Connect with us

National

ਦਿੱਲੀ ਵਿੱਚ ਵਧਦੀਆਂ ਘਟਨਾਵਾਂ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਤਿੱਖਾ ਨਿਸ਼ਾਨਾ ਸਾਧਿਆ

Published

on

 

ਦਿੱਲੀ ਦੀ ਕਾਨੂੰਨ ਵਿਵਸਥਾ ਢਹਿ ਗਈ ਹੈ : ਕੇਜਰੀਵਾਲ

ਨਵੀਂ ਦਿੱਲੀ, 28 ਨਵੰਬਰ (ਸ.ਬ.) ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਲੀ ਵਿੱਚ ਵਧਦੀਆਂ ਘਟਨਾਵਾਂ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਤਿੱਖਾ ਨਿਸ਼ਾਨਾ ਸਾਧਿਆ।

ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੀ ਕਾਨੂੰਨ ਵਿਵਸਥਾ ਢਹਿ ਗਈ ਹੈ। ਲੁੱਟ-ਖੋਹ, ਜਬਰ-ਜ਼ਨਾਹ, ਗੈਂਗ ਵਾਰ ਅਤੇ ਜਬਰ-ਜਨਾਹ ਵਰਗੀਆਂ ਘਟਨਾਵਾਂ ਦਿੱਲੀ ਦੀ ਪਛਾਣ ਬਣ ਚੁੱਕੀਆਂ ਹਨ। 10 ਸਾਲ ਪਹਿਲਾਂ ਦਿੱਲੀ ਦੇ ਲੋਕਾਂ ਨੇ ਸਾਨੂੰ ਸਕੂਲਾਂ, ਹਸਪਤਾਲਾਂ ਅਤੇ ਹੋਰ ਪ੍ਰਣਾਲੀਆਂ ਨੂੰ ਸੁਧਾਰਨ ਦੀ ਜ਼ਿੰਮੇਵਾਰੀ ਦਿੱਤੀ ਸੀ। ਅਸੀਂ ਕੁਝ ਨੂੰ ਪੂਰਾ ਕਰ ਲਿਆ ਹੈ ਅਤੇ ਕੁਝ ਨੂੰ ਪੂਰਾ ਕਰਨ ਦੀ ਪ੍ਰਕਿਰਿਆ ਵਿੱਚ ਹਾਂ।

ਜਨਤਾ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਦਿੱਤੀ ਸੀ ਪਰ ਉਹ ਇਸ ਨੂੰ ਨਿਭਾਉਣ ਵਿੱਚ ਲਗਾਤਾਰ ਅਸਫਲ ਹੋ ਰਹੇ ਹਨ। ਜੇ ਅਮਿਤ ਸ਼ਾਹ ਆਪਣੇ ਘਰ ਦੇ 20 ਕਿਲੋਮੀਟਰ ਦੇ ਦਾਇਰੇ ਵਿੱਚ ਵੀ ਅਪਰਾਧ ਨੂੰ ਨਹੀਂ ਰੋਕ ਸਕੇ ਤਾਂ ਦੇਸ਼ ਇਸ ਨੂੰ ਕਿਵੇਂ ਸੰਭਾਲੇਗਾ?

ਜਦੋਂ ਮੈਂ ਹਾਲ ਹੀ ਵਿੱਚ ਨੰਗਲੋਈ ਵਿੱਚ ਇੱਕ ਪੀੜਤ ਨੂੰ ਮਿਲਣ ਗਿਆ ਤਾਂ ਭਾਜਪਾ ਵਾਲਿਆਂ ਨੇ ਮੈਨੂੰ ਮਿਲਣ ਨਹੀਂ ਦਿੱਤਾ। ਮੈਂ ਅਮਿਤ ਸ਼ਾਹ ਨੂੰ ਕਹਿਣਾ ਚਾਹੁੰਦਾ ਹਾਂ ਕਿ ਮੈਨੂੰ ਰੋਕਣ ਨਾਲ ਕੁਝ ਨਹੀਂ ਹੋਵੇਗਾ, ਅਪਰਾਧ ਰੋਕੋ। ਜੇ ਤੁਸੀਂ ਆਪਣੀ ਜਿੰਮੇਵਾਰੀ ਨੂੰ ਸਹੀ ਢੰਗ ਨਾਲ ਨਿਭਾਇਆ ਹੁੰਦਾ ਤਾਂ ਕੇਜਰੀਵਾਲ ਨੂੰ ਕਿਤੇ ਜਾਣ ਦੀ ਲੋੜ ਹੀ ਨਹੀਂ ਸੀ ਪੈਣੀ।

ਉਨ੍ਹਾਂ ਕਿਹਾ ਕਿ ਦਿੱਲੀ ਦੇ ਹਾਲਾਤ ਇੰਨੇ ਖਰਾਬ ਹਨ ਕਿ ਹਰ ਪਾਸੇ ਖੂਨ-ਖਰਾਬਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ ਦਹਿਸ਼ਤ ਵਿਚ ਰਹਿ ਰਹੇ ਹਨ।

ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਦੀ ਗੱਲ ਤਾਂ ਛੱਡੋ, ਦਿੱਲੀ ਵਿੱਚ ਪੁਲੀਸ ਵਾਲੇ ਵੀ ਸੁਰੱਖਿਅਤ ਨਹੀਂ ਹਨ। ਦਿੱਲੀ ਵਿੱਚ ਇੱਕ ਮਹਿਲਾ ਕਾਂਸਟੇਬਲ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਕੇਜਰੀਵਾਲ ਨੇ ਵੱਖ-ਵੱਖ ਤਰੀਕਾਂ ਦੀਆਂ ਘਟਨਾਵਾਂ ਬਾਰੇ ਵਿਸਥਾਰ ਨਾਲ ਦੱਸਿਆ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਤੋਂ ਥੋੜ੍ਹੀ ਹੀ ਦੂਰੀ ਤੇ ਸ਼ਰਮਨਾਕ ਘਟਨਾਵਾਂ ਵਾਪਰ ਰਹੀਆਂ ਹਨ। ਪਰ ਇਸ ਦੇ ਬਾਵਜੂਦ ਇਹ ਲੋਕ ਚੁੱਪ ਧਾਰੀ ਬੈਠੇ ਹਨ।

ਜ਼ਿਕਰਯੋਗ ਹੈ ਕਿ 12 ਸਤੰਬਰ ਨੂੰ ਅਮਿਤ ਸ਼ਾਹ ਦੇ ਘਰ ਤੋਂ ਮਹਿਜ਼ 12 ਕਿਲੋਮੀਟਰ ਦੂਰ ਇਕ ਲੜਕੀ ਨੂੰ ਅਗਵਾ ਕਰਕੇ ਕੀਤਾ ਗਿਆ ਸੀ। ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਉਨ੍ਹਾਂ ਨੇ ਅਮਿਤ ਸ਼ਾਹ ਨੂੰ ਪੁੱਛਿਆ ਹੈ ਕਿ ਅਜਿਹੇ ਵਿੱਚ ਦਿੱਲੀ ਦੇ ਲੋਕ ਕਿੱਥੇ ਜਾਣ?

ਇਸ ਦੌਰਾਨ ਕੇਜਰੀਵਾਲ ਨੇ ਇੱਕ ਪੋਸਟਰ ਵੀ ਦਿਖਾਇਆ, ਜਿਸ ਵਿੱਚ ਅਮਿਤ ਸ਼ਾਹ ਦੇ ਘਰ ਤੋਂ ਕੁਝ ਕਿਲੋਮੀਟਰ ਦੂਰ ਵਾਪਰੀਆਂ ਘਟਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ। ਇਸ ਪੋਸਟਰ ਵਿੱਚ ਘਟਨਾਵਾਂ ਨੂੰ ਮਿਤੀ ਦਰ ਤਾਰੀਖ਼ ਬਿਆਨ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਨੂੰ ਘੇਰਨ ਲਈ ਪੂਰੀ ਤਿਆਰੀ ਕਰ ਲਈ ਹੈ। ਕੇਜਰੀਵਾਲ ਨੇ ਹੁਣ ਦਿੱਲੀ ਵਿੱਚ ਵੱਧ ਰਹੇ ਅਪਰਾਧਾਂ ਨੂੰ ਮੁੱਦਾ ਬਣਾ ਲਿਆ ਹੈ।

Continue Reading

National

ਦਿੱਲੀ ਹਾਈ ਕੋਰਟ ਦੇ 7 ਨਵੇਂ ਜੱਜਾਂ ਨੇ ਚੁੱਕੀ ਸਹੁੰ, ਜੱਜਾਂ ਦੀ ਗਿਣਤੀ ਵਧ ਕੇ ਹੋਈ 50

Published

on

By

ਨਵੀਂ ਦਿੱਲੀ, 21 ਸਤੰਬਰ (ਸ.ਬ.) ਦਿੱਲੀ ਹਾਈ ਕੋਰਟ ਵਿੱਚ ਅੱਜ ਸੱਤ ਨਿਆਂਇਕ ਅਧਿਕਾਰੀਆਂ ਦੀ ਹਾਈ ਕੋਰਟ ਦੇ ਬੈਂਚ ਵਜੋਂ ਪਦ-ਉੱਨਤੀ ਹੋਈ। ਅਦਾਲਤ ਦੇ ਅਹਾਤੇ ਵਿੱਚ ਕੀਤੇ ਗਏ ਸਹੁੰ ਚੁੱਕ ਸਮਾਗਮ ਦੌਰਾਨ ਮੁੱਖ ਜੱਜ ਦੇਵੇਂਦਰ ਕੁਮਾਰ ਉਪਾਧਿਆਏ ਨੇ ਨਵੇਂ ਨਿਯੁਕਤ ਜੱਜਾਂ ਨੂੰ ਅਹੁਦੇ ਦੀ ਸਹੁੰ ਚੁਕਾਈ।

ਸੱਤ ਨਿਆਂਇਕ ਅਧਿਕਾਰੀਆਂ, ਜਿਨ੍ਹਾਂ ਵਿੱਚ ਨਿਵੇਦਿਤਾ ਅਨਿਲ ਸ਼ਰਮਾ, ਨਿਸ਼ਾ ਸਹਾਏ ਸਕਸੇਨਾ, ਸੰਜੇ ਸ਼ਰਮਾ, ਭਾਰਤ ਪਰਾਸ਼ਰ, ਡਾ. ਅਦਿਤੀ ਚੌਧਰੀ, ਦਿਨੇਸ਼ ਭੱਟ ਅਤੇ ਅਰੁਣ ਭਾਰਦਵਾਜ ਸ਼ਾਮਲ ਹਨ, ਨੇ ਆਪਣੇ ਪਰਿਵਾਰਕ ਮੈਂਬਰਾਂ, ਸਾਥੀਆਂ ਅਤੇ ਦਿੱਲੀ ਹਾਈ ਕੋਰਟ ਬਾਰ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਅਹੁਦੇ ਦੀ ਸਹੁੰ ਚੁੱਕੀ।

ਨਿਵੇਦਿਤਾ ਅਨਿਲ ਸ਼ਰਮਾ ਅਤੇ ਨਿਸ਼ਾ ਸਹਾਏ ਸਕਸੇਨਾ ਨੂੰ ਦਿੱਲੀ ਹਾਈ ਕੋਰਟ ਦੇ ਜੱਜ ਵਜੋਂ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਸੰਜੇ ਸ਼ਰਮਾ, ਭਾਰਤ ਪਰਾਸ਼ਰ, ਡਾ. ਅਦਿਤੀ ਚੌਧਰੀ, ਦਿਨੇਸ਼ ਭੱਟ ਅਤੇ ਅਰੁਣ ਭਾਰਦਵਾਜ ਨੂੰ ਵਧੀਕ ਜੱਜ ਨਿਯੁਕਤ ਕੀਤਾ ਗਿਆ ਹੈ। ਦਿੱਲੀ ਜ਼ਿਲ੍ਹਾ ਨਿਆਂਪਾਲਿਕਾ ਅਤੇ ਨਿਆਂਇਕ ਪ੍ਰਸ਼ਾਸਨ ਤੋਂ ਪਦ-ਉੱਨਤ ਹੋਏ ਇਹ ਸਾਰੇ ਸੱਤ ਨਿਆਂਇਕ ਅਧਿਕਾਰੀ ਸਹੁੰ ਚੁੱਕ ਸਮਾਗਮ ਤੋਂ ਬਾਅਦ ਰਸਮੀ ਤੌਰ ਤੇ ਅਹੁਦੇ ਤੇ ਬਿਰਾਜਮਾਨ ਹੋ ਗਏ। ਇਸ ਸਮਾਗਮ ਵਿੱਚ ਦਿੱਲੀ ਹਾਈ ਕੋਰਟ ਦੇ ਸਾਰੇ ਮੌਜੂਦਾ ਜੱਜਾਂ ਤੋਂ ਇਲਾਵਾ ਸੀਨੀਅਰ ਨਿਆਂਇਕ ਅਧਿਕਾਰੀ, ਰਜਿਸਟਰੀ ਦੇ ਮੈਂਬਰ, ਵਕੀਲ ਅਤੇ ਨਵੇਂ ਨਿਯੁਕਤ ਜੱਜਾਂ ਦੇ ਪਰਿਵਾਰਕ ਮੈਂਬਰ ਸ਼ਾਮਲ ਹੋਏ।

ਭਾਰਤ ਦੇ ਮੁੱਖ ਜੱਜ ਸੂਰਿਆ ਕਾਂਤ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਕਾਲੇਜੀਅਮ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਸ਼ਨਿੱਚਰਵਾਰ ਨੂੰ ਇਹ ਨਿਯੁਕਤੀਆਂ ਨੋਟੀਫਾਈ ਕੀਤੀਆਂ ਗਈਆਂ ਸਨ। ਕਾਲੇਜੀਅਮ ਨੇ 10 ਸਤੰਬਰ ਨੂੰ ਹੋਈ ਆਪਣੀ ਬੈਠਕ ਵਿੱਚ ਦਿੱਲੀ ਹਾਈ ਕੋਰਟ ਵਿੱਚ ਪਦ-ਉੱਨਤੀ ਲਈ ਅੱਠ ਨਿਆਂਇਕ ਅਧਿਕਾਰੀਆਂ ਦੇ ਨਾਵਾਂ ਦੀ ਸਿਫ਼ਾਰਸ਼ ਕੀਤੀ ਸੀ। ਇਸ ਤੋਂ ਬਾਅਦ ਕੇਂਦਰ ਨੇ ਸੱਤ ਨਿਆਂਇਕ ਅਧਿਕਾਰੀਆਂ ਦੀ ਨਿਯੁਕਤੀ ਨੂੰ ਨੋਟੀਫਾਈ ਕੀਤਾ।

ਨਵੇਂ ਪਦ-ਉੱਨਤ ਹੋਏ ਜੱਜਾਂ ਵਿੱਚ ਅਰੁਣ ਭਾਰਦਵਾਜ ਆਪਣੀ ਪਦ-ਉੱਨਤੀ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਵਜੋਂ ਸੇਵਾ ਨਿਭਾ ਰਹੇ ਸਨ। ਹੋਰ ਨਿਯੁਕਤ ਵਿਅਕਤੀਆਂ ਨੇ ਦਿੱਲੀ ਜ਼ਿਲ੍ਹਾ ਨਿਆਂਪਾਲਿਕਾ ਵਿੱਚ ਪ੍ਰਿੰਸੀਪਲ ਜ਼ਿਲ੍ਹਾ ਤੇ ਸੈਸ਼ਨ ਜੱਜ ਅਤੇ ਵਿਸ਼ੇਸ਼ ਜੱਜ ਸਮੇਤ ਕਈ ਸੀਨੀਅਰ ਅਹੁਦਿਆਂ ਤੇ ਸੇਵਾ ਨਿਭਾਈ ਹੈ।

ਇਹ ਨਿਯੁਕਤੀਆਂ ਅਜਿਹੇ ਸਮੇਂ ਹੋਈਆਂ ਹਨ ਜਦੋਂ ਦਿੱਲੀ ਹਾਈ ਕੋਰਟ ਵਿੱਚ ਜੱਜਾਂ ਦੀ ਮਨਜ਼ੂਰਸ਼ੁਦਾ ਗਿਣਤੀ 60 ਹੈ। ਸੱਤ ਨਿਆਂਇਕ ਅਧਿਕਾਰੀਆਂ ਦੀ ਨਿਯੁਕਤੀ ਨਾਲ ਹਾਈ ਕੋਰਟ ਵਿੱਚ ਕੰਮ ਕਰ ਰਹੇ ਜੱਜਾਂ ਦੀ ਗਿਣਤੀ ਹੁਣ ਵਧ ਕੇ 50 ਹੋ ਗਈ ਹੈ। ਨਿਆਂਇਕ ਅਧਿਕਾਰੀਆਂ ਦੀ ਪਦ-ਉੱਨਤੀ ਇਸ ਲਈ ਵੀ ਮਹੱਤਵਪੂਰਨ ਹੈ, ਕਿਉਂਕਿ ਇਹ ਹਾਈ ਕੋਰਟ ਬੈਂਚ ਵਿੱਚ ਟਰਾਇਲ ਕੋਰਟ ਅਤੇ ਨਿਆਂਇਕ ਪ੍ਰਸ਼ਾਸਕੀ ਖੇਤਰ ਦਾ ਵਿਆਪਕ ਤਜ਼ਰਬਾ ਲੈ ਕੇ ਆਉਂਦੀ ਹੈ। ਇਸ ਨਾਲ ਸੰਸਥਾ ਦੀ ਨਿਆਂਇਕ ਸਮਰੱਥਾ ਹੋਰ ਮਜ਼ਬੂਤ ਹੋਵੇਗੀ, ਖਾਸ ਕਰਕੇ ਅਜਿਹੇ ਸਮੇਂ ਜਦੋਂ ਅਦਾਲਤ ਬਕਾਇਆ ਮਾਮਲਿਆਂ ਅਤੇ ਖਾਲੀ ਪਈਆਂ ਆਸਾਮੀਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਲਗਾਤਾਰ ਕੰਮ ਕਰ ਰਹੀ ਹੈ।

Continue Reading

National

ਮੀਂਹ ਦੇ ਪਾਣੀ ਨਾਲ ਭਰੇ ਡੂੰਘੇ ਟੋਏ ਵਿੱਚ ਡੁੱਬਣ ਕਾਰਨ 3 ਬੱਚਿਆਂ ਦੀ ਮੌਤ

Published

on

By

ਬਾਰਾਬੰਕੀ, 21 ਸਤੰਬਰ (ਸ.ਬ.) ਬਾਰਾਬੰਕੀ ਜ਼ਿਲ੍ਹੇ ਦੇ ਕੁਰਸੀ ਇਲਾਕੇ ਵਿਚ ਮੀਂਹ ਦੇ ਪਾਣੀ ਨਾਲ ਭਰੇ ਇਕ ਡੂੰਘੇ ਟੋਏ ਵਿਚ ਤਿੰਨ ਮੁੰਡਿਆਂ ਦੀ ਡੁੱਬ ਜਾਣ ਨਾਲ ਮੌਤ ਹੋ ਗਈ। ਪੁਲੀਸ ਨੇ ਅੱਜ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੈਨਾ ਪਿੰਡ ਵਿਚ ਉਸਾਰੀ ਅਧੀਨ ਇਕ ਪੋਲਟਰੀ ਫਾਰਮ ਤੋਂ ਮਿੱਟੀ ਕੱਢਣ ਲਈ ਇਕ ਡੂੰਘਾ ਟੋਆ ਪੁੱਟਿਆ ਗਿਆ ਸੀ, ਜੋ ਹਾਲ ਹੀ ਵਿਚ ਹੋਈ ਭਾਰੀ ਬਾਰਿਸ਼ ਕਾਰਨ ਪਾਣੀ ਨਾਲ ਭਰ ਗਿਆ ਸੀ।

ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਉਸੇ ਪਿੰਡ ਦੇ ਰਹਿਣ ਵਾਲੇ ਦੇਵਾ (13), ਸੁਮਿਤ (12) ਅਤੇ ਦਿਵਯਾਂਸ਼ (10) ਟੋਏ ਵਿੱਚ ਨਹਾ ਰਹੇ ਸਨ, ਜਦੋਂ ਉਹ ਡੂੰਘੀ ਗਹਿਰਾਈ ਵਿਚ ਜਾਣ ਨਾਲ ਉਹ ਵੀ ਡੁੱਬ ਗਏ। ਪੁਲੀਸ ਨੇ ਦੱਸਿਆ ਕਿ ਬੱਚਿਆਂ ਦੇ ਰੋਣ ਦੀ ਆਵਾਜ਼ ਸੁਣ ਕੇ ਮੌਕੇ ਤੇ ਪਹੁੰਚੇ ਪਿੰਡ ਵਾਸੀਆਂ ਨੇ ਦੇਵਾ ਅਤੇ ਸੁਮਿਤ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਦਿਵਯਾਂਸ਼ ਨਹੀਂ ਮਿਲਿਆ ਤਾਂ ਪੁਲੀਸ ਨੇ ਸਥਾਨਕ ਗੋਤਾਖੋਰਾਂ ਦੀ ਮਦਦ ਨਾਲ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ।

ਬੀਤੀ ਦੇਰ ਰਾਤ ਟੋਏ ਵਿੱਚੋਂ ਉਸਦੀ ਲਾਸ਼ ਬਰਾਮਦ ਕਰ ਲਈ। ਪੁਲੀਸ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਤੇ ਫਤਿਹਪੁਰ ਦੇ ਉਪ-ਜ਼ਿਲ੍ਹਾ ਮੈਜਿਸਟਰੇਟ ਕਾਰਤੀਕੇਯ ਸਿੰਘ ਅਤੇ ਪੁਲੀਸ ਸਰਕਲ ਅਫਸਰ ਜਗਤਰਾਮ ਕੰਨੌਜੀਆ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਉਨ੍ਹਾਂ ਕਿਹਾ ਕਿ ਪੁਲੀਸ ਇਸ ਮਾਮਲੇ ਵਿੱਚ ਲੋੜੀਂਦੀ ਕਾਨੂੰਨੀ ਕਾਰਵਾਈ ਕਰ ਰਹੀ ਹੈ।

Continue Reading

National

ਸੜਕ ਹਾਦਸੇ ਦੌਰਾਨ ਫੁੱਟਬਾਲ ਖਿਡਾਰੀ ਦੀ ਮੌਤ, 1 ਜ਼ਖਮੀ

Published

on

By

ਕੋਝੀਕੋਡ, 21 ਸਤੰਬਰ (ਸ.ਬ.) ਕੇਰਲ ਦੇ ਗਾਂਧੀ ਰੋਡ ਫਲਾਈਓਵਰ ਤੇ 2 ਮੋਟਰਸਾਈਕਲਾਂ ਦੀ ਟੱਕਰ ਵਿੱਚ ਇਕ ਫੁੱਟਬਾਲਰ ਦੀ ਮੌਤ ਹੋ ਗਈ ਅਤੇ ਦੂਜਾ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਤ੍ਰਿਸ਼ੂਰ ਦੇ ਓਲੁਰ ਵਾਸੀ ਅਤੇ ਕਾਲੀਕਟ ਐਫਸੀ ਦੇ ਖਿਡਾਰੀ ਰਿਜਾਨ ਜੋਸ (29) ਵਜੋਂ ਹੋਈ ਹੈ। ਜ਼ਖ਼ਮੀ ਖਿਡਾਰੀ ਦੀ ਪਛਾਣ ਗਨੀ ਅਹਿਮਦ ਨਿਗਮ ਵਜੋਂ ਹੋਈ ਹੈ। ਦੋਵੇਂ ਕੋਝੀਕੋਡ ਪਹੁੰਚੇ ਸਨ, ਕਿਉਂਕਿ ਕਾਲੀਕਟ ਐਫਸੀ ਆਉਣ ਵਾਲੀ ਸੁਪਰ ਲੀਗ ਕੇਰਲ ਦੀ ਤਿਆਰੀ ਕਰ ਰਿਹਾ ਸੀ, ਜੋ 25 ਸਤੰਬਰ ਨੂੰ ਸ਼ੁਰੂ ਹੋਣ ਵਾਲੀ ਸੀ।

ਰਿਜਾਨ ਨੇ ਐਸਐਲਕੇ ਦੇ ਪਿਛਲੇ ਸੀਜ਼ਨ ਵਿੱਚ ਫੋਕਰਾ ਕੋਚੀ ਲਈ ਡਿਫੈਂਡਰ ਵਜੋਂ ਖੇਡਿਆ ਸੀ। ਪੁਲੀਸ ਅਨੁਸਾਰ, ਇਹ ਹਾਦਸਾ ਬੀਤੀ ਰਾਤ ਕਰੀਬ 10.40 ਵਜੇ ਕੋਝੀਕੋਡ ਵਿੱਚ ਕ੍ਰਿਸ਼ਚੀਅਨ ਕਾਲਜ ਕੋਲ ਇਕ ਫਲਾਈਓਵਰ ਤੇ ਹੋਇਆ। ਪੁਲੀਸ ਨੇ ਦੱਸਿਆ ਕਿ ਜਿਹੜੇ 2 ਫੁੱਟਬਾਲਰਾਂ ਦੀ ਮੋਟਰਸਾਈਕਲ ਸੀ, ਉਹ ਉਲਟ ਦਿਸ਼ਾ ਵਲੋਂ ਆ ਰਹੇ ਇਕ ਹੋਰ ਦੋਪਹੀਆ ਵਾਹਨ ਨਾਲ ਟਕਰਾ ਗਈ।

ਟੱਕਰ ਤੋਂ ਬਾਅਦ ਦੋਵੇਂ ਫੁੱਟਬਾਲਰ ਸੜਕ ਤੇ ਡਿੱਗ ਗਏ ਅਤੇ ਰਿਜਾਨ ਨੂੰ ਗੰਭੀਰ ਸੱਟਾਂ ਲੱਗੀਆਂ। ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੂੰ ਕੋਲ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਰਿਜਾਨ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਨਿਗਮ ਦੀ ਹਾਲਤ ਸਥਿਰ ਹੈ। ਕਾਲੀਕਟ ਐਫਸੀ ਦੇ ਮੈਨੇਜਰ ਦੀ ਸ਼ਿਕਾਇਤ ਦੇ ਆਧਾਰ ਤੇ ਨਡਾਕਾਵੂ ਪੁਲੀਸ ਨੇ ਉਸ ਮੋਟਰਸਾਈਕਲ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ, ਜਿਸ ਦੀ ਬਾਈਕ ਫੁੱਟਬਾਲਰਾਂ ਦੇ ਵਾਹਨ ਨਾਲ ਟਕਰਾਈ ਸੀ। ਪੁਲੀਸ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ।

Continue Reading

Latest News

Trending