Editorial
ਦਿਨੋਂ ਦਿਨ ਜ਼ਹਿਰੀਲੀ ਹੁੰਦੀ ਜਾ ਰਹੀ ਹੈ ਖੇਤੀ
ਸਬਜ਼ੀਆਂ ਤੇ ਕਣਕ ਉੱਪਰ ਵੀ ਹੁੰਦਾ ਹੈ ਕੀੜੇਮਾਰ ਦਵਾਈਆਂ ਦਾ ਅਸਰ
ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਪੰਜਾਬ ਵਲੋਂ ਦੇਸ਼ ਦੇ ਅੰਨ-ਭੰਡਾਰ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ ਜਾਂਦਾ ਹੈ। ਪੰਜਾਬ ਦੇ 12,000 ਤੋਂ ਵੱਧ ਪਿੰਡਾਂ ਵਿੱਚ ਰਹਿੰਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੀ ਹੈ। ਖੇਤੀਬਾੜੀ ਦੇ ਇਸ ਕਿੱਤੇ ਨਾਲ ਹਜ਼ਾਰਾਂ ਨਹੀਂ ਸਗੋਂ ਲੱਖਾਂ ਲੋਕ ਜੁੜੇ ਹੋਏ ਹਨ ਜਿਨ੍ਹਾਂ ਦੀ ਮਿਹਨਤ ਨਾਲ ਤਿਆਰ ਹੋਈ ਫ਼ਸਲ ਕਰੋੜਾਂ ਲੋਕਾਂ ਦਾ ਢਿੱਡ ਭਰਦੀ ਹੈ। ਦੂਜੇ ਪਾਸੇ ਤਸਵੀਰ ਦਾ ਇੱਕ ਪਾਸਾ ਇਹ ਵੀ ਹੈ ਕਿ ਪੰਜਾਬ ਦੀ ਧਰਤੀ ਜ਼ਹਿਰੀਲੀ ਹੋਣ ਕੰਢੇ ਪਹੁੰਚ ਗਈ ਹੈ। ਇਸ ਦਾ ਕਾਰਨ ਇਹ ਹੈ ਕਿ ਕਿਸਾਨਾਂ ਵੱਲੋਂ ਫ਼ਸਲਾਂ ਉੱਪਰ ਲਗਾਤਾਰ ਕੀੜੇਮਾਰ ਦਵਾਈਆਂ ਅਤੇ ਰਸਾਇਨਕ ਖ਼ਾਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਪੰਜਾਬ ਵਿੱਚ ਮੁੱਖ ਤੌਰ ਤੇ ਕਣਕ ਅਤੇ ਝੋਨਾ ਹੀ ਬੀਜਿਆ ਜਾਣ ਕਰਕੇ ਜ਼ਮੀਨ ਦੇ ਖ਼ੁਰਾਕੀ ਤੱਤ ਘਟਦੇ ਜਾ ਰਹੇ ਹਨ। ਵੱਡੇ ਤੱਤਾਂ ਦੀ ਗੱਲ ਹੀ ਛੱਡੋ ਹੁਣ ਤਾਂ ਜ਼ਮੀਨ ਵਿੱਚੋਂ ਜ਼ਿੰਕ, ਮੈਗ਼ਨੀਜ਼ ਅਤੇ ਲੋਹੇ ਵਰਗੇ ਛੋਟੇ ਤੱਤ ਵੀ ਘੱਟ ਹੁੰਦੇ ਜਾ ਰਹੇ ਹਨ। ਕਿਸਾਨਾਂ ਵੱਲੋਂ ਫ਼ਸਲਾਂ ਨੂੰ ਕੀੜਿਆਂ ਤੋਂ ਬਚਾਉਣ ਲਈ ਜਿਹੜੀਆਂ ਕੀੜੇਮਾਰ ਦਵਾਈਆਂ ਛਿੜਕੀਆਂ ਜਾਂਦੀਆਂ ਹਨ ਉਨ੍ਹਾਂ ਦਾ ਅਸਰ ਸਿਰਫ਼ ਕੀੜਿਆਂ ਉੱਪਰ ਹੀ ਨਹੀਂ ਹੁੰਦਾ ਬਲਕਿ ਸਬਜ਼ੀਆਂ ਉੱਪਰ ਵੀ ਹੁੰਦਾ ਹੈ। ਕਈ ਵਾਰ ਤਾਂ ਕਿਸਾਨ ਬੀਜ ਨੂੰ ਕੀੜੇਮਾਰ ਦਵਾਈਆਂ ਦੇ ਘੋਲ ਵਿੱਚ ਡੁਬੋ ਕੇ ਹੀ ਫ਼ਸਲ ਬੀਜਦੇ ਹਨ, ਜਿਸ ਕਾਰਨ ਬੀਜ ਹੀ ਜ਼ਹਿਰੀਲਾ ਹੋ ਜਾਂਦਾ ਹੈ। ਉਸ ਬੀਜ ਤੋਂ ਪੈਦਾ ਹੋਈ ਫ਼ਸਲ ਨੇ ਤਾਂ ਜ਼ਹਿਰੀਲਾ ਹੋਣਾ ਹੀ ਹੁੰਦਾ ਹੈ।
ਇਹ ਜ਼ਹਿਰੀਲੀ ਫ਼ਸਲ ਜਿੱਥੇ ਮਨੁੱਖਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਉੱਥੇ ਹੀ ਇਸ ਦਾ ਸਭ ਤੋਂ ਵੱਡਾ ਸ਼ਿਕਾਰ ਪੰਛੀ ਹੋਏ ਹਨ। ਅੱਜ ਪੰਜਾਬ ਦੇ ਆਕਾਸ਼ ਵਿੱਚੋਂ ਜਿੱਥੇ ਗਿਰਝਾਂ ਪੂਰੀ ਤਰ੍ਹਾਂ ਅਲੋਪ ਹੋ ਚੁੱਕੀਆਂ ਹਨ। ਉੱਥੇ ਚਿੜੀਆਂ ਵੀ ਗਾਇਬ ਹੋ ਚੁੱਕੀਆਂ ਹਨ। ਕਬੂਤਰਾਂ ਬਾਰੇ ਤਾਂ ਕਿਹਾ ਜਾਂਦਾ ਹੈ ਕਿ ਮੋਟਰਾਂ ਉੱਪਰ ਰਹਿੰਦੇ ਖੇਤ ਮਜ਼ਦੂਰ ਇਨ੍ਹਾਂ ਨੂੰ ਮਾਰ ਕੇ ਖਾ ਜਾਂਦੇ ਹਨ।
ਕੋਈ ਸਮਾਂ ਹੁੰਦਾ ਸੀ ਕਿ ਪੰਜਾਬ ਵਿੱਚ ਹਰ ਪਾਸੇ ਮੋਰ ਪੈਲ਼ਾਂ ਪਾਉਂਦੇ ਫਿਰਦੇ ਹੁੰਦੇ ਸਨ ਪਰੰਤੂ ਉਹ ਮੋਰ ਹੁਣ ਗ਼ਾਇਬ ਹੋ ਗਏ ਹਨ। ਪਹਿਲਾਂ ਲੋਕਾਂ ਦੇ ਕੋਠਿਆਂ ਉੱਪਰ ਮੋਰ ਅਤੇ ਮੋਰਨੀਆਂ ਆਉਂਦੇ ਸਨ ਪਰ ਹੁਣ ਬਾਂਦਰ ਆਉਂਦੇ ਹਨ! ਪਹਿਲਾਂ ਅਕਸਰ ਹੀ ਲੋਕਾਂ ਦੇ ਬਰਾਂਡਿਆਂ ਵਿੱਚ ਚਿੜੀਆਂ ਅਤੇ ਕਬੂਤਰ ਆਪਣਾ ਰੈਣ-ਬਸੇਰਾ ਬਣਾ ਕੇ ਰੱਖਦੇ ਸਨ ਪਰੰਤੂ ਹੁਣ ਇਹ ਦਿਖਾਈ ਹੀ ਬਹੁਤ ਘੱਟ ਦਿੰਦੇ ਹਨ। ਇਸ ਸਭ ਦਾ ਕਾਰਨ ਜ਼ਹਿਰੀਲੀ ਖੇਤੀ ਨੂੰ ਮੰਨਿਆ ਜਾਂਦਾ ਹੈ।
ਪੰਜਾਬ ਦੀ ਜਿਹੜੀ ਧਰਤੀ ਕਦੇ ਸੋਨਾ ਉਗਲਦੀ ਸੀ ਉਹ ਹੁਣ ਜ਼ਹਿਰੀਲੀਆਂ ਸਬਜ਼ੀਆਂ ਪੈਦਾ ਕਰ ਰਹੀ ਹੈ। ਕਣਕ ਅਤੇ ਹੋਰ ਫਸਲਾਂ ਉੱਪਰ ਕਿਸਾਨਾਂ ਵੱਲੋਂ ਜੋ ਕੀੜੇਮਾਰ ਦਵਾਈਆਂ ਛਿੜਕੀਆਂ ਜਾਂਦੀਆਂ ਹਨ, ਉਨ੍ਹਾਂ ਦਾ ਅਸਰ ਸਭ ਤੋਂ ਜ਼ਿਆਦਾ ਪੰਛੀਆਂ ਉੱਪਰ ਹੁੰਦਾ ਹੈ। ਇਸ ਤੋਂ ਇਲਾਵਾ ਕਈ ਕਿਸਾਨਾਂ ਨੇ ਫਲਾਂ ਦੇ ਬਾਗ ਲਗਾਏ ਹੁੰਦੇ ਹਨ। ਕਿਸਾਨ ਇਨ੍ਹਾਂ ਫਲਾਂ ਤੇ ਕੀੜੇਮਾਰ ਦਵਾਈਆਂ ਛਿੜਕ-ਛਿੜਕ ਕੇ ਜ਼ਹਿਰੀਲਾ ਬਣਾ ਦਿੰਦੇ ਹਨ ਅਤੇ ਇਨ੍ਹਾਂ ਫਲਾਂ ਨੂੰ ਠੁੰਗ ਮਾਰ ਕੇ ਪੰਛੀ ਵੀ ਅਣ ਆਈ ਮੌਤ ਮਰ ਜਾਂਦੇ ਹਨ।
ਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਇਨ੍ਹਾਂ ਕੀੜੇਮਾਰ ਦਵਾਈਆਂ ਦਾ ਪੰਛੀਆਂ ਉੱਪਰ ਤੁਰੰਤ ਅਸਰ ਨਹੀਂ ਹੁੰਦਾ ਬਲਕਿ ਹੌਲ਼ੀ-ਹੌਲ਼ੀ ਹੁੰਦਾ ਹੈ ਜੋ ਪੰਛੀਆਂ ਲਈ ਜਾਨਲੇਵਾ ਸਾਬਿਤ ਹੁੰਦਾ ਹੈ। ਪਹਿਲਾਂ ਕਿਸਾਨ ਖੇਤਾਂ ਵਿੱਚ ਦੇਸੀ ਰੂੜ੍ਹੀ ਖ਼ਾਦ ਪਾਉਂਦੇ ਸਨ ਪਰ ਹੁਣ ਕਿਸਾਨ ਰਸਾਇਨਿਕ ਖ਼ਾਦਾਂ ਦੀ ਵਰਤੋਂ ਕਰਦੇ ਹਨ ਜਿਸ ਕਰਕੇ ਧਰਤੀ ਦੀ ਉਪਜਾਊ ਸ਼ਕਤੀ ਵੀ ਘਟਦੀ ਜਾ ਰਹੀ ਹੈ।
ਪੰਜਾਬ ਨੂੰ ਭਾਰਤ ਦਾ ਅਮੀਰ ਤੇ ਖੁਸ਼ਹਾਲ ਸੂਬਾ ਮੰਨਿਆ ਜਾਂਦਾ ਹੈ। ਖੇਤੀ ਪ੍ਰਧਾਨ ਸੂਬਾ ਹੋਣ ਦੇ ਬਾਵਜੂਦ ਪੰਜਾਬ ਨੇ ਸਨਅਤੀ,ਵਿਦਿਅਕ ਤੇ ਹੋਰ ਖੇਤਰਾਂ ਵਿੱਚ ਅਹਿਮ ਤਰੱਕੀ ਕੀਤੀ ਹੈ। ਜਿਸਦਾ ਸਬੂਤ ਲੁਧਿਆਣਾ ਤੇ ਹੋਰ ਸ਼ਹਿਰਾਂ ਵਿੱਚ ਚਲਦੇ ਕਾਰਖਾਨੇ, ਫੈਕਟਰੀਆਂ ਅਤੇ ਹਰ ਸ਼ਹਿਰ ਤੇ ਪਿੰਡ ਦੀ ਗਲੀ-ਮੋੜ ਤੇ ਖੁੱਲੇ ਸਕੂਲ/ਕਾਲਜਾਂ ਤੋਂ ਵੀ ਮਿਲਦਾ ਹੈ।
ਪੰਜਾਬ ਦੇ ਵਿਕਾਸ ਦੀ ਤਸਵੀਰ ਦਾ ਦੂਜਾ ਪਾਸਾ ਬੜਾ ਭਿਅੰਕਰ ਰੂਪ ਪੇਸ਼ ਕਰ ਰਿਹਾ ਹੈ। ਇੱਕ ਪਾਸੇ ਵਾਹੀਯੋਗ ਜ਼ਮੀਨ ਉਪਰ ਬਹੁਮੰਜ਼ਲੀ ਇਮਾਰਤਾਂ ਦੀ ਉਸਾਰੀ ਹੋ ਰਹੀ ਹੈ, ਦੂਜੇ ਪਾਸੇ ਪੰਜਾਬ ਵਿੱਚ ਵਾਹੀਯੋਗ ਜ਼ਮੀਨ ਲਗਾਤਾਰ ਘੱਟਦੀ ਜਾ ਰਹੀ ਹੈ, ਜਿਸ ਕਰਕੇ ਹੀ ਆਉਣ ਵਾਲੇ ਸਮੇਂ ਵਿੱਚ ਫਸਲਾਂ ਦੀ ਪੈਦਾਵਾਰ ਵੀ ਘੱਟ ਜਾਵੇਗੀ।
ਜੇਕਰ ਕੁਦਰਤੀ ਖੇਤੀ ਦੀ ਗੱਲ ਕੀਤੀ ਜਾਵੇ ਤਾਂ ਕੁਦਰਤੀ ਖੇਤੀ ਅੱਜ ਕੱਲ ਲਗਭਗ ਅਲੋਪ ਹੋ ਗਈ ਹੈ ਅਤੇ ਹਰ ਪਾਸੇ ਰਸਾਇਨਿਕ ਖਾਦਾਂ, ਕੀੜੇਮਾਰ ਦਵਾਈਆਂ, ਹਾਈਬ੍ਰਿਡ ਬੀਜ਼ਾਂ ਦੀ ਭਰਮਾਰ ਹੈ। ਹੁਣ ਤਾਂ ਸਰਦੀਆਂ ਵਿੱਚ ਮਿਲਣ ਵਾਲੀ ਗੋਭੀ ਤੇ ਮੂਲੀਆਂ ਵੀ ਗਰਮੀ ਵਿੱਚ ਮਿਲ ਜਾਂਦੀਆਂ ਹਨ ਤੇ ਲੋਕ ਇਨਾਂ ਨੂੰ ਖਰੀਦ ਕੇ ਖਾ ਵੀ ਲੈਂਦੇ ਹਨ। ਇਹ ਵੀ ਅਸਲ ਵਿੱਚ ਹਾਈਬ੍ਰਿਡ ਬੀਜ਼ਾਂ ਦਾ ਹੀ ਕਮਾਲ ਹੈ। ਹਾਲਾਂਕਿ ਇਸ ਦੌਰਾਨ ਪੰਜਾਬ ਦੇ ਕੁਝ ਕਿਸਾਨ ਹੁਣ ਕੁਦਰਤੀ ਖੇਤੀ ਵੀ ਕਰਨ ਲੱਗ ਪਏ ਹਨ ਅਤੇ ਹੁਣ ਮੰਡੀਆਂ ਤੇ ਬਾਜ਼ਾਰ ਵਿੱਚ ਕੁਦਰਤੀ ਖੇਤੀ ਨਾਲ ਉਗਾਈਆਂ ਸਬਜੀਆਂ ਵੀ ਮਿਲਣ ਲੱਗ ਪਈਆਂ ਹਨ ਪਰੰਤੂ ਕੁਦਰਤੀ ਢੰਗਾਂ ਨਾਲ ਉਗਾਈਆਂ ਜਾਂਦੀਆਂ ਸਬਜੀਆਂ ਦਾ ਉਤਪਾਦਨ ਕਾਫੀ ਘੱਟ ਹੈ।
ਕੁੱਝ ਲੋਕ ਕਹਿੰਦੇ ਹਨ ਕਿ ਸਰਕਾਰ ਕੁਦਰਤੀ ਖੇਤੀ ਵੱਲ ਧਿਆਨ ਨਹੀਂ ਦਿੰਦੀ ਅਤੇ ਨਾ ਹੀ ਖੇਤੀ ਵਿਭਿੰਨਤਾ ਲਈਕੁਝ ਕੀਤਾ ਜਾ ਰਿਹਾ ਹੈ। ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਲਈ ਉਤਸਾਹਿਤ ਕੀਤਾ ਜਾਵੇ ਅਤੇ ਸਾਰੀਆਂ ਹੀ ਫਸਲਾਂ ਦਾ ਮੰਡੀਕਰਨ ਕੀਤਾ ਜਾਵੇ। ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਕੁਦਰਤੀ ਖੇਤੀ ਵਲ ਧਿਆਨ ਦੇਣ। ਕੁਦਰਤੀ ਖੇਤੀ ਕਰਨ ਨਾਲ ਜਿੱਥੇ ਫਸਲਾਂ ਉੱਪਰ ਕੀੜੇਮਾਰ ਦਵਾਈਆਂ ਦਾ ਪ੍ਰਭਾਵ ਘੱਟ ਹੋਵੇਗਾ ਉੱਥੇ ੋਕਾਂ ਦੀ ਸਿਹਤ ਉੱਪਰ ਵੀ ਮਾਰੂ ਅਸਰ ਨਹੀਂ ਪਵੇਗਾ ਇਸ ਲਈ ਕਿਸਾਨਾਂ ਨੂੰ ਕੁਦਰਤੀ ਖੇਤੀ ਵੱਲ ਮੁੜਣਾ ਚਾਹੀਦਾ ਹੈ।
ਬਿਊਰੋ
Editorial
ਮਾਰਕੀਟਾਂ ਦੀਆਂ ਪਾਰਕਿੰਗਾਂ ਦੀ ਹਾਲਤ ਵਿੱਚ ਸੁਧਾਰ ਲਈ ਕਦਮ ਚੁੱਕੇ ਪ੍ਰਸ਼ਾਸਨ
ਸਰਕਾਰ ਦੇ ਦਾਅਵਿਆਂ ਵਿੱਚ ਭਾਵੇਂ ਸਾਡੇ ਸ਼ਹਿਰ ਨੂੰ ਇੱਕ ਅੰਤਰਰਾਸ਼ਟਰੀ ਪੱਧਰ ਦੇ ਅਤਿ ਆਧੁਨਿਕ ਸ਼ਹਿਰ ਦਾ ਦਰਜਾ ਹਾਸਿਲ ਹੈ ਜਿੱਥੇ ਵਸਨੀਕਾਂਨੂੰ ਲੋੜੀਂਦੀਆਂ ਬੁਨਿਆਦੀ ਸੁਵਿਧਾਵਾਂ ਹਾਸਿਲ ਹਨ ਪਰੰਤੂ ਸ਼ਹਿਰ ਦੀਆਂ ਲਗਭਗ ਸਾਰੀਆਂ ਹੀ ਮਾਰਕੀਟਾਂ ਵਿਚਲੀਆਂ ਪਾਰਕਿੰਗਾਂ ਦੀ ਬਦਹਾਲੀ ਸਰਕਾਰ ਦੇ ਇਹਨਾਂ ਦਾਅਵਿਆਂ ਦਾ ਮਜਾਕ ਉੜਾਉਂਦੀ ਹੈ। ਸ਼ਹਿਰ ਦੀਆਂ ਜਿਆਦਾਤਰ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਵਾਹਨ ਖੜ੍ਹੇ ਕਰਨ ਵਾਸਤੇ ਲੋੜੀਂਦੇ ਪ੍ਰਬੰਧਾਂ ਦੀ ਘਾਟ ਕਾਰਨ ਮਾਰਕੀਟਾਂ ਵਿੱਚ ਖਰੀਦਦਾਰੀ ਕਰਨ ਜਾਂ ਕਿਸੇ ਹੋਰ ਕੰਮ ਲਈ ਆਉਣ ਵਾਲੇ ਲੋਕਾਂ ਨੂੰ ਅਕਸਰ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਹੈ।
ਇਸ ਵੇਲੇ ਹਾਲਾਤ ਇਹ ਹਨ ਕਿ ਸ਼ਹਿਰ ਦੀਆਂ ਜਿਆਦਾਤਰ ਮਾਰਕੀਟਾਂ ਦੀਆਂ ਪਾਰਕਿੰਗਾਂ ਮਾੜੀ ਹਾਲਤ ਵਿੱਚ ਹਨ ਅਤੇ ਉਹਨਾਂ ਵਿੱਚ ਖੱਡੇ ਪਏ ਹੋਏ ਹਨ। ਥੋੜ੍ਹੀ ਜਿਹੀ ਬਰਸਾਤ ਹੋਣ ਤੇ ਇਹਨਾਂ ਖੱਡਿਆਂ ਵਿੱਚ ਪਾਣੀ ਖੜ੍ਹਾ ਹੋ ਜਾਂਦਾ ਹੈ ਅਤੇ ਜਦੋਂ ਗੱਡੀਆਂ ਲੰਘਦੀਆਂ ਹਨ ਤਾਂ ਇਸ ਗੰਦੇ ਪਾਣੀ ਦੇ ਛਿੱਟੇ ਉੱਛ ਉੱਛਲ ਕੇ ਆਉਂਦੇ ਜਾਂਦੇ ਲੋਕਾਂ ਤੇ ਪੈਂਦੇ ਰਹਿੰਦੇ ਹਨ। ਇਸਦੇ ਇਲਾਵਾ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਵਾਹਨਾਂ ਨੂੰ ਖੜ੍ਹਾ ਕਰਨ ਲਈ ਲੋੜੀਂਦੇ ਪ੍ਰਬੰਧ ਨਾ ਹੋਣ ਕਰਨ ਲੋਕ ਮਨਮਰਜੀ ਅਤੇ ਆੜੇ ਤਿਰਛੇ ਢੰਗ ਨਾਲ ਆਪਣੇ ਵਾਹਨ ਖੜ੍ਹੇ ਕਰ ਦਿੰਦੇ ਹਨ ਅਤੇ ਲਗਭਗ ਸਾਰੀਆਂ ਹੀ ਮਾਰਕੀਟਾਂ ਦੀ ਪਾਰਕਿੰਗ ਵਿੱਚ ਵਾਹਨਾਂ ਦਾ ਘੜਮੱਸ ਜਿਹਾ ਪਿਆ ਰਹਿੰਦਾ ਹੈ।
ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਲੋਕਾਂ ਵਲੋਂ ਬੇਤਰਤੀਬ ਢੰਗ ਨਾਲ ਵਾਹਨ ਖੜ੍ਹਾਏ ਜਾਣ ਦੀ ਇਸ ਕਾਰਵਾਈ ਕਾਰਨ ਹੋਰਨਾਂ ਵਾਹਨ ਚਾਲਕਾਂ ਨੂੰ ਪਾਰਕਿੰਗ ਵਿਚ ਆਪਣੇ ਵਾਹਨ ਖੜੇ ਕਰਨ ਵਿਚ ਵੱਡੀ ਸਮੱਸਿਆ ਪੇਸ਼ ਆਉਂਦੀ ਹੈ। ਅਜਿਹਾ ਆਮ ਵੇਖਣ ਵਿੱਚ ਆਉਂਦਾ ਹੈ ਕਿ ਮਾਰਕੀਟਾਂ ਵਿੱਚ ਪਹੁੰਚਣ ਵਾਲੇ ਵਾਹਨ ਚਾਲਕਾਂ ਦਾ ਜਿੱਥੇ ਦਿਲ ਕਰਦਾ ਹੈ ਉਹ ਆਪਣਾ ਵਾਹਨ ਖੜ੍ਹਾ ਕਰ ਦਿੰਦੇ ਹਨ। ਅਜਿਹੇ ਲੋਕਾਂ ਦੀ ਗਿਣਤੀ ਵੀ ਕਾਫੀ ਹੈ ਜਿਹੜੇ ਪਾਰਕਿੰਗ ਵਿੱਚ ਥਾਂ ਨਾ ਮਿਲਣ ਤੇ ਕਿਸੇ ਹੋਰ ਵਾਹਨ ਦੇ ਪਿੱਛੇ ਆਪਣਾ ਵਾਹਨ ਖੜ੍ਹਾ ਕਰਕੇ ਆਪਣੇ ਕੰਮ ਤੇ ਚਲੇ ਜਾਂਦੇ ਹਨ। ਬਾਅਦ ਵਿੱਚ ਜਦੋਂ ਪਹਿਲਾਂ ਤੋਂ ਖੜ੍ਹੇ ਵਾਹਨ ਦਾ ਚਾਲਕ ਵਾਪਸ ਜਾਣ ਲਈ ਆਪਣੀ ਗੱਡੀ ਤਕ ਪਹੁੰਚਦਾ ਹੈ ਤਾਂ ਉਸਨੂੰ ਆਪਣਾ ਵਾਹਨ ਬਾਹਰ ਕੱਢਣ ਲਈ ਥਾਂ ਨਹੀਂ ਮਿਲਦੀ ਅਤੇ ਉਸਨੂੰ ਪਰੇਸ਼ਾਨ ਹੋਣਾ ਪੈਂਦਾ ਹੈ। ਇਸ ਤਰੀਕੇ ਨਾਲ ਕੀਤੀ ਜਾਂਦੀ ਬੇਤਰਤੀਬ ਪਾਰਕਿੰਗ ਕਾਰਨ ਕਈ ਵਾਰ ਵਾਹਨ ਚਾਲਕਾਂ ਵਿਚਾਲੇ ਝਗੜੇ ਦੀ ਨੌਬਤ ਤਕ ਆ ਜਾਂਦੀ ਹੈ।
ਇਸ ਸੰਬੰਧੀ ਜੇਕਰ ਨਗਰ ਨਿਗਮ ਦੀ ਕਾਰਗੁਜਾਰੀ ਦੀ ਗੱਲ ਕੀਤੀ ਜਾਵੇ ਤਾਂ ਨਗਰ ਨਿਗਮ ਵਲੋਂ ਸ਼ਹਿਰ ਦੀਆਂ ਮਾਰਕੀਟਾਂ ਵਿਚਲੀਆਂ ਪਾਰਕਿੰਗਾਂ ਵਿੱਚ ਲੋੜੀਂਦੀਆਂ ਸਹੂਲਤਾਂ ਦੇਣ ਦੇ ਨਾਮ ਤੇ ਸਿਰਫ ਖਾਨਾਪੂਰਤੀ ਕੀਤੀ ਜਾਂਦੀ ਹੈ। ਸ਼ਹਿਰ ਦੀਆਂ ਜਿਆਦਾਤਰ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਵਾਹਨ ਖੜੇ ਕਰਨ ਲਈ ਲਾਈਨਾਂ ਤਕ ਵੀ ਨਹੀਂ ਲੱਗੀਆਂ ਅਤੇ ਨਾ ਹੀ ਇਹ ਜਾਣਕਾਰੀ ਦੇਣ ਲਈ ਕੋਈ ਬੋਰਡ ਜਾਂ ਨਿਸ਼ਾਨ ਲਗਾਏ ਗਏ ਹਨ ਜਿਸ ਨਾਲ ਇਹ ਪਤਾ ਚਲ ਸਕੇ ਕਿ ਦੋ ਪਹੀਆ ਅਤੇ ਤਿੰਨ ਪਹੀਆ ਵਾਹਨ ਕਿੱਥੇ ਖੜ੍ਹੇ ਕਰਨੇ ਹਨ ਅਤੇ ਚਾਰ ਪਹੀਆ ਵਾਹਨਾਂ ਵਾਸਤੇ ਕਿਹੜੀ ਥਾਂ ਰੱਖੀ ਗਈ ਹੈ। ਵਾਹਨਾਂ ਦੀ ਪਾਰਕਿੰਗ ਵਾਸਤੇ ਲਾਈਨਾਂ ਨਾ ਲੱਗੀਆਂ ਹੋਣ ਅਤੇ ਕੋਈ ਨਿਸ਼ਾਨ ਨਾ ਹੋਣ ਕਾਰਨ ਵੀ ਆਮ ਵਾਹਨ ਚਾਲਕ ਮਨ ਮਰਜੀ ਨਾਲ ਵਾਹਨ ਖੜੇ ਕਰ ਦਿੰਦੇ ਹਨ, ਜਿਸ ਕਾਰਨ ਇਹਨਾਂ ਪਾਰਕਿੰਗਾਂ ਵਿੱਚ ਹਾਲਾਤ ਬੇਹਾਲ ਰਹਿੰਦੇ ਹਨ।
ਇਸਦੇ ਇਲਾਵਾ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਰੇਹੜੀ ਫੜੀ ਵਾਲਿਆਂ ਵਲੋਂ ਨਾਜਾਇਜ ਕਬਜੇ ਕਰਕੇ ਖਾਣ ਪੀਣ ਦਾ ਸਾਮਾਨ ਵੇਚਣ ਦੀ ਕਾਰਵਾਈ ਵੀ ਪਾਰਕਿੰਗ ਵਿਵਸਥਾ ਵਿੱਚ ਵੱਡੀ ਰੁਕਾਵਟ ਬਣਦੀ ਹੈ। ਇਸ ਸੰਬੰਧੀ ਨਗਰ ਨਿਗਮ ਵਲੋਂ ਨਾਜਾਇਜ ਕਬਜਾ ਕਰਕੇ ਲਗਾਈਆਂ ਜਾਂਦੀਆਂ ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਤੇ ਕਾਬੂ ਕਰਨ ਲਈ ਕਾਰਵਾਈ ਵੀ ਕੀਤੀ ਜਾਂਦੀ ਹੈ ਪਰੰਤੂ ਇਹ ਕਾਰਵਾਈ ਵੀ ਕਾਫੀ ਹੱਦ ਤਕ ਅੱਧੀ ਅਧੂਰੀ ਹੀ ਸਾਬਿਤ ਹੁੰਦੀ ਹੈ।
ਸ਼ਹਿਰ ਦੇ ਵਪਾਰੀਆਂ ਦੀ ਨੁਮਾਇੰਦਿਗੀ ਕਰਨ ਵਾਲੇ ਵਪਾਰ ਮੰਡਲ ਵਲੋਂ ਇਸ ਸੰਬੰਧੀ ਸਮੇਂ ਸਮੇਂ ਤੇ ਨਗਰ ਨਿਗਮ ਤੋਂ ਮੰਗ ਕੀਤੀ ਜਾਂਦੀ ਹੈ ਕਿ ਸ਼ਹਿਰ ਦੀਆਂ ਮਾਰਕੀਟਾਂ ਦੀਆਂ ਪਾਰਕਿੰਗਾਂ ਦੀ ਹਾਲਤ ਵਿੱਚ ਲੋੜੀਂਦਾ ਸੁਧਾਰ ਕਰਕੇ ਇਹਨਾਂ ਵਿੱਚ ਲਾਈਨਾਂ ਅਤੇ ਸਿਗਨਲ ਆਦਿ ਲਗਾਏ ਜਾਣ, ਪਰੰਤੂ ਇਸ ਪੱਖੋਂ ਨਗਰ ਨਿਗਮ ਦੀ ਕਾਰਗੁਜਾਰੀ ਸਿਰਫ ਖਾਨਾਪੂਰਤੀ ਕਰਨ ਤਕ ਹੀ ਸੀਮਿਤ ਹੈ। ਇਹੀ ਕਾਰਨ ਹੈ ਕਿ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਲੋਕ ਆਪਣਾ ਵਾਹਨ ਖੜ੍ਹਾ ਕਰਨ ਅਤੇ ਦੂਜਿਆਂ ਤੋਂ ਪਹਿਲਾਂ ਆਪਣਾ ਵਾਹਨ ਬਾਹਰ ਕੱਢਣ ਲਈ ਆਪਸ ਵਿੱਚ ਬਹਿਸਦੇ ਨਜਰ ਆਉਂਦੇ ਹਨ ਅਤੇ ਇਸ ਕਾਰਨ ਸ਼ਹਿਰ ਦਾ ਮਾਹੌਲ ਵੀ ਖਰਾਬ ਹੁੰਦਾ ਹੈ।
ਨਗਰ ਨਿਗਮ ਨੂੰ ਚਾਹੀਦਾ ਹੈ ਕਿ ਉਹ ਸ਼ਹਿਰ ਦੀਆਂ ਮਾਰਕੀਟਾਂ ਦੀਆਂ ਪਾਰਕਿੰਗਾਂ ਵਿਚ ਵਾਹਨ ਖੜੇ ਕਰਨ ਲਈ ਆ ਰਹੀਆਂ ਦਿਕਤਾਂ ਨੂੰ ਦੂਰ ਕਰਨ ਲਈ ਲੋੜੀਂਦੀ ਕਾਰਵਾਈ ਕਰੇ ਅਤੇ ਇਸ ਵਾਸਤੇ ਇਹਨਾਂ ਪਾਰਕਿੰਗਾਂ ਦੀ ਲੋੜੀਂਦੀ ਮੁਰਮੰਤ ਕਰਕੇ ਉੱਥੇ ਵਾਹਨ ਖੜ੍ਹਾਉਣ ਲਈ ਲਾਈਨਾਂ ਅਤੇ ਹੋਰ ਸਿਗਨਲ ਲਗਾਏ ਜਾਣ ਤਾਂ ਜੋ ਆਮ ਲੋਕਾਂ ਨੂੰ ਇਸ ਸੰਬੰਧੀ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਤੋਂ ਛੁਟਕਾਰਾ ਮਿਲੇ।
Editorial
ਕੈਨੇਡਾ ਦੀਆਂ ਸਿਆਸੀ ਘਟਨਾਵਾਂ ਤੇ ਨੇੜਿਓ ਨਜ਼ਰ ਰੱਖ ਰਹੇ ਹਨ ਵੱਡੀ ਗਿਣਤੀ ਪੰਜਾਬੀ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਅਤੇ ਕੈਨੇਡਾ ਦੀ ਸਿਆਸਤ ਵਿੱਚ ਹੋ ਰਹੀ ਉਥਲ ਪੁਥਲ ਕਾਰਨ ਪੰਜਾਬ ਦੇ ਵੱਡੀ ਗਿਣਤੀ ਵਸਨੀਕ ਉਥੇ ਵਾਪਰ ਰਹੀਆਂ ਸਿਆਸੀ ਘਟਨਾਂਵਾਂ ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਇਸ ਦਾ ਵੱਡਾ ਕਾਰਨ ਇਹ ਹੈ ਕਿ ਪੰਜਾਬ ਦੇ ਵੱਡੀ ਗਿਣਤੀ ਵਸਨੀਕਾਂ ਦੇ ਬੱਚੇ ਕੈਨੇਡਾ ਰਹਿ ਰਹੇ ਹਨ, ਜੋ ਕਿ ਪੜਾਈ ਲਈ ਉੱਥੇ ਗਏ ਹੋਏ ਹਨ ਜਾਂ ਪੜਾਈ ਪੂਰੀ ਕਰਨ ਤੋਂ ਬਾਅਦ ਉਥੇ ਕੋਈ ਕੰਮ ਧੰਦਾ ਕਰ ਰਹੇ ਹਨ।
ਇਸ ਤੋਂ ਇਲਾਵਾ ਜਿਹੜੇ ਪੰਜਾਬੀਆਂ ਨੇ ਆਪਣੇ ਬੱਚੇ ਕੈਨੇਡਾ ਭੇਜਣੇ ਹਨ ਜਾਂ ਬੱਚਿਆਂ ਨੂੰ ਕੈਨੇਡਾ ਭੇਜਣ ਲਈ ਉਪਰਾਲੇ ਕਰ ਰਹੇ ਹਨ, ਉਹ ਵੀ ਕੈਨੇਡਾ ਵਿੱਚ ਵਾਪਰ ਰਹੀਆਂ ਘਟਨਾਂਵਾਂ ਬਾਰੇ ਪਲ ਪਲ ਦੀ ਜਾਣਕਾਰੀ ਲੈ ਰਹੇ ਹਨ। ਅਜਿਹੇ ਪੰਜਾਬੀ ਜਿਥੇ ਲਗਾਤਾਰ ਟੀ ਵੀ ਚੈਨਲ, ਅਖਬਾਰ ਜਾਂ ਵੈਬਸਾਈਟਾਂ ਤੇ ਖਬਰਾਂ ਪੜ ਸੁਣ ਰਹੇ ਹਨ, ਉਥੇ ਕੈਨੇਡਾ ਦੀ ਸਿਆਸੀ ਹਾਲਤ ਸਬੰਧੀ ਇੱਕ ਦੂਜੇ ਨਾਲ ਗੱਲਬਾਤ ਵੀ ਕਰਦੇ ਵੇਖੇ ਗਏ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਪੰਜਾਬੀ ਕੈਨੇਡਾ ਦੇ ਸਿਆਸੀ ਭਵਿੱਖ ਸਬੰਧੀ ਆਪੋ ਆਪਣੇ ਅੰਦਾਜੇ ਵੀ ਲਗਾਈ ਜਾ ਰਹੇ ਹਨ।
ਕੁਝ ਪੰਜਾਬੀਆਂ ਦਾ ਖਿਆਲ ਹੈ ਕਿ ਟਰੂਡੋ ਦੇ ਅਸਤੀਫਾ ਦੇਣ ਤੋਂ ਬਾਅਦ ਅਤੇ ਨਵੇਂ ਪ੍ਰਧਾਨ ਮੰਤਰੀ ਦੇ ਅਹੁਦਾ ਸੰਭਾਲਣ ਤੋਂ ਬਾਅਦ ਸ਼ਾਇਦ ਕੈਨੇਡਾ ਵੱਲੋਂ ਪਰਵਾਸੀਆਂ ਤੇ ਲਗਾਈਆਂ ਗਈਆਂ ਪਾਬੰਦੀਆਂ ਹਟਾ ਦਿਤੀਆਂ ਜਾਣ ਕਿਉਂਕਿ ਪਰਵਾਸੀਆਂ ਅਤੇ ਵਿਦਿਆਰਥੀਆਂ ਤੋਂ ਹੁੰਦੀ ਆਮਦਨ ਕੈਨੇਡਾ ਨੂੰ ਵਿੱਤੀ ਤੌਰ ਤੇ ਮਜਬੂਤ ਕਰਦੀ ਹੈ। ਇਸ ਤੋਂ ਇਲਾਵਾ ਅਮਰੀਕਾ ਦੇ ਨਵੇਂ ਚੁਣੇ ਗਏ ਰਾਸਟਰਪਤੀ ਟਰੰਪ ਵੱਲੋਂ ਕੈਨੇਡਾ ਤੇ ਵੱਡੇ ਟੈਕਸ ਲਗਾਉਣ ਦੀ ਧਮਕੀ ਕਾਰਨ ਕੈਨੇਡਾ ਦੀ ਮਜਬੂਰੀ ਹੋ ਸਕਦੀ ਹੈ ਕਿ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਸ਼ਰਨਾਰਥੀਆਂ ਲਈ ਆਪਣੇ ਦਰਵਾਜੇ ਮੁੜ ਖੋਲੇ ਕਿਉਂਕਿ ਇਹਨਾਂ ਦੀਆਂ ਫੀਸਾਂ ਅਤੇ ਹੋਰ ਕੰਮਾਂ ਤੋਂ ਕੈਨੇਡਾ ਨੂੰ ਵੱਡੀ ਆਮਦਨ ਹੁੰਦੀ ਹੈ।
ਦੂਜੇ ਪਾਸੇ ਕੁਝ ਪੰਜਾਬੀ ਇਹ ਵੀ ਕਹਿ ਰਹੇ ਹਨ ਕਿ ਹੋ ਸਕਦਾ ਹੈ ਕਿ ਕੈਨੇਡਾ ਦਾ ਨਵਾਂ ਬਣਨ ਵਾਲਾ ਪ੍ਰਧਾਨ ਮੰਤਰੀ ਪਰਵਾਸੀਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੈਨੇਡਾ ਦੇ ਦਰਵਾਜੇ ਖੋਲਣ ਦੀ ਥਾਂ ਹੋਰ ਪਾਬੰਦੀਆਂ ਲਗਾ ਦੇਵੇ। ਇਸ ਦਾ ਇੱਕ ਕਾਰਨ ਇਹ ਵੀ ਦਸਿਆ ਜਾ ਰਿਹਾ ਹੈ ਕਿ ਕੈਨੇਡਾ ਦੇ ਵੱਡੀ ਗਿਣਤੀ ਮੂਲ ਵਸਨੀਕ ਪਰਵਾਸੀਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਿਰੁੱਧ ਹੋ ਰਹੇ ਹਨ। ਕੈਨੇਡਾ ਦੇ ਮੂਲ ਵਸਨੀਕ ਸਮਝਦੇ ਹਨ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਕਾਰਨ ਹੀ ਉਥੇ ਮੂਲ ਵਸਨੀਕਾਂ ਲਈ ਰੁਜ਼ਗਾਰ ਦੇ ਮੌਕੇ ਘੱਟ ਗਏ ਅਤੇ ਰਿਹਾਇਸ਼ ਦਾ ਸੰਕਟ ਪੈਦਾ ਹੋਇਆ। ਕਨੇਡਾ ਦੇ ਇਹ ਮੂੁਲ ਵਸਨੀਕ ਮਹਿੰਗਾਈ ਵਿੱਚ ਵਾਧੇ ਲਈ ਵੀ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਪਰਵਾਸੀਆਂ ਨੂੰ ਜ਼ਿੰਮੇਵਾਰ ਸਮਝਦੇ ਹਨ। ਇਸ ਤਰ੍ਹਾਂ ਕੈਨੇਡਾ ਦੇ ਸਿਆਸੀ ਭਵਿੱਖ ਬਾਰੇ ਪੰਜਾਬੀਆਂ ਵਿੱਚ ਜਿੰਨੇ ਮੂੰਹ ਉਨੀਆਂ ਹੀ ਗੱਲਾਂ ਹੋ ਰਹੀਆਂ ਹਨ।
ਦਿਲਚਸਪ ਗੱਲ ਇਹ ਹੈ ਕਿ ਕਿਸੇ ਹੋਰ ਦੇਸ਼ ਬਾਰੇ ਪੰਜਾਬ ਦੇ ਵਸਨੀਕਾਂ ਵਿੱਚ ਏਨੀ ਚਰਚਾ ਨਹੀਂ ਹੁੰਦੀ, ਜਿੰਨੀ ਕਿ ਕੈਨੇਡਾ ਬਾਰੇ ਹੁੰਦੀ ਹੈ। ਉਥੇ ਵਾਪਰਦੀ ਹਰ ਘਟਨਾ ਦਾ ਅਸਰ ਪੰਜਾਬ ਰਹਿੰਦੇ ਵੱਡੀ ਗਿਣਤੀ ਲੋਕਾਂ ਤੇ ਦੇਖਣ ਨੂੰ ਮਿਲਦਾ ਹੈ। ਕੈਨੇਡਾ ਵਿੱਚ ਵੱਡੀ ਗਿਣਤੀ ਪੰਜਾਬੀ ਅਤੇ ਉਹਨਾਂ ਦੇ ਬੱਚੇ ਰਹਿੰਦੇ ਹਨ ਜਿਸ ਕਾਰਨ ਕੈਨੇਡਾ ਨੂੰ ਪੰਜਾਬੀਆਂ ਦੀ ਸੁਪਨ ਨਗਰੀ ਵੀ ਕਿਹਾ ਜਾਂਦਾ ਹੈ। ਭਾਵੇਂ ਕਿ ਕੈਨੇਡਾ ਨੇ ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਪਰਵਾਸੀਆਂ ਲਈ ਨਿਯਮ ਸਖ਼ਤ ਕਰ ਦਿਤੇ ਹਨ ਪਰ ਟਰੂਡੋ ਦੇ ਅਸਤੀਫਾ ਦੇਣ ਤੋਂ ਬਾਅਦ ਅਨੇਕਾਂ ਪੰਜਾਬੀਆਂ ਨੂੰ ਆਸ ਬਣ ਗਈ ਹੈ ਕਿ ਸ਼ਾਇਦ ਕੈਨੇਡਾ ਦਾ ਨਵਾਂ ਬਣਨ ਵਾਲਾ ਪ੍ਰਧਾਨ ਮੰਤਰੀ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਪਰਵਾਸੀਆਂ ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾ ਦੇਵੇ।
ਫਿਲਹਾਲ ਇਸ ਸਮੇਂ ਵੱਡੀ ਗਿਣਤੀ ਪੰਜਾਬੀਆਂ ਦੀਆਂ ਨਜ਼ਰਾਂ ਕੈਨੇਡਾ ਵਿੱਚ ਵਾਪਰ ਰਹੀਆਂ ਸਿਆਸੀ ਘਟਨਾਵਾਂ ਤੇ ਲੱਗੀਆਂ ਹੋਈਆਂ ਹਨ ਅਤੇ ਪੰਜਾਬ ਰਹਿੰਦੇ ਵੱਡੀ ਗਿਣਤੀ ਪੰਜਾਬੀ ਕੈਨੇਡਾ ਦੀ ਸਿਆਸਤ ਬਾਰੇ ਪਲ ਪਲ ਦੀ ਜਾਣਕਾਰੀ ਲੈ ਰਹੇ ਹਨ।
ਬਿਊਰੋ
Editorial
ਮਨੋਰੰਜਨ ਦੇ ਸਾਧਨਾਂ ਰਾਂਹੀ ਕੀਤੇ ਜਾਂਦੇ ਅੰਧਵਿਸ਼ਵਾਸ ਦੇ ਪਸਾਰ ਤੇ ਰੋਕ ਲੱਗੇ
ਫਿਲਮਾਂ ਅਤੇ ਟੀ ਵੀ ਪ੍ਰੋਗਰਾਮ ਲੋਕਾਂ ਦੇ ਮਨੋਰੰਜਨ ਦਾ ਸਭ ਤੋਂ ਵੱਡਾ ਸਾਧਨ ਹਨ ਅਤੇ ਹੁਣ ਇਹਨਾਂ ਦੇ ਨਾਲ ਆਨਲਾਈਨ ਪਲੇਟ ਫਾਰਮ ਵੀ ਜੁੜ ਗਏ ਹਨ ਜਿਹਨਾਂ ਰਾਂਹੀ ਆਮ ਲੋਕਾਂ ਦੇ ਵੇਖਣ ਲਈ ਕਈ ਤਰ੍ਹਾਂ ਦੇ ਸੀਰੀਅਲ ਅਤੇ ਫਿਲਮਾਂ ਦਾ ਪ੍ਰਸਾਰਨ ਕੀਤਾ ਜਾਂਦਾ ਹੈ। ਆਨ ਲਾਈਨ ਪਲੇਟਫਾਰਮਾਂ ਦੇ ਨਾਲ ਖਾਸ ਗੱਲ ਇਹ ਵੀ ਹੈ ਕਿ ਇਹਨਾਂ ਦੇ ਦਰਸ਼ਕ ਆਪਣੀ ਮਰਜੀ ਅਤੇ ਸਹੂਲੀਅਤ ਦੇ ਹਿਸਾਬ ਨਾਲ ਜਦੋਂ ਚਾਹੁੰਣ ਆਪਣੇ ਪਸੰਦੀਦਾ ਪ੍ਰੋਗਰਾਮ ਦੇਖ ਸਕਦੇ ਹਨ ਜਦੋਂਕਿ ਟੀ ਵੀ ਵੇਖਣ ਵਾਲੇ ਦਰਸ਼ਕਾਂ ਨੂੰ ਕੋਈ ਵੀ ਪ੍ਰੋਗਰਾਮ ਵੇਖਣ ਲਈ ਉਸ ਪ੍ਰੋਗਰਾਮ ਦੇ ਪ੍ਰਸਾਰਣ ਦੌਰਾਨ ਟੀ ਵੀ ਦੇ ਸਾਮ੍ਹਣੇ ਬੈਠਣਾ ਪੈਂਦਾ ਹੈ। ਪਹਿਲਾਂ ਫਿਲਮਾਂ ਦਾ ਜੋਰ ਜਿਆਦਾ ਹੋਇਆ ਕਰਦਾ ਸੀ ਅਤੇ ਲੋਕ ਬਾਕਾਇਦਾ ਪ੍ਰੋਗਰਾਮ ਬਣਾ ਕੇ ਆਪਣੇ ਪਰਿਵਾਰਾਂ ਜਾਂ ਦੋਸਤਾਂ ਮਿੱਤਰਾਂ ਦੇ ਨਾਲ ਫਿਲਮਾਂ ਵੇਖਣ ਜਾਇਆ ਕਰਦੇ ਸੀ।
ਪਰੰਤੂ ਪਿਛਲੇ ਦੋ ਤਿੰਨ ਦਹਾਕਿਆਂ ਦੌਰਾਨ ਕਾਫੀ ਕੁੱਝ ਬਦਲ ਗਿਆ ਹੈ ਇਸ ਦੌਰਾਨ ਇੱਕ ਤੋਂ ਬਾਅਦ ਇੱਕ ਆਰੰਭ ਹੋਏ ਕਈ ਨਵੇਂ ਮਨੋਰੰਜਨ ਅਤੇ ਖਬਰੀਆ ਚੈਨਲਾਂ ਵਲੋਂ ਦਰਸ਼ਕਾਂ ਦੇ ਮਨੋਰੰਜਨ ਅਤੇ ਉਹਨਾਂ ਨੂੰ ਤਾਜਾ ਖਬਰਾਂ ਦੇਣ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਹਨ ਅਤੇ ਹੁਣ ਤਾਂ ਆਨ ਲਾਈਨ ਪਲੇਟ ਫਾਰਮ ਵੀ ਆ ਗਏ ਹਨ ਜਿਹਨਾਂ ਨਾਲ ਦਰਸ਼ਕਾਂ ਦਾ ਇੱਕ ਵੱਡਾ ਵਰਗ ਜੁੜ ਗਿਆ ਹੈ। ਟੀ ਵੀ ਚੈਨਲ ਹੋਣ ਜਾਂ ਆਨਲਾਈਨ ਪਲੇਟ ਫਾਰਮ, ਇਹਨਾਂ ਵਲੋਂ ਆਪਣੇ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਅਤੇ ਆਪਣੀ ਲੋਕਪ੍ਰਿਅਤਾ ਵਿੱਚ ਵਾਧਾ ਕਰਨ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਬਣਾ ਕੇ ਪ੍ਰਸਾਰਿਤ ਕੀਤੇ ਜਾਂਦੇ ਹਨ ਅਤੇ ਇਹਨਾਂ ਵਿੱਚੋਂ ਜਿਆਦਾਤਰ ਜਾਦੂ ਟੂਣੇ, ਭੂਤਾਂ-ਪ੍ਰੇਤਾਂ, ਚੁੜੈਲਾਂ, ਡਾਇਨਾਂ, ਭਟਕਦੀਆਂ ਆਤਮਾਵਾਂ, ਨਾਗਿਨ, ਕਾਲੇ ਜਾਦੂ ਅਤੇ ਅਜਿਹਾ ਅੰਧਵਿਸ਼ਵਾਸ਼ ਵਧਾਉਣ ਵਾਲੀਆਂ ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ ਦੇ ਸੀਰੀਅਲ ਬਣਾ ਕੇ ਵਿਖਾਏ ਜਾਂਦੇ ਹਨ।
ਟੀ ਵੀ ਸੀਰੀਅਲਾਂ ਵਿੱਚ ਪਿਛਲੇ ਜਨਮ ਦੀ ਕੋਈ ਕਹਾਣੀ ਜੋੜ ਕੇ ਉਸਨੂੰ ਇਸ ਜਨਮ ਵਿੱਚ ਜਾਰੀ ਰੱਖਣ ਵਾਲੀਆਂ ਕਹਾਣੀਆਂ ਤੇ ਆਧਾਰਿਤ ਸੀਰੀਅਲ ਵੀ ਕਾਫੀ ਚਲਦੇ ਹਨ। ਇਸਤੋਂ ਇਲਾਵਾ ਵੱਖ-ਵੱਖ ਦੇਵੀ ਦੇਵਤਿਆਂ ਦੇ ਨਾਮ ਤੇ ਵੀ ਅਜਿਹੇ ਕਈ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਹਨ ਜਿਹੜੇ ਸਮਾਜ ਵਿੱਚ ਅੰਧ ਵਿਸ਼ਵਾਸ ਦਾ ਪਸਾਰ ਕਰਦੇ ਹਨ ਅਤੇ ਇਹਨਾਂ ਸੀਰੀਅਲਾਂ ਨੂੰ ਵੇਖਣ ਵਾਲੇ ਲੋਕ ਵਹਿਮਾਂ-ਭਰਮਾਂ ਦਾ ਸ਼ਿਕਾਰ ਹੋ ਰਹੇ ਹਨ। ਸਾਡੀਆਂ ਫਿਲਮਾਂ ਵਿੱਚ ਵੀ ਅਜਿਹੀਆਂ ਚਮਤਕਾਰਿਕ ਕਹਾਣੀਆਂ ਵਿਖਾ ਕੇ ਅੰਧ ਵਿਸ਼ਵਾਸ ਦਾ ਪਸਾਰ ਕੀਤਾ ਜਾਂਦਾ ਹੈ ਅਤੇ ਭੂਤਾਂ ਪ੍ਰੇਤਾਂ ਦੀਆਂ ਕਹਾਣੀਆਂ ਤੇ ਫਿਲਮਾਂ ਆਮ ਬਣਦੀਆਂ ਹਨ। ਆਨਲਾਈਨ ਪਲੇਟਫਾਰਮਾਂ ਤੇ ਵੀ ਅਜਿਹੇ ਕਈ ਤਰ੍ਹਾਂ ਦੇ ਪ੍ਰੋਗਰਾਮ ਤਿਆਰ ਕਰਕੇ ਵਿਖਾਏ ਜਾਂਦੇ ਹਨ ਜਿਹਨਾਂ ਵਿੱਚ ਚਮਤਕਾਰਾਂ, ਜਾਦੂ ਟੂਣੇ, ਤੰਤਰ ਮੰਤਰ ਦੇ ਜ਼ੋਰ ਨਾਲ ਗੈਬੀ ਸ਼ਕਤੀਆਂ ਦਾ ਸੁਪਨਮਈ ਅਤੇ ਡਰਾਵਣਾ ਮਾਹੌਲ ਸਿਰਜ ਕੇ ਲੋਕਾਂ ਵਿੱਚ ਅੰਧਵਿਸ਼ਵਾਸ਼ ਦਾ ਪਸਾਰ ਕੀਤਾ ਜਾਂਦਾ ਹੈ।
ਜਾਦੂ ਟੂਣੇ ਅਤੇ ਭੂਤਾਂ ਪ੍ਰੇਤਾਂ ਦੀਆਂ ਇਹ ਕਹਾਣੀਆਂ ਆਮ ਲੋਕਾਂ ਨੂੰ ਡਰਾਉਂਦੀਆਂ ਵੀ ਹਨ ਅਤੇ ਉਹਨਾਂ ਵਿੱਚ ਅੰਧਵਿਸ਼ਵਾਸ਼ ਵੀ ਪੈਦਾ ਕਰਦੀਆਂ ਹਨ। ਅਜਿਹੀਆਂ ਤਮਾਮ ਕਹਾਣੀਆਂ ਵਿੱਚ ਕਿਸੇ ਨਾ ਕਿਸੇ ਅਜਿਹੇ ਤਾਂਤਰਿਕ ਜਾਂ ਜਾਦੂਗਰ ਨੂੰ ਵੀ ਜਰੂਰ ਵਿਖਾਇਆ ਜਾਂਦਾ ਹੈ ਜੋ ਕਈ ਤਰ੍ਹਾਂ ਦੀਆਂ ਜਾਦੂਈ ਸ਼ਕਤੀਆਂ ਦਾ ਮਾਲਕ ਹੁੰਦਾ ਹੈ ਅਤੇ ਪ੍ਰੇਤ ਆਤਮਾਵਾਂ ਨੂੰ ਆਪਣੇ ਕਬਜੇ ਵਿੱਚ ਕਰਕੇ ਆਪਣੀ ਸ਼ਰਣ ਵਿੱਚ ਆਉਣ ਵਾਲੇ ਲੋਕਾਂ ਨੂੰ ਭੂਤਾਂ ਪ੍ਰੇਤਾਂ ਤੋਂ ਬਚਾਉਂਦਾ ਹੈ। ਅਜਿਹੀਆਂ ਕਹਾਣੀਆਂ ਦੇ ਅਸਰ ਕਾਰਨ ਵੀ ਅਕਸਰ ਵਹਿਮਾਂ ਵਿੱਚ ਫਸੇ ਆਮ ਲੋਕ ਅਜਿਹੇ ਬਾਬਿਆਂ ਦੇ ਚੱਕਰ ਵਿੱਚ ਫਸ ਜਾਂਦੇ ਹਨ।
ਇਸਦੇ ਨਾਲ ਨਾਲ ਕੁੱਝ ਟੀ ਵੀ ਚੈਨਲਾਂ ਤੇ ਸਵੇਰੇ ਸ਼ਾਮ ਧਾਰਮਿਕ ਪ੍ਰੋਗਰਾਮ ਦੇ ਨਾਮ ਤੇ ਵੱਖ ਵੱਖ ਬਾਬਿਆਂ ਦੇ ਇਸ਼ਤਿਹਾਰਨੁਮਾ ਪ੍ਰੋਗਰਾਮਾਂ ਦਾ ਪ੍ਰਸਾਰਣ ਵੀ ਕੀਤਾ ਜਾਂਦਾ ਹੈ ਜਿਹੜੇ ਇਹਨਾਂ ਬਾਬਿਆਂ ਵਲੋਂ ਆਮ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਖੁਦ ਹੀ ਤਿਆਰ ਕੀਤੇ ਜਾਂਦੇ ਹਨ। ਇਹਨਾਂ ਪ੍ਰਗਰਾਮਾਂ ਵਿੱਚ ਇੱਕ ਗੱਲ ਸਾਂਝੀ ਹੁੰਦੀ ਹੈ ਕਿ ਇਹਨਾਂ ਬਾਬਿਆਂ ਦੇ ਕਥਿਤ ਭਗਤ ਵਾਰੀ ਵਾਰੀ ਆਪਣੇ ਦੁਖੜੇ ਦੱਸਦੇ ਹਨ ਅਤੇ ਇਹ ਬਾਬੇ ਆਪਣੇ ਸ਼ਰਧਾਲੂਆਂ ਦੇ ਸਵਾਲਾਂ ਦੇ ਜਵਾਬ ਦਿੰਦੇ ਰਹਿੰਦੇ ਹਨ। ਅਜਿਹੇ ਪ੍ਰੋਗਰਾਮ ਭੋਲੇ ਭਾਲੇ ਲੋਕਾਂ ਦੇ ਦਿਲੋ ਦਿਮਾਗ ਤੇ ਗਹਿਰਾ ਪ੍ਰਭਾਵ ਛੱਡਦੇ ਹਨ ਅਤੇ ਇਹਨਾਂ ਨੂੰ ਵੇਖ ਕੇ ਪ੍ਰਭਾਵਿਤ ਹੋਏ ਲੋਕਾਂ ਵਿੱਚ ਅੰਧਵਿਸ਼ਵਾਸ਼ ਅਤੇ ਵਹਿਮਾਂ ਭਰਮਾਂ ਦਾ ਪਸਾਰ ਹੁੰਦਾ ਹੈ।
ਅਜਿਹੇ ਪ੍ਰੋਗਰਾਮਾਂਕਾਰਨ ਅੰਧਵਿਸ਼ਵਾਸ਼ ਦੇ ਇਸ ਲਗਾਤਾਰ ਵੱਧਦੇ ਪਸਾਰ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਭੂਤਾਂ ਪ੍ਰੇਤਾਂ, ਆਤਮਾਵਾਂ, ਤੰਤਰ ਮੰਤਰ, ਜਾਦੂ ਟੂਣੇ ਦਾ ਪ੍ਰਚਾਰ ਕਰਕੇ ਅੰਧਵਿਸ਼ਵਾਸ਼ ਫੈਲਾਉਣ ਵਾਲੇ ਅਜਿਹੇ ਗੁੰਮਰਾਹਕੁੰਨ ਪ੍ਰੋਗਰਾਮਾਂ ਉਪਰ ਪਾਬੰਦੀ ਲੱਗਾਈ ਜਾਵੇ। ਇਸਦੇ ਨਾਲ ਨਾਲ ਆਮ ਲੋਕਾਂ ਨੂੰ ਆਪਣੇ ਭਰਮ ਜਾਲ ਵਿਚ ਫਸਾਉਣ ਵਾਲੇ ਅਖੌਤੀ ਬਾਬਿਆਂ ਦੇ ਪੋ੍ਰਗਰਾਮਾਂ ਦੇ ਪ੍ਰਸਾਰਣ ਤੇ ਵੀ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਇਸ ਸੰਬੰਧੀ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਇਸ ਤਰੀਕੇ ਨਾਲ ਲੋਕਾਂ ਵਿੱਚ ਅੰਧਵਿਸ਼ਵਾਸ ਦਾ ਪ੍ਰਚਾਰ ਅਤੇ ਪਸਾਰ ਕਰਨ ਵਾਲੀ ਇਸ ਕਾਰਵਾਈ ਨੂੰ ਰੋਕਿਆ ਜਾ ਸਕੇ।
-
National2 months ago
ਬੱਸ ਪਲਟਣ ਕਾਰਨ 5 ਵਿਅਕਤੀਆਂ ਦੀ ਮੌਤ, 2 ਦਰਜਨ ਵਿਅਕਤੀ ਜ਼ਖ਼ਮੀ
-
International2 months ago
ਗੌਤਮ ਅਡਾਨੀ ਤੇ ਨਿਊਯਾਰਕ ਵਿੱਚ ਧੋਖਾਧੜੀ ਅਤੇ ਰਿਸ਼ਵਤ ਦੇਣ ਦਾ ਲੱਗਾ ਦੋਸ਼
-
Chandigarh2 months ago
ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ 3 ਵਜੇ ਤੱਕ ਹੋਈ 50 ਫੀਸਦੀ ਪੋਲਿੰਗ
-
Mohali2 months ago
ਫੇਜ਼ 4 ਦੇ ਗੁਰੂਦੁਆਾਰਾ ਸਾਹਿਬ ਵਿੱਚ ਚਲ ਰਹੇ ਆਨੰਦਕਾਰਜਾਂ ਦੌਰਾਨ ਲਾੜੀ ਦੀ ਮਾਂ ਦਾ ਬੈਗ ਚੁੱਕ ਕੇ ਭੱਜਦਾ ਬੱਚਾ ਸੇਵਾਦਾਰ ਵੱਲੋਂ ਕਾਬੂ
-
International1 month ago
ਭਾਰਤ ਦੀ ਆਸਟਰੇਲੀਆ ਵਿੱਚ ਆਸਟਰੇਲੀਆ ਤੇ ਸਭ ਤੋਂ ਵੱਡ ਜਿੱਤ
-
National2 months ago
ਬੋਰਵੈਲ ਵਿੱਚ ਡਿੱਗਣ ਕਾਰਨ 4 ਸਾਲਾ ਬੱਚੇ ਦੀ ਮੌਤ
-
Chandigarh2 months ago
ਪੰਜਾਬ ਵਿਧਾਨਸਭਾ ਦੀ ਜਿਮਣੀ ਚੋਣ ਵਿੱਚ ਆਮ ਆਦਮੀ ਪਾਰਟੀ ਨੇ ਤਿੰਨ ਅਤੇ ਕਾਂਗਰਸ ਨੇ ਇੱਕ ਸੀਟ ਜਿੱਤੀ
-
International2 months ago
ਯੂਕੇ ਵਿੱਚ ਭਾਰਤੀ ਵਿਅਕਤੀ ਵੱਲੋਂ ਪਤਨੀ ਦਾ ਕਤਲ