ਝਾਰਖੰਡ ਵਿੱਚ ਬੰਬ ਨਾਲ ਉਡਾਇਆ ਰੇਲਵੇ ਟਰੈਕ

ਰਾਂਚੀ, 20 ਨਵੰਬਰ (ਸ.ਬ.) ਝਾਰਖੰਡ ਵਿੱਚ ਪਾਬੰਦੀਸ਼ੁਦਾ ਨਕਸਲੀ ਸੰਗਠਨ ਭਾਕਪਾ-ਮਾਓਵਾਦੀਆਂ ਨੇ ਪੋਲਿਤ ਬਿਊਰੋ ਦੇ ਮੈਂਬਰ ਅਤੇ ਇੱਕ ਕਰੋੜ ਦੇ ਇਨਾਮੀ ਪ੍ਰਸ਼ਾਂਤ ਬੋਸ ਤੇ ਉਨ੍ਹਾਂ ਦੀ ਪਤਨੀ ਸਹਿ ਕੇਂਦਰੀ ਕਮੇਟੀ ਦੀ ਮੈਂਬਰ ਸ਼ੀਲਾ ਮਰਾਂਡੀ ਦੀ ਗ੍ਰਿਫ਼ਤਾਰੀ ਵਿਰੁੱਧ ਅੱਜ ਭਾਰਤ ਬੰਦ ਨੂੰ ਸਫ਼ਲ ਬਣਾਉਣ ਲਈ ਨਕਸਲੀਆਂ ਨੇ ਰੇਲਵੇ ਟਰੈਕ ਨੂੰ ਨਿਸ਼ਾਨਾ ਬਣਾਇਆ।

ਮਾਇਓਵਾਦੀਆਂ ਨੇ ਬੀਤੀ ਦੇਰ ਰਾਤ ਝਾਰਖੰਡ ਦੇ ਲਾਤੇਹਾਰ ਜ਼ਿਲ੍ਹਾ ਵਿੱਚ ਰੇਲਵੇ ਟਰੈਕ ਉਡਾ ਦਿੱਤਾ। ਪੱਛਮੀ ਸਿੰਙਭੂਮ ਜ਼ਿਲ੍ਹੇ ਵਿੱਚ ਵੀ ਹਾਵੜਾ-ਮੁੰਬਈ ਰੇਲ ਮਾਰਗ ਤੇ ਧਮਾਕਾ ਕਰ ਕੇ ਟਰੈਕ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।

ਨਕਸਲੀਆਂ ਦੀ ਇਸ ਕਰਤੂਤ ਕਾਰਨ ਕਈ ਰੇਲ ਗੱਡੀਆਂ ਵੱਖ-ਵੱਖ ਸਟੇਸ਼ਨਾਂ ਤੇ ਕਈ ਘੰਟਿਆਂ ਤੱਕ ਰੁਕੀਆਂ ਰਹੀਆਂ। ਕੁਝ ਰੇਲ ਗੱਡੀਆਂ ਨੂੰ ਬਦਲਵੇਂ ਮਾਰਗ ਰਾਹੀਂ ਚਲਾਇਆ ਜਾ ਰਿਹਾ ਹੈ। ਮਾਇਓਵਾਦੀਆਂ ਨੇ ਪੱਟੜੀ ਤੇ ਬੰਬ ਧਮਾਕਾ ਕਰ ਕੇ ਉਸ ਨੂੰ ਨੁਕਸਾਨ ਪਹੁੰਚਾਇਆ। ਇਸ ਘਟਨਾ ਤੋਂ ਬਾਅਦ ਡਾਊਨ ਰੇਲਵੇ ਲਾਈਨ ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਨਾਲ ਹੀ ਇੱਕ ਟਰਾਲੀ ਵੀ ਡਿਰੇਲ ਹੋ ਗਈ। ਹਾਲਾਂਕਿ ਵਾਰਦਾਤ ਤੋਂ ਬਾਅਦ ਰੇਲਵੇ ਵਲੋਂ ਪੱਟੜੀ ਦੀ ਮੁਰੰਮਤ ਕਰ ਕਰ ਕੇ ਆਵਾਜਾਈ ਆਮ ਬਣਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ ਹੈ। ਸਥਾਨਕ ਪੁਲੀਸ ਵੀ ਹਾਦਸੇ ਵਾਲੀ ਥਾਂ ਦੀ ਘੇਰਾਬੰਦੀ ਕਰ ਕੇ ਛਾਪੇਮਾਰੀ ਕਰ ਰਹੀ ਹੈ।

Leave a Reply

Your email address will not be published.