ਚੀਨ ਵਿੱਚ ਰਨਵੇ ਤੋਂ ਹੇਠਾਂ ਆਉਣ ਕਾਰਨ ਤਿੱਬਤ ਏਅਰਲਾਈਨਜ ਦੇ ਜਹਾਜ ਨੂੰ ਲੱਗੀ ਅੱਗ : 40 ਤੋਂ ਵੱਧ ਜਖਮੀ

ਬੀਜਿੰਗ, 12 ਮਈ (ਸ.ਬ.) ਚੀਨ ਦੇ ਦੱਖਣ-ਪੱਛਮੀ ਸ਼ਹਿਰ ਚੋਂਗਕਿੰਗ ਵਿੱਚ ਸਵੇਰੇ ‘ਤਿੱਬਤ ਏਅਰਲਾਈਨਜ਼’ ਦੇ ਇੱਕ ਜਹਾਜ਼ ਨੂੰ ਰਨਵੇਅ ਤੋਂ ਉਤਰਣ ਕਾਰਨ ਉਸ ਵਿਚ ਅੱਗ ਲੱਗ ਗਈ, ਜਿਸ ਕਾਰਨ ਕਈ ਲੋਕ ਜ਼ਖ਼ਮੀ ਹੋ ਗਏ। ਇਕ ਸਰਕਾਰੀ ਨਿਊਜ਼ ਏਜੰਸੀ ਨੇ ਦੱਸਿਆ ਕਿ ਤਿੱਬਤ ਜਾਣ ਵਾਲੇ ਜਹਾਜ਼ ਵਿੱਚ 113 ਯਾਤਰੀ ਅਤੇ ਚਾਲਕ ਦਲ ਦੇ 9 ਮੈਂਬਰ ਸਵਾਰ ਸਨ। ਸਾਰਿਆਂ ਨੂੰ ਜਹਾਜ਼ ਵਿੱਚੋਂ ਬਾਹਰ ਕੱਢ ਲਿਆ ਗਿਆ ਹੈ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਹਵਾਈ ਅੱਡੇ ਦੇ ਸੂਤਰਾਂ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਘੱਟੋ-ਘੱਟ 25 ਲੋਕ ਜ਼ਖ਼ਮੀ ਹੋਏ ਹਨ। ਸਰਕਾਰੀ ‘ਚਾਈਨਾ ਗਲੋਬਲ ਟੈਲੀਵਿਜ਼ਨ ਨੈੱਟਵਰਕ’ ਦੀ ਖ਼ਬਰ ਮੁਤਾਬਕ ਅਜੇ ਤੱਕ ਜ਼ਖ਼ਮੀਆਂ ਦੀ ਸਹੀ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ ਹੈ। ਹਾਂਗਕਾਂਗ ਦੇ ‘ਸਾਊਥ ਚਾਈਨਾ ਮਾਰਨਿੰਗ ਪੋਸਟ’ ਨੇ ਦੱਸਿਆ ਕਿ ‘ਚਾਈਨਾ ਸੈਂਟਰਲ ਟੈਲੀਵਿਜ਼ਨ’ (ਸੀ.ਸੀ.ਟੀ.ਵੀ.) ਵੱਲੋਂ ਜਾਰੀ ਕੀਤੀ ਗਈ ਇੱਕ ਵੀਡੀਓ ਵਿੱਚ ਚੋਂਗਕਿੰਗ ਜਿਆਂਗਬੇਈ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਤਿੱਬਤ ਏਅਰਲਾਈਨਜ਼ ਦੇ ਜਹਾਜ਼ ਦੇ ਅੱਗੇ ਦੇ ਹਿੱਸੇ ਤੋਂ ਅੱਗ ਦੀਆਂ ਲਪਟਾਂ ਅਤੇ ਕਾਲਾ ਧੂੰਆਂ ਨਿਕਲਦਾ ਦਿਖਾਈ ਦੇ ਰਿਹਾ ਹੈ।

ਲੋਕ ਹਫੜਾ-ਦਫੜੀ ਵਿਚ ਪਿਛਲੇ ਦਰਵਾਜ਼ੇ ਰਾਹੀਂ ਜਹਾਜ਼ ਤੋਂ ਬਾਹਰ ਨਿਕਲਦੇ ਦਿਖਾਈ ਦੇ ਰਹੇ ਹਨ। ਸੀ. ਸੀ. ਟੀ. ਵੀ. ਨੇ ਦੱਸਿਆ ਕਿ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਅਤੇ ਰਨਵੇਅ ਫਿਲਹਾਲ ਬੰਦ ਹੈ। ਜਹਾਜ਼ ਤਿੱਬਤ ਦੇ ਨਿੰਗਚੀ ਲਈ ਰਵਾਨਾ ਹੋਣ ਵਾਲਾ ਸੀ, ਜਦੋਂ ਇਸ ਨੂੰ ਅੱਗ ਲੱਗ ਗਈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲ ਹੀ ਦੇ ਹਫ਼ਤਿਆਂ ਵਿੱਚ ਚੀਨ ਵਿੱਚ ਹਾਦਸਾਗ੍ਰਸਤ ਹੋਣ ਵਾਲਾ ਇਹ ਦੂਜਾ ਜਹਾਜ਼ ਹੈ। ਬੋਇੰਗ 737 ਜਹਾਜ਼ 12 ਮਾਰਚ ਨੂੰ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਵਿਚ ਸਵਾਰ ਸਾਰੇ 132 ਲੋਕ ਮਾਰੇ ਗਏ ਸਨ।

Leave a Reply

Your email address will not be published. Required fields are marked *