ਸਫਾਈ ਸੇਵਕਾਂ ਦੀ ਭਰਤੀ ਲਈ ਇਕ ਹੋਰ ਪੜਾਅ ਹੋਇਆ ਮੁਕੰਮਲ : ਮੇਅਰ 967 ਅਸਾਮੀਆਂ ਵਾਸਤੇ ਆਈਆਂ 1179 ਤੋਂ ਵੱਧ ਅਰਜੀਆਂ ਦੀ ਜਾਂਚ ਕਰਣਗੀਆਂ ਨਿਗਮ ਦੀਆਂ ਚਾਰ ਟੀਮਾਂ

ਐਸ ਏ ਐਸ ਨਗਰ, 25 ਨਵੰਬਰ (ਸ.ਬ.) ਮੁਹਾਲੀ ਨਗਰ ਨਿਗਮ ਵਲੋਂ ਸਫਾਈ ਸੇਵਕਾਂ ਦੀ ਭਰਤੀ ਲਈ ਇਕ ਹੋਰ ਕਦਮ ਅਗਾਂਹ ਪੁੱਟਿਆ ਗਿਆ ਹੈ। ਇਸ ਸਬੰਧੀ 967 ਅਸਾਮੀਆਂ ਦੀ ਭਰਤੀ ਲਈ 1179 ਅਰਜੀਆਂ ਆਨਲਾਈਨ ਆਈਆਂ ਹਨ ਜਿਨ੍ਹਾਂ ਦੀ ਜਾਂਚ ਪੜਤਾਲ ਮੁਹਾਲੀ ਨਗਰ ਨਿਗਮ ਦੀ ਚਾਰ ਮੈਂਬਰੀ ਟੀਮ ਕਰੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਚਾਰ ਟੀਮਾਂ ਦੀ ਅਗਵਾਈ ਐਕਸੀਅਨ ਅਵਨੀਤ ਕੌਰ, ਮਿਉਂਸਪਲ ਟਾਉਨ ਪਲਾਨਰ ਨਵਨੀਤ ਵਧਵਾ, ਸਕੱਤਰ ਰੰਜੀਵ ਕੁਮਾਰ, ਸਕੱਤਰ ਜਸਵਿੰਦਰ ਸਿੰਘ ਕਰਨਗੇ। ਇਸ ਮੌਕੇ ਮੇਅਰ ਦੇ ਨਾਲ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਹਾਜਿਰ ਸਨ।

ਇੱਥੇ ਜਿਕਰਯੋਗ ਹੈ ਕਿ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਸਫਾਈ ਕਰਮਚਾਰੀਆਂ ਦੀ ਭਰਤੀ ਲਈ ਮਤਾ ਪਾਸ ਕੀਤਾ ਗਿਆ ਸੀ ਅਤੇ ਇਹ ਮਤਾ ਪਾਸ ਕਰਨ ਉਪਰੰਤ ਇਸ ਸਬੰਧੀ ਭਰਤੀ ਦਾ ਕੰਮ ਪਨਕੌਮ ਨੂੰ ਸੌਂਪ ਦਿੱਤਾ ਗਿਆ ਸੀ। ਭਰਤੀ ਲਈ ਸਫਾਈ ਸੇਵਕਾਂ ਤੋਂ ਆਨਲਾਈਨ ਅਰਜੀਆਂ ਦੀ ਮੰਗ ਕੀਤੀ ਗਈ ਸੀ ਅਤੇ ਹੁਣ ਇਹ ਕਾਰਵਾਈ ਮੁਕੰਮਲ ਹੋਣ ਉਪਰੰਤ ਇਨ੍ਹਾਂ ਆਨਲਾਈਨ ਅਰਜੀਆਂ ਦੀ ਜਾਂਚ ਨਗਰ ਨਿਗਮ ਵਲੋਂ ਕੀਤੀ ਜਾਣੀ ਹੈ।

ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਇਸ ਭਰਤੀ ਦਾ ਇੱਕ ਪੜਾਅ ਮੁਕੰਮਲ ਹੋ ਗਿਆ ਹੈ ਅਤੇ ਇਸ ਜਾਂਚ ਪੜਤਾਲ ਦੇ ਮੁਕੰਮਲ ਹੋਣ ਉਪਰੰਤ ਪਨਕੌਮ ਵਲੋਂ ਮੈਰਿਟ ਦੇ ਆਧਾਰ ਤੇ ਕਰਮਚਾਰੀਆਂ ਦੀ ਭਰਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੀ ਭਰਤੀ ਹੋਣ ਉਪਰੰਤ ਮੁਹਾਲੀ ਸ਼ਹਿਰ ਵਿਚ ਕੀਤੀ ਜਾਣ ਵਾਲੀ ਮੈਨੂਅਲ ਸਫਾਈ ਵਿਵਸਥਾ ਦਾ ਕੰਮ ਇਹੀ ਕਰਮਚਾਰੀ ਸੰਭਾਲਣਗੇ ਜਦੋਂ ਕਿ ਮਕੈਨਿਕਲ ਸਫਾਈ ਦਾ ਕੰਮ ਠੇਕੇ ਤੇ ਕਰਵਾਇਆ ਜਾਵੇਗਾ।

ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਠੇਕੇਦਾਰ ਅਧੀਨ ਕੰਮ ਕਰਨ ਵਾਲੇ ਸਫਾਈ ਕਰਮਚਾਰੀਆਂ ਦੀ ਵਰ੍ਹਿਆਂ ਤੋਂ ਮੰਗ ਸੀ ਕਿ ਉਨ੍ਹਾਂ ਨੂੰ ਸਿੱਧੇ ਭਰਤੀ ਕੀਤਾ ਜਾਵੇ ਅਤੇ ਉਨ੍ਹਾ ਨੇ ਕਰਮਚਾਰੀਆਂ ਨੂੰ ਭਰੋਸਾ ਦਿੱਤਾ ਸੀ ਕਿ ਨਗਰ ਨਿਗਮ ਉਨ੍ਹਾਂ ਦੀ ਭਰਤੀ ਲਈ ਮਤਾ ਪਾਸ ਕਰੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਰਮਚਾਰੀਆਂ ਦਾ ਭਰੋਸਾ ਪੂਰਾ ਕਰਦਿਆਂ ਨਗਰ ਨਿਗਮ ਦੀ ਮੀਟਿੰਗ ਵਿਚ ਮਤਾ ਲਿਆ ਕੇ ਪਾਸ ਕਰਵਾਇਆ ਅਤੇ ਅੱਜ ਇਸ ਕਾਰਵਾਈ ਦਾ ਇਕ ਹੋਰ ਪੜਾਅ ਮੁਕੰਮਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਰਜੀਆਂ ਦੀ ਜਾਂਚ ਪੜਤਾਲ ਉਪਰੰਤ ਇਨ੍ਹਾਂ ਕਰਮਚਾਰੀਆਂ ਦੀ ਭਰਤੀ ਦਾ ਅਗਲਾ ਪੜਾਅ ਅਰੰਭ ਹੋ ਜਾਵੇਗਾ।

Leave a Reply

Your email address will not be published. Required fields are marked *