ਮੱਧ ਪ੍ਰਦੇਸ਼ ਵਿੱਚ ਬਦਮਾਸ਼ਾਂ ਵੱਲੋਂ ਗੋਲੀ ਮਾਰ ਕੇ ਸਬ ਇੰਸਪੈਕਟਰ ਸਮੇਤ 3 ਪੁਲੀਸ ਮੁਲਾਜ਼ਮਾਂ ਦੀ ਹੱਤਿਆ

ਭੋਪਾਲ, 15 ਮਈ (ਸ.ਬ.) ਮੱਧ ਪ੍ਰਦੇਸ਼ ਦੇ ਗੁਣਾ ਜ਼ਿਲ੍ਹੇ ਵਿੱਚ ਤੜਕੇ ਜੰਗਲ ਵਿੱਚ ਹਿਰਨਾਂ ਦਾ ਸ਼ਿਕਾਰ ਕਰ ਰਹੇ ਸ਼ਿਕਾਰੀਆਂ ਨੇ ਤਿੰਨ ਪੁਲੀਸ ਮੁਲਾਜ਼ਮਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਸੂਬੇ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਰਾਜਧਾਨੀ ਭੋਪਾਲ ਤੋਂ ਕਰੀਬ 160 ਕਿਲੋਮੀਟਰ ਦੂਰ ਆਰੋਨ ਪੁਲੀਸ ਥਾਣੇ ਤਹਿਤ ਆਉਣ ਵਾਲੇ ਖੇਤਰ ਵਿੱਚ ਤੜਕੇ ਕਰੀਬ 3 ਵਜੇ ਵਾਪਰੀ, ਜਦੋਂ ਪੁਲੀਸ ਮੁਲਾਜ਼ਮ ਬਦਮਾਸ਼ਾਂ ਨੂੰ ਫੜਨ ਗਏ ਸਨ।

ਗ੍ਰਹਿ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੁਝ ਬਦਮਾਸ਼ਾਂ ਦੀ ਮੌਜੂਦਗੀ ਦੀ ਖ਼ੁਫੀਆ ਸੂਚਨਾ ਮਿਲਣ ਤੇ ਪੁਲੀਸ ਟੀਮ ਗੁਣਾ ਜ਼ਿਲ੍ਹੇ ਵਿੱਚ ਆਰੋਨ ਪੁਲੀਸ ਥਾਣੇ ਤਹਿਤ ਆਉਣ ਵਾਲੇ ਇੱਕ ਸਥਾਨ ਤੇ ਪਹੁੰਚੀ। ਪੁਲੀਸ ਮੁਲਾਜ਼ਮਾਂ ਨੇ ਬਦਮਾਸ਼ਾਂ ਨੂੰ ਚਾਰੋਂ ਪਾਸਿਓਂ ਘੇਰ ਲਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲੀਸ ਮੁਲਾਜ਼ਮਾਂ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਵਿੱਚ 3 ਪੁਲੀਸ ਮੁਲਾਜ਼ਮ ਮਾਰੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਟੀਮ ਅਜਿਹੀਆਂ ਖ਼ਬਰਾਂ ਮਿਲਣ ਮਗਰੋਂ ਘਟਨਾ ਵਾਲੀ ਥਾਂ ਤੇ ਪਹੁੰਚੀ ਸੀ ਕਿ ਦੁਰਲੱਭ ਪ੍ਰਜਾਤੀ ਦੇ 4 ਹਿਰਨਾਂ ਨੂੰ ਕੁਝ ਸ਼ਿਕਾਰੀਆਂ ਨੇ ਮਾਰ ਦਿੱਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਗੋਲੀਬਾਰੀ ਵਿੱਚ ਪੁਲੀਸ ਸਬ-ਇੰਸਪੈਕਟਰ (ਐੱਸ. ਆਈ.) ਰਾਜਕੁਮਾਰ ਜਾਟਵ ਅਤੇ ਦੋ ਕਾਂਸਟੇਬਲ ਨਿਲੇਸ਼ ਭਾਰਗਵ ਅਤੇ ਸੰਤਰਾਮ ਮੀਣਾ ਦੀ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਇਹ ਦੁਖ਼ਦ ਘਟਨਾ ਹੈ। ਅਪਰਾਧੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਸ ਨਾਲ ਇੱਕ ਮਿਸਾਲ ਕਾਇਮ ਹੋਵੇਗੀ। ਮੁੱਖ ਮੰਤਰੀ ਦਫ਼ਤਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਘਟਨਾ ਦੇ ਸਬੰਧ ਵਿੱਚ ਆਪਣੀ ਰਿਹਾਇਸ਼ ਤੇ ਉੱਚ ਪੱਧਰੀ ਬੈਠਕ ਬੁਲਾਈ ਹੈ। ਅਧਿਕਾਰੀ ਮੁਤਾਬਕ ਡੀ. ਜੀ. ਪੀ., ਗ੍ਰਹਿ ਮੰਤਰੀ, ਮੁੱਖ ਸਕੱਤਰ ਅਤੇ ਹੋਰ ਅਧਿਕਾਰੀਆਂ ਸਮੇਤ ਸੀਨੀਅਰ ਪੁਲੀਸ ਅਧਿਕਾਰੀ ਬੈਠਕ ਵਿੱਚ ਸ਼ਾਮਲ ਹੋਣਗੇ।

Leave a Reply

Your email address will not be published. Required fields are marked *