ਜਲ ਸਰੋਤ ਮੰਤਰੀ ਬ੍ਰਮ ਸ਼ੰਕਰ ਜਿੰਪਾ ਵੱਲੋਂ ਰਾਤ ਨੂੰ ਕੀਤੀ ਗਈ ਨਹਿਰਾਂ ਦੀ ਜਾਂਚ

ਚੰਡੀਗੜ੍ਹ, 14 ਮਈ (ਸ.ਬ.) ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬ੍ਰਮ ਸ਼ੰਕਰ ਜਿੰਪਾ ਵੱਲੋਂ ਸ਼ੁੱਕਰਵਾਰ ਰਾਤ ਨੂੰ ਨਹਿਰਾਂ ਜਾਂਚ ਕੀਤੇ ਜਾਣ ਤੋਂ ਬਾਅਦ ਜਲਾਲਾਬਾਦ ਅਤੇ ਫਾਜ਼ਿਲਕਾ ਖੇਤਰ ਦੇ ਨਹਿਰਾਂ ਦੀਆਂ ਟੇਲਾਂ ਉਤੇ ਪੈਂਦੇ ਕਿਸਾਨਾਂ ਨੂੰ ਪੂਰਾ ਪਾਣੀ ਮਿਲਣ ਦੀ ਆਸ ਬਣ ਗਈ ਹੈ। ਬੀਤੀ ਰਾਤ ਜਲਾਲਾਬਾਦ ਅਤੇ ਫਾਜਿਲਕਾ ਹਲਕੇ ਦੀਆਂ ਨਹਿਰਾਂ ਦਾ ਦੌਰਾ ਕਰਕੇ ਕਿਸਾਨਾਂ ਦੀਆਂ ਨਹਿਰੀ ਪਾਣੀ ਸਬੰਧੀ ਸਮੱਸਿਆਵਾਂ ਸੁਣਨ ਮੌਕੇ ਸ੍ਰੀ ਜਿੰਪਾ ਨੇ ਕਿਹਾ ਕਿ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਤੁਰੰਤ ਨਾਜਾਇਜ਼ ਮੋਘੇ ਬੰਦ ਕੀਤੇ ਜਾਣ। ਉਹਨਾਂ ਕਿਹਾ ਕਿ ਸਮੂਹ ਹਿੱਸੇਦਾਰਾਂ ਕਿਸਾਨਾਂ ਤੱਕ ਬਰਾਬਰ ਨਹਿਰੀ ਪਾਣੀ ਦੀ ਵੰਡ ਯਕੀਨੀ ਬਣਾਈ ਜਾਵੇਗੀ ਅਤੇ ਨਾਜਾਇਜ਼ ਮੋਘੇ ਲਗਾ ਕੇ, ਜਾਂ ਮੋਘੇ ਭੰਨ ਕੇ ਜਾਂ ਗ਼ੈਰਕਾਨੂੰਨੀ ਢੰਗ ਨਾਲ ਪਾਈਪਾਂ ਲਗਾ ਕੇ ਪਾਣੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ, ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ, ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ, ਡਿਪਟੀ ਕਮਿਸ਼ਨਰ ਡਾ: ਹਿਮਾਂਸ਼ੂ ਅਗਰਵਾਲ, ਐਸਐਸਪੀ ਸ: ਭੁਪਿੰਦਰ ਸਿੰਘ ਸਿੱਧੂ ਵੀ ਹਾਜ਼ਰ ਸਨ।

ਕੈਬਨਿਟ ਮੰਤਰੀ ਨੇ ਇਸ ਮੌਕੇ ਖੁਦ ਨਹਿਰਾਂ ਦੇ ਅੰਦਰ ਵੜ ਕੇ ਨਹਿਰਾਂ ਵਿੱਚ ਲੱਗੇ ਮੋਘਿਆਂ ਦਾ ਮੁਆਇਨਾ ਕੀਤਾ ਅਤੇ ਮੌਕੇ ਉਤੇ ਹੀ ਅਧਿਕਾਰੀਆਂ ਨੂੰ ਤਾੜਨਾ ਕੀਤੀ ਕਿ ਪਾਣੀ ਚੋਰੀ ਕਰਨ ਵਾਲੇ ਪ੍ਰਭਾਵਸ਼ਾਲੀ ਲੋਕਾਂ ਉਤੇ ਤੁਰੰਤ ਕਾਰਵਾਈ ਕਰਦਿਆਂ ਅਜਿਹੇ ਸਾਰੇ ਨਾਜਾਇਜ਼ ਮੋਘੇ ਤੁਰੰਤ ਬੰਦ ਕੀਤੇ ਜਾਣ ਤਾਂ ਜੋ ਟੇਲਾਂ ਤੱਕ ਪੂਰਾ ਪਾਣੀ ਪੁੱਜ ਸਕੇ। ਉਨ੍ਹਾਂ ਨੇ ਪਿੰਡ ਖੂੰਡ ਵਾਲਾ ਸੈਣੀਆਂ, ਪਿੰਡ ਬਾਹਮਣੀ ਵਾਲਾ ਕੋਲ ਅਤੇ ਲਾਧੂਕਾ ਵਿਖੇ ਕਿਸਾਨਾਂ ਦੀਆਂ ਨਹਿਰੀ ਪਾਣੀ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਵੱਖ ਵੱਖ ਥਾਂਵਾਂ ਤੇ ਰੁਕ ਕੇ ਨਹਿਰਾਂ ਦਾ ਖੁਦ ਨਿਰੀਖਣ ਕੀਤਾ।

ਇਸ ਮੌਕੇ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਨਾਜਾਇਜ਼ ਮੋਘੇ ਬੰਦ ਕਰਕੇ, ਨਹਿਰਾਂ ਦੀ ਸਫਾਈ ਕਰਵਾਕੇ ਨਹਿਰਾਂ ਵਿੱਚ ਕਿਸਾਨਾਂ ਨੂੰ ਪੂਰਾ ਪਾਣੀ ਮਿਲੇਗਾ। ਉਨ੍ਹਾਂ ਕਿਹਾ ਕਿ ਇਸਦੇ ਨਾਲ ਜਿੱਥੇ ਕਿਤੇ ਨਵੀਆਂ ਨਹਿਰਾਂ ਦੇ ਪ੍ਰੋਜੈਕਟ ਤਿਆਰ ਕਰਨੇ ਪਏ ਸਰਕਾਰ ਉਹ ਵੀ ਕਰੇਗੀ।

Leave a Reply

Your email address will not be published. Required fields are marked *