ਵਿਧਾਨਸਭਾ ਚੋਣਾਂ ਵਾਸਤੇ ਵਿਕਾਸ ਦੇ ਦਮ ਤੇ ਲੋਕਾਂ ਦੀ ਕਚਿਹਰੀ ਵਿੱਚ ਜਾਵੇਗੀ ਕਾਂਗਰਸ ਪਾਰਟੀ : ਜੀਤੀ ਸਿੱਧੂ ਮਟੌਰ ਅਤੇ ਫੇਜ਼-10 ਵਿਚ ਅਰੰਭ ਕਰਵਾਏ 35 ਲੱਖ ਦੇ ਰਿਪੇਅਰ ਅਤੇ ਪੇਵਰ ਬਲਾਕਾਂ ਦੇ ਕੰਮ

ਐਸ ਏ ਐਸ ਨਗਰ, 25 ਨਵੰਬਰ (ਪਵਨ ਰਾਵਤ) ਨਗਰ ਨਿਗਮ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਹੈ ਕਿ ਨਗਰ ਨਿਗਮ ਮੁਹਾਲੀ ਵਲੋਂ ਮਟੌਰ ਸਮੇਤ ਪੂਰੇ ਮੁਹਾਲੀ ਇਲਾਕੇ ਵਿੱਚ ਵਿਕਾਸ ਕੰਮ ਬਿਨਾਂ ਕਿਸੇ ਭੇਦਭਾਵ ਦੇ ਕਰਵਾਏ ਜਾ ਰਹੇ ਹਨ। ਨਗਰ ਨਿਗਮ ਅਧੀਨ ਆਉਂਦੇ ਪਿੰਡ ਮਟੌਰ ਅਤੇ ਫੇਜ਼-10 ਵਿੱਚ 35 ਲੱਖ ਰੁਪਏ ਦੇ ਵਿਕਾਸ ਕਾਰਜ ਆਰੰਭ ਕਰਵਾਉਣ ਮੌਕੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਮੁਹਾਲੀ ਵਿਚ ਵੱਡੇ ਪੱਧਰ ਤੇ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਬਦੌਲਤ ਹੀ ਕਾਂਗਰਸ ਪਾਰਟੀ ਸਾਬਕਾ ਸਿਹਤ ਮੰਤਰੀ ਅਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਦੀ ਚੋਣ ਮੁਹਿੰਮ ਵਿਚ ਨਿਤਰੀ ਹੈ ਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ਼ ਹੈ ਕਿ ਮੁਹਾਲੀ ਦੇ ਲੋਕ ਮੁਹਾਲੀ ਵਿਚ ਹੋ ਰਹੇ ਵਿਕਾਸ ਕਾਰਜਾਂ ਨੂੰ ਵੇਖਦੇ ਹੋਏ ਇਸ ਵਾਰ ਮੁੜ ਵਿਧਾਇਕ ਬਲਬੀਰ ਸਿੰਘ ਸਿੱਧੂ ਨੂੰ ਪਿਛਲੀ ਵਾਰ ਨਾਲੋਂ ਵੀ ਵੱਧ ਵੋਟਾਂ ਨਾਲ ਜਿਤਾ ਕੇ ਵਿਧਾਨਸਭਾ ਵਿਚ ਭੇਜਣਗੇ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਨਾਲ ਸਨ।

ਮੇਅਰ ਨੇ ਦੱਸਿਆ ਕਿ ਮਟੌਰ ਵਿਚ ਲੰਗਰ ਹਾਲ ਵਿਚ ਪੇਵਰ ਬਲਾਕ ਲਗਾਉਣ ਦਾ ਕੰਮ ਹੈ ਅਤੇ ਇਸਦੇ ਨਾਲ ਨਾਲ ਪਿੰਡ ਵਿਚ ਹੀ ਰਿਪੇਅਰ ਦੇ ਕੰਮ ਹਨ ਜਦੋਂ ਕਿ ਫੇਜ਼-10 ਵਿਚ ਐਸ.ਬੀ.ਆਈ. ਕਲੋਨੀ ਦੇ ਬਾਹਰਲੇ ਪਾਸੇ ਰਿਪੇਅਰ ਦੇ ਕੰਮ ਕਰਵਾਏ ਜਾਣੇ ਹਨ। ਉਨ੍ਹਾਂ ਕਿਹਾ ਕਿ ਇਲਾਕੇ ਦੇ ਵਸਨੀਕਾ ਦੀਆਂ ਲੋੜਾਂ ਅਨੁਸਾਰ ਹੀ ਮੁਹਾਲੀ ਵਿਚ ਕੰਮਕਾਰ ਕਰਵਾਏ ਜਾ ਰਹੇ ਹਨ ਅਤੇ ਇਹ ਕੰਮ ਪੂਰੀ ਲਗਾਤਾਰਤਾ ਵਿਚ ਹਰੇਕ ਪਾਸੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿਚ ਕੋਈ ਵਿਤਕਰਾ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਵਿਕਾਸ ਕਾਰਜਾਂ ਵਾਸਤੇ ਨਿਗਮ ਕੋਲ ਫੰਡਾਂ ਦੀ ਕੋਈ ਕਮੀ ਹੈ।

ਇਸ ਮੌਕੇ ਮਟੌਰ ਵਿਚ ਸੀਨੀਅਰ ਕਾਂਗਰਸੀ ਆਗੂ ਪਰਦੀਪ ਸੋਨੀ ਨੇ ਮੇਅਰ ਨੂੰ ਇਲਾਕੇ ਦੀਆਂ ਮੰਗਾਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਲੰਗਰ ਹਾਲ ਵਿਚ ਟਾਈਲਾਂ ਲਗਵਾਈਆਂ ਜਾਣ ਜਿਸ ਤੇ ਮੇਅਰ ਨੇ ਅੱਜ ਕੰਮ ਅਰੰਭ ਵੀ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੇਅਰ ਜੀਤੀ ਸਿੱਧੂ ਨੂੰ ਗਲੀ ਦੇ ਬੰਦ ਪਏ ਕੰਮ ਬਾਰੇ ਵੀ ਜਾਣਕਾਰੀ ਦਿੱਤੀ ਗਈ ਸੀ ਜਿਸ ਬਾਰੇ ਮੇਅਰ ਨੇ ਮੌਕੇ ਤੇ ਹੀ ਹਦਾਇਤਾਂ ਦੇ ਕੇ ਇਹ ਕੰਮ ਫੌਰੀ ਤੌਰ ਤੇ ਕਰਵਾਉਣ ਲਈ ਕਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਸਰਪੰਚ ਅਮਰੀਕ ਸਿੰਘ, ਕਾਂਗਰਸੀ ਆਗੂ ਅਤੇ ਘੱਟ ਗਿਣਤੀ ਸੈੱਲ ਜ਼ਿਲ੍ਹਾ ਮੁਹਾਲੀ ਦੇ ਚੇਅਰਮੈਨ ਸੌਦਾਗਰ ਖਾਨ, ਮੱਖਣ ਸਿੰਘ, ਬਲਜਿੰਦਰ ਸਿੰਘ ਪੱਪੂ, ਬਿੰਦਾ ਮਟੌਰ, ਕਾਲਾ ਬਾਣੀਆ, ਮਲਕੀਤ ਸਿੰਘ, ਅਸ਼ਵਨੀ ਰਾਣਾ, ਮਹਿੰਦਰ ਲਾਲਾ ਅਤੇ ਫੇਜ਼-10 ਵਿਚ ਜਸਵਿੰਦਰ ਸ਼ਰਮਾ ਅਤੇ ਡਿੰਪਲ ਸਭਰਵਾਲ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

Leave a Reply

Your email address will not be published.