ਗੁਰਦਾਸਪੁਰ ਤੋਂ ਟਿਫਿਨ ਬੰਬ ਤੇ 4 ਹੱਥ ਗੋਲੇ ਬਰਾਮਦ

ਚੰਡੀਗੜ੍ਹ, 3 ਦਸੰਬਰ (ਸ.ਬ.) ਪੰਜਾਬ ਪੁਲੀਸ ਨੇ ਗੁਰਦਾਸਪੁਰ ਤੋਂ ਸਰਹੱਦੀ ਜਿਲੇ ਦੇ ਪਿੰਡ ਸਲੇਮਪੁਰ ਅਰਾਈਆਂ ਤੋਂ ਇੱਕ ਬੋਰੀ ਵਿੱਚ ਛੁਪਾਏ ਹੋਏ ਚਾਰ ਹੈਂਡ ਗ੍ਰਨੇਡ ਅਤੇ ਇੱਕ ਹੋਰ ਟਿਫਿਨ ਬੰਬ ਬਰਾਮਦ ਕੀਤਾ ਹੈ। ਇਸ ਤੋਂ ਪਹਿਲਾਂ ਪੁਲੀਸ ਨੇ ਪਾਕਿਸਤਾਨ-ਆਈਐਸਆਈ ਦੀ ਹਮਾਇਤ ਪ੍ਰਾਪਤ ਦੋ ਅੱਤਵਾਦੀ ਗੁੱਟਾਂ ਦਾ ਪਰਦਾਫਾਸ਼ ਕੀਤਾ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਪੰਜਾਬ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਸਰਹੱਦੀ ਜਿਲੇ ਵਿੱਚੋਂ ਹਾਲ ਹੀ ਵਿੱਚ ਆਰ. ਡੀ. ਐਕਸ, ਹੈਂਡ ਗਰਨੇਡ ਅਤੇ ਪਿਸਤੌਲਾਂ ਦੀ ਬਰਾਮਦਗੀ ਦੇ ਮੱਦੇਨਜ਼ਰ ਗਜਟਿਡ ਅਧਿਕਾਰੀਆਂ ਦੀ ਨਿਗਰਾਨੀ ਵਿੱਚ ਸਮੂਹ ਐਸ.ਐਚ.ਓਜ ਵੱਲੋਂ ਪੂਰੇ ਜਿਲੇ ਵਿੱਚ ਸਖਤ ਨਾਕਾਬੰਦੀ ਕੀਤੀ ਗਈ ਹੈ। ਉਨਾਂ ਦੱਸਿਆ ਕਿ ਪਿੰਡ ਸਲੇਮਪੁਰ ਅਰਾਈਆਂ ਨੇੜੇ ਟੀ-ਪੁਆਇੰਟ ਤੇ ਚੈਕਿੰਗ ਦੌਰਾਨ ਐਸ ਐਚ ਓ ਸਦਰ ਗੁਰਦਾਸਪੁਰ ਨੂੰ ਸੜਕ ਕਿਨਾਰੇ ਝਾੜੀਆਂ ਵਿਚੋਂ ਇੱਕ ਸ਼ੱਕੀ ਬੋਰੀ ਬਰਾਮਦ ਹੋਈ ਅਤੇ ਬੋਰੀ ਦੀ ਚੈਕਿੰਗ ਕਰਨ ਤੇ ਉਸ ਵਿੱਚ ਛੁਪਾਏ ਹੋਏ ਚਾਰ ਹੈਂਡ ਗਰਨੇਡ ਅਤੇ ਇੱਕ ਟਿਫਨ ਬੰਬ ਬਰਾਮਦ ਹੋਇਆ। ਉਨਾਂ ਕਿਹਾ ਕਿ ਬੰਬ ਡਿਟੈਕਸ਼ਨ ਐਂਡ ਡਿਸਪੋਜ਼ਲ (ਬੀਡੀਡੀਐਸ) ਟੀਮਾਂ ਨੂੰ ਵਿਸਫੋਟਕ ਸਮੱਗਰੀ ਨੂੰ ਨਸ਼ਟ ਕਰਨ ਲਈ ਇਤਲਾਹ ਭੇਜ ਦਿੱਤੀ ਗਈ ਹੈ ।

ਡੀਜੀਪੀ ਨੇ ਕਿਹਾ ਕਿ ਉਪ ਮੁੱਖ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਪੁਲੀਸ ਖਾਸ ਕਰਕੇ ਸਰਹੱਦੀ ਜਿਲਾ ਪੁਲੀਸ ਬਲ ਪਹਿਲਾਂ ਹੀ ਹਾਈ ਅਲਰਟ ਤੇ ਹੈ ਅਤੇ ਸਰਹੱਦੀ ਪੁਲੀਸ ਵੱਲੋਂ ਰੋਜ਼ਾਨਾ ਰਾਤ ਦੀ ਡਿਊਟੀ ਦੌਰਾਨ ਨਾਈਟ ਡੋਮੀਨੇਸ਼ਨ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਅਤੇ ਏਡੀਜੀਪੀ ਰੈਂਕ ਦੇ ਅਧਿਕਾਰੀ ਨਿੱਜੀ ਤੌਰ ਤੇ ਸਰਹੱਦੀ ਜਿਲਿਆਂ ਵਿੱਚ ਨਾਈਟ ਡੋਮੀਨੇਸ਼ਨ ਆਪਰੇਸ਼ਨ ਦੀ ਕਾਰਵਾਈ ਦੀ ਨਿਗਰਾਨੀ ਕਰਨ ਲਈ ਤਾਇਨਾਤ ਗਏ ਹਨ।

ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗੁਰਦਾਸਪੁਰ ਪੁਲੀਸ ਨੇ ਬੁੱਧਵਾਰ ਨੂੰ ਅੰਮ੍ਰਿਤਸਰ ਦੇ ਲੋਪੋਕੇ ਦੇ ਰਹਿਣ ਵਾਲੇ ਅਤੇ ਐਤਵਾਰ ਨੂੰ ਗ੍ਰਿਫਤਾਰ ਕੀਤੇ ਸੁਖਵਿੰਦਰ ਸਿੰਘ ਉਰਫ ਸੋਨੂੰ ਦੀ ਸੂਹ ਤੇ 0.9 ਕਿਲੋ ਆਰਡੀਐਕਸ ਬਰਾਮਦ ਕੀਤਾ ਸੀ। ਜਦਕਿ ਮੰਗਲਵਾਰ ਨੂੰ ਜਿਲਾ ਪੁਲਸ ਨੇ ਦੋ ਹੈਂਡ ਗ੍ਰੇਨੇਡ ਬਰਾਮਦ ਕੀਤੇ ਸਨ।

Leave a Reply

Your email address will not be published.