Mohali
ਪੁਲੀਸ ਵੱਲੋਂ ਕੈਨੇਡਾ ਅਧਾਰਤ ਅੱਤਵਾਦੀ ਅਰਸ਼ ਡੱਲਾ ਦੇ ਚਾਰ ਕਾਰਕੁਨ ਗ੍ਰਿਫਤਾਰ, ਤਿੰਨ ਪਿਸਤੌਲ ਬਰਾਮਦ
ਗ੍ਰਿਫਤਾਰ ਮੁਲਜਮ ਮੁਹਾਲੀ ਵਿਖੇ ਕਾਰ ਐਕਸੈਸਰੀਜ਼ ਦੇ ਸ਼ੋਅਰੂਮ ਤੇ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ
ਐਸ ਏ ਐਸ ਨਗਰ, 16ਦਸੰਬਰ (ਜਸਬੀਰ ਸਿੰਘ ਜੱਸੀ) ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਐਸ. ਏ. ਐਸ. ਨਗਰ ਪੁਲੀਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਕੈਨੇਡਾ ਆਧਾਰਤ ਅੱਤਵਾਦੀ ਅਰਸ਼ ਡੱਲਾ ਅਤੇ ਇਕ ਹੋਰ ਵਿਦੇਸ਼ੀ ਹੈਂਡਲਰ ਦੇ ਚਾਰ ਕਾਰਕੁਨਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ .32 ਬੋਰ ਦੇ ਤਿੰਨ ਪਿਸਤੌਲ ਅਤੇ 16 ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਸੰਬੰਧੀ ਡੀ ਜੀ ਪੀ ਪੰਜਾਬ ਗੌਰਵ ਯਾਦਵ ਵਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਗ੍ਰਿਫਤਾਰ ਮੁਲਜਮਾਂ ਦੀ ਪਛਾਣ ਗਗਨਦੀਪ ਸਿੰਘ ਅਤੇ ਨਵਜੋਤ ਸਿੰਘ ਉਰਫ਼ ਨੀਸ਼ੂ ਵਾਸੀ ਅਮਲੋਹ (ਜੋ ਇਸ ਸਮੇਂ ਖਰੜ ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ), ਪਟਿਆਲਾ ਦੇ ਭਾਦਸੋਂ ਦੇ ਰਹਿਣ ਵਾਲੇ ਲਖਵਿੰਦਰ ਸਿੰਘ ਅਤੇ ਫਰੀਦਕੋਟ ਵਾਸੀ ਵਿਪਨਪ੍ਰੀਤ ਸਿੰਘ ਵਜੋਂ ਹੋਈ ਹੈ। ਗ੍ਰਿਫ਼ਤਾਰ ਮੁਲਜ਼ਮਾਂ ਤੋਂ ਹਥਿਆਰ ਅਤੇ ਗੋਲੀ-ਸਿੱਕਾ ਬਰਾਮਦ ਕਰਨ ਤੋਂ ਇਲਾਵਾ, ਪੁਲੀਸ ਟੀਮਾਂ ਨੇ ਉਨ੍ਹਾਂ ਦੀ ਸਫੇਦ ਰੰਗ ਦੀ ਸਵਿਫ਼ਟ ਕਾਰ ਵੀ ਜ਼ਬਤ ਕਰ ਲਈ ਹੈ।
ਡੀ. ਜੀ. ਪੀ. ਨੇ ਦੱਸਿਆ ਕਿ ਫੜੇ ਗਏ ਮੁਲਜਮਾਂ ਨੇ ਆਪਣੇ ਵਿਦੇਸ਼ੀ ਹੈਂਡਲਰ ਦਲਜੀਤ ਸਿੰਘ ਉਰਫ਼ ਨਿੰਦਾ ਦੇ ਨਿਰਦੇਸ਼ਾਂ ਤੇ ਬੀਤੀ 1 ਅਤੇ 2 ਦਸੰਬਰ ਦੀ ਦਰਮਿਆਨੀ ਰਾਤ ਨੂੰ ਮੁਹਾਲੀ ਦੇ ਫੇਜ਼ 11 ਸਥਿਤ ਕਾਰ ਐਕਸੈਸਰੀਜ਼ ਦੇ ਸ਼ੋਅਰੂਮ ਦੇ ਮਾਲਕ ਨੂੰ ਡਰਾ ਧਮਕਾ ਕੇ ਉਸ ਤੋਂ ਪੈਸੇ ਵਸੂਲਣ ਦੇ ਇਰਾਦੇ ਨਾਲ ਸ਼ੋਅਰੂਮ ਤੇ ਗੋਲੀਆਂ ਚਲਾਉਣ ਦਾ ਜ਼ੁਰਮ ਕਬੂਲਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉਕਤ ਦਲਜੀਤ ਸਿੰਘ ਉਰਫ਼ ਨਿੰਦਾ ਦਾ ਪੁਰਾਣਾ ਅਪਰਾਧਕ ਰਿਕਾਰਡ ਹੈ, ਜੋ ਫ਼ਰਜ਼ੀ ਪਾਸਪੋਰਟ ਬਣਵਾ ਕੇ ਅਮਰੀਕਾ ਭੱਜ ਗਿਆ ਸੀ ਅਤੇ ਉਥੇ ਅਮਰੀਕਾ ਅਧਾਰਤ ਕੱਟੜਪੰਥੀ ਗੈਂਗਸਟਰ ਨਾਲ ਜੁੜ ਗਿਆ ਸੀ। ਡੀ. ਜੀ. ਪੀ ਨੇ ਕਿਹਾ ਕਿ ਇਹ ਮਾਡਿਊਲ ਕੱਟੜਪੰਥੀ ਅਰਸ਼ ਡੱਲਾ ਨਾਲ ਜੁੜਿਆ ਹੋਇਆ ਸੀ ਅਤੇ ਉਸ ਦੇ ਇਸ਼ਾਰੇ ਤੇ ਪੰਜਾਬ ਵਿਚ ਹੋਰ ਅਪਰਾਧਾਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਸੀ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਸਾਰੇ ਮੁਲਜ਼ਮਾਂ ਦਾ ਪੁਰਾਣਾ ਅਤੇ ਵੱਡਾ ਅਪਰਾਧਕ ਰਿਕਾਰਡ ਹੈ, ਜਿਨ੍ਹਾਂ ਖ਼ਿਲਾਫ਼ ਕਈ ਕੇਸ ਦਰਜ ਹਨ, ਜਦਕਿ ਇਸ ਮਾਡਿਊਲ ਵਿਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਲਈ ਅਗਲੇਰੀ ਜਾਂਚ ਜਾਰੀ ਹੈ।
ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਏ ਜੀ ਟੀ ਐਫ ਦੇ ਏ. ਡੀ. ਜੀ. ਪੀ ਪ੍ਰਮੋਦ ਬਾਨ ਨੇ ਕਿਹਾ ਕਿ ਮੁਹਾਲੀ ਵਿਖੇ ਕਾਰ ਐਕਸੈਸਰੀਜ਼ ਦੇ ਸ਼ੋਅਰੂਮ ਤੇ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਇਸ ਕੇਸ ਨੂੰ ਸੁਲਝਾਉਣ ਲਈ ਏ. ਆਈ. ਜੀ ਗੁਰਮੀਤ ਚੌਹਾਨ ਅਤੇ ਏ. ਆਈ. ਜੀ ਸੰਦੀਪ ਗੋਇਲ ਦੀ ਨਿਗਰਾਨੀ ਹੇਠ ਅਤੇ ਐਸ. ਐਸ. ਪੀ ਐਸ. ਏ. ਐਸ. ਨਗਰ ਦੀਪਕ ਪਾਰੀਕ ਨਾਲ ਤਾਲਮੇਲ ਜ਼ਰੀਏ ਏ. ਜੀ. ਟੀ. ਐਫ. ਦੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਟੀਮਾਂ ਨੇ ਘਟਨਾ ਸਥਾਨ ਤੋਂ ਸੀ. ਸੀ. ਟੀ. ਵੀ. ਫੁਟੇਜ, ਤਕਨੀਕੀ ਜਾਣਕਾਰੀ ਅਤੇ ਸਬੂਤ ਇਕੱਠੇ ਕੀਤੇ, ਜਿਸ ਨਾਲ ਅਪਰਾਧ ਵਿਚ ਸ਼ਾਮਲ ਦੋ ਸ਼ੂਟਰਾਂ ਸਮੇਤ ਮੁਲਜ਼ਮਾਂ ਦੀ ਪਛਾਣ ਹੋਈ। ਉਨ੍ਹਾਂ ਦੱਸਿਆ ਕਿ ਏ.ਜੀ.ਟੀ.ਐਫ ਦੀਆਂ ਵਿਸ਼ੇਸ਼ ਟੀਮਾਂ ਨੇ ਮੁਲਜ਼ਮਾਂ ਨੂੰ ਉਸ ਵੇਲੇ ਸਫ਼ਲਤਾਪੂਰਵਕ ਟਰੇਸ ਕਰ ਲਿਆ ਜਦੋਂ ਉਹ ਆਪਣੀ ਸਵਿਫ਼ਟ ਕਾਰ ਵਿਚ ਜਾ ਰਹੇ ਸਨ, ਇਸ ਉਪਰੰਤ ਪੁਲੀਸ ਟੀਮਾਂ ਵਲੋਂ ਮੁਲਜ਼ਮਾਂ ਨੂੰ ਫੋਕਲ ਪੁਆਇੰਟ, ਮੁਹਾਲੀ ਨੇੜਿਓਂ ਅਪਰਾਧ ਵਿਚ ਵਰਤੇ ਗਏ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ।
ਏ. ਡੀ. ਜੀ. ਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਗਗਨਦੀਪ ਤੇ ਨਵਜੋਤ ਉਰਫ਼ ਨੀਸ਼ੂ ਨੇ ਕਾਰ ਐਕਸੈਸਰੀਜ਼ ਦੇ ਸ਼ੋਅਰੂਮ ਤੇ ਗੋਲੀਆਂ ਚਲਾਈਆਂ ਅਤੇ ਮੁਲਜ਼ਮ ਲਖਵਿੰਦਰ ਨੇ ਉਨ੍ਹਾਂ ਨੂੰ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਵਿਚ ਮਦਦ ਕੀਤੀ ਜਦੋਂਕਿ ਮੁਲਜ਼ਮ ਵਿਪਨਪ੍ਰੀਤ ਵਲੋਂ ਅਰਸ਼ ਡੱਲਾ ਦੇ ਕਹਿਣ ਤੇ ਉਨ੍ਹਾਂ ਨੂੰ ਹਥਿਆਰ ਮੁਹੱਈਆ ਕਰਵਾਏ ਗਏ। ਐਸ. ਐਸ. ਪੀ. ਦੀਪਕ ਪਾਰੀਕ ਨੇ ਦੱਸਿਆ ਕਿ ਮੁਲਜ਼ਮ ਗਗਨਦੀਪ ਥਾਣਾ ਅਮਲੋਹ ਵਿਖੇ ਦਰਜ ਡਕੈਤੀ ਦੇ ਕੇਸ ਵਿਚ ਵੀ ਪੁਲੀਸ ਨੂੰ ਲੋੜੀਂਦਾ ਸੀ, ਜਦੋਂਕਿ ਮੁਲਜ਼ਮ ਵਿਪਨਪ੍ਰੀਤ ਇਸ ਤੋਂ ਪਹਿਲਾਂ ਮਾਰਚ 2024 ਵਿਚ ਜਲੰਧਰ ਵਿੱਚ ਇਕ ਗਾਇਕ ਉੱਤੇ ਗੋਲੀਆਂ ਚਲਾਉਣ ਅਤੇ ਜਨਵਰੀ 2024 ਵਿਚ ਫਰੀਦਕੋਟ ਵਿਖੇ ਗੋਲੀਬਾਰੀ ਦੀ ਘਟਨਾ ਵਿਚ ਸ਼ਾਮਲ ਸੀ। ਇਸ ਸਬੰਧੀ ਪੁਲੀਸ ਥਾਣਾ ਸਟੇਟ ਕ੍ਰਾਈਮ, ਐਸ.ਏ.ਐਸ.ਨਗਰ ਵਿਖੇ (ਬੀ.ਐਨ.ਐਸ) ਦੀ ਧਾਰਾ 111 ਅਤੇ 3(5) ਅਤੇ ਅਸਲਾ ਐਕਟ ਦੀ ਧਾਰਾ 25(6)(7) ਤਹਿਤ ਐਫਆਈਆਰ ਦਰਜ ਕੀਤੀ ਗਈ।
Mohali
ਫੇਜ਼ 2 ਵਿਖੇ ਬਾਂਦਰਾਂ ਨੇ ਮਚਾਈ ਦਹਿਸ਼ਤ, ਜਿਲਾ ਪ੍ਰਸਾਸ਼ਨ ਕੋਲੋਂ ਮੱਦਦ ਦੀ ਗੁਹਾਰ
ਬਾਂਦਰਾਂ ਨੇ ਦੋ ਔਰਤਾਂ ਨੂੰ ਕੀਤਾ ਜ਼ਖਮੀ, ਬਾਂਦਰਾਂ ਦੀ ਦਹਿਸ਼ਤ ਕਾਰਨ ਬੱਚੇ ਵੀ ਸਹਿਮੇ
ਐਸ ਏ ਐਸ ਨਗਰ, 2 ਜਨਵਰੀ (ਜਸਬੀਰ ਸਿੰਘ ਜੱਸੀ) ਫੇਜ਼-2 ਵਿੱਚ ਬਾਂਦਰਾਂ ਵਲੋਂ ਦਹਿਸ਼ਤ ਮਚਾ ਦਿੱਤੀ ਗਈ ਹੈ ਅਤੇ ਇਹਨਾਂ ਬਾਂਦਰਾ ਕਾਰਨ ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ। ਇਹਨਾਂ ਬਾਂਦਰਾਂ ਕਾਰਨ ਨਾ ਤਾਂ ਘਰ ਦੀ ਛੱਤ ਤੇ ਕੋਈ ਖਾਣ ਵਾਲੀ ਚੀਜ਼ ਰੱਖੀ ਜਾ ਸਕਦੀ ਹੈ ਅਤੇ ਨਾ ਹੀ ਬੱਚਿਆਂ ਨੂੰ ਘਰ ਦੇ ਵਿਹੜੇ ਜਾਂ ਪਾਰਕ ਵਿੱਚ ਖੇਡਣ ਲਈ ਭੇਜਿਆ ਜਾ ਸਕਦਾ ਹੈ।
ਫੇਜ਼ 2 ਮਾਰਕੀਟ ਵਿੱਚ ਖੜਦੇ ਕੁਝ ਰੇਹੜੀ ਵਾਲਿਆਂ ਨੇ ਦੱਸਿਆ ਕਿ ਇਕ ਬਾਂਦਰ ਨੂੰ ਕੁਝ ਦਿਨ ਪਹਿਲਾਂ ਇਕ ਔਰਤ ਛੱਡ ਕੇ ਗਈ ਸੀ। ਉਸ ਦਿਨ ਤੋਂ ਬਾਂਦਰ ਗੱਡੀਆਂ ਦੀਆਂ ਛੱਤਾਂ ਤੇ ਚੜ ਕੇ ਉਕਤ ਔਰਤ (ਜਿਸ ਨੇ ਉਸ ਦਾ ਇਲਾਜ ਕਰਵਾਇਆ ਦੱਸਿਆ ਜਾ ਰਿਹਾ ਹੈ) ਦੀ ਉਡੀਕ ਕਰਦਾ ਰਹਿੰਦਾ ਹੈ। ਉਕਤ ਦੋਵਾਂ ਬਾਂਦਰਾ ਦੀ ਦਹਿਸ਼ਤ ਤੋਂ ਫੇਜ਼ 2 ਦੀ ਮਾਰਕੀਟ ਵਾਲੇ ਵੀ ਪਰੇਸ਼ਾਨ ਹਨ।
ਫੇਜ਼-2 ਦੀ ਵਸਨੀਕ ਬੀਬੀ ਇੰਦਰਜੀਤ ਕੌਰ ਨੇ ਦੱਸਿਆ ਕਿ ਘਰਾਂ ਵਿਚ ਬਾਂਦਰਾਂ ਵਲੋਂ ਮਚਾਏ ਉਤਪਾਤ ਦੀ ਜਾਣਕਾਰੀ ਪ੍ਰਸਾਸ਼ਨ ਨੂੰ ਫੋਨ ਰਾਹੀਂ ਦਿੱਤੀ ਗਈ ਸੀ, ਪ੍ਰੰਤੂ ਲੱਗਦਾ ਹੈ ਕਿ ਵਿਭਾਗ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ। ਇਹਨਾਂ ਬਾਂਦਰਾ ਵਲੋਂ ਫੇਜ਼ 2 ਦੀ ਰਹਿਣ ਵਾਲੀ ਪੁਸ਼ਪਾ ਦੇਵੀ ਅਤੇ ਬਲਜਿੰਦਰ ਕੌਰ ਤੇ ਵੀ ਹਮਲਾ ਕਰਕੇ ਉਹਨਾਂ ਨੂੰ ਜਖਮੀ ਕੀਤਾ ਜਾ ਚੁੱਕਿਆ ਹੈ।
ਉਹਨਾਂ ਦੱਸਿਆ ਕਿ ਸਵੇਰ ਸਮੇਂ ਹੀ ਉਨਾਂ ਦੇ ਘਰ ਦੇ ਅੰਦਰ ਬਾਂਦਰ ਆ ਜਾਂਦੇ ਹਨ ਅਤੇ ਪਰਿਵਾਰ ਵਲੋਂ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਕ ਦਿਨ ਘਰ ਦਾ ਦਰਵਾਜਾ ਸਫਾਈ ਕਰਨ ਸਮੇਂ ਖੋਲਿਆ ਗਿਆ ਤਾਂ ਅਚਾਨਕ ਘਰ ਦੇ ਅੰਦਰ ਬਾਂਦਰ ਆ ਵੜਿਆ ਅਤੇ ਜਦੋਂ ਤਕ ਬਾਦਰ ਘਰ ਤੋਂ ਬਾਹਰ ਨਹੀਂ ਗਿਆ, ਸਾਰਾ ਪਰਿਵਾਰ ਦਹਿਸ਼ਤ ਦੇ ਮਾਹੌਲ ਵਿੱਚ ਰਿਹਾ। ਉਨ੍ਹਾਂ ਕਿਹਾ ਕਿ ਜਿਲਾ ਪ੍ਰਸਾਸ਼ਨ ਨੂੰ ਉਕਤ ਬਾਂਦਰਾਂ ਦੇ ਉਤਪਾਤ ਦੀ ਜਾਣਕਾਰੀ ਫੋਨ ਰਾਹੀਂ ਦਿੱਤੀ ਗਈ ਸੀ, ਪ੍ਰੰਤੂ ਹਾਲੇ ਤੱਕ ਇਸ ਮਸਲੇ ਦਾ ਕੋਈ ਵੀ ਹੱਲ ਨਹੀਂ ਹੋਇਆ। ਉਨ੍ਹਾਂ ਡਿਪਟੀ ਕਮਿਸ਼ਨਰ ਮੁਹਾਲੀ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਹੱਲ ਜਲਦ ਕਰਵਾਇਆ ਜਾਵੇ।
ਇਸ ਸੰਬੰਧੀ ਸੰਪਰਕ ਕਰਨ ਤੇ ਜੰਗਲੀ ਜੀਵ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਬਾਂਦਰਾਂ ਨੂੰ ਜੰਗਲੀ ਜੀਪਵ ਵਿਭਾਗ ਤਹਿਤ ਆਉਂਦੇ ਜਾਨਵਰਾਂ ਦੀ ਸੂਚੀ ਤੋਂ ਕੱਢਿਆ ਜਾ ਚੁੱਕਿਆ ਹੈ ਅਤੇ ਹੁਣ ਇਹਨਾਂ ਸੰਬੰਧੀ ਕਾਰਵਾਈ ਨਗਰ ਨਿਗਮ ਵਲੋਂ ਕੀਤੀ ਜਾਣੀ ਬਣਦੀ ਹੈ।
ਸੰਪਰਕ ਕਰਨ ਤੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਟੀ ਬੈਨਿਥ ਨੇ ਦੱਸਿਆ ਕਿ ਉਹਨਾਂ ਨੂੰ ਇਸ ਸੰਬੰਧੀ ਜਾਣਕਾਰੀ ਨਹੀਂ ਹੈ। ਉਹਨਾਂ ਕਿਹਾ ਕਿ ਉੁਹ ਇਸਦੀ ਜਾਂਚ ਕਰਵਾਉਣਗੇ ਅਤੇ ਇਸ ਸੰਬੰਧੀ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।
Mohali
ਨਾਕਾਬੰਦੀ ਦੌਰਾਨ ਗੱਡੀ ਵਿੱਚ ਸੁੱਤਾ ਪਿਆ ਮਿਲਿਆ ਰਾਤ ਦੀ ਡਿਊਟੀ ਤੇ ਤੈਨਾਤ ਇੰਸਪੈਕਟਰ, ਐਸ ਐਸ ਪੀ ਵੱਲੋਂ ਇੰਸਪੈਕਟਰ ਮੁਅਤਲ
ਐਸ ਏ ਐਸ ਨਗਰ, 2 ਜਨਵਰੀ (ਜਸਬੀਰ ਜੱਸੀ) ਮੁਹਾਲੀ ਵਿੱਚ ਰਾਤ ਦੀ ਡਿਊਟੀ ਦੌਰਾਨ ਇੱਕ ਚੈੱਕ ਪੋਸਟ ਤੇ ਇੱਕ ਇੰਸਪੈਕਟਰ ਆਪਣੀ ਕਾਰ ਵਿੱਚ ਸੁੱਤਾ ਹੋਇਆ ਪਾਇਆ ਗਿਆ ਅਤੇ ਬਾਅਦ ਵਿੱਚ ਉਸਨੂੰ ਮੁਅੱਤਲ ਕਰ ਦਿੱਤਾ ਗਿਆ।
ਐਸ ਐਸ ਪੀ ਮੁਹਾਲੀ ਦੀਪਕ ਪਾਰੀਕ ਨੇ ਸਵੇਰੇ 3 ਵਜੇ ਚੈੱਕ ਪੋਸਟਾਂ ਦੀ ਅਚਾਨਕ ਜਾਂਚ ਕੀਤੀ, ਇਸ ਦੌਰਾਨ ਇੰਸਪੈਕਟਰ ਨੂੰ ਸੁੱਤਾ ਹੋਇਆ ਪਾਇਆ, ਜਿਸ ਤੋਂ ਬਾਅਦ ਇੰਸਪੈਕਟਰ ਭੁਪਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ। ਇੰਸਪੈਕਟਰ ਪਹਿਲਾਂ ਹੀ ਪੁਲੀਸ ਲਾਈਨਾਂ ਵਿੱਚ ਸੇਵਾ ਨਿਭਾ ਰਿਹਾ ਸੀ ਅਤੇ ਉਸਨੂੰ ਚੈੱਕ ਪੋਸਟ ਡਿਊਟੀ ਸੌਂਪੀ ਗਈ ਸੀ। ਪੁਲੀਸ ਲਾਈਨਾਂ ਵਿੱਚ ਤਾਇਨਾਤ ਇੰਸਪੈਕਟਰ ਭੁਪਿੰਦਰ ਸਿੰਘ ਨੂੰ ਡਿਊਟੀ ਵਿੱਚ ਲਾਪਰਵਾਹੀ ਕਾਰਨ ਮੁਅੱਤਲ ਕੀਤਾ ਗਿਆ ਹੈ।
ਉਕਤ ਇੰਸਪੈਕਟਰ ਦੀ ਮੁਅੱਤਲੀ ਬਾਰੇ ਪੁੱਛੇ ਜਾਣ ਤੇ ਇਸਦੀ ਪੁਸ਼ਟੀ ਕਰਦਿਆਂ ਐਸ ਐਸ ਪੀ ਦੀਪਕ ਪਾਰੀਕ ਨੇ ਕਿਹਾ ਕਿ ਉਹਨਾਂ ਵਲੋਂ ਤੜਕੇ 3 ਵਜੇ ਚੈੱਕ ਪੋਸਟ ਦੀ ਅਚਾਨਕ ਜਾਂਚ ਕੀਤੀ ਗਈ ਸੀ ਜਿਸ ਦੌਰਾਨ ਇੱਕ ਇੰਸਪੈਕਟਰ ਆਪਣੀ ਕਾਰ ਵਿੱਚ ਸੁੱਤਾ ਪਿਆ ਸੀ, ਇਸ ਲਈ ਉਸਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਸਦਾ ਨਾਮ ਭੁਪਿੰਦਰ ਸਿੰਘ ਹੈ। ਉਹ ਪਹਿਲਾਂ ਪੀ ਸੀ ਸ਼ਾਖਾ ਦਾ ਇੰਚਾਰਜ ਸੀ ਅਤੇ ਹੁਣ ਪੁਲੀਸ ਲਾਈਨ ਵਿੱਚ ਤਾਇਨਾਤ ਹੈ।
ਐਸਐਸਪੀ ਨੇ ਦੱਸਿਆ ਕਿ ਪੁਲੀਸ ਵਲੋਂ ਰੋਜ਼ਾਨਾ ਚੈੱਕ ਪੋਸਟਾਂ ਸਥਾਪਿਤ ਕੀਤੀਆਂ ਜਾਂਦੀਆਂ ਹਨ ਅਤੇ ਖਾਸ ਕਰਕੇ ਜ਼ਿਲ੍ਹੇ ਦੀਆਂ ਚੰਡੀਗੜ੍ਹ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨਾਲ ਲੱਗਦੀਆਂ ਸਰਹੱਦਾਂ ਤੇ ਇਹ ਚੈਕ ਪੋਸਟਾ ਲੱਗਦੀਆਂ ਹਨ। ਇਸਦੇ ਨਾਲ ਹੀ ਅਣਚਾਹੇ ਤੱਤਾਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖਣ ਲਈ ਸ਼ਹਿਰ ਦੀਆਂ ਸੀਮਾਵਾਂ ਦੇ ਅੰਦਰ ਵੀ ਚੈੱਕ ਪੋਸਟਾਂ ਸਥਾਪਤ ਕੀਤੀਆਂ ਜਾਂਦੀਆਂ ਹਨ ਅਤੇ ਸ਼ਹਿਰ ਦੀਆਂ ਸੀਮਾਵਾਂ ਦੇ ਅੰਦਰ ਅਤੇ ਆਲੇ-ਦੁਆਲੇ ਲਗਭਗ 80 ਤੋਂ 90 ਚੈੱਕ ਪੋਸਟਾਂ ਸਥਾਪਤ ਕੀਤੀਆਂ ਜਾਂਦੀਆਂ ਹਨ ਜਿੱਥੇ ਵਾਹਨਾਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਪੁਲੀਸ ਵਲੋਂ ਰਾਤ ਨੂੰ ਚੱਲਣ ਵਾਲੇ ਵਪਾਰਕ ਵਾਹਨਾਂ ਤੇ ਰਿਫਲੈਕਟਿਵ ਸਟਿੱਕਰ ਲਗਾਏ ਜਾਂਦੇ ਹਨ।
Mohali
ਮੁੱਖ ਮੰਤਰੀ ਦੀ ਅਗਵਾਈ ਹੇਠ ਹਰ ਖੇਤਰ ਵਿੱਚ ਤਰੱਕੀ ਕਰਵਾ ਰਹੀ ਹੈ ਪੰਜਾਬ ਸਰਕਾਰ : ਕੁਲਵੰਤ ਸਿੰਘ
ਬਠਲਾਣਾ ਤੋਂ ਗੁਡਾਣਾ ਤੱਕ 60 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਲਿੰਕ ਸੜਕ ਨੂੰ ਚੌੜਾ ਕਰਨ ਦਾ ਨੀਂਹ ਪੱਥਰ ਰੱਖਿਆ
ਐਸ ਏ ਐਸ ਨਗਰ, 2 ਜਨਵਰੀ (ਸ.ਬ.) ਹਲਾਕਾ ਵਿਧਾਇਕ ਸz. ਕੁਲਵੰਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਦੀ ਅਗਵਾਈ ਹੇਠ ਹਰ ਖੇਤਰ ਵਿੱਚ ਤਰੱਕੀ ਕਰਵਾ ਰਹੀ ਹੈ। ਪਿੰਡ ਬਠਲਾਣਾ ਤੋਂ ਪਿੰਡ ਗੁਡਾਣਾ ਤੱਕ ਲਿੰਕ ਸੜਕ ਨੂੰ 10 ਫੁੱਟ ਤੋਂ ਵਧਾ ਕੇ 18 ਫੁੱਟ ਤੱਕ ਚੌੜਾ ਕਰਨ ਦੀ ਸ਼ੁਰੂਆਤ ਮੌਕੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਹੈ ਕਿ ਪੰਜਾਬ ਵਿੱਚ ਸਰਬਪੱਖੀ ਵਿਕਾਸ ਦੇ ਨਾਲ-ਨਾਲ ਭਾਈਚਾਰਕ ਸਾਂਝ ਨੂੰ ਕਾਇਮ ਰੱਖਿਆ ਜਾਵੇ ਤਾਂ ਜੋ ਪੰਜਾਬ ਨੂੰ ਵਿਕਾਸ ਦੇ ਪੱਖੋਂ ਬੁਲੰਦੀਆਂ ਤੇ ਲਿਜਾਇਆ ਜਾ ਸਕੇ।
ਸੜਕ ਬਾਰੇ ਗੱਲ ਕਰਦਿਆਂ ਉਹਨਾਂ ਦੱਸਿਆ ਕਿ 60 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਸ ਸੜਕ ਦੀ ਲੰਬਾਈ 2.5 ਕਿਲੋਮੀਟਰ ਹੈ ਅਤੇ ਲੋਕ ਨਿਰਮਾਣ ਵਿਭਾਗ ਵੱਲੋਂ ਇਸਨੂੰ ਆਉਂਦੇ ਚਾਰ ਮਹੀਨਿਆਂ ਦੇ ਅੰਦਰ ਬਣਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ 18 ਫੁੱਟ ਚੌੜੀ ਸੜਕ ਦੇ ਬਣਨ ਨਾਲ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਵਿੱਚ ਵੱਡਾ ਫਾਇਦਾ ਹੋਵੇਗਾ।
ਇਸ ਮੌਕੇ ਆਲੇ ਦੁਆਲੇ ਦੇ ਪਿੰਡਾਂ ਦੇ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਦੀ ਅਗਵਾਈ ਹੇਠ ਹਰ ਖੇਤਰ ਵਿੱਚ ਤਰੱਕੀ ਕੀਤੀ ਜਾ ਰਹੀ ਹੈ। ਵਿੱਦਿਆ ਦੇ ਖੇਤਰ ਵੱਲ ਵੀ ਵਧੇਰੇ ਧਿਆਨ ਦਿੰਦੇ ਹੋਏ ਪਿੰਡਾਂ ਦੇ ਸਕੂਲਾਂ ਦੀਆਂ ਇਮਾਰਤਾਂ ਦੀ ਹਾਲਤ ਵਿੱਚ ਸੁਧਾਰ ਕਰਨ ਦੇ ਨਾਲ-ਨਾਲ ਨਵੀਆਂ ਇਮਾਰਤਾਂ ਵੀ ਬਣਾਈਆਂ ਜਾ ਰਹੀਆਂ ਹਨ ਅਤੇ ਨਵੇਂ ਅਧਿਆਪਕਾਂ ਦੀ ਭਰਤੀ ਕੀਤੀ ਜਾ ਰਹੀ ਹੈ। ਸਿਹਤ ਖੇਤਰ ਵੱਲ ਧਿਆਨ ਦਿੰਦੇ ਹੋਏ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ। ਉਹਨਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨੂੰ ਜਲਦ ਹੀ ਪੂਰਾ ਕਰ ਦਿੱਤਾ ਜਾਵੇਗਾ ਅਤੇ ਪਿੰਡ ਸਨੇਟਾ ਦੇ ਪ੍ਰਾਇਮਰੀ ਹੈਲਥ ਸੈਂਟਰ ਨੂੰ ਜਲਦ ਸ਼ੁਰੂ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਿਵਪ੍ਰੀਤ ਸਿੰਘ, ਕਾਰਜਕਾਰੀ ਇੰਜੀਨੀਅਰ ਪੀ ਡਬਲਿਊ ਡੀ, ਜੇ ਈ ਹਰਪ੍ਰੀਤ ਸਿੰਘ, ਸਰਪੰਚ ਹਰਪਾਲ ਸਿੰਘ, ਅਵਤਾਰ ਸਿੰਘ ਮੌਲੀ, ਸਾਬਕਾ ਬਲਾਕ ਸੰਮਤੀ ਮੈਂਬਰ, ਜਸਪਾਲ ਸਿੰਘ ਮਟੌਰ, ਸਾਬਕਾ ਸਰਪੰਚ ਕਰਮਜੀਤ ਸਿੰਘ, ਹਰਨੇਕ ਸਿੰਘ ਅਤੇ ਵਜ਼ੀਰ ਸਿੰਘ ਵੀ ਹਾਜ਼ਰ ਸਨ।
-
Mohali2 months ago
ਪਿੰਡ ਕੁੰਭੜਾ ਵਿੱਚ ਲੜਾਈ ਦੌਰਾਨ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਮ੍ਰਿਤਕ ਦੀ ਲਾਸ਼ ਰੱਖ ਕੇ ਇਨਸਾਫ ਲਈ ਏਅਰਪੋਰਟ ਰੋਡ ਤੇ ਲਾਇਆ ਧਰਨਾ
-
International2 months ago
ਆਸਟ੍ਰੇਲੀਆ ਵਿੱਚ ਲਾਈਵ ਸ਼ੋਅ ਦੌਰਾਨ ਪੰਜਾਬੀ ਗਾਇਕ ਗੈਰੀ ਸੰਧੂ ਤੇ ਹਮਲਾ
-
Editorial2 months ago
ਇੱਕ ਵਾਰ ਮੁੜ ਭੜਕ ਗਿਆ ਹੈ ਚੰਡੀਗੜ੍ਹ ਦਾ ਮੁੱਦਾ
-
International1 month ago
ਗੌਤਮ ਅਡਾਨੀ ਤੇ ਨਿਊਯਾਰਕ ਵਿੱਚ ਧੋਖਾਧੜੀ ਅਤੇ ਰਿਸ਼ਵਤ ਦੇਣ ਦਾ ਲੱਗਾ ਦੋਸ਼
-
National1 month ago
ਬੱਸ ਪਲਟਣ ਕਾਰਨ 5 ਵਿਅਕਤੀਆਂ ਦੀ ਮੌਤ, 2 ਦਰਜਨ ਵਿਅਕਤੀ ਜ਼ਖ਼ਮੀ
-
Chandigarh1 month ago
ਪੰਜਾਬ ਯੂਨੀਵਰਸਿਟੀ ਦੇ ਮੁੰਡਿਆਂ ਦੇ ਹੋਸਟਲ ਵਿੱਚ ਹਿਮਾਚਲ ਦੇ ਨੌਜਵਾਨ ਦੀ ਮੌਤ
-
Chandigarh1 month ago
ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ 3 ਵਜੇ ਤੱਕ ਹੋਈ 50 ਫੀਸਦੀ ਪੋਲਿੰਗ
-
Editorial2 months ago
ਮਨੁੱਖ ਹੀ ਹੈ ਕੁਦਰਤੀ ਆਫ਼ਤਾਂ ਲਈ ਜ਼ਿੰਮੇਵਾਰ