Mohali
ਫੇਜ਼ 3 ਬੀ 2 ਟਰੇਡਰਸ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦਾ ਵਫਦ ਮੇਅਰ ਜੀਤੀ ਸਿੱਧੂ ਨੂੰ ਮਿਲਿਆ
ਨਜਾਇਜ਼ ਤੌਰ ਤੇ ਲੱਗਦੀਆਂ ਰੇਹੜੀਆਂ ਨੂੰ ਚੁਕਵਾਉਣ, ਪੁਲੀਸ ਬੀਟ ਬਾਕਸ ਬਣਵਾਉਣ ਅਤੇ ਦੁਕਾਨਾਂ ਦਾ ਰਾਤ ਦਾ ਸਮਾਂ ਫਿਕਸ ਕਰਵਾਉਣ ਦੀ ਮੰਗ ਕੀਤੀ
ਐਸ ਏ ਐਸ ਨਗਰ, 3 ਦਸੰਬਰ (ਸ.ਬ.) ਟਰੇਡਰਸ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼ 3 ਬੀ2 ਦਾ ਇੱਕ ਵਫਦ ਪ੍ਰਧਾਨ ਅਕਬਿੰਦਰ ਸਿੰਘ ਗੋਸਲ ਦੀ ਅਗਵਾਈ ਹੇਠ ਮਾਰਕੀਟ ਦੀਆਂ ਸਮੱਸਿਆਵਾਂ ਨੂੰ ਲੈ ਕੇ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਦੁਕਾਨਦਾਰਾਂ ਨੂੰ ਦਰਪੇਸ਼ ਮਸਲਿਆਂ ਦਾ ਹਲ ਕੀਤਾ ਜਾਵੇ।
ਵਫਦ ਨੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੂੰ ਕਿਹਾ ਕਿ ਫੇਜ਼-3ਬੀ2 ਦੀ ਮਾਰਕੀਟ ਵਿੱਚ ਨਜਾਇਜ਼ ਰੇਹੜੀ ਫੜ੍ਹੀ ਵਾਲਿਆਂ ਦੀ ਭਰਮਾਰ ਹੈ ਅਤੇ ਇੱਥੇ ਖਾਣ-ਪੀਣ ਵਾਲੀਆਂ ਦੁਕਾਨਾਂ ਸਾਰੀ ਰਾਤ ਖੁੱਲੀਆਂ ਰਹਿੰਦੀਆਂ ਹਨ, ਜਿੱਥੇ ਲੋਕ ਖੁੱਲੇ ਵਿੱਚ ਆਪਣੀਆਂ ਗੱਡੀਆਂ ਵਿੱਚ ਬੈਠ ਕੇ ਸ਼ਰਾਬ ਪੀਂਦੇ ਹਨ ਅਤੇ ਰੇਹੜੀ ਫੜ੍ਹੀ ਵਾਲੇ ਇਨ੍ਹਾਂ ਨੂੰ ਗਲਾਸ, ਪੀਣ ਵਾਲਾ ਪਾਣੀ ਅਤੇ ਸਨੈਕਸ ਸਪਲਾਈ ਕਰਦੇ ਹਨ ਜਿਸ ਕਾਰਨ ਇੱਥੇ ਨਿੱਤ ਆਏ ਦਿਨ ਲੜਾਈ ਝਗੜੇ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਅਤੇ ਰੋਜ਼ਾਨਾ ਹੁੰਦੇ ਝਗੜਿਆਂ ਕਾਰਨ ਕਿਸੇ ਵੀ ਸਮੇਂ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਗੰਭੀਰ ਰੂਪ ਵਿੱਚ ਖਰਾਬ ਹੋ ਸਕਦੀ ਹੈ। ਇਹ ਰੇਹੜੀ ਫੜ੍ਹੀ ਵਾਲੇ ਮਾਰਕੀਟ ਦੀ ਪਾਰਕਿੰਗ ਵਿੱਚ ਕਮਰਸ਼ੀਅਲ ਵਾਹਨ (ਛੋਟਾ ਹਾਥੀ) ਲੈ ਕੇ ਕਿਸੇ ਵੀ ਥਾਂ ਤੇ ਖੜ੍ਹ ਜਾਂਦੇ ਹਨ ਜਿਸ ਨਾਲ ਮਾਰਕੀਟ ਵਿੱਚ ਬਣੇ ਸ਼ੋਰੂਮਾਂ ਅਤੇ ਬੂਥਾਂ ਵਿੱਚ ਚੱਲ ਰਹੀਆਂ ਦੁਕਾਨਾਂ ਵਿੱਚ ਆਉਣ ਜਾਣ ਵਾਲੇ ਗਾਹਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਵਫ਼ਦ ਨੇ ਕਿਹਾ ਕਿ ਦੁਕਾਨਦਾਰਾਂ ਵੱਲੋਂ ਕਈ ਵਾਰ ਇਨ੍ਹਾਂ ਰੇਹੜੀ ਫੜ੍ਹੀ ਜਾਂ ਕਮਰਸ਼ੀਅਲ ਵਹੀਕਲਾਂ ਨੂੰ ਮਾਰਕੀਟ ਦੀ ਪਾਰਕਿੰਗ ਵਿਚ ਖੜ੍ਹਾ ਕਰਨ ਤੋਂ ਰੋਕਿਆ ਗਿਆ ਪਰੰਤੂ ਰੇਹੜੀ ਫੜ੍ਹੀ ਵਾਲੇ ਵਾਰ-ਵਾਰ ਕਹਿਣ ਤੇ ਵੀ ਨਹੀਂ ਹਟਦੇ ਅਤੇ ਕੁਝ ਰੇਹੜੀ ਫੜ੍ਹੀ ਵਾਲੇ (ਜੋ ਕਿ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਹੁੰਦੇ ਹਨ ਅਤੇ ਉਨ੍ਹਾਂ ਕੋਲ ਤੇਜ਼ਧਾਰ ਹਥਿਆਰ ਹੁੰਦੇ ਹਨ) ਦੁਕਾਨਦਾਰਾਂ ਨੂੰ ਅਪਸ਼ਬਦ ਬੋਲਦੇ ਹਨ ਅਤੇ ਕਹਿੰਦੇ ਹਨ ਕਿ ਜੋ ਤੁਹਾਡੇ ਤੋਂ ਹੁੰਦਾ ਕਰ ਲਵੋ ਅਸੀਂ ਤਾਂ ਇੱਥੇ ਹੀ ਰੇਹੜੀ ਲਾਵਾਂਗੇ। ਇਨ੍ਹਾਂ ਨੂੰ ਪੁਲੀਸ ਅਤੇ ਜਿਲ੍ਹੇ ਦੇ ਹੋਰ ਪ੍ਰਸ਼ਾਸਨ ਦਾ ਕੋਈ ਡਰ ਨਹੀ ਹੈ ਅਤੇ ਇਹ ਕਿਸੇ ਵੀ ਸਮੇਂ ਮਾਰਕੀਟ ਵਿੱਚ ਅਮਨ ਅਤੇ ਕਾਨੂੰਨ ਦੀ ਵਿਵਸਥਾ ਖਰਾਬ ਕਰ ਸਕਦੇ ਹਨ, ਜਿਸ ਨਾਲ ਕਿਸੇ ਦਾ ਜਾਨੀ-ਮਾਲੀ ਨੁਕਸਾਨ ਹੋਣ ਦਾ ਵੀ ਡਰ ਹੈ।
ਇਸ ਮੌਕੇ ਵਫਦ ਨੇ ਮੰਗ ਕੀਤੀ ਕਿ ਮਾਰਕੀਟ ਵਿੱਚ ਆਉਣ ਵਾਲੇ ਗਾਹਕਾਂ ਅਤੇ ਮਾਰਕੀਟ ਦੇ ਸ਼ੋਅਰੂਮਾਂ ਅਤੇ ਬੂਥਾਂ ਵਿਚ ਆਪਣਾ ਕਾਰੋਬਾਰ ਕਰ ਰਹੇ ਵਪਾਰੀਆਂ ਦੀ ਸੁਰੱਖਿਆ ਲਈ ਅਤੇ ਇਨ੍ਹਾਂ ਨੂੰ ਪੇਸ਼ ਆ ਰਹੀਆਂ ਹੋਰ ਮੁਸ਼ਕਿਲ ਦਾ ਹੱਲ ਕਰਨ ਲਈ ਉਕਤ ਰੇਹੜੀ ਫੜ੍ਹੀ ਵਾਲਿਆਂ ਨੂੰ ਮਾਰਕੀਟ ਦੀ ਪਾਰਕਿੰਗ ਵਿੱਚੋਂ ਹਟਾਇਆ ਜਾਵੇ ਅਤੇ ਸਾਰੀ ਰਾਤ ਖੁੱਲਣ ਵਾਲੀਆਂ ਦੁਕਾਨਾਂ ਨੂੰ ਸਮਾਬੱਧ ਕਰਦੇ ਹੋਏ ਦੁਕਾਨਾਂ ਦਾ ਸਮਾਂ ਰਾਤ 12 ਵਜੇ ਤੱਕ ਨਿਰਧਾਰਤ ਕੀਤੀ ਜਾਵੇ। ਇਸਦੇ ਨਾਲ ਹੀ ਮਾਰਕੀਟ ਵਿੱਚ ਪੁਲੀਸ ਦਾ ਬੀਟ ਬਾਕਸ ਵੀ ਬਣਾਇਆ ਜਾਵੇ ਤਾਂ ਜੋ ਅਮਨ ਕਾਨੂੰਨ ਦੀ ਸਥਿਤੀ ਉੱਤੇ ਕਾਬੂ ਪਾਇਆ ਜਾ ਸਕੇ।
ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਵਫਦ ਨੂੰ ਭਰੋਸਾ ਦਵਾਇਆ ਕਿ ਉਹਨਾਂ ਦੀਆਂ ਮੰਗਾਂ ਦੇ ਹੱਲ ਲਈ ਫੌਰੀ ਤੌਰ ਤੇ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪਿਛਲੀ ਮੀਟਿੰਗ ਵਿੱਚ ਵੀ ਦੁਕਾਨਾਂ ਦਾ ਸਮਾਂ ਫਿਕਸ ਕਰਨ ਦੀ ਗੱਲ ਹੋਈ ਸੀ ਪਰ ਅਗਲੀ ਮੀਟਿੰਗ ਵਿੱਚ ਇਸ ਸਬੰਧੀ ਏਜੰਡਾ ਲਿਆ ਕੇ ਸਮੁੱਚੇ ਮੁਹਾਲੀ ਦੀਆਂ ਦੁਕਾਨਾਂ ਨੂੰ ਰਾਤ 12 ਵਜੇ ਬੰਦ ਕਰਨ ਦਾ ਮਤਾ ਪਾਸ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਰੇਹੜੀਆਂ ਫੜੀਆਂ ਉੱਤੇ ਕਾਬੂ ਪਾਉਣ ਲਈ ਟੀਮ ਬਣਾ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਜਿੱਥੋਂ ਤੱਕ ਬੀਟ ਬਾਕਸ ਦੀ ਗੱਲ ਹੈ ਤਾਂ ਇਸ ਸਬੰਧੀ ਉਹ ਐਸਐਸਪੀ ਮੁਹਾਲੀ ਨੂੰ ਪੱਤਰ ਲਿਖ ਰਹੇ ਹਨ ਤਾਂ ਜੋ ਇਹ ਸਮੱਸਿਆ ਦਾ ਵੀ ਪੱਕੇ ਤੌਰ ਤੇ ਹੱਲ ਹੋ ਸਕੇ ਕਿਉਂਕਿ ਇਸ ਮਾਰਕੀਟ ਵਿੱਚ ਸ਼ਰਾਰਤੀ ਅਨਸਰ ਵੱਧ ਰਹੇ ਹਨ ਅਤੇ ਉਹਨਾਂ ਨੂੰ ਕਈ ਸ਼ਿਕਾਇਤਾਂ ਆਈਆਂ ਹਨ ਕਿ ਇਸ ਮਾਰਕੀਟ ਵਿੱਚ ਪਰਿਵਾਰ ਸਮੇਤ ਜਾਣਾ ਮੁਸ਼ਕਿਲ ਹੋਇਆ ਪਿਆ ਹੈ।
Mohali
ਫਿਲਮੀ ਕਲਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਨੂੰ ਧਮਕੀ ਦੇਣ ਦੇ ਮਾਮਲੇ ਵਿੱਚ ਅਦਾਲਤ ਨੇ ਗੈਂਗਸਟਰ ਦਿਲਪ੍ਰੀਤ ਬਾਬਾ ਅਤੇ ਸੁਖਪ੍ਰੀਤ ਬੁੱਢਾ ਨੂੰ ਕੀਤਾ ਬਰੀ
ਮੁਹਾਲੀ ਪੁਲੀਸ ਅਦਾਲਤ ਵਿੱਚ ਸਾਬਿਤ ਨਹੀਂ ਕਰ ਪਾਈ ਗਿੱਪੀ ਗਰੇਵਾਲ ਤੋਂ ਫਿਰੌਤੀ ਮੰਗਣ ਦੀ ਗੱਲ
ਐਸ ਏ ਐਸ ਨਗਰ, 4 ਦਸੰਬਰ (ਜਸਬੀਰ ਸਿੰਘ ਜੱਸੀ) ਪੰਜਾਬੀ ਗਾਇਕ ਅਤੇ ਫਿਲਮੀ ਕਲਾਕਾਰ ਗਿੱਪੀ ਗਰੇਵਾਲ ਨੂੰ ਫਿਰੌਤੀ ਲਈ ਧਮਕੀ ਦੇਣ ਦੇ ਮਾਮਲੇ ਵਿੱਚ ਮੁਹਾਲੀ ਪੁਲੀਸ ਗੈਂਗਸਟਰ ਦਿਲਪ੍ਰੀਤ ਬਾਬਾ ਅਤੇ ਸੁਖਪ੍ਰੀਤ ਬੁੱਢਾ ਵਲੋਂ ਫਿਰੌਤੀ ਮੰਗਣ ਦੀ ਗੱਲ ਅਦਾਲਤ ਵਿਚ ਸਾਬਤ ਨਹੀਂ ਕਰ ਸਕੀ, ਜਿਸ ਕਾਰਨ ਜੂਡੀਸ਼ੀਅਲ ਮੈਜਿਸਟ੍ਰੇਟ ਸਵਿਤਾ ਦਾਸ ਦੀ ਅਦਾਲਤ ਵਲੋਂ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦਿਲਪ੍ਰੀਤ ਬਾਬਾ ਅਤੇ ਸੁਖਪ੍ਰੀਤ ਬੁੱਢਾ ਨੂੰ ਬਾਇੱਜਤ ਬਰੀ ਕਰਨ ਦੇ ਹੁਕਮ ਸੁਣਾਏ ਹਨ।
ਮੁਹਾਲੀ ਪੁਲੀਸ ਅਦਾਲਤ ਵਿੱਚ ਵੁਆਇਸ ਮੈਸਜ ਅਤੇ ਚੈਟ ਦਾ ਰਿਕਾਰਡ ਵੀ ਆਨ ਰਿਕਾਰਡ ਲਿਆਉਣ ਵਿੱਚ ਫੇਲ੍ਹ ਸਾਬਤ ਹੋਈ ਹੈ। ਉਧਰ ਅਦਾਲਤ ਵਲੋਂ ਇਸ ਮਾਮਲੇ ਵਿੱਚ ਬੰਬੀਹਾ ਗਰੁੱਪ ਚਲਾਉਣ ਵਾਲੇ ਲੱਕੀ ਪਟਿਆਲ ਦੀ ਪਤਨੀ ਰੇਨੂੰ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਹੈ। ਰੇਨੂੰ ਨਾਂ ਦੀ ਮੁਲਜਮ ਵਲੋਂ ਅਦਾਲਤ ਵਿੱਚੋਂ ਲਗਾਤਾਰ ਗੈਰ ਹਾਜਰ ਰਹਿਣ ਕਾਰਨ ਅਦਾਲਤ ਵਲੋਂ ਉਸ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਸਨ।
ਰੇਨੂੰ ਤੇ ਦੋਸ਼ ਹੈ ਕਿ ਦਿਲਪ੍ਰੀਤ ਬਾਬਾ ਨੇ ਜਦੋਂ ਫਿਰੌਤੀ ਮੰਗਣ ਦੀ ਯੋਜਨਾ ਬਣਾਈ ਸੀ, ਉਸ ਯੋਜਨਾ ਸਮੇਂ ਰੇਨੂੰ ਵੀ ਉਨਾਂ ਦੇ ਨਾਲ ਸੀ। ਰੇਨੂੰ ਉਤਰਾਖੰਡ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਲੱਕੀ ਨਾਲ ਪ੍ਰੇਮ ਵਿਆਹ ਹੋਇਆ ਦੱਸਿਆ ਜਾ ਰਿਹਾ ਹੈ। ਲੱਕੀ ਇਸ ਸਮੇਂ ਅਰਮੀਨੀਆ ਦੀ ਜੇਲ ਵਿਚ ਦੱਸਿਆ ਜਾ ਰਿਹਾ ਹੈ। ਪੁਲੀਸ ਵਲੋਂ ਇਸ ਮਾਮਲੇ ਵਿੱਚ ਦਿਲਪ੍ਰੀਤ ਬਾਬਾ, ਸੁਖਪ੍ਰੀਤ ਬੁੱਢਾ ਅਤੇ ਰੇਨੂੰ ਵਿਰੁਧ ਧਾਰਾ 387, 506, 201, 120ਬੀ ਦੇ ਤਹਿਤ ਮਾਮਲਾ ਦਰਜ ਕੀਤਾ ਸੀ।
ਗਾਇਕ ਗਿੱਪੀ ਗਰੇਵਾਲ ਦੀ ਸ਼ਿਕਾਇਤ ਤੇ ਦਿਲਪ੍ਰੀਤ ਖਿਲਾਫ ਦਰਜ ਹੋਇਆ ਸੀ ਮਾਮਲਾ
ਜਿਕਰਯੋਗ ਹੈ ਕਿ ਥਾਣਾ ਫੇਜ-8 ਦੀ ਪੁਲੀਸ ਨੇ ਗਾਇਕ ਰੁਪਿੰਦਰ ਸਿੰਘ ਉਰਫ ਗਿੱਪੀ ਗਰੇਵਾਲ ਤੋਂ ਫਿਰੌਤੀ ਮੰਗਣ ਦੀ ਸ਼ਿਕਾਇਤ ਤੋਂ ਬਾਅਦ ਦਿਲਪ੍ਰੀਤ ਬਾਬਾ ਖਿਲਾਫ ਫਿਰੌਤੀ ਲਈ ਧਮਕੀ ਦੇਣ ਦਾ ਮਾਮਲਾ ਦਰਜ ਕੀਤਾ ਸੀ ਅਤੇ ਨਾਲ ਹੀ ਜਿਲਾ ਪੁਲੀਸ ਮੁਖੀ ਵਲੋਂ ਗਿੱਪੀ ਗਰੇਵਾਲ ਨੂੰ ਸੁਰੱਖਿਆ ਵੀ ਮੁਹੱਈਆ ਕਰਵਾਈ ਗਈ ਸੀ। ਇਸ ਮਾਮਲੇ ਵਿੱਚ ਗਿੱਪੀ ਗਰੇਵਾਲ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਦਿਲਪ੍ਰੀਤ ਬਾਬੇ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਉਸ ਨਾਲ ਗੱਲ ਨਾਲ ਕੀਤੀ ਤਾਂ ਗਿੱਪੀ ਦਾ ਹਾਲ ਪ੍ਰਮੀਸ਼ ਵਰਮਾ ਅਤੇ ਚਮਕੀਲੇ ਵਰਗਾ ਹੋਵੇਗਾ। ਗਿੱਪੀ ਨੇ ਪੁਲੀਸ ਨੂੰ ਉਕਤ ਮੋਬਾਇਲ ਨੰਬਰ ਜਿਸ ਤੋਂ ਧਮਕੀ ਮਿਲੀ ਸੀ, ਵੀ ਦਿੱਤੇ ਸਨ। ਇਸ ਮਾਮਲੇ ਵਿੱਚ ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ ਅਰਮੀਨੀਆ ਤੋਂ ਭਾਰਤ ਲਿਆ ਕੇ ਨਾਮਜ਼ਦ ਕੀਤਾ ਗਿਆ ਸੀ।
ਦਿਲਪ੍ਰੀਤ ਬਾਬੇ ਨੇ ਫਿਰੌਤੀ ਲਈ ਧਮਕੀ ਦੇਣ ਤੋਂ ਕੀਤਾ ਸੀ ਇਨਕਾਰ
ਅਖਬਾਰਾਂ ਵਿੱਚ ਗਿੱਪੀ ਗਰੇਵਾਲ ਨੂੰ ਧਮਕੀ ਦੇਣ ਸਬੰਧੀ ਛਪੀਆਂ ਖਬਰਾਂ ਤੋਂ ਬਾਅਦ ਦਿਲਪ੍ਰੀਤ ਬਾਬੇ ਨੇ ਫੇਸਬੁੱਕ ਤੇ ਪੋਸਟ ਪਾ ਕੇ ਗਿੱਪੀ ਗਰੇਵਾਲ ਨੂੰ ਦਿੱਤੀ ਧਮਕੀ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਉਸ ਦੀ ਗਿੱਪੀ ਗਰੇਵਾਲ ਨਾਲ ਕਦੇ ਗੱਲ ਹੀ ਨਹੀਂ ਹੋਈ, ਉਸ ਨੇ ਗਿੱਪੀ ਗਰੇਵਾਲ ਦੇ ਮੈਨੇਜਰ ਨੂੰ ਫੋਨ ਕਰਕੇ ਕਿਹਾ ਸੀ ਕਿ ਗਿੱਪੀ ਗਰੇਵਾਲ ਆਪਣੇ ਗਾਣਿਆਂ ਵਿੱਚ ਹਥਿਆਰ ਨਾ ਦਿਖਾਇਆ ਕਰੇ।
Mohali
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਸਬੰਧੀ ਮਹਾਨ ਨਗਰ ਕੀਰਤਨ ਦਾ ਆਯੋਜਨ
ਐਸ ਏ ਐਸ ਨਗਰ, 4 ਦਸੰਬਰ (ਸ.ਬ.) ਗੁਰਦੁਆਰਾ ਤਾਲਮੇਲ ਕਮੇਟੀ ਸਾਹਿਬਜਾਦਾ ਅਜੀਤ ਸਿੰਘ ਨਗਰ ਦੀ ਕੋਰ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਸਬੰਧੀ ਮਹਾਨ ਨਗਰ ਕੀਰਤਨ ਆਯੋਜਿਤ ਕੀਤਾ ਗਿਆ।
ਨਗਰ ਕੀਰਤਨ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ, ਫੇਜ਼-4, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਆਰੰਭ ਹੋ ਕੇ ਬੋਗਨਵਿਲੀਆ ਗਾਰਡਨ ਫੇਜ਼-4 ਤੋਂ ਫੇਜ਼-5 ਦੀ ਮਾਰਕੀਟ, ਬਰਾੜ ਕੇਟਰਿੰਗ, ਮਿਲੇਨਿਯਮ ਸਕੂਲ ਫੇਜ਼-5 ਤੋਂ ਕਨਾਲ ਦੀਆਂ ਕੋਠੀਆਂ ਦੇ ਵਿਚੋਂ ਹੁੰਦਾ ਹੋਇਆ ਚੀਮਾ ਹਸਪਤਾਲ, 3-5 ਦੀਆਂ ਲਾਇਟਾਂ, 3-ਬੀ 2 ਗੁਰਦਆਰਾ ਸਾਚਾ ਧੰਨ, ਫੇਜ਼-7 ਮਾਰਕੀਟ ਦੀਆਂ ਬੱਤੀਆਂ ਵਾਲੇ ਚੌਂਕ ਤੋਂ ਹੁੰਦਾ ਹੋਇਆ ਗੁਰਦੁਆਰਾ ਅੰਬ ਸਾਹਿਬ ਫੇਜ਼-8, ਫੇਜ਼-9 ਦੇ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਸਮਾਪਤ ਹੋਇਆ।
ਗੁਰੂਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਫੇਜ਼ 4 ਦੇ ਪ੍ਰਧਾਨ ਅਮਰਜੀਤ ਸਿੰਘ ਪਾਹਵਾ ਨੇ ਦੱਸਿਆ ਕਿ ਇਹ ਨਗਰ ਕੀਰਤਨ ਜਿਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੀ ਯਾਦ ਵਿਚ ਕੱਢਿਆ ਜਾ ਰਿਹਾ ਹੈ, ਉਥੇ ਸਿੱਖ ਪੰਥ ਦੇ ਮਹਾਨ ਸ਼ਹੀਦ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਹੈ।
ਨਗਰ ਕੀਰਤਨ ਦੀ ਸ਼ੋਭਾ ਵਧਾਉਣ ਲਈ ਸਿੱਖ ਅਜਾਇਬਘਰ ਦੀ ਝਾਂਕੀ, ਗਤਕਾ ਪਾਰਟੀ, ਵੱਖ ਵੱਖ ਬੈਂਡ ਪਾਰਟੀਆਂ, ਸਕੂਲੀ ਵਿਦਿਆਰਥੀ ਅਤੇ ਕੀਰਤਨੀ ਜੱਥੇ ਸ਼ਾਮਿਲ ਹੋਏ। ਨਗਰ ਕੀਰਤਨ ਦੇ ਸਵਾਗਤ ਲਈ ਵੱਖ-ਵੱਖ ਥਾਵਾਂ ਤੇ ਸੰਗਤਾਂ ਵੱਲੋਂ ਲੰਗਰ ਦਾ ਆਯੋਜਨ ਵੀ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸz. ਜੋਗਿੰਦਰ ਸਿੰਘ ਸੌਂਧੀ, ਸz. ਮਨਜੀਤ ਸਿੰਘ ਮਾਨ, ਸz. ਕਰਮ ਸਿੰਘ ਬਬਰਾ, ਸz. ਪ੍ਰੀਤਮ ਸਿੰਘ, ਸz. ਸੁਰਜੀਤ ਸਿੰਘ ਮਠਾੜੂ, ਸz. ਗੁਰਮੁਖ ਸਿੰਘ ਸੋਹਲ, ਸz. ਗੁਰਵਿੰਦਰ ਸਿੰਘ ਪਿੰਕੀ, ਸz. ਬਲਜਿੰਦਰ ਸਿੰਘ ਬੇਦੀ, ਸz. ਨਿਰਮਲ ਸਿੰਘ, ਸz. ਅਮਰਜੀਤ ਸਿੰਘ ਕੋਹਲੀ, ਸz. ਜਗਦੀਪ ਸਿੰਘ, ਸz. ਹਰਪਾਲ ਸਿੰਘ ਅਰੋੜਾ, ਸz. ਜਸਪਾਲ ਸਿੰਘ ਸੋਢੀ, ਸz. ਆਰ ਪੀ ਸਿੰਘ, ਸz. ਜੋਗਿੰਦਰ ਸਿੰਘ ਜੋਗੀ, ਸz.ਜਗਜੀਤ ਸਿੰਘ, ਸz. ਸਵਿੰਦਰ ਸਿੰਘ, ਕੌਂਸਲਰ ਰੁਪਿੰਦਰ ਕੌਰ ਰੀਨਾ ਅਤੇ ਦਵਿੰਦਰ ਕੌਰ ਵਾਲੀਆ, ਸz. ਪਰਮਜੀਤ ਸਿੰਘ ਗਿਲ, ਸz. ਸੁਰਿੰਦਰ ਸਿੰਘ, ਸz. ਬਲਵਿੰਦਰ ਸਿੰਘ, ਸz. ਹਰਵਿੰਦਰ ਸਿੰਘ, ਸz. ਇੰਦਰਜੀਤ ਸਿੰਘ, ਸz. ਇੰਦਰਪਾਲ ਸਿੰਘ, ਸz. ਸਰਬਜੀਤ ਸਿੰਘ, ਸz. ਮਦਨਜੀਤ ਸਿੰਘ ਅਰੋੜਾ, ਸz. ਮਹਿੰਦਰ ਸਿੰਘ ਕਾਨਪੁਰੀ, ਸz. ਰੁਪਿੰਦਰ ਸਿੰਘ ਚੀਮਾ, ਗੁਰਦਿਆਲ ਸਿੰਘ ਢਿੱਲੋਂ, ਹਰਜੀਤ ਸਿੰਘ ਵਲੋਂ ਵੀ ਹਾਜਰੀ ਲਗਵਾਈ ਗਈ।
Mohali
ਗੁ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਤਾ ਗੁਰਗੱਦੀ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ
ਐਸ ਏ ਐਸ ਨਗਰ, 4 ਦਸੰਬਰ (ਸ.ਬ.) ਇੱਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਤਾ ਗੁਰਗੱਦੀ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਦਿਨ ਸਵੇਰੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ।
ਇਸ ਧਾਰਮਿਕ ਸਮਾਗਮ ਵਿੱਚ ਭਾਈ ਬਲਬੀਰ ਸਿੰਘ ਦੇ ਇੰਟਰਨੈਸ਼ਨਲ ਢਾਡੀ ਜੱਥੇ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਤਾ ਗੁਰਗੱਦੀ ਦੇਣ ਦੇ ਪੂਰੇ ਪ੍ਰਸੰਗ ਨੂੰ ਸੰਗਤਾਂ ਨੂੰ ਢਾਡੀ ਵਾਰਾਂ ਵਿੱਚ ਵਿਸਥਾਰ ਸਹਿਤ ਸਰਵਨ ਕਰਵਾਇਆ। ਉਨ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਉਚਾਰਨ ਦਸਮ ਗ੍ਰੰਥ ਦੀ ਬਾਣੀ ਬਾਰੇ ਵੀ ਸੰਗਤਾਂ ਨੂੰ ਵਿਸਥਾਰ ਸਹਿਤ ਜਾਣੂ ਕਰਵਾਇਆ। ਭਾਈ ਅਮਰਜੀਤ ਸਿੰਘ ਦੇ ਰਾਗੀ ਜੱਥੇ ਨੇ ਆਪਣੇ ਰਸ ਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ। ਭਾਈ ਸੰਦੀਪ ਸਿੰਘ, ਸ਼੍ਰੋਮਣੀ ਪ੍ਰਚਾਰਕ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਨੇ ਆਪਣੇ ਪ੍ਰਵਚਨਾਂ ਰਾਹੀਂ ਕਸ਼ਮੀਰੀ ਪੰਡਤਾਂ ਦੀ ਫਰਿਆਦ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵੱਲੋਂ ਬਲੀਦਾਨ ਦੇਣ ਦੇ ਪ੍ਰਸੰਗ ਨੂੰ ਸੰਗਤਾਂ ਵਿਸਥਾਰ ਸਹਿਤ ਜਾਣੂ ਕਰਵਾਇਆ। ਭਾਈ ਜਤਿੰਦਰ ਸਿੰਘ ਦਮਦਮੀ ਟਕਸਾਲ ਵਾਲਿਆਂ ਨੇ ਆਪਣੇ ਪ੍ਰਵਚਨਾਂ ਰਾਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸਾ ਪੰਥ ਦੀ ਸਾਜਨਾ ਕਰਨ, ਦੇਸ਼, ਕੌਮ ਅਤੇ ਧਰਮ ਦੀ ਖਾਤਰ ਆਪਨਾ ਸਰਬੰਸ ਵਾਰਨ ਅਤੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਮਹਾਨਤਾ ਦਸੱਦੇ ਹੋਏ ਸੰਗਤਾਂ ਨੂੰ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨ ਲਈ ਪ੍ਰੇਰਿਆ।
ਇਸ ਤੋਂ ਇਲਾਵਾ ਭਾਈ ਹਰਪ੍ਰੀਤ ਸਿੰਘ, ਭਾਈ ਬਹਾਦਰ ਸਿੰਘ , ਭਾਈ ਗੁਰਦੇਵ ਸਿੰਘ, ਸ਼ੇਰ ਏ ਪੰਜਾਬ ਕਵੀਸ਼ਰੀ ਜੱਥਾ, ਭਾਈ ਮਹਿੰਦਰ ਸਿੰਘ, ਸੁਖਮਨੀ ਸੇਵਾ ਸੋਸਾਇਟੀ ਦੀਆਂ ਬੀਬੀਆਂ ਦੇ ਜਥਿਆਂ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਜੱਥੇ ਭਾਈ ਨਿਤਿੰਨ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਜਸਵੰਤ ਸਿੰਘ ਅਤੇ ਭਾਈ ਸੁਖਵਿੰਦਰ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕੀਤਾ। ਸਾਰੇ ਜੱਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰੂ ਕਾ ਲੰਗਰ ਸੰਗਤਾਂ ਨੂੰ ਅਤੁੱਟ ਵਰਤਾਇਆ ਗਿਆ।
ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੀ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਆਉਣ ਵਾਲੀ 6 ਦਸੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ। ਇਸ ਦਿਨ ਸਵੇਰੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਉਪਰੰਤ ਉੱਚ ਕੋਟੀ ਦੇ ਪੰਥ ਪ੍ਰਸਿੱਧ ਪ੍ਰਚਾਰਕ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।
-
Mohali1 month ago
ਪਿੰਡ ਮੌਲੀ ਵੈਦਵਾਨ ਦੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਕਾਪੀ ਤੇ ਪੈਨਸਲਾਂ ਵੰਡੀਆਂ
-
Mohali1 month ago
ਰਾਜ ਪੱਧਰੀ ਕ੍ਰਿਕਟ ਮੁਕਾਬਲਿਆਂ ਦੌਰਾਨ ਐਸ ਏ ਐਸ ਨਗਰ ਦੀ ਟੀਮ ਵੱਲੋਂ ਜੇਤੂ ਸ਼ੁਰੂਆਤ
-
National2 months ago
ਜਨਮ ਦਿਨ ਮੌਕੇ ਸਿਲੰਡਰ ਫਟਣ ਕਾਰਨ ਦਾਦਾ-ਦਾਦੀ ਅਤੇ ਪੋਤੇ ਦੀ ਮੌਤ
-
Mohali1 month ago
29 ਅਕਤੂਬਰ ਤੋਂ ਸ਼ੁਰੂ ਹੋਵੇਗਾ ਵੋਟਰ ਸੂਚੀਆਂ ਦੀ ਸਪੈਸ਼ਲ ਸੁਧਾਈ ਸੰਬੰਧੀ ਪ੍ਰੋਗਰਾਮ
-
National2 months ago
ਸੁਪਰੀਮ ਕੋਰਟ ਦੇ ਨਵੇਂ ਚੀਫ ਜਸਟਿਸ ਹੋਣਗੇ ਸੰਜੀਵ ਖੰਨਾ
-
Horscope1 month ago
ਇਸ ਹਫਤੇ ਦਾ ਤੁਹਾਡਾ ਰਾਸ਼ੀਫਲ
-
Mohali1 month ago
ਜ਼ਿਲ੍ਹਾ ਜਿਮਨਾਸਟਿਕ ਮੁਕਾਬਲਿਆਂ ਵਿੱਚ ਲਾਰੈਂਸ ਸਕੂਲ ਦੇ ਵਿਦਿਆਰਥੀ ਚਮਕੇ
-
Mohali1 month ago
ਫੈਂਸ ਨਾਲ ਰੂਬਰੂ ਹੋਏ ਸੂਫੀ ਗਾਇਕ ਸਤਿੰਦਰ ਸਰਤਾਜ