ਨਿਗਮ ਦੇ ਸਾਬਕਾ ਕਰਮਚਾਰੀ ਵਲੋਂ ਪਾਏ ਕੇਸ ਦੇ ਮਾਮਲੇ ਵਿੱਚ ਜਬਰੀ ਪਸ਼ੂ ਛੁੜਾਉਣ ਵਾਲੇ ਜਰਨੈਲ ਸਿੰਘ ਦੇ ਸੰਮਨ ਜਾਰੀ

ਐਸ ਏ ਐਸ ਨਗਰ,14 ਮਈ (ਸ.ਬ.) ਨਗਰ ਨਿਗਮ ਮੁਹਾਲੀ ਦੇ ਸਾਬਕਾ ਜੂਨੀਅਰ ਸਹਾਇਕ ਕੇਸਰ ਸਿੰਘ ਵਲੋਂ ਜਰਨੈਲ ਸਿੰਘ ਮਟੌਰ ਨਾਮ ਦੇ ਵਿਅਕਤੀ ਦੇ ਖਿਲਾਫ ਮਾਣਯੋਗ ਅਦਾਲਤ ਵਿੱਚ ਪਾਏ ਗਏ ਮਾਮਲੇ ਵਿੱਚ ਮਾਣਯੋਗ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਐਸ ਏ ਐਸ ਨਗਰ ਵਲੋਂ ਜਰਨੈਲ ਸਿੰਘ ਨੂੰ 30 ਮਈ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਸੰਮਨ ਜਾਰੀ ਕੀਤੇ ਹਨ।

ਸ਼ਿਕਾਇਤਕਰਤਾ ਕੇਸਰ ਸਿੰਘ ਨੇ ਦਸਿਆ ਕਿ ਮਾਰਚ 2017 ਵਿੱਚ ਉਹ ਨਗਰ ਨਿਗਮ ਮੁਹਾਲੀ ਦੇ ਇਨਫੋਰਸਮਂੈਟ ਵਿੰਗ ਵਿੱਚ ਜੂਨੀਅਰ ਸਹਾਇਕ ਵਜੋਂ ਡਿਊਟੀ ਕਰਦੇ ਸਨ। ਇਸ ਦੌਰਾਨ ਅਫਸਰਾਂ ਵਲੋਂ ਉਹਨਾਂ ਨੂੰ ਕਿਹਾ ਗਿਆ ਕਿ ਮੁਹਾਲੀ ਵਿਚੋਂ ਆਵਾਰਾ ਪਸ਼ੂ ਕਾਬੂ ਕਰਨ ਲਈ ਕਾਰਵਾਈ ਕੀਤੀ ਜਾਵੇ, ਜਿਸਤੇ ਉਹ ਨਿਗਮ ਕਰਮਚਾਰੀਆਂ ਸਮੇਤ ਕੈਟਲ ਕੈਚਰ ਗੱਡੀ ਰਾਹੀਂ ਆਵਾਰਾ ਪਸ਼ੂ ਕਾਬੂ ਕਰਨ ਲਈ ਮਟੌਰ ਪਹੁੰਚੇ ਸਨ ਜਿੱਥੇ ਉਹਨਾਂ ਵਲੋਂ ਇੱਕ ਗਊ ਨੂੰ ਕਾਬੂ ਕਰਕੇ ਕੈਟਲ ਕੈਚਰ ਗੱਡੀ ਤੇ ਚੜ੍ਹਾਇਆ ਗਿਆ ਸੀ।

ਉਹਨਾਂ ਦਸਿਆ ਕਿ ਇਸ ਮੌਕੇ ਪਿੰਡ ਮਟੌਰ ਦੇ ਵਸਨੀਕ ਜਰਨੈਲ ਸਿੰਘ ਨੇ ਨਿਗਮ ਟੀਮ ਵਲੋਂ ਕਾਬੂ ਕੀਤੀ ਗਈ ਗਊ ਨੂੰ ਜਬਰਦਸਤੀ ਛੁੜਵਾ ਲਿਆ ਸੀ ਅਤੇ ਕੇਸਰ ਸਿੰਘ ਤੇ ਹੋਰ ਕਰਮਚਾਰੀਆਂ ਨਾਲ ਦੁਰਵਿਵਹਾਰ ਕੀਤਾ ਸੀ। ਇਸ ਉਪਰੰਤ ਜਰਨੈਲ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਸੀ। ਇਸ ਸੰਬੰਧੀ ਨਗਰ ਨਿਗਮ ਵਲੋਂ ਮਟੌਰ ਥਾਣੇ ਵਿੱਚ ਸ਼ਿਕਾਇਤ ਕੀਤੀ ਗਈ ਸੀ ਪਰ ਪੁਲੀਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਰਕੇ ਕੇਸਰ ਸਿੰਘ ਵਲੋਂ ਮਾਣਯੋਗ ਅਦਾਲਤ ਵਿੱਚ ਕੇਸ ਦਾਇਰ ਕਰਕੇ ਜਰਨੈਲ ਸਿੰਘ ਖਿਲਾਫ ਆਈ ਪੀ ਸੀ ਦੀ ਧਾਰਾ 353,427,506 ਅਧੀਨ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਸੀ।

ਮਾਮਲੇ ਦੀ ਸੁਣਵਾਈ ਦੌਰਾਨ ਮਾਣਯੋਗ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਐਸ ਏ ਐਸ ਨਗਰ ਮਿਸ ਵਿਸ਼ਵ ਜੋਤੀ ਵਲੋਂ ਜਰਨੈਲ ਸਿੰਘ ਨੂੰ 30 ਮਈ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਹਨ।

Leave a Reply

Your email address will not be published. Required fields are marked *