ਗਰਮੀ ਦਾ ਲਗਾਤਾਰ ਵੱਧਦਾ ਕਹਿਰ

ਜਿਹੋ-ਜਿਹੀ ਗਰਮੀ ਪੈ ਰਹੀ ਹੈ, ਉਹੋ ਜਿਹੀ ਪਿਛਲੇ ਕਈ ਸਾਲਾਂ ਵਿੱਚ ਨਹੀਂ ਪਈ। ਮਈ ਵਿੱਚ ਹੀ ਜੂਨ ਵਰਗਾ ਤਾਪਮਾਨ ਬਣਿਆ ਹੋਇਆ ਹੈ। ਦੇਸ਼ ਦੇ ਜਿਆਦਾਤਰ ਰਾਜਾਂ ਦਾ ਇਹੀ ਹਾਲ ਹੈ। ਐਤਵਾਰ ਨੂੰ ਦਿੱਲੀ ਵਿੱਚ ਕੁਝ ਥਾਵਾਂ ਤੇ ਤਾਪਮਾਨ 49 ਡਿਗਰੀ ਸੈਲਸੀਅਸ ਦੇ ਪਾਰ ਚਲਾ ਗਿਆ। ਅਜਿਹਾ ਨਹੀਂ ਕਿ ਦਿੱਲੀ ਵਿੱਚ ਹੀ ਪਾਰੇ ਨੇ ਇਹ ਰਿਕਾਰਡ ਤੋੜਿਆ। ਉੱਤਰ ਪ੍ਰਦੇਸ਼ ਦੇ ਬਾਂਦਾ ਵਿੱਚ ਵੀ ਪਾਰਾ 48 ਡਿਗਰੀ ਤੇ ਸੀ। ਹਾਲਾਂਕਿ ਰਾਜਸਥਾਨ ਤੋਂ ਲੈ ਕੇ ਪੰਜਾਬ, ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਤੇਲੰਗਾਨਾ, ਆਂਧਰਾ ਪ੍ਰਦੇਸ਼ ਆਦਿ ਰਾਜਾਂ ਵਿੱਚ ਵੀ ਕਈ ਸ਼ਹਿਰਾਂ ਵਿੱਚ ਤਾਪਮਾਨ ਦੇ ਪਿਛਲੇ ਰਿਕਾਰਡ ਟੁੱਟੇ ਹਨ।

ਪਿਛਲੇ ਕੁਝ ਸਾਲਾਂ ਤੋਂ ਤਾਂ ਦੇਖਣ ਵਿੱਚ ਇਹ ਵੀ ਆ ਰਿਹਾ ਹੈ ਕਿ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਰਗੇ ਪਹਾੜੀ ਰਾਜ ਵੀ ਗਰਮੀ ਦੀ ਚਪੇਟ ਵਿੱਚ ਆ ਰਹੇ ਹਨ। ਜਦੋਂ ਮੈਦਾਨੀ ਇਲਾਕੇ ਝੁਲਸ ਰਹੇ ਹੁੰਦੇ ਹਨ ਤਾਂ ਲੋਕ ਇਸ ਪਹਾੜੀ ਰਾਜਾਂ ਦਾ ਹੀ ਰੁਖ਼ ਕਰਦੇ ਹਨ। ਇਸ ਲਈ ਜੇਕਰ ਹਿਮਾਲਿਆ ਦੇ ਪਹਾੜੀ ਇਲਾਕੇ ਵੀ ਤਪਣ ਲੱਗਦੇ ਹਨ ਤਾਂ ਹੈਰਾਨੀ ਹੋਣਾ ਲਾਜ਼ਮੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਸ਼ਿਮਲਾ, ਕਾਂਗੜਾ, ਧਰਮਸ਼ਾਲਾ ਵਰਗੇ ਸ਼ਹਿਰ ਕਾਫੀ ਗਰਮ ਹਨ। ਸ਼ਿਮਲਾ ਨੇ ਪਿਛਲੇ ਅੱਠ ਸਾਲ ਦਾ ਰਿਕਾਰਡ ਤੋੜਿਆ। ਧਰਮਸ਼ਾਲਾ ਵਿੱਚ ਤਾਪਮਾਨ 37 ਡਿਗਰੀ ਤੱਕ ਚਲਾ ਗਿਆ।

ਕਿਹਾ ਜਾਂਦਾ ਰਿਹਾ ਹੈ ਕਿ ਮੌਸਮ ਆਪਣੇ ਸਮੇਂ ਦੇ ਹਿਸਾਬ ਨਾਲ ਚੱਲਦਾ ਹੈ। ਗਰਮੀ ਦੇ ਮੌਸਮ ਵਿੱਚ ਗਰਮੀ ਅਤੇ ਸਰਦੀ ਵਿੱਚ ਕੜਾਕੇ ਦੀ ਠੰਡ ਪੈਣੀ ਵੀ ਚਾਹੀਦੀ ਹੈ। ਪਿਛਲੇ ਕੁਝ ਦਹਾਕਿਆਂ ਵਿੱਚ ਰੁੱਤ ਚੱਕਰ ਵਿੱਚ ਬਦਲਾਅ ਆਇਆ ਹੈ। ਇਸਦਾ ਅਸਰ ਇਹ ਹੋਇਆ ਹੈ ਕਿ ਸਰਦੀ, ਗਰਮੀ ਅਤੇ ਮੀਂਹ ਦਾ ਚੱਕਰ ਅਤੇ ਮਿਆਦ ਸਭ ਬਦਲਦੇ ਜਾ ਰਹੇ ਹਨ। ਪਹਿਲਾਂ ਜਿੱਥੇ ਤਿੰਨ-ਚਾਰ ਮਹੀਨੇ ਚੰਗੀ-ਖਾਸੀ ਸਰਦੀ ਪੈਂਦੀ ਸੀ, ਉਹ ਹੁਣ ਇੱਕ ਮਹੀਨੇ ਵੀ ਨਹੀਂ ਪੈਂਦੀ। ਇਹੀ ਹਾਲ ਗਰਮੀ ਦਾ ਹੈ। ਅਪ੍ਰੈਲ ਅਤੇ ਮਈ ਵਿੱਚ ਹੀ ਗਰਮੀ ਦੇ ਸਾਰੇ ਰਿਕਾਰਡ ਟੁੱਟ ਗਏ। ਹਾਲਾਂਕਿ ਪਹਿਲਾਂ ਦੇ ਮੁਕਾਬਲੇ ਲੂ ਚੱਲਣ ਦੀ ਮਿਆਦ ਘੱਟ ਪੈਂਦੀ ਜਾ ਰਹੀ ਹੈ।

ਅਜਿਹਾ ਵੀ ਨਹੀਂ ਕਿ ਮੌਸਮ ਦੀ ਇਹ ਮਾਰ ਸਿਰਫ ਭਾਰਤ ਵਿੱਚ ਹੀ ਪੈ ਰਹੀ ਹੋਵੇ, ਦੁਨੀਆਂ ਦੇ ਜਿਆਦਾਤਰ ਦੇਸ਼ ਇਸ ਦੀ ਸੀਮਾ ਵਿੱਚ ਹਨ। ਪਿਛਲੇ ਕੁਝ ਸਾਲਾਂ ਵਿੱਚ ਤਾਂ ਕਈ ਯੂਰਪੀ ਦੇਸ਼ ਵੀ ਭਿਆਨਕ ਗਰਮੀ ਦਾ ਸ਼ਿਕਾਰ ਹੋਏ ਹਨ। ਅਮਰੀਕਾ ਵਿੱਚ ਵੀ ਗਰਮੀ ਅਤੇ ਲੂ ਨੇ ਕਹਿਰ ਵਰਾਇਆ ਹੈ। ਦਰਅਸਲ, ਮੌਸਮ ਤੇ ਇਨਸਾਨ ਦਾ ਕੋਈ ਜ਼ੋਰ ਚੱਲ ਨਹੀਂ ਸਕਦਾ। ਪ੍ਰੰਤੂ ਇੱਕ ਵੱਡੀ ਸਚਾਈ ਜਿਸ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ, ਉਹ ਇਹ ਕਿ ਮੌਸਮ ਤੇ ਅਸਰ ਪਾਉਣ ਵਾਲੇ ਜੋ ਵੱਡੇ ਕਾਰਨ ਹਨ, ਉਨ੍ਹਾਂ ਵਿੱਚੋਂ ਜਿਆਦਾਤਰ ਤਾਂ ਖੁਦ ਮਨੁੱਖ ਨੇ ਹੀ ਪੈਦਾ ਕੀਤੇ ਹਨ। ਇਸ ਲਈ ਇਸ ਤੋਂ ਬਚਾਅ ਦੇ ਰਸਤੇ ਵੀ ਹੁਣ ਸਾਨੂੰ ਹੀ ਕੱਢਣੇ ਪੈਣਗੇ।

ਭਾਰਤ ਲਈ ਗਰਮੀ ਦਾ ਕਹਿਰ ਜ਼ਿਆਦਾ ਚਿੰਤਾ ਦੀ ਗੱਲ ਇਸ ਲਈ ਵੀ ਹੈ ਕਿ ਦੁਨੀਆ ਦੇ ਸਭ ਤੋਂ ਗਰਮ 15 ਸ਼ਹਿਰਾਂ ਵਿੱਚੋਂ 12 ਭਾਰਤ ਦੇ ਹੀ ਹਨ। ਇਹ ਸਾਰੇ ਚਾਰ ਰਾਜਾਂ ਰਾਜਸਥਾਨ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਹਨ। ਇੰਨਾ ਹੀ ਨਹੀਂ, ਦੁਨੀਆ ਦੇ ਸਭ ਤੋਂ ਜਿਆਦਾ ਮੀਂਹ ਵਾਲੇ 15 ਸ਼ਹਿਰਾਂ ਵਿੱਚ 6 ਸ਼ਹਿਰ ਵੀ ਭਾਰਤ ਦੇ ਹੀ ਹਨ। ਮਤਲਬ ਮੌਸਮ ਦੇ ਮਾਮਲੇ ਵਿੱਚ ਭਾਰਤ ਦੀ ਹਾਲਤ ਦੂਜੇ ਦੇਸ਼ਾਂ ਦੀ ਤੁਲਣਾ ਵਿੱਚ ਕਿਤੇ ਜ਼ਿਆਦਾ ਸੰਵੇਦਨਸ਼ੀਲ ਹੁੰਦੀ ਜਾ ਰਹੀ ਹੈ।

ਜਾਹਿਰ ਹੈ ਕਿ ਸਾਡੀਆਂ ਮੌਸਮ ਸਬੰਧੀ ਚੁਣੌਤੀਆਂ ਵੀ ਵੱਧ ਰਹੀਆਂ ਹਨ। ਹਵਾ ਪ੍ਰਦੂਸ਼ਣ ਦੇ ਮਾਮਲੇ ਵਿੱਚ ਭਾਰਤ ਦੀ ਹਾਲਤ ਪਹਿਲਾਂ ਤੋਂ ਹੀ ਬੇਹੱਦ ਖ਼ਰਾਬ ਹੈ। ਏਅਰ ਕੰਡੀਸ਼ਨਰਾਂ ਅਤੇ ਵਾਹਨਾਂ ਦਾ ਬੇਹਤਾਸ਼ਾ ਇਸਤੇਮਾਲ ਤਾਪਮਾਨ ਵੱਧਣ ਦਾ ਇੱਕ ਵੱਡਾ ਕਾਰਨ ਹਨ। ਦਿੱਲੀ ਸਮੇਤ ਦੇਸ਼ ਦੇ ਜਿਆਦਾਤਰ ਸ਼ਹਿਰ ਗਰਮੀ ਆਉਂਦੇ ਹੀ ਜਲ ਸੰਕਟ ਨਾਲ ਜੂਝਣ ਲੱਗਦੇ ਹਨ। ਗਰਮੀ ਦਾ ਅਸਰ ਘੱਟ ਕਰਨ ਲਈ ਹਰਿਆਲੀ ਜਰੂਰੀ ਹੈ। ਦਿੱਲੀ ਦੀ ਹਾਲਤ ਇਹ ਹੋ ਚੱਲੀ ਹੈ ਕਿ ਇੱਥੇ ਦਰਖਤ ਲਗਾਉਣ ਤੱਕ ਦੀ ਜਗ੍ਹਾ ਨਹੀਂ ਬਚੀ ਹੈ। ਕੂੜੇ ਦੇ ਪਹਾੜ ਆਏ ਦਿਨ ਸੜਣ ਲੱਗਦੇ ਹਨ। ਜਾਹਿਰ ਹੈ ਕਿ ਗਰਮੀ ਤਾਂ ਵਧੇਗੀ ਅਤੇ ਇਸਤੋਂ ਬਚਾਅ ਲਈ ਅੱਗੇ ਵੀ ਸਾਨੂੰ ਹੀ ਆਉਣਾ ਪਵੇਗਾ।

ਰਣਜੀਤ ਕੌਰ

Leave a Reply

Your email address will not be published.