ਪੰਜਾਬ ਦੇ ਡੇਅਰੀ ਫਾਰਮਰਾਂ ਨੇ ਪੰਜਾਬ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ
ਚੰਡੀਗੜ੍ਹ, 14 ਮਈ (ਸ.ਬ.) ਪੰਜਾਬ ਦੇ ਡੇਅਰੀ ਕਿਸਾਨਾਂ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ਖਿਲਾਫ ਮੋਰਚਾ ਖੋਲ੍ਹਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਮੰਗਾਂ ਦਾ ਨਿਪਟਾਰਾ ਨਾ ਹੋਣ ਤੇ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (ਪੀ. ਡੀ. ਐਫ. ਏ.) ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਡੇਅਰੀ ਕਿਸਾਨਾਂ ਨੂੰ ਮੌਜੂਦਾ ਸਰਕਾਰ ਤੇ ਡੇਅਰੀ ਕਿਸਾਨਾਂ ਨੂੰ ਵੱਡੀਆਂ ਆਸਾਂ ਤੇ ਉਮੀਦਾਂ ਸਨ ਪਰੰਤੂ ਸਰਕਾਰ ਬਣਨ ਤੋਂ ਬਾਅਦ ਡੇਅਰੀ ਕਿਸਾਨਾਂ ਦੇ ਮੁੱਦਿਆਂ, ਖਾਸਕਰ ਦੁੱਧ ਦੇ ਭਾਅ ਵਧਾਉਣ ਜਾਂ ਡੇਅਰੀ ਕਿਸਾਨਾਂ ਲਈ ਕੰਮ ਕਰ ਰਹੇ ਸਹਿਕਾਰਤਾ ਵਿਭਾਗ ਦੇ ਅਦਾਰੇ ਮਿਲਕਫੈਡ ਨੂੰ ਦੁੱਧ ਦੇ ਭਾਅ ਤੇ ਪ੍ਰਤੀ ਕਿਲੋ 7 ਰੁਪਏ ਆਰਥਿਕ ਮੱਦਦ ਦੇਣ ਦੀ ਮੰਗ ਨੂੰ ਲੈ ਕੇ ਸਰਕਾਰ ਨਾਲ ਲਗਾਤਾਰ ਮੀਟਿੰਗਾਂ ਕਰਨ ਤੋਂ ਬਾਅਦ ਵੀ ਜਦੋਂ ਕੋਈ ਹਲ ਨਹੀਂ ਨਿਕਲਿਆ ਹੈ ਤਾਂ ਹੀ ਉਹਨਾਂ ਨੂੰ ਸੰਘਰਸ਼ ਲਈ ਮਜ਼ਬੂਰ ਹੋਣਾ ਪਿਆ ਹੈ।
ਉਹਨਾਂ ਕਿਹਾ ਕਿ ਕਿਸਾਨਾਂ ਵਲੋਂ ਪੰਜਾਬ ਵਿੱਚ ਡੇਅਰੀ ਨੂੰ ਉਤਸਾਹਿਤ ਕਰਨ ਲਈ ਸਰਕਾਰਾਂ ਤੋਂ ਵੀ ਅੱਗੇ ਹੋ ਕੇ ਵੱਡੀ ਭੂਮਿਕਾ ਨਿਭਾਉਂਦਿਆਂ, ਰਾਜ ਨੂੰ ਦੇਸ਼ ਦਾ ਡੇਅਰੀ ਸੂਬਾ ਬਣਾਉਣ ਵਿੱਚ ਵੱਡਾ ਰੋਲ ਅਦਾ ਕੀਤਾ ਗਿਆ ਤੇ ਹੁਣ ਜਦੋਂ ਪੰਜਾਬ ਡੇਅਰੀ ਖੇਤਰ ਵਿੱਚ ਦੇਸ਼ ਹੀ ਨਹੀਂ ਦੁਨੀਆਂ ਵਿੱਚ ਨਾਮਣਾ ਖੱਟਣ ਲੱਗ ਗਿਆ ਹੈ ਤਾਂ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਡੇਅਰੀ ਧੰਦੇ ਨੂੰ ਉਤਸਾਹਿਤ ਕਰਨ ਲਈ ਕੰਮ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਪਿਛਲੇ ਚਾਰ ਸਾਲਾਂ ਤੋਂ ਦੁੱਧ ਦੇ ਭਾਅ ਖਰਚਿਆਂ ਦੇ ਮੁਤਾਬਿਕ ਨਾ ਵਧਣ ਕਾਰਨ ਡੇਅਰੀ ਧੰਦਾ ਆਰਥਿਕ ਮੰਦਵਾੜੇ ਹੇਠ ਦੱਬਿਆ ਜਾ ਰਿਹਾ। ਉਨ੍ਹਾਂ ਦੱਸਿਆ ਕਿ ਕੋਰੋਨਾ ਕਾਲ ਦੌਰਾਨ ਦੁੱਧ ਦੇ ਭਾਅ ਹੇਠਾਂ ਡਿੱਗਣ ਕਾਰਨ ਬਹੁਤ ਸਾਰੇ ਕਿਸਾਨ ਬੈਕਾਂ ਦੇ ਡਿਫਾਲਟਰ ਵੀ ਹੋ ਗਏ ਸਨ ਤੇ ਹੁਣ ਇਕਦਮ ਫੀਡ ਦੇ ਭਾਅ ਦੁੱਗਣੇ ਹੋ ਗਏ ਹਨ,।
ਉਨ੍ਹਾਂ ਮੰਗ ਕੀਤੀ ਕਿ ਮਿਲਕਫੈਡ ਡੇਅਰੀ ਕਿਸਾਨਾਂ ਲਈ ਘੱਟੋ-ਘੱਟ 7 ਰੁਪਏ ਰੇਟ ਦਾ ਵਾਧਾ ਕਰੇ, ਜਿਸ ਨਾਲ ਡੇਅਰੀ ਕਿਸਾਨ ਵਧੇ ਖਰਚਿਆਂ ਦਾ ਮੁਕਾਬਲਾ ਕਰਦੇ ਹੋਏ ਇਸ ਧੰਦੇ ਨੂੰ ਬਚਾਅ ਸਕਣਗੇ। ਇਸ ਮੌਕੇ ਪੀ.ਡੀ.ਐਫ.ਏ. ਦੇ ਪ੍ਰੈਸ ਸਕੱਤਰ ਰੇਸ਼ਮ ਸਿੰਘ ਭੁੱਲਰ ਦੱਸਿਆ ਕਿ ਜਥੇਬੰਦੀ ਵਲੋਂ 21 ਮਈ ਤੋਂ ਬਾਅਦ ਸੰਘਰਸ਼ ਨੂੰ ਪੰਜਾਬ ਦੇ ਪਿੰਡ ਪਿੰਡ ਤੱਕ ਵੀ ਲਿਜਾਇਆ ਜਾਵੇਗਾ।
ਇਸ ਮੌਕੇ ਬਲਵੀਰ ਸਿੰਘ ਨਵਾਂ ਸ਼ਹਿਰ, ਰਾਜਪਾਲ ਸਿੰਘ ਕੁਲਾਰ, ਰਣਜੀਤ ਸਿੰਘ ਲੰਗੇਆਣਾ, ਪਰਮਿੰਦਰ ਸਿੰਘ ਘੁਡਾਣੀ, ਸੁਖਦੇਵ ਸਿੰਘ ਬਰੌਲੀ, ਬਲਜਿੰਦਰ ਸਿੰਘ ਸਠਿਆਲਾ, ਅਵਤਾਰ ਸਿੰਘ ਥਾਂਪਲਾ, ਸੁਖਪਾਲ ਸਿੰਘ ਬਰਪਾਲ, ਸੁਖਜਿੰਦਰ ਸਿੰਘ ਘੁੰਮਣ, ਕੁਲਦੀਪ ਸਿੰਘ ਸੇਰੋਂ, ਸੁਖਰਾਜ ਸਿੰਘ ਗੁੜੇ, ਮਨਜੀਤ ਸਿੰਘ ਮੋਹੀ, ਬਲਵਿੰਦਰ ਸਿੰਘ ਚੌਂਤਰਾ, ਨਿਰਮਲ ਸਿੰਘ ਬਠਿੰਡਾ, ਕੁਲਦੀਪ ਸਿੰਘ ਮਾਨਸਾ, ਗੁਰਬਖਸ ਸਿੰਘ ਬਾਜੇਕੇ, ਦਰਸ਼ਨ ਸਿੰਘ ਸੌਂਡਾ, ਸਿਕੰਦਰ ਸਿੰਘ ਪਟਿਆਲਾ, ਕੁਲਦੀਪ ਸਿੰਘ ਪਟਿਆਲਾ, ਸੁਖਦੀਪ ਸਿੰਘ ਫਾਜਿਲਕਾ, ਅਮਰਿੰਦਰ ਸਿੰਘ ਜਲੰਧਰ, ਜਰਨੈਲ ਸਿੰਘ ਬਰਨਾਲਾ, ਸੁਰਜੀਤ ਸਿੰਘ ਕੋਹਲੀ, ਗੀਤਇੰਦਰ ਸਿੰਘ ਬਠਿੰਡਾ, ਬਲਵਿੰਦਰ ਸਿੰਘ ਰਣਵਾ, ਸਤਿੰਦਰ ਸਿੰਘ ਰੋਪੜ ਆਦਿ ਹਾਜ਼ਰ ਸਨ।