Connect with us

Mohali

ਫਰੈਂਕੋ ਹੋਟਲ ਵਾਲੀ ਪਾਰਕਿੰਗ ਵਿੱਚ ਮਨਮਰਜੀ ਨਾਲ ਵਾਹਨ ਖੜ੍ਹਾਉਣ ਦੀ ਕਾਰਵਾਈ ਤੇ ਰੋਕ ਲਗਾਉਣ ਦੀ ਮੰਗ

Published

on

 

ਐਸ ਏ ਐਸ ਨਗਰ, 7 ਜਨਵਰੀ (ਆਰ ਪੀ ਵਾਲੀਆ) ਸਮਾਜਸੇਵੀ ਆਗੂ ਪੁਸ਼ਪਾ ਪੁਰੀ ਨੇ ਮੰਗ ਕੀਤੀ ਹੈ ਕਿ ਸਥਾਨਕ ਫੇਜ਼ 1 ਦੇ ਫਰੈਂਕੋ ਹੋਟਲ ਵਾਲੀ ਪਾਰਕਿੰਗ ਵਿੱਚ ਮਨਮਰਜੀ ਨਾਲ ਵਾਹਨ ਖੜ੍ਹਾਉਣ ਦੀ ਕਾਰਵਾਈ ਤੇ ਰੋਕ ਲਗਾਈ ਜਾਵੇ। ਉਹਨਾਂ ਕਿਹਾ ਕਿ ਵੱਡੀ ਗਿਣਤੀ ਲੋਕ ਆਏ ਦਿਨ ਇੱਥੇ ਆਪਣੀ ਮਨਮਰਜੀ ਨਾਲ ਹੀ ਆਪਣੇ ਵਾਹਨਾਂ ਨੂੰ ਖੜਾ ਕਰ ਦਿੰਦੇ ਹਨ, ਜਿਸ ਕਾਰਨ ਇਸ ਪਾਰਕਿੰਗ ਵਿੱਚ ਵਾਹਨਾਂ ਦਾ ਘੜਮਸ ਪੈ ਜਾਂਦਾ ਹੈ। ਬੇਤਰਤੀਬੇ ਢੰਗ ਨਾਲ ਖੜੇ ਵਾਹਨਾਂ ਕਾਰਨ ਹੋਰਨਾਂ ਵਾਹਨ ਚਾਲਕਾਂ ਨੂੰ ਆਪਣੇ ਵਾਹਨ ਪਾਰਕਿੰਗ ਵਿੱਚ ਲੈ ਕੇ ਆਉਣ ਅਤੇ ਲੈ ਕੇ ਜਾਣ ਵਿੱਚ ਕਾਫੀ ਦਿੱਕਤਾਂ ਆਉਂਦੀਆਂ ਹਨ।

ਉਹਨਾਂ ਦਸਿਆ ਕਿ ਇਸ ਪਾਰਕਿੰਗ ਵਿੱਚ ਵੱਡੀ ਗਿਣਤੀ ਲੋਕ ਆਪਣੇ ਵਾਹਨ ਬੇਤਰਤੀਬੇ ਖੜੇ ਕਰਕੇ ਮਾਰਕੀਟ ਵਿੱਚ ਚਲੇ ਜਾਂਦੇ ਹਨ ਅਤੇ ਫਿਰ ਸਾਰਾ ਦਿਨ ਇਹ ਵਾਹਨ ਪਾਰਕਿੰਗ ਵਿੱਚ ਖੜੇ ਰਹਿੰਦੇ ਹਨ। ਇਹਨਾਂ ਉਘੜ ਦੁਗੜੇ ਖੜੇ ਵਾਹਨਾਂ ਕਾਰਨ ਆਮ ਲੋਕਾਂ ਨੂੰ ਆਉਣ ਜਾਣ ਵਿੱਚ ਬਹੁਤ ਸਮੱਸਿਆ ਆਉਂਦੀ ਹੈ। ਇਸ ਦੌਰਾਨ ਜੇਕਰ ਕੋਈ ਵਿਅਕਤੀ ਇਹਨਾਂ ਵਾਹਨ ਚਾਲਕਾਂ ਨੂੰ ਵਾਹਨ ਸਹੀ ਤਰੀਕੇ ਨਾਲ ਖੜ੍ਹੇ ਕਰਨ ਲਈ ਕਹਿੰਦਾ ਹੈ ਤਾਂ ਅਕਸਰ ਬਹਿਸ ਵਾਲੀ ਸਥਿਤੀ ਪੈਦਾ ਹੋ ਜਾਂਦੀ ਹੈ।

ਉਹਨਾਂ ਕਿਹਾ ਕਿ ਕਈ ਲੋਕ ਇਸ ਪਾਰਕਿੰਗ ਦੇ ਆਉਣ ਜਾਣ ਵਾਲੇ ਰਸਤਿਆਂ ਤੇ ਹੀ ਵਿੰਗੇ ਟੇਢੇ ਢੰਗ ਨਾਲ ਵਾਹਨ ਖੜੇ ਕਰ ਦਿੰਦੇ ਹਨ, ਜਿਸ ਨਾਲ ਪਾਰਕਿੰਗ ਵਿਚ ਹੋਰਨਾਂ ਆਉਣ ਵਾਲੇ ਵਾਹਨਾਂ ਨੂੰ ਰਸਤਾ ਤੰਗ ਹੋ ਜਾਂਦਾ ਹੈ। ਇਸ ਤੋਂ ਇਲਾਵਾ ਅਨੇਕਾਂ ਲੋਕ ਮੁੱਖ ਸੜਕ ਤੇ ਵੀ ਆਪਣੇ ਵਾਹਨ ਖੜੇ ਕਰ ਦਿੰਦੇ ਹਨ। ਜਿਸ ਕਾਰਨ ਧੁੰਦ ਕਾਰਨ ਹਾਦਸੇ ਵਾਪਰਨ ਦਾ ਖਤਰਾ ਵੀ ਪੈਦਾ ਹੋ ਜਾਂਦਾ ਹੈ।

ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਫਰੈਂਕੋ ਹੋਟਲ ਦੀ ਪਾਰਕਿੰਗ ਵਿੱਚ ਬੇਤਰਤੀਬੇ ਵਾਹਨ ਖੜਾਉਣ ਵਾਲਿਆਂ ਵਾਹਨ ਚਾਲਕਾਂ ਅਤੇ ਮੁੱਖ ਸੜਕ ਤੇ ਵਾਹਨ ਖੜੇ ਕਰਨ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।

Continue Reading

Mohali

ਡੀ ਸੀ ਆਸ਼ਿਕਾ ਜੈਨ ਵਲੋਂ ਟ੍ਰੈਫਿਕ ਵਿਵਸਥਾ ਵਿੱਚ ਸੁਧਾਰ ਲਈ ਨਿਯਮਿਤ ਮੁਹਿੰਮ ਦੀ ਸਮੀਖਿਆ

Published

on

By

 

ਜਿਲ੍ਹੇ ਵਿੱਚ ਵੱਖ ਵੱਖ ਥਾਵਾਂ ਤੇ ਟ੍ਰੈਫਿਕ ਵਿਵਸਥਾ ਵਿੱਚ ਸੁਧਾਰ ਲਈ ਅਧਿਕਾਰੀਆਂ ਨੂੰ ਹਿਦਾਇਤਾਂ ਦਿੱਤੀਆਂ

ਐਸ ਏ ਐਸ ਨਗਰ, 9 ਜਨਵਰੀ (ਸ.ਬ.) ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਿਦਾਇਤ ਕੀਤੀ ਹੈ ਕਿ ਟ੍ਰੈਫਿਕ ਦੇ ਹਾਲਾਤ ਹੋਰ ਖ਼ਰਾਬ ਹੋਣ ਤੋਂ ਪਹਿਲਾਂ ਜ਼ਮੀਨੀ ਪੱਧਰ ਤੇ ਕੁਝ ਠੋਸ ਕਾਰਵਾਈ ਕੀਤੀ ਜਾਵੇ। ਅੱਜ ਡੀ ਏ ਸੀ ਮੀਟਿੰਗ ਹਾਲ ਵਿਖੇ ਟਰੈਫਿਕ ਭੀੜ ਭੜੱਕਾ ਨਿਯਮਨ ਕਮੇਟੀ ਦੀ ਜਾਇਜ਼ਾ ਮੀਟਿੰਗ ਦੌਰਾਨ ਉਹਨਾਂ ਕਿਹਾ ਕਿ ਉਹ ਸਾਰੇ ਕੰਮ ਜਿਨ੍ਹਾਂ ਨੂੰ ਹੋਰ ਵਿਭਾਗਾਂ ਜਾਂ ਯੂਟੀ ਅਧਿਕਾਰੀਆਂ ਅਤੇ ਰੇਲਵੇ ਨਾਲ ਪ੍ਰਵਾਨਗੀ ਅਤੇ ਤਾਲਮੇਲ ਦੀ ਲੋੜ ਹੈ, ਨੂੰ ਸਮਾਂਸੀਮਾ ਤੈਅ ਕਰਕੇ ਪ੍ਰਮੁੱਖ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।

ਉਨ੍ਹਾਂ ਐਸ.ਡੀ.ਐਮ, ਮੁਹਾਲੀ ਦਮਨਦੀਪ ਕੌਰ ਨੂੰ ਕਿਹਾ ਕਿ ਗੁਰਦੁਆਰਾ ਸ਼੍ਰੀ ਸਾਂਝ ਸਾਹਿਬ ਸੜਕ ਨੂੰ ਨਿਯਮਤ ਰੂਪ ਵਿੱਚ ਚੌੜਾ ਕਰਨ ਅਤੇ ਇਸ ਨੂੰ ਬਦਲਣ ਲਈ ਮਸਲਾ ਹੱਲ ਕਰਵਾਉਣ ਲਈ ਉਹ ਆਪਣੇ ਚੰਡੀਗੜ੍ਹ ਯੂਟੀ ਹਮਰੁਤਬਾ ਨਾਲ ਰਾਬਤਾ ਰੱਖਣ। ਇਹ ਹਿੱਸਾ ਸੈਕਟਰ 48/65 ਤੋਂ ਦਾਰਾ ਸਟੂਡੀਓ ਦੇ ਕੰਮ ਨੂੰ ਪੂਰਾ ਕਰਨ ਵਿੱਚ ਰੁਕਾਵਟ ਬਣ ਰਿਹਾ ਹੈ।

ਉਹਨਾਂ ਏ ਡੀ ਸੀ (ਯੂ ਡੀ) ਅਨਮੋਲ ਸਿੰਘ ਧਾਲੀਵਾਲ ਅਤੇ ਈ ਓ ਜ਼ੀਰਕਪੁਰ ਅਸ਼ੋਕ ਕੁਮਾਰ ਨੂੰ ਐਮ ਸੀ ਜ਼ੀਰਕਪੁਰ ਦੀ ਸੀਮਾ ਵਿੱਚ ਪੈਂਦੇ ਦਿਆਲਪੁਰਾ ਖੇਤਰ ਵਿੱਚ ਬਾਵਾ ਵਾਈਟ ਹਾਊਸ ਤੋਂ ਜ਼ੀਰਕਪੁਰ-ਪਟਿਆਲਾ (ਐਨ.ਐਚ. 64) ਹਾਈਵੇਅ ਨੂੰ ਜਲਦੀ ਤੋਂ ਜਲਦੀ ਮੁਕੰਮਲ ਕਰਨ ਲਈ, ਜ਼ਮੀਨ ਅਧੀਗ੍ਰਹਿਣ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। ਸੜਕ ਦੇ ਇਸ ਹਿੱਸੇ ਨੂੰ ਪੂਰਾ ਕਰਨ ਲਈ ਲਗਭਗ 20.64 ਏਕੜ ਜ਼ਮੀਨ ਐਕੁਆਇਰ ਕਰਨ ਦੀ ਲੋੜ ਹੈ।

ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਸ਼ਾਮਿਲ ਰੇਲਵੇ ਦੇ ਸੀਨੀਅਰ ਸਹਾਇਕ ਡਿਵੀਜ਼ਨਲ ਇੰਜਨੀਅਰ ਵਿਜੇ ਨੂੰ ਕਿਹਾ ਕਿ ਉਹ ਰੇਲਵੇ ਨਾਲ ਲੰਬਿਤ ਮੁੱਦਿਆਂ ਜਿਵੇਂ ਕਿ ਰੇਲਵੇ ਕਰਾਸਿੰਗ ਜੇ ਐਲ ਪੀ ਐਲ ਨੇੜੇ ਕੈਰੇਜ ਵੇ ਦੀ ਚੌੜਾਈ, ਦੋਹਰੀ ਕੈਰੇਜ਼ ਵੇ ਬਣਾਉਣ ਦੇ ਪ੍ਰਸਤਾਵ ਨੂੰ ਅਮਲੀ ਰੂਪ ਦੇਣ ਵਿੱਚ ਸਹਾਇਤਾ ਕਰਨ। ਇਸੇ ਤਰ੍ਹਾਂ ਪਿੰਡ ਚਿੱਲਾ ਨੇੜੇ ਰੇਲਵੇ ਲਾਈਨ ਤੋਂ ਜੰਕਸ਼ਨ 75/76-90 ਤੇ ਰੇਲਵੇ ਅੰਡਰ ਪਾਸ ਦੋਹਰੀ ਆਵਾਜਾਈ ਲਈ ਅਤੇ ਰੇਲਵੇ ਲਾਈਨ ਦੇ ਨੇੜੇ ਜੰਕਸ਼ਨ 98/106-107 ਤੋਂ 100/104 ਤੱਕ ਰੇਲਵੇ ਅੰਡਰ ਪਾਸ ਲਈ ਸਹਾਇਤਾ ਕਰਨ ਲਈ ਕਿਹਾ।

ਉਹਨਾਂ ਗਮਾਡਾ ਅਤੇ ਟ੍ਰੈਫਿਕ ਪੁਲੀਸ ਦੇ ਅਧਿਕਾਰੀਆਂ ਨੂੰ ਗੁਰਦੁਆਰਾ ਮਾਤਾ ਸੁੰਦਰ ਕੌਰ ਸਾਹਿਬ ਨੇੜੇ ਤਿੱਖੇ ਮੋੜ ਨੂੰ ਹਟਾਉਣ ਦੀ ਤਜਵੀਜ਼ ਨੂੰ ਅਮਲੀ ਜਾਮਾ ਪਹਿਨਾਉਣ ਲਈ ਆਖਦਿਆਂ, ਪੀ. ਆਰ. 7 ਰੋਡ ਐਨ ਐਚ-64 (ਛੱਤ ਲਾਈਟ ਪੁਆਇੰਟ) ਤੋਂ ਐਨ ਐਚ (ਗੋਪਾਲ ਸਵੀਟਸ) ਤੱਕ ਜਲਦ ਮੁਕੰਮਲ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੀ ਐਸ ਆਈ ਈ ਸੀ ਨਾਲ ਤਾਲਮੇਲ ਕਰਕੇ ਜੰਕਸ਼ਨ 72/73-74/75 (ਕੁਆਰਕ ਸਿਟੀ) ਅਤੇ ਜੰਕਸ਼ਨ 73/74 ਤੋਂ ਕੁਝ ਜ਼ਮੀਨ ਮੁਹੱਈਆ ਕਰਵਾਏਗਾ।

ਡਿਪਟੀ ਕਮਿਸ਼ਨਰ ਨੇ ਪੇਂਡੂ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੈਕਟਰ 89/90 ਨੂੰ ਵੰਡਣ ਵਾਲੀ 8-ਮਾਰਗੀ ਦੋਹਰੀ ਕੈਰੇਜ਼-ਵੇਅ ਸੜਕ ਦੇ ਮੁਕੰਮਲ ਹੋਣ ਵਿੱਚ ਅੜਿੱਕਾ ਬਣ ਰਹੇ ਪਿੰਡ ਦੇ ਛੱਪੜ ਦਾ ਮੁੱਦਾ ਹੱਲ ਕੀਤਾ ਜਾਵੇ। ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਚੱਪੜਚਿੜੀ ਕਲਾਂ ਤੋਂ ਚੱਪੜਚਿੜੀ ਖੁਰਦ (ਲਾਂਡਰਾ-ਖਰੜ ਰੋਡ ਦਾ ਟ੍ਰੈਫਿਕ ਘੱਟ ਕਰਨ) ਨੂੰ ਅੱਪਗ੍ਰੇਡ ਕਰਨ ਅਤੇ ਪਭਾਤ-ਅਲੀਪੁਰ-ਨਡਿਆਲੀ-ਦਿਆਲਪੁਰਾ ਲਿੰਕ ਸੜਕ (ਜਿਸ ਦੀ ਮੁਰੰਮਤ ਦੀ ਲੋੜ ਹੈ) ਲਈ ਪ੍ਰਸਤਾਵ ਤੇ ਤੁਰੰਤ ਡੀ. ਸੀ. ਦਫ਼ਤਰ ਰਾਹੀਂ ਤਾਲਮੇਲ ਕਰਵਾ ਕੇ ਕੰਮ ਸ਼ੁਰੂ ਕਰਵਾਉਣ ਦੇ ਨਿਰਦੇਸ਼ ਦਿੱਤੇ।

ਡਿਪਟੀ ਕਮਿਸ਼ਨਰ ਨੇ ਨਗਰ ਨਿਗਮ, ਗਮਾਡਾ, ਲੋਕ ਨਿਰਮਾਣ ਵਿਭਾਗ, ਲੋਕਲ ਬਾਡੀਜ਼ ਅਤੇ ਪੇਂਡੂ ਵਿਕਾਸ ਅਧਿਕਾਰੀਆਂ ਨਾਲ ਕੀਤੀ ਪਹਿਲੀ ਮੀਟਿੰਗ ਤੋਂ ਬਾਅਦ ਹੋਈ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਮੁਹਾਲੀ ਦੀਆਂ ਸੜਕਾਂ ਤੇ ਆਉਣ-ਜਾਣ ਵਾਲੇ ਯਾਤਰੀਆਂ ਨੂੰ ਰਾਹਤ ਦੇਣ ਲਈ ਸਮਾਂਬੱਧ ਅਤੇ ਨਤੀਜਾ ਮੁਖੀ ਪਹੁੰਚ ਅਪਣਾਉਣ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅੰਤਰ-ਵਿਭਾਗੀ ਤਾਲਮੇਲ ਮੀਟਿੰਗ ਕਰਵਾਉਣ ਲਈ ਕਿਸੇ ਵੀ ਮੁਸ਼ਕਲ ਜਾਂ ਮੁੱਦੇ ਨੂੰ ਤੁਰੰਤ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ।

ਮੀਟਿੰਗ ਵਿੱਚ ਏ ਡੀ ਸੀ ਵਿਰਾਜ ਐਸ ਤਿੜਕੇ, ਅਨਮੋਲ ਸਿੰਘ ਧਾਲੀਵਾਲ ਅਤੇ ਸੋਨਮ ਚੌਧਰੀ, ਨਗਰ ਨਿਗਮ ਕਮਿਸ਼ਨਰ ਟੀ ਬੈਨੀਥ, ਐਸ ਡੀ ਐਮਜ਼ ਦਮਨਦੀਪ ਕੌਰ ਮੁਹਾਲੀ ਅਤੇ ਗੁਰਮੰਦਰ ਸਿੰਘ ਖਰੜ, ਸਹਾਇਕ ਕਮਿਸ਼ਨਰ ਐਮ ਸੀ ਮੁਹਾਲੀ ਦੀਪਾਂਕਰ ਗਰਗ, ਡੀ ਐਸ ਪੀ ਟਰੈਫਿਕ ਕਰਨੈਲ ਸਿੰਘ, ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਐਚਐਸ ਭੁੱਲਰ ਅਤੇ ਸ਼ਿਵਪ੍ਰੀਤ ਸਿੰਘ, ਗਮਾਡਾ ਤੋਂ ਐਸ.ਈ ਨਿਤਿਨ ਕੰਬੋਜ ਅਤੇ ਟਾਊਨ ਪਲਾਨਿੰਗ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।

 

Continue Reading

Mohali

ਵਾਈ ਪੀ ਐਸ ਚੌਂਕ ਨੇੜੇ ਬੰਦ ਸੜਕ ਤੇ ਆਵਾਜਾਈ ਆਰੰਭ ਕਰਵਾਈ

Published

on

By

 

ਪੁਲੀਸ ਅਧਿਕਾਰੀਆਂ ਨੇ ਮੋਰਚੇ ਦੇ ਆਗੂਆਂ ਨਾਲ ਗੱਲਬਾਤ ਉਪਰੰਤ ਖੁਲਵਾਇਆ ਰਸਤਾ

ਐਸ ਏ ਐਸ ਨਗਰ, 9 ਜਨਵਰੀ (ਸ.ਬ.) ਦੋ ਦਿਨ ਪਹਿਲਾਂ ਕੌਮੀ ਇਨਸਾਫ ਮੋਰਚੇ ਦੇ ਕਾਰਕੁੰਨਾ ਨਾਲ ਚੰਡੀਗੜ੍ਹ ਪੁਲੀਸ ਦੀ ਝੜਪ ਤੋਂ ਬਾਅਦ ਤੋਂ ਬੰਦ ਪਈ ਵਾਈ ਪੀ ਐਸ ਚੌਂਕ ਤੋਂ ਚੰਡੀਗੜ੍ਹ ਜਾਣ ਵਾਲੀ ਸੜਕ ਨੂੰ ਅੱਜ ਬਾਅਦ ਸਥਾਨਕ ਪੁਲੀਸ ਅਤੇ ਮੋਰਚੇ ਦੇ ਆਗੂਆਂ ਵਲੋਂ ਕੀਤੀ ਗਈ ਗੱਲਬਾਤ ਤੋਂ ਬਾਅਦ ਆਪਸੀ ਸਹਿਮਤੀ ਨਾਲ ਖੋਲ੍ਹ ਦਿੱਤਾ ਗਿਆ ਹੈ ਅਤੇ ਇਸ ਸੜਕ ਤੇ ਆਵਾਜਾਈ ਬਹਾਲ ਹੋ ਗਈ ਹੈ।

ਅੱਜ ਦੁਪਹਿਰ ਵੇਲੇ ਡੀ ਐਸ ਪੀ ਹਰਸਿਮਰਨ ਸਿੰਘ ਬੱਲ, ਡੀ ਐਸ ਪੀ ਸz. ਚਰਨਜੀਤ ਸਿੰਘ ਵਿਰਕ ਅਤੇ ਡੀ ਐਸ ਪੀ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਮੋਰਚੇ ਵਾਲੀ ਥਾਂ ਤੇ ਪਹੁੰਚੀ ਅਤੇ ਮੋਰਚੇ ਦੇ ਆਗੂਆਂ ਬਾਪੂ ਗੁਰਚਰਨ ਸਿੰਘ, ਬਲਵਿੰਦਰ ਸਿੰਘ ਫਿਰੋਜ਼ਪੁਰ, ਬਾਬਾ ਕੁਲਵਿੰਦਰ ਸਿੰਘ, ਬਾਬਾ ਰਾਜਾ ਰਾਜ ਸਿੰਘ, ਸਰਬਜੀਤ ਸਿੰਘ ਖਰੜ, ਰਾਜੂ ਸਿੰਘ ਅਭੇਪੁਰ, ਮਨਿੰਦਰ ਸਿੰਘ, ਹਰਦੀਪ ਸਿੰਘ ਅਕਾਲੀ, ਬਲਬੀਰ ਸਿੰਘ ਬਹਿਰਾਮਪੁਰ, ਜਗਦੀਪ ਸਿੰਘ ਹਰਿਆਣਾ ਵਾਲਾ, ਹਰਬੰਸ ਕੌਰ, ਸੁਖਵਿੰਦਰ ਸਿੰਘ ਸਰਪੰਚ, ਲਖਬੀਰ ਸਿੰਘ ਚਾਵਾ, ਸੁਖਵਿੰਦਰ ਸਿੰਘ ਬਾਬਾ ਬੁੱਢਾ ਦਲ, ਬੀਬੀ ਹਰਬੰਸ ਕੌਰ ਖਾਲਸਾ, ਬਲਵੰਤ ਸਿੰਘ, ਬਲਜੀਤ ਸਿੰਘ ਰੁੜਕੀ ਪੁਖਤਾ, ਤੇਜਿੰਦਰ ਸਿੰਘ ਮੁਹਾਲੀ, ਚਰਨਜੀਤ ਸਿੰਘ ਅਨੰਦਪੁਰ, ਮਨਜੀਤ ਸਿੰਘ ਖੂਨੀਮਾਜਰਾ, ਸੰਦੀਪ ਸਿੰਘ ਖਾਲਸਾ, ਰਵਿੰਦਰ ਸਿੰਘ ਨਿਲਾਸ, ਬਲਵਿੰਦਰ ਕਾਲਾ, ਬਲਜੀਤ ਸਿੰਘ ਬਾਊ, ਚਰਨਜੀਤ ਸਿੰਘ, ਲਖਵੀਰ ਸਿੰਘ ਕੁੰਭੜਾ (ਬੁੱਢਾ ਦਲ), ਲਖਵੀਰ ਸਿੰਘ ਕੁੰਭੜਾ, ਦਿਲਬਾਗ ਸਿੰਘ ਰੁੜਕੀ ਪੁਖਤਾ ਅਤੇ ਹੋਰਨਾਂ ਨਾਲ ਨਾਲ ਗੱਲਬਾਤ ਕੀਤੀ। ਜਿਸਤੋਂ ਬਾਅਦ ਆਪਸੀ ਸਹਿਮਤੀ ਕਰਦਿਆਂ ਰਸਤਾ ਖੋਲ੍ਹਣ ਦਾ ਫੈਸਲਾ ਕੀਤਾ ਗਿਆ।

ਡੀ ਐਸ ਪੀ ਸz. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਸ ਮੌਕੇ ਮੋਰਚੇ ਵਲੋਂ ਸz. ਸਰਬਜੀਤ ਸਿੰਘ ਖਰੜ ਵਲੋਂ ਆਪਣੀਆਂ ਮੰਗਾ ਦੱਸੀਆਂ ਗਈਆਂ ਜਿਹਨਾਂ ਨੂੰ ਮੌਕੇ ਤੇ ਹੀ ਹਲ ਕੀਤਾ ਗਿਆ। ਉਹਨਾਂ ਕਿਹਾ ਕਿ ਦੋ ਦਿਨ ਪਹਿਲਾਂ ਭੜਕਾਹਟ ਦੇ ਦੌਰਾਨ ਪੁਲੀਸ ਵਲੋਂ ਮੋਰਚੇ ਦੇ ਜਿਹੜੇ ਵਾਹਨ ਜਬਤ ਕੀਤੇ ਗਏ ਸਨ ਉਹਨਾਂ ਨੂੰ ਰਿਲੀਜ ਕਰ ਦਿੱਤਾ ਗਿਆ ਹੈ ਅਤੇ ਮੋਰਚੇ ਦੇ ਆਗੂਆਂ ਨੇ ਸਹਿਮਤੀ ਪ੍ਰਗਟਾਈ ਹੈ ਕਿ ਉਹ ਪਹਿਲਾਂ ਵਾਂਗ ਆਪਣਾ ਸ਼ਾਂਤਮਈ ਮੋਰਚਾ ਜਾਰੀ ਰੱਖਣਗੇ ਅਤੇ ਆਵਾਜਾਈ ਬੰਦ ਨਹੀਂ ਕੀਤੀ ਜਾਵੇਗੀ।

Continue Reading

Mohali

ਵਧੀਕ ਡਿਪਟੀ ਕਮਿਸ਼ਨਰ ਵਲੋਂ ਚਾਈਨਾ ਡੋਰ ਤੇ ਪਾਬੰਦੀ ਨੂੰ ਯਕੀਨੀ ਬਣਾਉਣ ਅਤੇ ਚੈਕਿੰਗ ਦੀ ਹਦਾਇਤ

Published

on

By

 

ਜ਼ਿਲ੍ਹਾ ਵਾਤਾਵਰਨ ਕਮੇਟੀ ਦੇ ਅਧਿਕਾਰੀਆਂ ਨਾਲ ਕੀਤੀ ਸਮੀਖਿਆ ਮੀਟਿੰਗ

ਐਸ ਏ ਐਸ ਨਗਰ, 9 ਜਨਵਰੀ (ਸ.ਬ.) ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਵਾਤਾਵਰਣ ਯੋਜਨਾ ਨੂੰ ਲਾਗੂ ਕਰਨ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਵਾਤਾਵਰਨ ਕਮੇਟੀ ਦੀ ਸਮੀਖਿਆ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ, ਉਨ੍ਹਾਂ ਵਲੋਂ ਐਨ.ਜੀ.ਟੀ ਨਿਗਰਾਨੀ ਕਮੇਟੀ ਦੀ ਮੀਟਿੰਗ ਦੇ ਫੈਸਲਿਆਂ ਦੀ ਪਾਲਣਾ ਨਾਲ ਸਬੰਧਤ ਵੱਖ-ਵੱਖ ਮਾਮਲਿਆਂ ਤੇ ਚਰਚਾ ਕੀਤੀ ਗਈ।

ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵਲੋਂ ਸਥਾਨਕ ਸੰਸਥਾਵਾਂ, ਗਮਾਡਾ, ਪੀ. ਐਸ. ਆਈ. ਈ. ਸੀ ਅਤੇ ਪੀ. ਡਬਲਯੂ. ਐਸ. ਐਸ. ਬੀ. ਵਲੋਂ ਲਗਾਏ ਗਏ ਸੀਵਰੇਜ ਟਰੀਟਮੈਂਟ ਪਲਾਂਟਾਂ (ਐਸ. ਟੀ. ਪੀ) ਦੀ ਸਥਿਤੀ ਦਾ ਵੀ ਜਾਇਜ਼ਾ ਲਿਆ ਅਤੇ ਸਬੰਧਤ ਅਥਾਰਟੀਆਂ ਨੂੰ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਕਰਨ ਅਤੇ ਐਸ. ਟੀ. ਪੀ. ਦੀ ਸਥਾਪਨਾ ਅਤੇ ਅਪਗ੍ਰੇਡੇਸ਼ਨ ਲਈ ਸਮਾਂ-ਸੀਮਾਵਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਨੂੰ ਜ਼ਮੀਨੀ ਪੱਧਰ ਉੱਤੇ ਤਿਆਰ ਕਰਵਾਉਣ ਲਈ ਜੋ ਵੀ ਕਾਰਜ ਲੋੜੀਂਦੇ ਹਨ, ਉਹ ਲਗਾਤਾਰਤਾ ਵਿੱਚ ਕੀਤੇ ਜਾਣ।

ਇਸ ਦੇ ਨਾਲ ਹੀ ਜ਼ਿਲ੍ਹੇ ਵਿੱਚ ਮੌਜੂਦ 101.8 ਮਿਲੀਅਨ ਲੀਟਰ ਪ੍ਰਤੀ ਦਿਨ ਦੀ ਸਮਰੱਥਾ ਵਾਲੇ ਪਲਾਂਟਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਵੀ ਲਿਆ ਗਿਆ। ਘੱਗਰ ਨਾਲ ਲੱਗਦੀਆਂ ਸਨਅਤੀ ਇਕਾਈਆਂ ਵੱਲੋਂ ਲਗਾਏ ਗਏ ਈ ਟੀ ਪੀ (ਸਨਅਤੀ ਗੰਦੇ ਪਾਣੀ ਸੋਧਕ ਪਲਾਂਟ) ਦੀ ਵੀ ਲਗਾਤਾਰ ਮੋਨੀਟਿਰਿੰਗ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ।

ਅਨਮੋਲ ਸਿੰਘ ਧਾਲੀਵਾਲ ਨੇ ਸੀਚੇਵਾਲ ਮਾਡਲ ਅਤੇ ਥਾਪਰ ਮਾਡਲ ਅਧੀਨ ਛੱਪੜਾਂ ਦੀ ਕਾਇਆ ਕਲਪ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੁੱਲ ਪਿੰਡਾਂ ਵਿੱਚੋਂ ਘੱਟੋ-ਘੱਟ ਇੱਕ ਚੌਥਾਈ ਪਿੰਡਾਂ ਨੂੰ ਥਾਪਰ ਮਾਡਲ ਵਜੋਂ ਅੱਪਡੇਟ ਕੀਤਾ ਜਾਵੇ। ਉਹਨਾਂ ਨਗਰ ਨਿਗਮ, ਮੁਹਾਲੀ ਅਤੇ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ‘ਸਿੰਗਲ ਯੂਜ਼ ਪਲਾਸਟਿਕ’ (ਇੱਕ ਵਾਰ ਵਰਤੋਂ ਵਿੱਚ ਆਉਣ ਵਾਲੇ) ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ ਤੇ ਇਸ ਸਬੰਧੀ ਵੱਧ ਤੋਂ ਵੱਧ ਚੈਕਿੰਗ ਯਕੀਨੀ ਬਣਾ ਕੇ ਹਰ ਮਹੀਨੇ ਚਾਲਾਨ ਕੀਤੇ ਜਾਣ ਅਤੇ ਕਾਨੂੰਨ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਮੀਟਿੰਗ ਵਿੱਚ ਸੋਲਿਡ ਵੇਸਟ ਦੇ ਨਿਪਟਾਰੇ ਦੀ ਸਥਿਤੀ ਦੀ ਵੀ ਸਮੀਖਿਆ ਕੀਤੀ ਗਈ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਲੋਹੜੀ ਅਤੇ ਬਸੰਤ ਪੰਚਮੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹੇ ਵਿੱਚ ਚਾਇਨਾ ਡੋਰ ਦੀ ਵਿਕਰੀ ਰੋਕਣ ਲਈ ਈ. ਓਜ ਅਤੇ ਡੀ. ਡੀ. ਪੀ. ਓ. ਨੂੰ ਕਿਹਾ ਗਿਆ ਹੈ ਕਿ ਮੋਨੀਟੀਰਿੰਗ ਕਰਦੇ ਹੋਏ ਟੀਮਾਂ ਬਣਾ ਕੇ ਮਾਰਕੀਟਾਂ ਦੀ ਚੈਕਿੰਗ ਯਕੀਨੀ ਬਣਾਈ ਜਾਵੇ ਅਤੇ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ।

ਵਧੀਕ ਡਿਪਟੀ ਕਮਿਸ਼ਨਰ ਨੇ ਸਵੱਛ ਭਾਰਤ ਮਿਸ਼ਨ 2.0 ਤਹਿਤ ਨਗਰ ਨਿਗਮ ਅਤੇ ਨਗਰ ਕੌਂਸਲਾਂ ਵੱਲੋਂ ਖਰੀਦੇ ਜਾਣ ਵਾਲੇ ਵਾਹਨਾਂ ਅਤੇ ਮਸ਼ੀਨਰੀ ਦੀ ਖਰੀਦ ਦਾ ਜਾਇਜ਼ਾ ਲੈਂਦਿਆਂ ਹਦਾਇਤ ਕੀਤੀ ਕਿ ਇਨ੍ਹਾਂ ਲਈ ਮਿਲੀ ਗ੍ਰਾਂਟ ਦੇ ਵਰਤੋਂ ਸਰਟੀਫ਼ਿਕੇਟ, ਇਨ੍ਹਾਂ ਵਾਹਨਾਂ ਦੀ ਰਜਿਸਟ੍ਰੇਸ਼ਨ ਅਤੇ ਚਾਲਕਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਉਨ੍ਹਾਂ ਦੇ ਦਫ਼ਤਰ ਨੂੰ ਭੇਜਣੀ ਯਕੀਨੀ ਬਣਾਈ ਜਾਵੇ। ਮੀਟਿੰਗ ਵਿੱਚ ਐਸ.ਡੀ.ਐਮ ਮੁਹਾਲੀ ਦਮਨਦੀਪ ਕੌਰ ਤੋਂ ਇਲਾਵਾ ਹੋਰਨਾਂ ਵਿਭਾਗਾਂ ਦੇ ਕਾਰਜ ਸਾਧਕ ਅਫਸਰ ਮੌਜੂਦ ਸਨ।

Continue Reading

Latest News

Trending