Connect with us

Mohali

540 ਗ੍ਰਾਮ ਕੋਕੀਨ ਅਤੇ 10 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਵਿਦੇਸ਼ੀ ਨੌਜਵਾਨ ਗ੍ਰਿਫ਼ਤਾਰ

Published

on

 

ਦਿੱਲੀ ਤੋਂ ਲਿਆ ਕੇ ਇੱਥੇ ਵੇਚਦਾ ਸੀ ਖਰੜ ਵਿੱਚ ਰਹਿੰਦਾ ਨਾਈਜੀਰੀਆ ਦਾ ਨਾਗਰਿਕ

ਐਸ ਏ ਐਸ ਨਗਰ, 23 ਜੂਨ (ਸ.ਬ.) ਖਰੜ ਪੁਲੀਸ ਨੇ 540 ਗ੍ਰਾਮ ਕੋਕੀਨ ਅਤੇ 10 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਵਿਦੇਸ਼ੀ ਨੌਜਵਾਨ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ ਐਸ ਪੀ ਸz. ਹਰਮਨਦੀਪ ਸਿੰਘ ਹੰਸ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਮੁੱਖ ਮੰਤਰੀ ਸz. ਭਗਵੰਤ ਸਿੰਘ ਮਾਨ ਅਤੇ ਡੀ ਜੀ ਪੀ ਸ੍ਰੀ ਗੌਰਵ ਯਾਦਵ ਵਲੋਂ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਕਾਬੂ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਥਾਣਾ ਸਦਰ ਖਰੜ ਦੇ ਐਸ ਐਚ ਓ ਸz. ਅਮਰਿੰਦਰ ਸਿੰਘ ਦੀ ਨਿਗਰਾਨੀ ਵਿੱਚ ਪੁਲੀਸ ਟੀਮ ਵਲੋਂ ਗੋਲਡਨ ਅਸਟੇਟ ਖਰੜ ਨੇੜੇ ਨਾਕਾਬੰਦੀ ਦੌਰਾਨ ਇੱਕ ਅਫਰੀਕਨ ਨੌਜਵਾਨ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ ਸੀ ਅਤੇ ਜਾਂਚ ਦੌਰਾਨ ਉਕਤ ਵਿਅਕਤੀ (ਜਿਸਦੀ ਪਛਾਣ ਏਚਜੋਆ ਵਾਸੀ ਅੰਮਬਰਾ ਸਟੇਟ ਨਾਈਜੀਰੀਆ (ਮੌਜੂਦਾ ਵਸਨੀਕ ਗੋਲਡਨ ਅਸਟੇਟ, ਸੈਕਟਰ 115 ਖੂਨੀ ਮਾਜਰਾ ਖਰੜ ਵਜੋਂ ਹੋਈ ਹੈ) ਦੇ ਬੈਗ ਦੀ ਤਲਾਸ਼ੀ ਲੈਣ ਤੇ ਉਸ ਵਿੱਚੋਂ 540 ਗ੍ਰਾਮ ਚਿੱਟਾ ਨਸ਼ੀਲਾ ਪਦਾਰਥ (ਕੋਕੇਨ), 10,000 ਨਕਦੀ (ਡਰੱਗ ਮਨੀ), 8 ਵੱਡੀਆਂ ਅਤੇ 10 ਛੋਟੀਆਂ ਲਿਫਾਫੀਆਂ, ਇੱਕ ਡਿਜੀਟਲ ਕੰਡਾ, ਇੱਕ ਸਟੀਲ ਚਮਚ, ਇੱਕ ਟੇਪ ਰੋਲ ਅਤੇ ਵੱਖ-ਵੱਖ ਰੰਗਾਂ ਦੀਆਂ ਰਬੜਾਂ ਬਰਾਮਦ ਹੋਈਆਂ।

ਉਹਨਾਂ ਦੱਸਿਆ ਕਿ ਪੁਲੀਸ ਵਲੋਂ ਉਕਤ ਵਿਅਕਤੀ ਦੇ ਖਿਲਾਫ ਥਾਣਾ ਸਦਰ ਖਰੜ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21 ਤਹਿਤ ਮੁਕੱਦਮਾ ਦਰਜ ਕਰਕੇ ਕਾਨੂੰਨੀ ਕਾਰਵਾਈ ਅੱਗੇ ਵਧਾਈ ਗਈ ਹੈ। ਉਹਨਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਆਰੋਪੀ ਨੇ ਦੱਸਿਆ ਕਿ ਉਹ ਇਹ ਸਾਰੀ ਕੋਕੇਨ ਐਨ ਸੀ ਆਰ ਦਿੱਲੀ ਤੇ ਲੈ ਕੇ ਆਇਆ ਹੈ। ਉਹਨਾਂ ਦੱਸਿਆ ਕਿ ਆਰੋਪੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਸਦਾ 2 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਅਤੇ ਉਸਤੋਂ ਪੁੱਛ ਕੀਤੀ ਜਾ ਰਹੀ ਹੈ।

 

Continue Reading

Mohali

ਆਮ ਆਦਮੀ ਪਾਰਟੀ ਵਲੋਂ ਵਿਧਾਇਕ ਕੁਲਵੰਤ ਸਿੰਘ ਨੂੰ ਉਮੀਦਵਾਰ ਐਲਾਨੇ ਜਾਣ ਤੇ ਸਮਰਥਕਾਂ ਵਿੱਚ ਜਸ਼ਨ ਦਾ ਮਾਹੌਲ

Published

on

By

ਇਸ ਵਾਰ 100 ਤੋਂ ਵੀ ਵੱਧ ਸੀਟਾਂ ਤੇ ਜੇਤੂ ਹੋਵੇਗੀ ਆਮ ਆਦਮੀ ਪਾਰਟੀ : ਕੁਲਵੰਤ ਸਿੰਘ

ਐਸ ਏ ਐਸ ਨਗਰ, 31 ਅਕਤੂਬਰ (ਸ.ਬ.) ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਮੁਹਾਲੀ ਤੋਂ ਪਾਰਟੀ ਦੇ ਮੌਜੂਦਾ ਵਿਧਾਇਕ ਕੁਲਵੰਤ ਸਿੰਘ ਨੂੰ ਦੁਬਾਰਾ ਪਾਰਟੀ ਟਿਕਟ ਤੇ ਚੋਣ ਲੜਾਏ ਜਾਣ ਦਾ ਐਲਾਨ ਕੀਤੇ ਜਾਣ ਤੇ ਉਹਨਾਂ ਦੇ ਸਮਰਥਕਾਂ ਵਿੱਚ ਜਸ਼ਨ ਦਾ ਮਾਹੌਲ ਹੈ ਅਤੇ ਅੱਜ ਸਾਰਾ ਦਿਨ ਹਲਕਾ ਵਿਧਾਇਕ ਦੇ ਸੈਕਟਰ 79 ਦਫਤਰ ਵਿੱਚ ਉਹਨਾਂ ਨੂੰ ਮੁਬਾਰਕਾਂ ਦੇਣ ਵਾਲਿਆਂ ਦੀ ਭੀੜ ਜੁਟੀ ਰਹੀ।

ਇਸ ਦੌਰਾਨ ਜਿੱਥੇ ਸਮਰਥਾਂ ਵਲੋਂ ਸz. ਕੁਲਵੰਤ ਸਿੰਘ ਦੀ ਵੱਡੇ ਫਰਕ ਨਾਲ ਜਿੱਤ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਉੱਥੇ ਖੁਦ ਕੁਲਵੰਤ ਸਿੰਘ ਵੀ ਪੂਰੇ ਭਰੋਸੇ ਵਿੱਚ ਹਨ। ਉਹਨਾਂ ਕਿਹਾ ਕਿ ਉਹਨਾਂ ਦੇ ਮੌਜੂਦਾ ਕਾਰਜਕਾਲ ਦੌਰਾਨ ਹਲਕੇ ਦੇ ਲੋਕਾਂ ਵਲੋਂ ਉਹਨਾਂ ਨੂੰ ਭਰਪੂਰ ਪਿਆਰ ਦਿੱਤਾ ਗਿਆ ਹੈ ਅਤੇ ਹੁਣ ਉਹਨਾਂ ਵਲੋਂ ਕੀਤੇ ਕੰਮਾਂ ਦੇ ਆਧਾਰ ਤੇ ਲੋਕਾਂ ਦੀ ਕਚਿਹਰੀ ਵਿੱਚ ਜਾਣਗੇ। ਉਹਨਾਂ ਕਿਹਾ ਕਿ ਭਾਵੇਂ ਦਿਵਾਲੀ ਦੇ ਵਿੱਚ ਕੁਝ ਦਿਨ ਹੀ ਬਾਕੀਆਂ ਹਨ ਅਤੇ ਪਾਰਟੀ ਹਾਈ ਕਮਾਂਡ ਨੇ ਉਹਨਾਂ ਨੂੰ ਫਿਰ ਤੋਂ ਮੁਹਾਲੀ ਤੋਂ ਟਿਕਟ ਦਾ ਐਲਾਨ ਕਰਕੇ ਦਿਵਾਲੀ ਦਾ ਖੂਬਸੂਰਤ ਤੋਹਫਾ ਦਿੱਤਾ ਹੈ।

ਉਹਨਾਂ ਕਿਹਾ ਕਿ ਪਾਰਟੀ ਵਲੋਂ ਪਹਿਲੀ ਸੂਚੀ ਦੇ ਵਿੱਚ ਹੀ ਉਹਨਾਂ ਦੇ ਨਾਮ ਦਾ ਐਲਾਨ ਉਹਨਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਅਤੇ ਉਹ ਹੁਣ ਹੋਰ ਵੀ ਜ਼ੋਰ ਦੇ ਨਾਲ ਕੰਮ ਕਰਣਗੇ। ਉਹਨਾਂ ਕਿਹਾ ਕਿ ਮੁਹਾਲੀ ਹੁਣ ਆਉਣ ਵਾਲੇ ਸਮੇਂ ਵਿੱਚ ਬਿਜਨਸ ਹਬ ਬਣਨ ਜਾ ਰਿਹਾ ਹੈ ਅਤੇ ਅੰਤਰਰਾਸ਼ਟਰੀ ਪੱਧਰ ਤੇ ਮੁਹਾਲੀ ਸ਼ਹਿਰ ਦੀ ਚਰਚਾ ਚੰਡੀਗੜ੍ਹ ਤੋਂ ਵੀ ਵੱਧ ਹੋਣ ਲੱਗ ਗਈ ਹੈ।

ਉਹਨਾਂ ਕਿਹਾ ਕਿ ਅੱਜ ਹਰ ਨਿਵੇਸ਼ਕਾਰ ਦੀ ਪਹਿਲੀ ਪਸੰਦ ਮੁਹਾਲੀ ਸ਼ਹਿਰ ਬਣਦੀ ਜਾ ਰਹੀ ਹੈ, ਕਿਉਂਕਿ ਮੁਹਾਲੀ ਵੈਲ ਪਲੈਨਡ ਸ਼ਹਿਰ ਹੈ ਅਤੇ ਅਮਨ- ਕਾਨੂੰਨ ਦੀ ਸਥਿਤੀ ਬਿਲਕੁਲ ਠੀਕ ਹੈ।

ਉਹਨਾਂ ਕਿਹਾ ਕਿ ਇਸ ਵਾਰ ਆਮ ਆਦਮੀ ਪਾਰਟੀ 100 ਤੋਂ ਵੱਧ ਸੀਟਾਂ ਜਿੱਤੇਗੀ ਕਿਉਂਕਿ ਪਾਰਟੀ ਵਲੋਂ ਲੋਕਾਂ ਦੀ ਕਚਹਿਰੀ ਵਿੱਚ ਜਾ ਕੇ ਜੋ ਵੀ ਵਾਅਦੇ ਕੀਤੇ ਸਨ, ਉਹਨਾਂ ਨੂੰ ਅਮਲੀ ਜਾਮਾ ਵੀ ਪਹਿਨਾਇਆ ਹੈ। ਉਹਨਾਂ ਕਿਹਾ ਕਿ ਉਹਨਾਂ ਵਲੋਂ ਪੰਜਾਬ ਵਿਧਾਨ ਸਭਾ ਦੇ ਵਿੱਚ ਜੋ- ਜੋ ਵੀ ਮੁੱਦੇ ਉਹਨਾਂ ਉਠਾਏ ਹਨ, ਉਹਨਾਂ ਦਾ ਇੱਕ-ਇੱਕ ਕਰਕੇ ਹੱਲ ਹੋ ਰਿਹਾ ਹੈ ਅਤੇ ਇਸ ਤੋਂ ਇਲਾਵਾ ਮੁਹਾਲੀ ਦੀ ਸਭਤੋਂ ਵੱਡੀ ਕੂੜੇ ਦੀ ਸਮੱਸਿਆ ਦੇ ਹਲ ਲਈ 70 ਕਰੋੜ ਰੁਪਏ ਦੇ ਟੈਂਡਰ ਖੁੱਲ ਚੁੱਕੇ ਹਨ ਅਤੇ ਇੱਕ ਤੋਂ ਦੋ ਮਹੀਨਿਆਂ ਦੇ ਵਿੱਚ ਕੂੜੇ ਦੇ ਮਸਲੇ ਦਾ ਵੀ ਸਥਾਈ ਹੱਲ ਹੋ ਜਾਵੇਗਾ।

Continue Reading

Mohali

ਮੁਹਾਲੀ ਵਿੱਚ ਐਨ ਕੇ ਫਾਰਮਾ ਕੈਮਿਸਟ ਦਾ ਡਰੱਗ ਲਾਇਸੈਂਸ ਰੱਦ ਕਰਕੇ ਦੁਕਾਨ ਸੀਲ ਕੀਤੀ

Published

on

By

ਪ੍ਰੈਗਾਬਾਲਿਨ ਸਮੇਤ ਕਈ ਪਾਬੰਦੀਸ਼ੁਦਾ ਦਵਾਈਆਂ ਮਿਲਣ ਤੋਂ ਬਾਅਦ ਡਰੱਗ ਵਿਭਾਗ ਨੇ ਕੀਤੀ ਕਾਰਵਾਈ

ਐਸ ਏ ਐਸ ਨਗਰ, 31 ਅਕਤੂਬਰ (ਸ.ਬ.) ਮੁਹਾਲੀ ਵਿੱਚ ਪਾਬੰਦੀਸ਼ੁਦਾ ਦਵਾਈਆਂ ਦੀ ਵਿਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਡਰੱਗ ਵਿਭਾਗ ਵੱਲੋਂ ਐਨ ਕੇ ਫਾਰਮਾ ਕੈਮਿਸਟ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੈਮਿਸਟ ਦੀ ਦੁਕਾਨ ਨੂੰ ਸੀਲ ਵੀ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਡਰੱਗ ਇੰਸਪੈਕਟਰ ਅਤੇ ਥਾਣਾ ਫੇਜ਼ 11 ਦੇ ਮੁਖੀ ਅਮਨ ਬੈਦਵਾਣ ਦੀ ਟੀਮ ਵੱਲੋਂ ਉਕਤ ਕੈਮਿਸਟ ਦੀ ਦੁਕਾਨ ਤੇ ਛਾਪੇਮਾਰੀ ਕੀਤੀ ਗਈ ਸੀ। ਇਸ ਦੌਰਾਨ ਪ੍ਰੈਗਾਬਾਲਿਨ ਸਮੇਤ ਕਈ ਹੋਰ ਪਾਬੰਦੀਸ਼ੁਦਾ ਦਵਾਈਆਂ ਬਰਾਮਦ ਹੋਈਆਂ ਸਨ।

ਉਹਨਾਂ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡਰੱਗ ਇੰਸਪੈਕਟਰ ਵੱਲੋਂ ਕੈਮਿਸਟ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਸੀ। ਨੋਟਿਸ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਸੀ ਕਿ ਜੇਕਰ ਤਸੱਲੀਬਖ਼ਸ਼ ਜਵਾਬ ਨਾ ਮਿਲਿਆ ਤਾਂ ਲਾਇਸੈਂਸ ਮੁਅੱਤਲ ਜਾਂ ਰੱਦ ਕਰਨ ਸਬੰਧੀ ਕਾਰਵਾਈ ਕੀਤੀ ਜਾ ਸਕਦੀ ਹੈ।

ਉਹਨਾਂ ਕਿਹਾ ਕਿ ਹੁਣ ਵਿਭਾਗ ਵੱਲੋਂ ਅਗਲੀ ਕਾਰਵਾਈ ਕਰਦਿਆਂ ਐਨ ਕੇ ਫਾਰਮਾ ਕੈਮਿਸਟ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ ਅਤੇ ਦੁਕਾਨ ਸੀਲ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਪੁਲੀਸ ਵਲੋ ਸਿਹਤ ਵਿਭਾਗ ਦੇ ਸਹਿਯੋਗ ਨਾਲ ਪਾਬੰਦੀਸ਼ੁਦਾ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਨੂੰ ਰੋਕਣ ਲਈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਜਿਸਦੇ ਤਹਿਤ ਡਰੱਗ ਮਾਫੀਆ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕੈਮਿਸਟਾਂ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾ ਰਹੇ ਹਨ।

Continue Reading

Mohali

ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ ਅਤੇ ਫਾਈਨਲ ਮੁਕਾਬਲਿਆਂ ਦੀ ਮੇਜ਼ਬਾਨੀ ਲਈ ਮੁਹਾਲੀ ਪੂਰੀ ਤਰ੍ਹਾਂ ਤਿਆਰ

Published

on

By

ਵਰੁਣ ਰੂਜਮ, ਨਿਤਿਨ ਕੋਹਲੀ, ਮੇਅਰ ਸਰਬਜੀਤ ਸਿੰਘ ਸਮਾਣਾ ਅਤੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਤਿਆਰੀਆਂ ਦਾ ਜਾਇਜ਼ਾ

ਐਸ ਏ ਐਸ ਨਗਰ, 31 ਅਕਤੂਬਰ (ਸ.ਬ.) ਮੁਹਾਲੀ ਦੇ ਫੇਜ਼-9 ਸਥਿਤ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਵਿਖੇ 4 ਅਤੇ 5 ਨਵੰਬਰ ਨੂੰ ਹੋਣ ਵਾਲੇ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ-2026 ਦੇ ਸੈਮੀਫਾਈਨਲ ਅਤੇ ਫਾਈਨਲ ਮੁਕਾਬਲਿਆਂ ਦੀ ਮੇਜ਼ਬਾਨੀ ਲਈ ਸ਼ਹਿਰ ਪੂਰੀ ਤਰ੍ਹਾਂ ਤਿਆਰ ਹੈ। ਤਿਆਰੀਆਂ ਲਗਭਗ ਮੁਕੰਮਲ ਹੋਣ ਦੇ ਨਾਲ ਸਟੇਡੀਅਮ ਵਿੱਚ ਕਰੀਬ 13 ਹਜ਼ਾਰ ਹਾਕੀ ਅਤੇ ਖੇਡ ਪ੍ਰੇਮੀਆਂ ਦੇ ਪਹੁੰਚਣ ਦੀ ਉਮੀਦ ਹੈ।

ਖੇਡ ਸਕੱਤਰ ਵਰੁਣ ਰੂਜਮ ਨੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਸ਼ਨੀਵਾਰ ਨੂੰ ਸਟੇਡੀਅਮ ਵਿਖੇ ਪਹੁੰਚ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਵੱਖ-ਵੱਖ ਤਿਆਰੀਆਂ ਦੀ ਪ੍ਰਗਤੀ ਦਾ ਮੁਲਾਂਕਣ ਕੀਤਾ। ਇਸ ਦੌਰਾਨ ਸਟੇਡੀਅਮ ਦੇ ਬੁਨਿਆਦੀ ਢਾਂਚੇ, ਦਰਸ਼ਕਾਂ ਨਾਲ ਸਬੰਧਤ ਸਹੂਲਤਾਂ, ਸੁਰੱਖਿਆ ਪ੍ਰਬੰਧਾਂ, ਆਵਾਜਾਈ ਪ੍ਰਬੰਧਨ, ਤਕਨੀਕੀ ਲੋੜਾਂ ਅਤੇ ਹੋਰ ਪ੍ਰਬੰਧਕੀ ਪਹਿਲੂਆਂ ਦੀ ਸਮੀਖਿਆ ਕੀਤੀ ਗਈ ਤਾਂ ਜੋ ਮੁਕਾਬਲਿਆਂ ਦਾ ਸੁਚਾਰੂ ਆਯੋਜਨ ਯਕੀਨੀ ਬਣਾਇਆ ਜਾ ਸਕੇ।

ਇਸ ਮੌਕੇ ਹਾਕੀ ਪੰਜਾਬ ਦੇ ਪ੍ਰਧਾਨ ਅਤੇ ਹਾਕੀ ਇੰਡੀਆ ਦੇ ਮੀਤ ਪ੍ਰਧਾਨ ਨਿਤਿਨ ਕੋਹਲੀ ਨੇ ਕਿਹਾ ਕਿ ਇਹ ਮੌਕਾ ਖੇਡ ਪ੍ਰੇਮੀਆਂ ਨੂੰ ਉੱਚ ਪੱਧਰੀ ਅੰਤਰਰਾਸ਼ਟਰੀ ਹਾਕੀ ਦੇਖਣ ਦੇ ਨਾਲ-ਨਾਲ ਖੇਡ ਭਾਵਨਾ ਅਤੇ ਹਾਕੀ ਪ੍ਰਤੀ ਉਤਸ਼ਾਹ ਭਰਪੂਰ ਜਨੂੰਨ ਦਾ ਜਸ਼ਨ ਮਨਾਉਣ ਦਾ ਵੀ ਮੌਕਾ ਪ੍ਰਦਾਨ ਕਰੇਗਾ।

ਮੇਅਰ ਸਰਬਜੀਤ ਸਿੰਘ ਸਮਾਣਾ ਨੇ ਦੱਸਿਆ ਕਿ ਸਟੇਡੀਅਮ ਵਿੱਚ ਸਾਰੇ ਦਰਸ਼ਕਾਂ ਲਈ ਦਾਖ਼ਲਾ ਬਿਲਕੁਲ ਮੁਫ਼ਤ ਹੋਵੇਗਾ। ਉਨ੍ਹਾਂ ਮੁਹਾਲੀ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚ ਕੇ ਟੀਮਾਂ ਦੀ ਹੌਸਲਾ ਅਫ਼ਜ਼ਾਈ ਕਰਨ ਦੀ ਅਪੀਲ ਕੀਤੀ। ਦਰਸ਼ਕ ਆਪਣੀਆਂ ਮੁਫ਼ਤ ਡਿਜੀਟਲ ਦਾਖ਼ਲਾ ਟਿਕਟਾਂ ਰਾਹੀਂ ਜਾਂ ਅਧਿਕਾਰਤ ਕਿਊ. ਆਰ. ਕੋਡ ਸਕੈਨ ਕਰਕੇ ਰਜਿਸਟ੍ਰੇਸ਼ਨ ਕਰਨ ਅਤੇ ਆਪਣੀ ਪਸੰਦ ਦੇ ਮੈਚ ਚੁਣ ਕੇ ਪ੍ਰਾਪਤ ਕਰ ਸਕਦੇ ਹਨ।

ਮੀਟਿੰਗ ਵਿੱਚ ਡਾ. ਐਸ. ਪੀ. ਆਨੰਦ ਕੁਮਾਰ, ਵਿਸ਼ੇਸ਼ ਸਕੱਤਰ, ਖੇਡ ਵਿਭਾਗ, ਅਭਿਜੀਤ ਕਪਲਿਸ਼, ਡਾਇਰੈਕਟਰ, ਖੇਡ ਵਿਭਾਗ, ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਐਸ. ਐਸ. ਪੀ. ਵਰੁਣ ਸ਼ਰਮਾ, ਸੰਦੀਪ ਸਿੰਘ ਗਾੜ੍ਹਾ, ਕਮਿਸ਼ਨਰ, ਨਗਰ ਨਿਗਮ ਮੁਹਾਲੀ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

ਮੈਦਾਨ ਵਿੱਚ ਹੋਣ ਵਾਲੇ ਰੋਮਾਂਚਕ ਹਾਕੀ ਮੁਕਾਬਲਿਆਂ ਤੋਂ ਇਲਾਵਾ ਦਰਸ਼ਕਾਂ ਲਈ ਸੱਭਿਆਚਾਰਕ ਪ੍ਰੋਗਰਾਮਾਂ ਅਤੇ ਪ੍ਰਸਿੱਧ ਗਾਇਕਾਂ ਦੀਆਂ ਪੇਸ਼ਕਾਰੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦਾ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਗਿਆ ‘ਸਾਡਾ ਪਿੰਡ’ ਅਤੇ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਵਾਲੀ ਫੂਡ ਕੋਰਟ ਵੀ ਬਣਾਏ ਗਏ ਹਨ।

ਮੁਹਾਲੀ ਵਿਖੇ 4 ਨਵੰਬਰ ਨੂੰ ਦੁਪਹਿਰ 2:00 ਵਜੇ ਪੂਲ ਵਿੱਚ ਪੰਜਵੇਂ ਸਥਾਨ ਦੀ ਟੀਮ ਬਨਾਮ ਛੇਵੇਂ ਸਥਾਨ ਦੀ ਟੀਮ ਵਿਚਾਲੇ ਮੈਚ ਹੋਵੇਗਾ। ਸ਼ਾਮ 4:30 ਵਜੇ ਪਹਿਲਾ ਸੈਮੀਫਾਈਨਲ ਹੋਵੇਗਾ ਅਤੇ ਸ਼ਾਮ 7:00 ਵਜੇ ਦੂਜਾ ਸੈਮੀਫਾਈਨਲ ਹੋਵੇਗਾ।

5 ਨਵੰਬਰ, 2026 ਨੂੰ ਸ਼ਾਮ 4:30 ਵਜੇ ਕਾਂਸੀ ਤਮਗੇ ਲਈ ਮੁਕਾਬਲਾ ਹੋਵੇਗਾ ਅਤੇ ਸ਼ਾਮ 7:00 ਵਜੇ ਫਾਈਨਲ ਮੈਚ ਖਡਿਆ ਜਾਵੇਗਾ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਮੁਫ਼ਤ ਦਾਖ਼ਲੇ, ਉਚ ਪੱਧਰੀ ਹਾਕੀ ਮੁਕਾਬਲਿਆਂ, ਸੱਭਿਆਚਾਰਕ ਪੇਸ਼ਕਾਰੀਆਂ, ਪੰਜਾਬੀ ਵਿਰਾਸਤ ਨਾਲ ਜੁੜੀਆਂ ਵਿਸ਼ੇਸ਼ ਖਿੱਚਾਂ ਅਤੇ ਵੱਖ-ਵੱਖ ਪਕਵਾਨਾਂ ਦੇ ਪ੍ਰਬੰਧਾਂ ਨਾਲ ਮੁਹਾਲੀ 4 ਅਤੇ 5 ਨਵੰਬਰ ਨੂੰ ਹਾਕੀ ਤੇ ਖੇਡ ਪ੍ਰੇਮੀਆਂ ਲਈ ਯਾਦਗਾਰੀ ਅਨੁਭਵ ਪ੍ਰਦਾਨ ਕਰਨ ਲਈ ਤਿਆਰ ਹੈ।

Continue Reading

Latest News

Trending