ਪੰਜਾਬ ਵਿੱਚ ਫਾਸਟਵੇਅ ਕੇਬਲ ਟੀ. ਵੀ. ਚੈਨਲ ਸਮੇਤ 8 ਥਾਵਾਂ ਤੇ ਈਡੀ ਦੀ ਛਾਪੇਮਾਰੀ

ਚੰਡੀਗੜ੍ਹ, 25 ਨਵੰਬਰ (ਸ.ਬ.) ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਸਿਆਸੀ ਚਰਚਾ ਦਾ ਵਿਸ਼ਾ ਬਣੇ ਕੇਬਲ ਨੈੱਟਵਰਕ ਤੇ ਕੇਂਦਰੀ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਅੱਜ ਛਾਪੇਮਾਰੀ ਕੀਤੀ ਹੈ। ਵਿਭਾਗ ਦੀਆਂ ਟੀਮਾਂ ਵੱਲੋਂ ਪੰਜਾਬ ਵਿੱਚ ਇੱਕੋ ਸਮੇਂ ਅੱਠ ਥਾਵਾਂ ਤੇ ਛਾਪੇਮਾਰੀ ਕਰਕੇ ਮੁੱਖ ਤੌਰ ਤੇ ਪੰਜਾਬ ਦੀ ਵੱਡੀ ਕੇਬਲ ਅਤੇ ਟਰਾਂਸਪੋਰਟ ਕੰਪਨੀ ਦੇ ਅਹਾਤਿਆਂ ਤੇ ਛਾਪੇਮਾਰੀ ਕੀਤੀ ਗਈ ਹੈ। ਚਰਚਾ ਹੈ ਕਿ ਇਸ ਛਾਪੇਮਾਰੀ ਵਿੱਚ ਫਾਸਟਵੇਅ ਕੇਬਲ ਨੈੱਟਵਰਕ, ਜੁਝਾਰ ਟਰਾਂਸਪੋਰਟ ਸਮੇਤ ਪੰਜਾਬ ਦੀਆਂ ਨਾਮੀ ਕੰਪਨੀਆਂ ਸ਼ਾਮਲ ਹਨ। ਇਹ ਛਾਪੇਮਾਰੀ ਭ੍ਰਿਸ਼ਟਾਚਾਰ ਨਾਲ ਸਬੰਧਤ ਦੱਸੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰੀ ਏਜੰਸੀਆਂ ਵਲੋਂ ਕਰੋੜਾਂ ਰੁਪਏ ਦੇ ਨਕਦ ਲੈਣ-ਦੇਣ ਰਾਹੀਂ ਟੈਕਸ ਦੇ ਰੂਪ ਵਿੱਚ ਵੱਡੀ ਚੋਰੀ ਦੀ ਜਾਂਚ ਲਈ ਇਹ ਛਾਪੇਮਾਰੀ ਕੀਤੀ ਹੈ। ਟੀਮਾਂ ਵੱਲੋਂ ਕੰਪਨੀਆਂ ਦੇ ਦਸਤਾਵੇਜ਼ਾਂ ਦੀ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਵਿਭਾਗ ਵੱਲੋਂ ਪ੍ਰਾਪਤ ਸੂਚਨਾਵਾਂ ਦੀ ਕਰਾਸ ਚੈਕਿੰਗ ਦਾ ਕੰਮ ਕੀਤਾ ਜਾ ਰਿਹਾ ਹੈ।

ਵੱਡਾ ਟਰਨਓਵਰ ਹੋਣ ਕਾਰਨ ਵਿਭਾਗ ਦੀਆਂ ਟੀਮਾਂ ਨੂੰ ਇਸ ਦਾ ਜਾਇਜ਼ਾ ਲੈਣ ਵਿੱਚ ਲੰਮਾ ਸਮਾਂ ਲੱਗ ਸਕਦਾ ਹੈ। ਇਸ ਸਬੰਧੀ ਪੰਜਾਬ ਦੇ ਸਿਆਸੀ ਗਲਿਆਰਿਆਂ ਵਿੱਚ ਵੀ ਚਰਚਾ ਦਾ ਦੌਰ ਚੱਲ ਰਿਹਾ ਹੈ। ਕਿਉਂਕਿ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ ਕਈ ਆਗੂ ਕੇਬਲ ਮਾਫੀਆ ਨੂੰ ਆੜੇ ਹੱਥੀਂ ਲੈ ਰਹੇ ਹਨ।

ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਈਡੀ ਦੀ ਕਾਰਵਾਈ ਨੂੰ ਸਹੀ ਠਹਿਰਾਇਆ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ 5 ਸਾਲ ਪਹਿਲਾਂ ਉਨ੍ਹਾਂ ਨੇ ਮਲਟੀ ਸਿਸਟਮ ਆਪਰੇਟਰਾਂ, ਫਾਸਟ-ਵੇਅ ਦੇ ਏਕਾਧਿਕਾਰ ਤੋਂ ਛੁਟਕਾਰਾ ਪਾਉਣ, ਹਜ਼ਾਰਾਂ ਕਰੋੜਾਂ ਦਾ ਟੈਕਸ ਇਕੱਠਾ ਕਰਨ ਅਤੇ ਲੋਕਾਂ ਨੂੰ ਸਸਤੀਆਂ ਕੇਬਲ ਮੁਹੱਈਆ ਕਰਵਾਉਣ ਲਈ ਸਥਾਨਕ ਆਪਰੇਟਰਾਂ ਨੂੰ ਸ਼ਕਤੀ ਪ੍ਰਦਾਨ ਕਰਨ ਲਈ ਨੀਤੀ ਅੱਗੇ ਰੱਖੀ ਸੀ।

Leave a Reply

Your email address will not be published.