Mohali
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਵੱਖ ਵੱਖ ਪਾਬੰਦੀਆਂ ਦੇ ਹੁਕਮ ਜਾਰੀ
ਸਰਕਾਰੀ- ਨਿੱਜੀ ਇਮਾਰਤਾਂ ਤੇ ਚੜ੍ਹਕੇ ਅਤੇ ਇਨ੍ਹਾਂ ਦੇ ਆਲੇ ਦੁਆਲੇ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਰ ਦੇ ਘੇਰੇ ਵਿੱਚ ਧਰਨੇ, ਰੈਲੀਆਂ ਕਰਨ ਅਤੇ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ਤੇ ਪਾਬੰਦੀ
ਕਿਰਾਏਦਾਰਾਂ, ਨੌਕਰਾਂ ਅਤੇ ਪੇਇੰਗ ਗੈਸਟ ਦਾ ਪੂਰਾ ਵੇਰਵਾ ਨਜ਼ਦੀਕੀ ਥਾਣੇ ਨੂੰ ਦੇਣਾ ਲਾਜ਼ਮੀ, ਏਅਰ ਫੋਰਸ ਸਟੇਸ਼ਨ ਤੋਂ ਇਕ ਹਜ਼ਾਰ ਮੀਟਰ ਏਰੀਏ ਦੇ ਆਲੇ-ਦੁਆਲੇ ਮਾਸਾਹਾਰੀ ਦੁਕਾਨਾਂ ਚਲਾਉਣ ਅਤੇ ਰਹਿੰਦ-ਖੂੰਹਦ ਸੁੱਟਣ ਤੇ ਪਾਬੰਦੀ
ਐਸ ਏ ਐਸ ਨਗਰ, 12 ਦਸੰਬਰ (ਸ.ਬ.) ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਆਸ਼ਿਕਾ ਜੈਨ ਨੇ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਭਾਰਤੀ ਨਾਗਰਿਕ ਸੁਰਕੱਸ਼ਾ ਸੰਹਿਤਾ-2023 ਦੀ ਧਾਰਾ 163 ਦੇ ਅਧਿਆਇ 11 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਹਦੂਦ ਅੰਦਰ ਵੱਖ ਵੱਖ ਪਾਬੰਦੀਆਂ ਦੇ ਹੁਕਮ ਲਾਗੂ ਕੀਤੇ ਹਨ। ਇਹਨਾਂ ਹੁਕਮਾਂ ਤਹਿਤ ਜਿਲ੍ਹੇ ਵਿੱਚ ਪੈਂਦੀਆਂ ਸਮੂਹ ਪਾਣੀ ਵਾਲੀਆਂ ਟੈਂਕੀਆਂ, ਟਿਊਬਵੈਲਾਂ, ਟੈਲੀਫੋਨ ਟਾਵਰਾਂ, ਸਰਕਾਰੀ/ ਨਿੱਜੀ ਇਮਾਰਤਾਂ ਤੇ ਚੜ੍ਹਨ ਅਤੇ ਇਨ੍ਹਾਂ ਦੇ ਆਲੇ-ਦੁਆਲੇ ਧਰਨੇ- ਰੈਲੀਆਂ ਕਰਨ, ਸੜਕਾਂ ਆਦਿ ਜਾਮ ਕਰਨ ਤੇ ਪੂਰਨ ਤੌਰ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।
ਇਸਦੇ ਨਾਲ ਹੀ ਜ਼ਿਲ੍ਹਾ ਮੈਜਿਸਟਰੇਟ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ-76, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਚਾਰਦੀਵਾਰੀ ਦੇ ਅੰਦਰ ਅਤੇ ਚਾਰਦੀਵਾਰੀ ਦੇ ਬਾਹਰ 100 ਮੀਟਰ ਤੱਕ ਦੇ ਘੇਰੇ ਵਿੱਚ ਧਰਨੇ ਅਤੇ ਰੈਲੀਆਂ ਕਰਨ ਉਤੇ ਪੂਰਨ ਤੌਰ ਉਤੇ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਮੈਮੋਰੰਡਮ ਵਗੈਰਾ ਦੇਣ ਲਈ ਪੰਜ ਵਿਅਕਤੀਆਂ ਤੋਂ ਘੱਟ ਗਿਣਤੀ ਵਿੱਚ ਵਿਅਕਤੀਆਂ ਦੇ ਇਸ ਚਾਰਦੀਵਾਰੀ ਦੇ ਮੁੱਖ ਗੇਟ ਵਿੱਚੋਂ ਲੰਘ ਕੇ ਇਸ ਦਫਤਰ ਵਿੱਚ ਆਉਣ ਉਤੇ ਕੋਈ ਪਾਬੰਦੀ ਨਹੀਂ ਹੋਵੇਗੀ।
ਜ਼ਿਲ੍ਹਾ ਮੈਜਿਸਟ੍ਰੇਟ ਆਸ਼ਿਕਾ ਜੈਨ ਨੇ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ਤੇ ਪੂਰਨ ਪਾਬੰਦੀ ਲਗਾਈ ਹੈ। ਇਸ ਦੇ ਨਾਲ-ਨਾਲ ਹਥਿਆਰਾਂ ਜਾਂ ਹਿੰਸਾ ਦੀ ਵਡਿਆਈ ਕਰਨ ਵਾਲੇ ਗੀਤਾਂ ਤੇ ਵੀ ਮੁਕੰਮਲ ਪਾਬੰਦੀ ਰਹੇਗੀ। ਇਸ ਤੋਂ ਇਲਾਵਾ ਜਨਤਕ ਇਕੱਠਾ, ਧਾਰਮਿਕ ਸਥਾਨਾਂ, ਵਿਆਹ ਪਾਰਟੀਆਂ ਜਾਂ ਹੋਰ ਸਮਾਗਮਾਂ ਵਿੱਚ ਹਥਿਆਰ ਲਿਜਾਣ ਅਤੇ ਪ੍ਰਦਰਸ਼ਨ ਕਰਨ ਦੀ ਪੂਰਨ ਮਨਾਹੀ ਹੋਵੇਗੀ ਅਤੇ ਕਿਸੇ ਭਾਈਚਾਰੇ ਵਿਰੁੱਧ ਨਫ਼ਰਤ ਭਰਿਆ ਭਾਸ਼ਣ ਦੇਣ ਤੇ ਵੀ ਪਾਬੰਦੀ ਲਾਗੂ ਰਹੇਗੀ। ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਜੇਕਰ ਕੋਈ ਵੀ ਆਮ ਅਤੇ ਖਾਸ, ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਆਸ਼ਿਕਾ ਜੈਨ ਨੇ ਹੁਕਮ ਜਾਰੀ ਕੀਤਾ ਹੈ ਕਿ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਹਦੂਦ ਅੰਦਰ ਸਥਿਤ ਮਿਊਂਸਪਲ ਕੌਂਸਲਾਂ, ਨਗਰ ਪੰਚਾਇਤਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਅਧਿਕਾਰ ਖੇਤਰ ਵਿੱਚ ਰਹਿਣ ਵਾਲਾ ਕੋਈ ਵੀ ਵਿਅਕਤੀ ਆਪਣੇ ਘਰ ਵਿੱਚ ਜਦੋਂ ਕਿਰਾਏਦਾਰ, ਨੌਕਰ, ਪੇਇੰਗ ਗੈਸਟ ਰੱਖੇਗਾ ਤਾਂ ਉਹ ਉਸ ਦਾ ਪੂਰਾ ਵੇਰਵਾ ਇੱਕ ਹਫ਼ਤੇ ਦੇ ਵਿੱਚ-ਵਿੱਚ ਨੇੜਲੇ ਪੁਲੀਸ ਥਾਣੇ ਨੂੰ ਦੇਣਾ ਯਕੀਨੀ ਬਣਾਏਗਾ। ਇਹ ਹੁਕਮ ਉਨ੍ਹਾਂ ਤੇ ਵੀ ਲਾਗੂ ਹੋਵੇਗਾ, ਜਿਨ੍ਹਾਂ ਨੇ ਪਹਿਲਾਂ ਤੋਂ ਹੀ ਰੱਖੇ ਹੋਏ ਕਿਰਾਏਦਾਰਾਂ, ਨੌਕਰਾਂ ਅਤੇ ਪੇਇੰਗ ਗੈਸਟ ਦਾ ਵੇਰਵਾ ਹਾਲਾਂ ਤੱਕ ਪੁਲੀਸ ਨੂੰ ਨਹੀਂ ਦਿੱਤਾ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ -2023 ਦੀ ਧਾਰਾ 163 ਦੇ ਅਧਿਆਇ 11 ਅਧੀਨ ਜ਼ਿਲ੍ਹੇ ਦੇ ਏਅਰ ਫੋਰਸ ਸਟੇਸ਼ਨ ਤੋਂ ਇਕ ਹਜ਼ਾਰ ਮੀਟਰ ਏਰੀਏ (ਜ਼ਿਲ੍ਹੇ ਦੀ ਹਦੂਦ ਅੰਦਰ) ਦੇ ਆਲੇ-ਦੁਆਲੇ ਮਾਸਾਹਾਰੀ ਦੁਕਾਨਾਂ ਚਲਾਉਣ ਅਤੇ ਇਸ ਦੀ ਰਹਿੰਦ-ਖੂੰਹਦ ਨੂੰ ਸੁੱਟਣ ਤੇ ਪੂਰਨ ਤੌਰ ਉਤੇ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਹਨ ਤਾਂ ਜੋ ਹਵਾਈ ਜਹਾਜ਼ਾਂ ਨਾਲ ਕੋਈ ਹਾਦਸਾ ਨਾ ਵਾਪਰੇ, ਕੋਈ ਜਾਨੀ-ਮਾਲੀ ਨੁਕਸਾਨ ਨਾ ਹੋਵੇ।
ਇਹ ਹੁਕਮ 11 ਦਸੰਬਰ 2024 ਤੋਂ 10 ਫਰਵਰੀ 2025 ਤੱਕ ਲਾਗੂ ਰਹਿਣਗੇ।
Mohali
ਆਟੋ ਦੀ ਲਪੇਟ ਵਿੱਚ ਆਉਣ ਕਾਰਨ 7 ਸਾਲਾ ਬੱਚੀ ਦੀ ਮੌਤ
ਐਸ ਏ ਐਸ ਨਗਰ, 12 ਦਸੰਬਰ (ਜਸਬੀਰ ਸਿੰਘ ਜੱਸੀ) ਥਾਣਾ ਫੇਜ਼ 8 ਅਧੀਨ ਪੈਂਦੇ ਸੈਕਟਰ 69 ਵਿਖੇ ਇਕ ਆਟੋ ਦੀ ਲਪੇਟ ਵਿੱਚ ਆਉਣ ਕਾਰਨ ਇਕ 7 ਸਾਲਾ ਬੱਚੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਬੱਚੀ ਦੀ ਪਛਾਣ ਅਰਾਧਿਆ ਵਜੋਂ ਹੋਈ ਹੈ।
ਇਸ ਸੰਬੰਧੀ ਬੱਚੀ ਦੇ ਦਾਦਾ ਬਲਦੇਵ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਪੀ. ਡਵਲਿਉ. ਡੀ ਹਿਮਾਚਲ ਪ੍ਰਦੇਸ਼ ਤੋਂ ਚੀਫ ਇੰਜਨੀਅਰ ਰਿਟਾਇਰ ਹਨ। ਉਹਨਾਂ ਦਾ ਲੜਕਾ ਮਨਿੰਦਰਜੀਤ ਸਿੰਘ ਕਮਾਡੈਂਟ ਹੈ, ਜੋ ਕਿ ਵਿਸ਼ਾਖਾਪਟਨਮ ਵਿਖੇ ਨੌਕਰੀ ਕਰਦਾ ਹੈ। ਉਹਨਾਂ ਦੀ ਨੂੰਹ ਗੀਤਾ ਗਰੂੰਗ ਆਪਣੇ ਦੋ ਬੱਚਿਆਂ ਅਰਨਵ 9 ਸਾਲ ਅਤੇ ਅਰਾਧਿਆ 7 ਸਾਲ ਦੇ ਨਾਲ ਸੈਕਟਰ 69 ਵਿਖੇ ਰਹਿੰਦੀ ਹੈ।
ਉਹਨਾਂ ਕਿਹਾ ਹੈ ਕਿ ਆਪਣੇ ਪੋਤਾ ਪੋਤੀ ਨੂੰ ਮਿਲਣ ਲਈ ਮੁਹਾਲੀ ਵਿਖੇ ਆਏ ਹੋਏ ਸਨ ਅਤੇ ਸ਼ਾਮ ਸਮੇਂ ਉਹ ਆਪਣੇ ਪੋਤਾ ਪੋਤੀ ਨੂੰ ਸਾਹਮਣੇ ਵਾਲੀ ਪਾਰਕ ਵਿੱਚ ਘੁੰਮਾਉਣ ਲਈ ਜਾ ਰਹੇ ਸੀ। ਉਹਨਾਂ ਦੀ ਪੋਤੀ ਅਰਾਧਿਆ ਜਦੋਂ ਸੜਕ ਪਾਰ ਕਰ ਰਹੀ ਸੀ ਤਾਂ ਸੱਜੇ ਪਾਸੇ ਤੋਂ ਇਕ ਤੇਜ਼ ਰਡਤਾਰ ਇਲੈਕਟ੍ਰਿਕ ਆਟੋ (ਜਿਸ ਨੂੰ ਇਕ ਨੌਜਵਾਨ ਚਲਾ ਰਿਹਾ ਸੀ) ਨੇ ਉਹਨਾਂ ਦੀ ਪੋਤੀ ਅਰਾਧਿਆ ਨੂੰ ਫੇਟ ਮਾਰ ਦਿੱਤੀ। ਇਸ ਹਾਦਸੇ ਵਿੱਚ ਉਹਨਾਂ ਦੀ ਪੋਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਈ। ਉਸਨੂੰ ਨੇੜੇ ਪੈਂਦੇ ਇਕ ਨਿਜੀ ਹਸਪਤਾਲ ਲਿਜਾਂਦਾ ਗਿਆ, ਜਿਥੇ ਡਾਕਟਰਾਂ ਨੇ ਅਰਾਧਿਆ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਫੋਰਟਿਸ ਹਸਪਤਾਲ ਰੈਫਰ ਕਰ ਦਿੱਤਾ, ਜਿਥੇ ਡਾਕਟਰਾਂ ਨੇ ਅਰਾਧਿਆ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਸਬੰਧੀ ਥਾਣਾ ਫੇਜ਼ 8 ਦੇ ਮੁਖੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਆਟੋ ਚਾਲਕ ਲਵਪ੍ਰੀਤ ਸਿੰਘ ਵਿਰੁਧ ਬੀ.ਐਨ.ਐਸ ਐਕਟ ਦੀ ਧਾਰਾ 281, 106 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ।
Mohali
ਪਿੰਡ ਸਨੇਟਾ ਦਾ ਨਵਾਂ ਮੁੱਢਲਾ ਸਿਹਤ ਕੇਂਦਰ ਤੁਰੰਤ ਚਾਲੂ ਕੀਤਾ ਜਾਵੇ : ਬਲਬੀਰ ਸਿੱਧੂ
ਸੈਂਟਰ ਵਿਚ ਡਾਕਟਰ, ਪੈਰਾ-ਮੈਡੀਕਲ ਸਟਾਫ਼ ਤੇ ਸਾਜ਼ੋ-ਸਾਮਾਨ ਮੁਹਈਆ ਕਰਾਏ ਜਾਣ ਦੀ ਮੰਗ
ਐਸ ਏ ਐਸ ਨਗਰ, 12 ਦਸੰਬਰ (ਸ.ਬ.) ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਤੋਂ ਪਿੰਡ ਸਨੇਟਾ ਵਿਖੇ ਬਣੇ ਨਵੇਂ ਪ੍ਰਾਇਮਰੀ ਹੈਲਥ ਸੈਂਟਰ ਨੂੰ ਤੁਰੰਤ ਚਾਲੂ ਕਰਨ ਦੀ ਮੰਗ ਕੀਤੀ ਹੈ। ਇਸ ਸੈਂਟਰ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ 25 ਬਿਸਤਰਿਆਂ ਵਾਲਾ ਇਹ ਸਿਹਤ ਕੇਂਦਰ ਪਿਛਲੀ ਕਾਂਗਰਸ ਸਰਕਾਰ ਸਮੇਂ ਬਣਿਆ ਸੀ ਪਰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਮੌਜੂਦਾ ਪੰਜਾਬ ਸਰਕਾਰ ਇਸ ਸੈਂਟਰ ਨੂੰ ਚਾਲੂ ਕਰਨ ਵਿਚ ਹੁਣ ਤਕ ਨਾਕਾਮ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਸੈਂਟਰ ਨੂੰ ਬਣਿਆਂ ਢਾਈ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਪੰਜਾਬ ਸਰਕਾਰ ਅੱਜ ਤਕ ਇਸ ਸੈਂਟਰ ਵਿਚ ਡਾਕਟਰ, ਪੈਰਾਮੈਡੀਕਲ ਸਟਾਫ਼ ਅਤੇ ਡਾਕਟਰੀ ਸਾਜ਼ੋ-ਸਮਾਨ ਮੁਹਈਆ ਨਹੀਂ ਕਰਵਾ ਸਕੀ। ਹੋਰ ਤਾਂ ਹੋਰ, ਇਥੇ ਚੌਕੀਦਾਰ ਵੀ ਤੈਨਾਤ ਨਹੀਂ ਕੀਤਾ ਗਿਆ ਅਤੇ ਜੇ ਇਹੋ ਹਾਲਤ ਰਹੀ ਤਾਂ ਕੁੱਝ ਸਮੇਂ ਅੰਦਰ ਇਹ ਨਵੀਂ ਇਮਾਰਤ ਖੰਡਰ ਬਣ ਜਾਵੇਗੀ। ਸ. ਸਿੱਧੂ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਦੀਆਂ ਲੋੜਾਂ ਨੂੰ ਵੇਖਦਿਆਂ ਇਸ ਕੇਂਦਰ ਨੂੰ ਤੁਰੰਤ ਚਾਲੂ ਕੀਤਾ ਜਾਣਾ ਚਾਹੀਦਾ ਹੈ।
ਸਾਬਕਾ ਮੰਤਰੀ ਨੇ ਦੱਸਿਆ ਕਿ ਇਹ ਹਸਪਤਾਲ ਪਿਛਲੀ ਕਾਂਗਰਸ ਸਰਕਾਰ ਸਮੇਂ ਮਨਜ਼ੂਰ ਕੀਤਾ ਗਿਆ ਸੀ, ਜਿਸ ਦਾ ਨੀਂਹ ਪੱਥਰ ਉਹਨਾਂ ਵਲੋਂ 20 ਜੂਨ 2021 ਨੂੰ ਸੰਸਦ ਮੈਂਬਰ ਮਨੀਸ਼ ਤਿਵਾੜੀ ਦੀ ਮੌਜੂਦਗੀ ਵਿੱਚ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ਲਈ ਸਨੇਟਾ ਪਿੰਡ ਦੀ ਪੰਚਾਇਤ ਵੱਲੋਂ ਕੌਮੀ ਮਾਰਗ ਉੱਤੇ 3.11 ਏਕੜ ਜ਼ਮੀਨ ਦਾਨ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਸਮੁੱਚਾ ਪ੍ਰਾਜੈਕਟ 12.50 ਕਰੋੜ ਦਾ ਸੀ ਅਤੇ ਪਿਛਲੀ ਸਰਕਾਰ ਸਮੇਂ 3 ਕਰੋੜ ਰੁਪਏ ਜਾਰੀ ਕੀਤੇ ਗਏ ਸਨ, ਜਿਸ ਰਾਹੀਂ ਪੰਜਾਬ ਸਿਹਤ ਕਾਰਪੋਰੇਸ਼ਨ ਵੱਲੋਂ ਇਸ ਪੀਐਚਸੀ ਦੀ ਉਸਾਰੀ ਕਰਾਈ ਗਈ ਹੈ। ਸ੍ਰੀ ਸਿੱਧੂ ਨੇ ਦੱਸਿਆ ਕਿ ਰਹਿੰਦੇ ਸਾਢੇ ਨੌਂ ਕਰੋੜ ਰੁਪਏ ਵਿੱਚ ਡਾਕਟਰਾਂ ਅਤੇ ਕਰਮਚਾਰੀਆਂ ਦੇ ਰਿਹਾਇਸ਼ੀ ਕਮਰਿਆਂ, ਹਸਪਤਾਲ ਵਿੱਚ ਐਕਸ ਰੇਅ ਮਸ਼ੀਨ ਤੇ ਹੋਰ ਸਾਜੋ ਸਾਮਾਨ ਦੀ ਖਰੀਦ ਅਤੇ ਇਸ ਦੀ ਚਾਰਦੀਵਾਰੀ ਹੋਣੀ ਸੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਠੇਕੇਦਾਰ ਮੋਹਨ ਸਿੰਘ ਬਠਲਾਣਾ, ਸੁਰਜੀਤ ਸਿੰਘ ਮਾਣਕਪੁਰ ਕੱਲਰ, ਮਿਲਕਫੈੱਡ ਮੁਹਾਲੀ ਦੇ ਡਾਇਰੈਕਟਰ ਗੁਰਿੰਦਰ ਸਿੰਘ ਦੈੜੀ, ਪੰਡਿਤ ਭੁਪਿੰਦਰ ਕੁਮਾਰ ਨਗਾਰੀ ਸਾਬਕਾ ਸਰਪੰਚ, ਨੰਬਰਦਾਰ ਗੁਰਚਰਨ ਸਿੰਘ ਗੀਗੇ ਮਾਜਰਾ, ਸ਼ੇਰ ਸਿੰਘ ਦੈੜੀ, ਚੌਧਰੀ ਹਰਨੇਕ ਸਿੰਘ ਨੇਕੀ ਸਨੇਟਾ, ਜੀਤ ਸਿੰਘ ਵਿਰਕ ਸਨੇਟਾ, ਗੁਰਜੰਟ ਸਿੰਘ ਵਿਰਕ ਸਨੇਟਾ, ਹਰਪਾਲ ਸਿੰਘ ਪਾਲੀ ਦੁਰਾਲੀ, ਨਰਿੰਦਰ ਕੁਮਾਰ, ਕਰਮ ਸਿੰਘ ਸਾਬਕਾ ਸਰਪੰਚ ਮਾਣਕਪੁਰ ਕੱਲਰ, ਪ੍ਰਦੀਪ ਸਿੰਘ ਤੰਗੌਰੀ, ਨਿਰਮਲ ਖਾਨ ਆਦਿ ਵੀ ਹਾਜ਼ਰ ਸਨ।
Mohali
ਵਿੱਤੀ ਸਾਲ 2024-25 ਦੀ ਦੂਜੀ ਤਿਮਾਹੀ ਦੌਰਾਨ ਮੁਹਾਲੀ ਦੇ ਬੈਂਕਾਂ ਨੇ ਸਾਲਾਨਾ ਕਰਜਾ ਯੋਜਨਾ ਟੀਚਿਆਂ ਨੂੰ ਪਾਰ ਕੀਤਾ
ਏ ਡੀ ਸੀ ਵਿਰਾਜ ਨੇ ਬੈਂਕਾਂ ਦੀ ਤਿਮਾਹੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ
ਐਸ ਏ ਐਸ ਨਗਰ, 12 ਦਸੰਬਰ (ਸ.ਬ.) ਵਧੀਕ ਡਿਪਟੀ ਕਮਿਸ਼ਨਰ (ਜ) ਵਿਰਾਜ ਐਸ ਤਿੜਕੇ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੁਹਾਲੀ ਵਿਖੇ ਹੋਈ 74ਵੀਂ ਜ਼ਿਲ੍ਹਾ ਪੱਧਰੀ ਸਮੀਖਿਆ ਅਤੇ ਸਲਾਹਕਾਰ ਕਮੇਟੀ (ਡੀ ਐਲ ਆਰ ਏ ਸੀ) ਅਤੇ ਜ਼ਿਲ੍ਹਾ ਸਲਾਹਕਾਰ ਕਮੇਟੀ (ਡੀ ਸੀ ਸੀ) ਦੀ ਮੀਟਿੰਗ ਦੌਰਾਨ ਜ਼ਿਲ੍ਹੇ ਦੇ ਬੈਂਕਾਂ ਦੀ ਪਿਛਲੀ ਤਿਮਾਹੀ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ।
ਮੀਟਿੰਗ ਵਿੱਚ ਮੌਜੂਦ ਮੁੱਖ ਬੈਂਕਿੰਗ ਅਧਿਕਾਰੀਆਂ ਵਿੱਚ ਸ਼੍ਰੀ ਪੰਕਜ ਆਨੰਦ (ਸਰਕਲ ਹੈੱਡ, ਪੀ. ਐਨ. ਬੀ), ਸ਼੍ਰੀ ਐਮ. ਕੇ. ਭਾਰਦਵਾਜ (ਮੁੱਖ ਐਲ ਡੀ ਐਮ, ਮੁਹਾਲੀ), ਸ੍ਰੀ ਮਨੀਸ਼ ਗੁਪਤਾ (ਡੀ ਡੀ ਐਮ, ਨਾਬਾਰਡ), ਸ੍ਰੀਮਤੀ ਗਰਿਮਾ (ਐਲ ਡੀ ਓ, ਆਰ ਬੀ ਆਈ), ਸ੍ਰੀ ਉਪਕਾਰ ਸਿੰਘ (ਸਟੇਟ ਡਾਇਰੈਕਟਰ, ਆਰਸੈਟੀ), ਅਤੇ ਸ੍ਰੀ ਅਮਨਦੀਪ ਸਿੰਘ (ਡਾਇਰੈਕਟਰ, ਆਰਸੈਟੀ, ਮੁਹਾਲੀ) ਤੋਂ ਇਲਾਵਾ ਵੱਖ-ਵੱਖ ਬੈਂਕਾਂ ਅਤੇ ਸਬੰਧਤ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਇਸ ਮੌਕੇ ਸ੍ਰੀ ਐਮ ਕੇ ਭਾਰਦਵਾਜ ਨੇ ਅੰਕੜੇ ਪੇਸ਼ ਕਰਦਿਆਂ ਦੱਸਿਆ ਕਿਬੈਂਕਾਂ ਨੇ ਸਤੰਬਰ ਤਿਮਾਹੀ ਲਈ ਸਾਲਾਨਾ ਰਿਣ ਯੋਜਨਾ ਲਈ ਨਿਰਧਾਰਤ ਟੀਚੇ ਨੂੰ 50 ਪ੍ਰਤੀਸ਼ਤ ਦੇ ਮੁਕਾਬਲੇ 64 ਪ੍ਰਤੀਸ਼ਤ ਪ੍ਰਾਪਤ ਕਰਕੇ ਪਾਰ ਕਰ ਲਿਆ ਹੈ। ਇਸ ਤੋਂ ਇਲਾਵਾ, ਜ਼ਿਲੇ ਵਿੱਚ 60 ਫ਼ੀਸਦੀ ਦੇ ਰਾਸ਼ਟਰੀ ਟੀਚੇ ਦੇ ਮੁਕਾਬਲੇ ਕ੍ਰੈਡਿਟ-ਡਿਪਾਜ਼ਿਟ (ਸੀ ਡੀ ਰੇਸ਼ੋ) ਅਨੁਪਾਤ ਵਿੱਚ 105 ਪ੍ਰਤੀਸ਼ਤ ਤੱਕ ਵਾਧਾ ਹੋਇਆ ਹੈ।
ਇਸ ਮੌਕੇ ਸਹਾਇਕ ਕਮਿਸ਼ਨਰ (ਜ), ਐਸ.ਏ.ਐਸ. ਨਗਰ ਡਾ. ਅੰਕਿਤਾ ਕਾਂਸਲ ਨੇ ਬੈਂਕਰਾਂ ਨੂੰ ਸਮਾਜਿਕ ਸੁਰੱਖਿਆ ਸਕੀਮਾਂ ਤੇ ਵਧੇਰੇ ਧਿਆਨ ਦੇਣ ਲਈ ਉਤਸ਼ਾਹਿਤ ਕੀਤਾ। ਮੁੱਖ ਐਲ ਡੀ ਐਮ ਮੁਹਾਲੀ ਨੇ ਪ੍ਰਧਾਨ ਮੰਤਰੀ ਸਵੈਨਿਧੀ ਅਤੇ ਹੋਰ ਵਿੱਤੀ ਸਮਾਵੇਸ਼ ਯੋਜਨਾਵਾਂ ਤੇ ਜ਼ੋਰ ਦਿੱਤਾ।
ਵਧੀਕ ਡਿਪਟੀ ਕਮਿਸ਼ਨਰ ਵਿਰਾਜ ਸ਼ਿਆਮਕਰਨ ਤਿੜਕੇ ਨੇ ਬੈਂਕਾਂ ਨੂੰ ਵੱਖ-ਵੱਖ ਵਿਭਾਗਾਂ ਜਿਵੇਂ ਕਿ ਉਦਯੋਗ ਵਿਭਾਗ, ਖਾਦੀ ਬੋਰਡ, ਡੇਅਰੀ ਵਿਕਾਸ ਅਤੇ ਹੋਰ ਵਿਭਾਗਾਂ ਦੁਆਰਾ ਸਿਫ਼ਾਰਸ਼ ਕੀਤੀਆਂ ਸਪਾਂਸਰਡ ਲੋਨ ਸਕੀਮਾਂ ਨਾਲ ਸਬੰਧਤ ਟੀਚਿਆਂ ਨੂੰ ਪੂਰਾ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਵੱਖ-ਵੱਖ ਸਟਾਰਟ-ਅੱਪ ਅਤੇ ਰੋਜ਼ਗਾਰ ਸਕੀਮਾਂ ਲਈ ਸ਼ੁਰੂ ਕੀਤੀਆਂ ਸਕੀਮਾਂ ਨੂੰ ਬੈਂਕਾਂ ਵਿੱਚ ਆਉਣ ਵਾਲੇ ਲੋਕਾਂ ਨੂੰ ਜਾਗਰੂਕ ਕਰਕੇ ਲਾਭਪਾਤਰੀਆਂ ਤੱਕ ਵੀ ਪਹੁੰਚਾਉਣਾ ਚਾਹੀਦਾ ਹੈ।
-
Horscope2 months ago
ਇਸ ਹਫਤੇ ਦਾ ਤੁਹਾਡਾ ਰਾਸ਼ੀਫਲ
-
Mohali2 months ago
ਫੈਂਸ ਨਾਲ ਰੂਬਰੂ ਹੋਏ ਸੂਫੀ ਗਾਇਕ ਸਤਿੰਦਰ ਸਰਤਾਜ
-
Punjab2 months ago
ਮਾਲ ਗੱਡੀ ਦੇ ਤੇਲ ਟੈਂਕਰ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ
-
Mohali2 months ago
ਜ਼ਿਲ੍ਹਾ ਜਿਮਨਾਸਟਿਕ ਮੁਕਾਬਲਿਆਂ ਵਿੱਚ ਲਾਰੈਂਸ ਸਕੂਲ ਦੇ ਵਿਦਿਆਰਥੀ ਚਮਕੇ
-
Chandigarh2 months ago
ਭਾਰਤ ਭਰ ਵਿੱਚ ਹਰ ਸਾਲ ਸਾਮ੍ਹਣੇ ਆਉਂਦੇ ਹਨ 1.5 ਤੋਂ 2 ਮਿਲੀਅਨ ਨਵੇਂ ਬ੍ਰੇਨ ਸਟ੍ਰੋਕ ਦੇ ਮਾਮਲੇ: ਡਾ. ਵਿਨੀਤ ਸੱਗਰ
-
International1 month ago
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਰੱਖਿਆ ਮੰਤਰੀ ਯੋਵ ਗੈਲੈਂਟ ਨੂੰ ਬਰਖਾਸਤ ਕੀਤਾ
-
Editorial2 months ago
ਜ਼ਿਮਨੀ ਚੋਣਾਂ : ਅਜੇ ਕਿਸੇ ਵੀ ਉਮੀਦਵਾਰ ਦੇ ਪੱਖ ਵਿੱਚ ਨਹੀਂ ਬੋਲ ਰਹੇ ਵੋਟਰ
-
National2 months ago
ਦਿੱਲੀ ਵਿੱਚ ਹਵਾ ਬਹੁਤ ਖਰਾਬ ਸ਼੍ਰੇਣੀ ਵਿੱਚ, ਏਕਿਊਆਈ 350 ਤੋਂ ਪਾਰ