ਜੰੰਮੂ-ਕਸ਼ਮੀਰ ਸਰਹੱਦ ਤੇ ਫਿਰ ਦਿੱਸਿਆ ਪਾਕਿਸਤਾਨੀ ਡਰੋਨ, ਬੀ. ਐੱਸ. ਐਫ. ਜਵਾਨਾਂ ਨੇ ਚਲਾਈਆਂ ਗੋਲੀਆਂ

ਜੰਮੂ, 14 ਮਈ (ਸ.ਬ.) ਸਰਹੱਦ ਤੇ ਫਿਰ ਪਾਕਿਸਤਾਨੀ ਸਾਜਿਸ਼ ਨਾਕਾਮ ਹੋਈ। ਕੌਮਾਂਤਰੀ ਸਰਹੱਦ ਤੇ ਤਾਇਨਾਤ ਸਰਹੱਦ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਤੜਕੇ ਪਾਕਿਸਤਾਨ ਵੱਲੋਂ ਆ ਰਹੇ ਇੱਕ ਡਰੋਨ ਤੇ ਕਈ ਗੋਲੀਆਂ ਚਲਾਈਆਂ, ਜਿਸ ਕਾਰਨ ਉਸ ਨੂੰ ਵਾਪਸ ਜਾਣਾ ਪਿਆ। ਇੱਕ ਅਧਿਕਾਰੀ ਨੇ ਦੱਸਿਆ ਕਿ ਇਲਾਕੇ ਵਿੱਚ ਇਹ ਯਕੀਨੀ ਕਰਨ ਲਈ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਗਈ ਹੈ ਕਿ ਡਰੋਨ ਨਾਲ ਕੋਈ ਹਥਿਆਰ ਜਾਂ ਨਸ਼ੀਲਾ ਪਦਾਰਥ ਤਾਂ ਨਹੀਂ ਸੁੱਟਿਆ ਗਿਆ ਹੋਵੇ।

ਬੀ. ਐੱਸ. ਐੱਫ. ਦੇ ਡਿਪਟੀ ਇੰਸਪੈਕਟਰ ਜਨਰਲ ਐੱਸ. ਪੀ. ਸੰਧੂ ਨੇ ਕਿਹਾ ਕਿ ਤੜਕੇ ਚੌਕੰਨੇ ਬੀ. ਐੱਸ. ਐੱਫ. ਦੇ ਜਵਾਨਾਂ ਨੇ ਆਸਮਾਨ ਵਿੱਚ ਚਮਕਦੀ ਰੌਸ਼ਨੀ ਦੇਖੀ ਅਤੇ ਅਰਨੀਆ ਇਲਾਕੇ ਵਿੱਚ ਤੁਰੰਤ ਉਸ ਦੀ ਦਿਸ਼ਾ ਵਿੱਚ ਗੋਲੀਆਂ ਚਲਾਈਆਂ, ਜਿਸ ਨਾਲ ਪਾਕਿਸਤਾਨੀ ਡਰੋਨ ਨੂੰ ਵਾਪਸ ਮੁੜਨਾ ਪਿਆ। ਇਲਾਕੇ ਵਿੱਚ ਸਾਂਝੀ ਮੁਹਿੰਮ ਚਲਾਈ ਜਾ ਰਹੀ ਹੈ।

ਅਧਿਕਾਰੀਆਂ ਮੁਤਾਬਕ ਬੀ. ਐੱਸ. ਐੱਫ. ਜਵਾਨਾਂ ਨੇ ਤੜਕੇ ਕਰੀਬ 4.45 ਵਜੇ ਪਾਕਿਸਤਾਨ ਡਰੋਨ ਨੂੰ ਵੇਖਿਆ ਅਤੇ ਉਸ ਨੂੰ ਹੇਠਾਂ ਲਿਆਉਣ ਲਈ ਕਰੀਬ 8 ਗੋਲੀਆਂ ਚਲਾਈਆਂ। ਹਾਲਾਂਕਿ ਡਰੋਨ ਹਵਾ ਵਿੱਚ ਕੁਝ ਮਿੰਟਾਂ ਤੱਕ ਮੰਡਰਾਉਣ ਮਗਰੋਂ ਵਾਪਸ ਚੱਲਾ ਗਿਆ। ਆਰ. ਐੱਸ. ਪੁਰਾ ਸੈਕਟਰ ਤਹਿਤ ਆਉਣ ਵਾਲੇ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਚਲ ਰਹੀ ਹੈ। ਜ਼ਿਕਰਯੋਗ ਹੈ ਕਿ ਅਰਨੀਆ ਵਿੱਚ 7 ਦਿਨਾਂ ਦੇ ਅੰਦਰ ਇਸ ਤਰ੍ਹਾਂ ਦੀ ਦੂਜੀ ਘਟਨਾ ਹੈ। 7 ਮਈ ਨੂੰ ਬੀ. ਐੱਸ. ਐੱਫ. ਨੇ ਇਸੇ ਇਲਾਕੇ ਵਿੱਚ ਇੱਕ ਪਾਕਿਸਤਾਨੀ ਡਰੋਨ ਤੇ ਗੋਲੀਆਂ ਚਲਾਈਆਂ ਸਨ।

Leave a Reply

Your email address will not be published. Required fields are marked *