗਾਤਾਰ ਵੱਧ ਰਿਹਾ ਹੈ। ਇਸ ਵਿੱਚ ਦੋ ਰਾਏ ਨਹੀਂ ਕਿ ਤਕਨੀਕ ਨੇ ਜੀਵਾਂ ਨੂੰ ਪਹਿਲਾਂ ਦੀ ਤੁਲਨਾ ਵਿੱਚ ਜਿਆਦਾ ਸੁਵਿਧਾਜਨਕ ਤੇਜ਼ ਅਤੇ ਸਰਲ ਬਣਾ ਦਿੱਤਾ ਹੈ। ਮੋਬਾਇਲ ਫੋਨ ਅਤੇ ਇੰਟਰਨੈਟ ਰਾਹੀਂ ਘਰ ਬੈਠੇ ਅਨੇਕ ਸੇਵਾਵਾਂ ਦਾ ਲਾਭ ਚੁੱਕਣਾ ਸੰਭਵ ਹੋ ਗਿਆ ਹੈ। ਆਨਲਾਈਨ ਭੁਗਤਾਨ ਅਤੇ ਖਰੀਦਦਾਰੀ, ਟਿਕਟ ਬੁਕਿੰਗ ਅਤੇ ਸਰਕਾਰੀ ਯੋਜਨਾਵਾਂ ਨਾਲ ਜੁੜੀਆਂ ਸੁਵਿਧਾਵਾਂ ਨੇ ਲੋਕਾਂ ਦਾ ਸਮਾਂ ਅਤੇ ਮਿਹਨਤ ਬਚਾਈ ਹੈ। ਪਰ ਇਸ ਦੇ ਨਾਲ ਹੀ ਸਾਈਬਰ ਅਪਰਾਧ ਦਾ ਖਤਰਾ ਵੀ ਤੇਜੀ ਨਾਲ ਵਧਿਆ ਹੈ।
ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਆਪਣੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਵਟਸਐਪ ਵੈਬ ਤੇ ਸੰਵੇਦਨਸ਼ੀਲ ਕੰਮ ਕਾਜ ਕਰਨ ਤੋਂ ਪਰਹੇਜ ਕਰਨ। ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਜਨਤਕ ਕੰਪਿਊਟਰ ਤੇ ਵਟਸਐਪ ਵੈਬ ਦਾ ਇਸਤੇਮਾਲ ਕਰਨ ਤੋਂ ਬਾਅਦ ਲਾਗਆਊਟ ਨਾ ਕਰਨ ਨਾਲ ਸਾਈਬਰ ਅਪਰਾਧੀ ਸਬੰਧਿਤ ਖਾਤੇ ਵਿੱਚ ਸੇਧ ਲਗਾ ਸਕਦੇ ਹਨ। ਅਜਿਹੇ ਵਿੱਚ ਸਵਾਲ ਹੈ ਕਿ ਸਾਈਬਰ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਦੀ ਜਿੰਮੇਵਾਰੀ ਆਖਿਰ ਕਿਸ ਦੀ ਹੈ?
ਸਾਈਬਰ ਅਪਰਾਧ ਅੱਜ ਸਿਰਫ ਤਕਨੀਕੀ ਰੂਪ ਨਾਲ ਜਾਣਕਾਰ ਲੋਕਾਂ ਤੱਕ ਸੀਮਿਤ ਨਹੀਂ ਰਹਿ ਗਿਆ ਹੈ ਬਲਕਿ ਆਮ ਨਾਗਰਿਕ, ਵਿਦਿਆਰਥੀ, ਨੌਕਰੀ ਪੇਸ਼ਾ ਲੋਕ ਅਤੇ ਛੋਟੇ ਕਾਰੋਬਾਰੀ ਵੀ ਇਸ ਦੇ ਸ਼ਿਕਾਰ ਬਣ ਰਹੇ ਹਨ। ਸਾਈਬਰ ਅਪਰਾਧੀ ਲੋਕਾਂ ਦੀ ਨਿੱਜੀ ਜਾਣਕਾਰੀ, ਬੈਂਕ ਖਾਤਿਆਂ, ਮੋਬਾਈਲ ਨੰਬਰਾਂ ਅਤੇ ਡਿਜੀਟਲ ਪਹਿਚਾਣ ਦੀ ਦੁਰਵਰਤੋਂ ਕਰਕੇ ਉਹਨਾਂ ਨੂੰ ਆਪਣੇ ਜਾਲ ਵਿੱਚ ਫਸਾ ਲੈਂਦੇ ਹਨ। ਕਦੇ ਬੈਂਕ ਅਧਿਕਾਰੀ ਬਣ ਕੇ ਫੋਨ ਕੀਤਾ ਜਾਂਦਾ ਹੈ ਤੇ ਕਦੇ ਕਿਸੇ ਸਰਕਾਰੀ ਵਿਭਾਗ ਦਾ ਪ੍ਰਤੀਨਿਧੀ ਜਾਂ ਜਾਂਚ ਏਜੰਸੀ ਦਾ ਅਧਿਕਾਰੀ ਬਣ ਕੇ ਲੋਕਾਂ ਨੂੰ ਡਰਾਇਆ ਜਾਂਦਾ ਹੈ।
ਏ ਆਈ ਦਾ ਵੱਧਦਾ ਇਸਤੇਮਾਲ ਵੀ ਸਾਈਬਰ ਅਪਰਾਧੀਆਂ ਲਈ ਠੱਗੀ ਦਾ ਨਵਾਂ ਔਜ਼ਾਰ ਬਣ ਗਿਆ ਹੈ। ਅਜਿਹੇ ਵਿੱਚ ਚਿੰਤਾ ਇਸ ਗੱਲ ਦੀ ਹੈ ਕਿ ਇੱਕ ਪਾਸੇ ਸਰਕਾਰ ਡਿਜੀਟਲ ਭਾਰਤ ਬਣਾਉਣ ਲਈ ਲੋਕਾਂ ਨੂੰ ਕਈ ਪੱਧਰਾਂ ਤੇ ਉਤਸ਼ਾਹਿਤ ਕਰਦੀ ਨਜ਼ਰ ਆਉਂਦੀ ਹੈ ਤੇ ਦੂਜੇ ਪਾਸੇ ਕਰਮਚਾਰੀਆਂ ਨੂੰ ਵਟਸਐਪ ਤੇ ਸੰਵੇਦਨਸ਼ੀਲ ਕੰਮ ਨਾ ਕਰਨ ਦੇ ਨਿਰਦੇਸ਼ ਦਿੱਤੇ ਜਾਂਦੇ ਹਨ। ਇਹੀ ਨਹੀਂ ਖਬਰਾਂ ਦੇ ਅਨੁਸਾਰ ਹਾਲ ਵਿੱਚ ਖੁਫੀਆ ਏਜੰਸੀਆਂ ਨੇ ਸੁਰੱਖਿਆ ਦਸਤਿਆਂ ਦੇ ਅਧਿਕਾਰੀਆਂ ਦੇ ਕੁਝ ਨਿੱਜੀ ਵਟਸਐਪ ਸਮੂਹਾਂ ਵਿੱਚ ਪਾਕਿਸਤਾਨੀ ਏਜੰਟਾਂ ਦੀ ਸੇਧਮਾਰੀ ਨੂੰ ਲੈ ਕੇ ਵੀ ਚੇਤਨ ਕੀਤਾ ਹੈ।
ਅਹਿਮ ਸਵਾਲ ਇਹ ਹੈ ਕਿ ਸਰਕਾਰੀ ਤੰਤਰ ਵੱਲੋਂ ਸਿਰਫ ਸਾਵਧਾਨੀ ਵਰਤਣ ਦੀ ਸਲਾਹ ਦੇਣ ਨਾਲ ਕੀ ਸਾਈਬਰ ਅਪਰਾਧ ਤੇ ਰੋਕ ਲੱਗ ਸਕੇਗੀ। ਜਾਹਿਰ ਹੈ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਨੂੰ ਇਸ ਚੁਣੌਤੀ ਨਾਲ ਨਿਪਟਣ ਲਈ ਠੋਸ ਅਤੇ ਵਿਆਪਕ ਕਦਮ ਚੁੱਕਣੇ ਪੈਣਗੇ। ਸਭ ਤੋਂ ਪਹਿਲਾਂ ਸਾਈਬਰ ਅਪਰਾਧਾਂ ਦੀ ਸ਼ਿਕਾਇਤ ਦਰਜ ਕਰਾਉਣ ਦੀ ਪ੍ਰਕਿਰਿਆ ਨੂੰ ਸਰਲ ਪਾਰਦਰਸ਼ੀ ਅਤੇ ਪ੍ਰਭਾਵੀ ਬਣਾਇਆ ਜਾਣਾ ਚਾਹੀਦਾ ਹੈ। ਸ਼ਿਕਾਇਤ ਤੋਂ ਬਾਅਦ ਤੁਰੰਤ ਕਾਰਵਾਈ ਯਕੀਨੀ ਹੋਵੇ ਤਾਂ ਕਿ ਠੱਗੀ ਗਈ ਰਕਮ ਨੂੰ ਸਮਾਂ ਰਹਿੰਦੇ ਵਾਪਸ ਦਿਵਾਇਆ ਜਾ ਸਕੇ। ਸਾਈਬਰ ਅਪਰਾਧ ਨਾਲ ਸੰਬੰਧਿਤ ਪੁਲੀਸ ਇਕਾਈਆਂ ਨੂੰ ਆਧੁਨਿਕ ਤਕਨੀਕ ਟ੍ਰੇਡ ਕਰਮਚਾਰੀਆਂ ਅਤੇ ਲੋੜੀਂਦੇ ਸੰਸਾਧਨਾਂ ਨਾਲ ਲੈਸ ਕਰਨਾ ਜਰੂਰੀ ਹੈ। ਪ੍ਰਭਾਵੀ ਕਾਰਵਾਈ ਦੇ ਲਈ ਰਾਜਾਂ ਅਤੇ ਵੱਖ-ਵੱਖ ਜਾਂਚ ਏਜੰਸੀਆਂ ਦੇ ਵਿਚਾਲੇ ਬਿਹਤਰ ਤਾਲਮੇਲ ਹੋਣਾ ਚਾਹੀਦਾ ਹੈ। ਬੈਂਕਾਂ ਅਤੇ ਡਿਜੀਟਲ ਭੁਗਤਾਨ ਕੰਪਨੀਆਂ ਦੀ ਜਿੰਮੇਵਾਰੀ ਵੀ ਘੱਟ ਨਹੀਂ ਹੈ। ਉਹਨਾਂ ਨੂੰ ਸ਼ੱਕੀ ਲੈਣ ਦੇਣ ਦੀ ਪਹਿਚਾਨ ਕਰਨ ਲਈ ਮਜਬੂਤ ਨਿਗਰਾਨੀ ਵਿਵਸਥਾ ਵਿਕਸਿਤ ਕਰਨੀ ਚਾਹੀਦੀ ਹੈ।
ਡਿਜੀਟਲ ਸੇਵਾਵਾਂ ਵਿੱਚ ਸੁਰੱਖਿਆ ਦੇ ਮਾਣਕਾਂ ਨੂੰ ਮਜਬੂਤ ਕਰਨ ਦੇ ਨਾਲ ਨਾਲ ਡੇਟਾ ਦੀ ਗੋਪਨੀਅਤਾ ਯਕੀਨੀ ਕਰਨਾ ਵੀ ਜਰੂਰੀ ਹੈ। ਡਿਜੀਟਲ ਭਾਰਤ ਦਾ ਸੁਪਨਾ ਉਦੋਂ ਸਾਕਾਰ ਹੋਵੇਗਾ ਜਦੋਂ ਤਕਨੀਕੀ ਸੁਵਿਧਾਵਾਂ ਦੇ ਨਾਲ ਨਾਗਰਿਕਾਂ ਅਤੇ ਉਹਨਾਂ ਦੀ ਸੰਪੱਤੀ ਦੀ ਸੁਰੱਖਿਆ ਨੂੰ ਵੀ ਪਹਿਲ ਦਿੱਤੀ ਜਾਵੇਗੀ।
ਬਿਊਰੋ
-
International1 month agoਤਿੱਬਤ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਸੈਂਕੜੇ ਮਕਾਨ ਢਹਿ-ਢੇਰੀ, 16 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International2 months ago
ਪਨਾਮਾ ਵਿੱਚ ਮੁੜ ਲੱਗੇ ਭੂਚਾਲ ਦੇ ਤੇਜ਼ ਝਟਕੇ
-
International2 months agoਖੱਡ ਵਿੱਚ ਡਿੱਗੀ ਸਕੂਲ ਬੱਸ, ਵਿਦਿਆਰਥੀਆਂ ਸਮੇਤ 5 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month ago
ਮਿਲਟਰੀ ਬੇਸ ਤੇ ਅੱਗ ਲੱਗਣ ਕਾਰਨ 4 ਫ਼ੌਜੀ ਜਵਾਨ ਸ਼ਹੀਦ, 39 ਜ਼ਖਮੀ
-
International1 month agoਸਕੂਲ ਦੀ ਛੱਤ ਡਿੱਗਣ ਕਾਰਨ 28 ਵਿਦਿਆਰਥੀਆਂ ਅਤੇ 1 ਅਧਿਆਪਕਾ ਦੀ ਮੌਤ, ਕਈ ਜ਼ਖ਼ਮੀ
-
Chandigarh2 months ago
ਪਰਵਿੰਦਰ ਝੋਟਾ ਕਤਲ ਮਾਮਲੇ ਵਿੱਚ ਹੋਈ ਪਹਿਲੀ ਗ੍ਰਿਫਤਾਰੀ
-
International2 months agoਪਨਾਮਾ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਕਈ ਇਮਾਰਤਾਂ ਢਹਿ ਢੇਰੀ
-
International1 month agoਸਾਊਦੀ ਅਰਬ ਵਿੱਚ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹਮਲਾ, 1 ਵਿਅਕਤੀ ਦੀ ਮੌਤ, 8 ਗੰਭੀਰ ਜ਼ਖਮੀ
