24 ਦਸੰਬਰ ਨੂੰ ਪੈਣਗੀਆਂ ਚੰਡੀਗੜ੍ਹ ਨਗਰ ਨਿਗਮ ਲਈ ਵੋਟਾਂ ਚੋਣਾਂ ਦੇ ਰਸਮੀ ਐਲਾਨ ਦੇ ਨਾਲ ਹੀ ਚੋਣ ਜ਼ਾਬਤਾ ਲਾਗੂ

ਚੰਡੀਗੜ੍ਹ, 22 ਨਵੰਬਰ (ਸ.ਬ.) ਚੰਡੀਗੜ੍ਹ ਸ਼ਹਿਰ ਵਿੱਚ ਨਗਰ ਨਿਗਮ ਚੋਣਾਂ ਦਾ ਬਿਗਲ ਵਜਾ ਦਿੱਤਾ ਗਿਆ ਹੈ। ਸ਼ਹਿਰ ਵਿੱਚ ਅੱਜ ਤੋਂ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਚੰਡੀਗੜ੍ਹ ਚੋਣ ਕਮਿਸ਼ਨ ਵਲੋਂ ਯੂਟੀ ਗੈਸਟ ਹਾਊਸ ਵਿਖੇ ਪੱਤਰਕਾਰ ਸੰਮੇਲਨ ਕਰਕੇ ਨਿਗਮ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਨਗਰ ਨਿਗਮ ਚੋਣਾਂ ਲਈ ਵੋਟਾਂ 24 ਦਸੰਬਰ ਨੂੰ ਪੈਣਗੀਆਂ।

ਚੋਣ ਕਮਿਸ਼ਨ ਵਲੋਂ ਚੋਣ ਪ੍ਰੋਗਰਾਮ ਜਾਰੀ ਹੋਣ ਦੇ ਨਾਲ ਹੀ ਅੱਜ ਤੋਂ ਸ਼ਹਿਰ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਪ੍ਰੋਗਰਾਮ ਅਨੁਸਾਰ ਨਾਮਜ਼ਦਗੀ 27 ਨਵੰਬਰ ਤੋਂ 4 ਦਸੰਬਰ ਤੱਕ ਚੱਲੇਗੀ, 2 ਦਸੰਬਰ ਤੱਕ ਨਾਮਜ਼ਦਗੀਆਂ ਵਾਪਸ ਲੈ ਸਕਦੇ ਹਨ, 24 ਦਸੰਬਰ ਨੂੰ ਵੋਟਾਂ ਪੈਣਗੀਆਂ, 27 ਦਸੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਚੋਣ ਜ਼ਾਬਤਾ ਲਾਗੂ ਹੋਣ ਨਾਲ ਸਾਰੇ ਵਿਕਾਸ ਕਾਰਜ ਠੱਪ ਹੋ ਜਾਣਗੇ ਅਤੇ ਕੋਈ ਨਵਾਂ ਕੰਮ ਸ਼ੁਰੂ ਨਹੀਂ ਹੋਵੇਗਾ।

ਚੋਣ ਪ੍ਰੋਗਰਾਮ ਜਾਰੀ ਹੋਣ ਤੋਂ ਬਾਅਦ ਅਗਲੇ ਇੱਕ ਮਹੀਨੇ ਤੱਕ ਸ਼ਹਿਰ ਵਿੱਚ ਸਿਆਸੀ ਪ੍ਰੋਗਰਾਮ ਹੋਣਗੇ। ਸਾਰੀਆਂ ਸਿਆਸੀ ਪਾਰਟੀਆਂ ਰੈਲੀਆਂ, ਰੋਡ ਸ਼ੋਅ ਰਾਹੀਂ ਆਪੋ-ਆਪਣੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨਗੀਆਂ। ਉਮੀਦਵਾਰ ਪੰਜ ਲੱਖ ਰੁਪਏ ਤੱਕ ਖਰਚ ਕਰ ਸਕਦੇ ਹਨ। ਇਸ ਵਾਰ ਚੋਣ ਕਮਿਸ਼ਨ ਨੇ ਮੋਬਾਈਲ ਐਪ ਤਿਆਰ ਕੀਤੀ ਹੈ। ਵੋਟਰ ਇਸ ਐਪ ਤੋਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਣਗੇ। ਕਮਿਸ਼ਨ ਚੋਣਾਂ ਲਈ ਕੰਟਰੋਲ ਰੂਮ ਸਥਾਪਿਤ ਕਰੇਗਾ।

ਨਗਰ ਨਿਗਮ ਚੋਣਾਂ ਸਬੰਧੀ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਸੰਭਾਵੀ ਉਮੀਦਵਾਰਾਂ ਬਾਰੇ ਸੋਚ-ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਮਹੀਨੇ ਦੇ ਅੰਤ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦੇਣਗੀਆਂ। ਟਿਕਟਾਂ ਲਈ ਦਾਅਵੇਦਾਰ ਜ਼ੋਰ ਲਗਾ ਰਹੇ ਹਨ। ਉਮੀਦਵਾਰ ਦਾ ਫੈਸਲਾ ਹੋਣ ਤੋਂ ਬਾਅਦ ਸਾਰੀਆਂ ਪਾਰਟੀਆਂ ਵਿਚ ਬਗਾਵਤ ਹੋ ਜਾਵੇਗੀ। ਨਾਰਾਜ਼ ਆਗੂ ਆਜ਼ਾਦ ਤੌਰ ਤੇ ਉਤਰਨ ਦੀ ਕੋਸ਼ਿਸ਼ ਕਰਨਗੇ। ਇਸ ਨਾਲ ਦਲ-ਬਦਲੀ ਦੀ ਰਾਜਨੀਤੀ ਵੀ ਸਰਗਰਮ ਹੋ ਜਾਵੇਗੀ।

ਇਸ ਵਾਰ ਸ਼ਹਿਰ ਵਿੱਚ ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਵਿਚਾਲੇ ਤਿਕੋਣਾ ਮੁਕਾਬਲਾ ਹੈ। ਆਪ ਪਹਿਲੀ ਵਾਰ ਚੰਡੀਗੜ੍ਹ ਨਗਰ ਨਿਗਮ ਚੋਣਾਂ ਲੜ ਰਹੀ ਹੈ।

Leave a Reply

Your email address will not be published. Required fields are marked *