ਗੁਜਰਾਤ ਵਿੱਚ ਬੋਰਵੈੱਲ ਵਿੱਚ ਡਿੱਗੇ 2 ਸਾਲਾ ਮਾਸੂਮ ਨੂੰ 40 ਮਿੰਟਾਂ ਵਿੱਚ ਸੁਰੱਖਿਅਤ ਕੱਢਿਆ ਬਾਹਰ

ਸੁਰੇਂਦਰਨਗਰ, 8 ਜੂਨ (ਸ.ਬ.) ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ ਦੀ ਕਹਾਵਤ ਅੱਜ ਸੱਚ ਸਾਬਤ ਹੋਈ। ਦਰਅਸਲ ਗੁਜਰਾਤ ਦੇ ਸੁਰੇਂਦਰਨਗਰ ਜ਼ਿਲ੍ਹੇ ਵਿੱਚ ਇੱਕ ਖੇਤ ਵਿੱਚ 2 ਸਾਲ ਦਾ ਬੱਚਾ ਡੂੰਘੇ ਬੋਰਵੈੱਲ ਵਿੱਚ ਡਿੱਗ ਗਿਆ, ਜਿਸ ਨੂੰ ਕਰੀਬ 40 ਮਿੰਟਾਂ ਬਾਅਦ ਬਾਹਰ ਕੱਢਿਆ ਗਿਆ। ਬੱਚੇ ਦੀ ਹਾਲਤ ਹੁਣ ਸਥਿਰ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਗੁਜਰਾਤ ਦੇ ਸੁਰੇਂਦਰਨਗਰ ਜ਼ਿਲ੍ਹੇ ਦੇ ਇਕ ਖੇਤ ਵਿੱਚ 2 ਸਾਲ ਦਾ ਬੱਚਾ ਡੂੰਘੇ ਬੋਰਵੈੱਲ ਵਿੱਚ ਡਿੱਗ ਗਿਆ ਸੀ, ਜਿਸ ਤੋਂ ਬਾਅਦ ਫੌਜ, ਫਾਇਰ ਬ੍ਰਿਗੇਡ, ਪੁਲੀਸ ਅਤੇ ਸਿਹਤ ਅਧਿਕਾਰੀਆਂ ਦੀ ਟੀਮਾਂ ਮੌਕੇ ਤੇ ਪਹੁੰਚੀ ਅਤੇ ਉਸ ਨੂੰ ਬਚਾਇਆ ਗਿਆ।

ਇਹ ਘਟਨਾ ਬੀਤੀ ਰਾਤ ਕਰੀਬ 8 ਵਜੇ ਵਾਪਰੀ, ਜਦੋਂ 2 ਸਾਲਾ ਸ਼ਿਵਮ ਦੂਦਾਪੁਰ ਪਿੰਡ ਦੇ ਇਕ ਖੇਤ ਵਿੱਚ ਖੇਡ ਰਿਹਾ ਸੀ, ਜਿੱਥੇ ਉਸਦੇ ਮਾਤਾ-ਪਿਤਾ ਮਜ਼ਦੂਰੀ ਕਰਦੇ ਹਨ।

ਧਾਂਗਧਰਾ ਪ੍ਰਸ਼ਾਸਨ ਦੇ ਅਧਿਕਾਰੀ ਐੱਮ. ਪੀ ਪਟੇਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੱਚਾ ਬੋਰਵੈੱਲ ਵਿਚ ਡਿੱਗ ਗਿਆ ਅਤੇ 20-25 ਫੁੱਟ ਦੀ ਡੂੰਘਾਈ ਵਿਚ ਜਾ ਕੇ ਫਸ ਗਿਆ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਇਸ ਬਾਰੇ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਨੇ ਇੱਥੋਂ ਕਰੀਬ 100 ਕਿਲੋਮੀਟਰ ਦੂਰ ਅਹਿਮਦਾਬਾਦ ਵਿੱਚ ਸਥਾਨਕ ਆਫ਼ਤ ਪ੍ਰਬੰਧਨ ਸੈੱਲ ਦੇ ਨਾਲ-ਨਾਲ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਦੀ ਟੀਮ ਨੂੰ ਜਾਣਕਾਰੀ ਦਿੱਤੀ। ਸਥਾਨਕ ਪ੍ਰਸ਼ਾਸਨ ਨੇ ਫੌਜ, ਅਹਿਮਦਾਬਾਦ ਨਗਰ ਨਿਗਮ ਅਤੇ ਪੁਲੀਸ ਦੀ ਵੀ ਮਦਦ ਮੰਗੀ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਫੌਜ, ਪੁਲੀਸ, ਜ਼ਿਲ੍ਹਾ ਪ੍ਰਸ਼ਾਸਨ ਦਾ ਸਟਾਫ ਅਤੇ ਪਿੰਡ ਵਾਸੀ ਵੀ ਮੌਕੇ ਤੇ ਪਹੁੰਚ ਗਏ। ਉਨ੍ਹਾਂ ਨੇ ਮਿਲ ਕੇ ਬਚਾਅ ਮੁਹਿੰਮ ਚਲਾਈ ਅਤੇ ਰਾਤ ਕਰੀਬ 10.45 ਵਜੇ ਬੱਚੇ ਨੂੰ ਬੋਰਵੈੱਲ ਵਿੱਚੋਂ ਬਾਹਰ ਕੱਢਿਆ। ਉਨ੍ਹਾਂ ਦੱਸਿਆ ਕਿ ਬੱਚੇ ਨੂੰ ਪਹਿਲਾਂ ਧਾਂਗਧਰਾ ਕਸਬੇ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਜ਼ਿਲ੍ਹਾ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਬੱਚੇ ਦੀ ਹਾਲਤ ਸਥਿਰ ਹੈ। ਫ਼ੌਜ, ਪੁਲੀਸ ਅਤੇ ਹੋਰ ਅਧਿਕਾਰੀਆਂ ਦੇ ਮੌਕੇ ਤੇ ਪਹੁੰਚਣ ਮਗਰੋਂ ਕਰੀਬ 40 ਮਿੰਟਾਂ ਵਿੱਚ ਬਚਾਅ ਕਾਰਜ ਪੂਰਾ ਕਰ ਲਿਆ ਗਿਆ ਅਤੇ ਬੱਚੇ ਨੂੰ ਬੋਰਵੈੱਲ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

Leave a Reply

Your email address will not be published.