Punjab
ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਦੇ 2 ਮੈਂਬਰ ਹਥਿਆਰਾਂ ਸਮੇਤ ਗ੍ਰਿਫ਼ਤਾਰ
ਜਲੰਧਰ, 15 ਜਨਵਰੀ (ਸ.ਬ.) ਜਲੰਧਰ ਵਿੱਚ ਅੱਜ ਸਵੇਰੇ ਸੀ ਆਈ ਏ ਸਟਾਫ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਵਿਚਾਲੇ ਮੁਕਾਬਲੇ ਤੋਂ ਬਾਅਦ ਪੁਲੀਸ ਵਲੋਂ ਦੋ ਬਦਮਾਸ਼ਾਂ ਨੂੰ ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਦਮਾਸ਼ਾਂ ਨੇ ਵਡਾਲਾ ਚੌਕ ਨੇੜੇ ਲੁਕ ਕੇ ਪੁਲੀਸ ਤੇ ਗੋਲੀ ਚਲਾ ਦਿੱਤੀ। ਇਸ ਮੌਕੇ ਪੁਲੀਸ ਵਲੋਂ ਕੀਤੀ ਜਵਾਬੀ ਗੋਲੀਬਾਰੀ ਦੌਰਾਨ ਇੱਕ ਬਦਮਾਸ਼ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਅਤੇ ਭੱਜਣ ਦੀ ਕੋਸ਼ਿਸ਼ ਕਰ ਰਹੇ ਉਸਦੇ ਦੂਜੇ ਸਾਥੀ ਨੂੰਪੁਲੀਸ ਟੀਮ ਨੇ ਪਿੱਛਾ ਕਰਕੇ ਕਾਬੂ ਕਰ ਲਿਆ। ਦੋਵਾਂ ਬਦਮਾਸ਼ਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦਾ ਇੱਕ ਸਾਥੀ ਮੁਕਾਬਲੇ ਤੋਂ ਪਹਿਲਾਂ ਹੀ ਫਰਾਰ ਹੋ ਗਿਆ।
ਪੁਲੀਸ ਸੂਤਰਾਂ ਅਨੁਸਾਰ ਅੱਜ ਸਵੇਰੇ ਸੀ ਆਈ ਏ ਸਟਾਫ਼ ਨੂੰ ਸੂਚਨਾ ਮਿਲੀ ਸੀ ਕਿ ਲਾਰੈਂਸ ਗੈਂਗ ਨਾਲ ਸਬੰਧਤ ਕੁਝ ਵਿਅਕਤੀ ਮੋਗਾ ਤੋਂ ਜਲੰਧਰ ਵੱਲ ਆ ਰਹੇ ਹਨ ਜਿਸਤੇ ਪੁਲੀਸ ਟੀਮ ਮੌਕੇ ਤੇ ਪਹੁੰਚ ਗਈ। ਬਦਮਾਸ਼ ਆਈ-20 ਕਾਰ ਵਿੱਚ ਸਵਾਰ ਸਨ ਅਤੇ ਪੁਲੀਸ ਟੀਮ ਨੇ 4 ਕਿਲੋਮੀਟਰ ਤੱਕ ਉਨ੍ਹਾਂ ਦਾ ਪਿੱਛਾ ਕੀਤਾ। ਬਦਮਾਸ਼ਾਂ ਨੇ ਵਡਾਲਾ ਚੌਕ ਨੇੜੇ ਲੁਕ ਕੇ ਟੀਮ ਤੇ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਬਦਮਾਸ਼ਾਂ ਨੇ ਇੱਕ ਤੋਂ ਬਾਅਦ ਇਕ 5 ਰਾਉਂਡ ਫਾਇਰ ਕੀਤੇ। ਪੁਲੀਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਇੱਕ ਬਦਮਾਸ਼ ਦੀ ਲੱਤ ਵਿੱਚ ਗੋਲੀ ਲੱਗੀ ਅਤੇ ਉਹ ਉੱਥੇ ਹੀ ਡਿੱਗ ਪਿਆ। ਇੱਕ ਬਦਮਾਸ਼ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਟੀਮ ਨੇ ਪਿੱਛਾ ਕਰਕੇ ਉਸ ਨੂੰ ਵੀ ਫੜ ਲਿਆ। ਬਦਮਾਸ਼ਾਂ ਕੋਲੋਂ ਚਾਰ ਨਜਾਇਜ਼ ਹਥਿਆਰ ਬਰਾਮਦ ਹੋਏ ਹਨ।
ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਪੁਲੀਸ ਨੇ 2 ਘੰਟੇ ਤੱਕ ਬਦਮਾਸ਼ਾਂ ਦਾ ਪਿੱਛਾ ਕੀਤਾ। ਮੁਕਾਬਲੇ ਵਿੱਚ ਜ਼ਖ਼ਮੀ ਹੋਏ ਦੋਵਾਂ ਮੁਲਜ਼ਮਾਂ ਦੀ ਪਛਾਣ ਬਲਰਾਜ ਵਾਸੀ ਕਪੂਰਥਲਾ ਅਤੇ ਪਵਨ ਵਾਸੀ ਜਲੰਧਰ ਦੇ ਪਿੰਡ ਜੰਡਿਆਲਾ ਵਜੋਂ ਹੋਈ ਹੈ। ਦੋਵੇਂ ਪੁਲੀਸ ਹਿਰਾਸਤ ਵਿੱਚ ਹਨ।
ਪੁਲੀਸ ਅਨੁਸਾਰ ਦੋਵੇਂ ਮੁਲਜ਼ਮ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ਵਿੱਚ ਸਨ ਅਤੇ ਗੋਲਡੀ ਬਰਾੜ ਦੇ ਕਹਿਣ ਤੇ ਉਹ ਫਿਰੌਤੀ ਦੀਆਂ ਕਾਲਾਂ ਕਰਦੇ ਸਨ। ਗੋਲਡੀ ਦੇ ਕਹਿਣ ਤੇ ਇਹਨਾਂ ਨੇ ਪੰਜਾਬ ਵਿੱਚ ਕਈ ਵਾਰਦਾਤਾਂ ਕੀਤੀਆਂ ਸਨ। ਇਕ ਮੁਲਜ਼ਮ 10 ਮਹੀਨੇ ਪਹਿਲਾਂ ਅਤੇ ਦੂਜਾ 6 ਮਹੀਨੇ ਪਹਿਲਾਂ ਜੇਲ੍ਹ ਤੋਂ ਬਾਹਰ ਆਇਆ ਸੀ।
ਇਸ ਦੌਰਾਨ ਡੀ ਜੀ ਪੀ ਪੰਜਾਬ ਸ੍ਰੀ ਗੌਰਵ ਯਾਦਵ ਵਲੋਂ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਜਲੰਧਰ ਕਮਿਸ਼ਨਰੇਟ ਪੁਲੀਸ ਨੇ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਦੇ 2 ਮੁੱਖ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਪਾਸੋਂ 4 ਗੈਰ-ਕਾਨੂੰਨੀ ਹਥਿਆਰ, ਜ਼ਿੰਦਾ ਕਾਰਤੂਸਾਂ ਦਾ ਵੱਡਾ ਜ਼ਖੀਰਾ ਅਤੇ ਇਕ ਕਾਰ ਬਰਾਮਦ ਕੀਤੀ ਗਈ ਹੈ।
Mohali
ਬਰਖਾਸਤ ਡੀ. ਐਸ. ਪੀ ਗੁਰਸ਼ੇਰ ਸਿੰਘ ਸੰਧੂ ਦੀ ਅਗਾਉਂ ਜਮਾਨਤ ਦੀ ਅਰਜੀ ਖਾਰਜ
ਗੁਰਸ਼ੇਰ ਸਿੰਘ ਸੰਧੂ ਵਿਰੁੱਧ ਦਰਜ ਹੈ ਧੋਖਾਧੜੀ ਅਤੇ ਭ੍ਰਿਸ਼ਟਾਚਾਰ ਦਾ ਮਾਮਲਾ
ਐਸ ਏ ਐਸ ਨਗਰ, 15 ਜਨਵਰੀ (ਜਸਬੀਰ ਸਿੰਘ ਜੱਸੀ) ਧੋਖਾਧੜੀ ਅਤੇ ਜਾਅਲਸਾਜ਼ੀ ਦੇ ਮਾਮਲੇ ਵਿੱਚ ਨਾਮਜ਼ਦ ਬਰਖਾਸਤ ਡੀ. ਐਸ. ਪੀ ਗੁਰਸ਼ੇਰ ਸਿੰਘ ਸੰਧੂ ਵਲੋਂ ਆਪਣੇ ਵਕੀਲ ਰਾਹੀਂ ਵਧੀਕ ਜਿਲਾ ਸੈਸ਼ਨ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਵਿੱਚ ਦਾਖਿਲ ਕੀਤੀ ਗਈ ਅਗਾਉਂ ਜਮਾਨਤ ਦੀ ਅਰਜੀ ਨੂੰ ਖਾਰਜ ਕਰ ਦਿੱਤਾ ਗਿਆ ਹੈ।
ਅਦਾਲਤ ਵਿੱਚ ਅੱਜ ਉਕਤ ਅਰਜੀ ਤੇ ਸਰਕਾਰੀ ਧਿਰ ਅਤੇ ਬਚਾਅ ਪੱਖ ਦੀ ਬਹਿਸ ਹੋਈ ਅਤੇ ਅਦਾਲਤ ਵਲੋਂ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਗੁਰਸ਼ੇਰ ਸਿੰਘ ਸੰਧੂ ਦੀ ਅਗਾਊਂ ਜਮਾਨਤ ਦੀ ਅਰਜੀ ਨੂੰ ਖਾਰਜ ਕਰ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬਰਖਾਸਤ ਡੀ.ਐਸ.ਪੀ ਗੁਰਸ਼ੇਰ ਸਿੰਘ ਸੰਧੂ ਤੇ ਵਿਵਾਦਤ ਜ਼ਮੀਨਾਂ ਸਸਤੇ ਭਾਅ ਤੇ ਖ਼ਰੀਦਣ ਅਤੇ ਫਿਰ ਮਹਿੰਗੇ ਭਾਅ ਤੇ ਵੇਚਣ ਅਤੇ ਆਪਣੇ ਹੀ ਜਾਣਕਾਰਾਂ ਰਾਹੀਂ ਝੂਠੀਆਂ ਸ਼ਿਕਾਇਤਾਂ ਦੇ ਕੇ ਲੋਕਾਂ ਤੋਂ ਨਾਜਾਇਜ਼ ਪੈਸੇ ਵਸੂਲਣ ਦਾ ਦੋਸ਼ ਹੈ। ਇਸ ਮਾਮਲੇ ਵਿਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਵਿਅਕਤੀ ਤੋਂ ਡੀ. ਐਸ. ਪੀ ਗੁਰਸ਼ੇਰ ਸਿੰਘ ਨੇ ਵੱਖ-ਵੱਖ ਲੋਕਾਂ ਖ਼ਿਲਾਫ਼ ਝੂਠੀਆਂ ਸ਼ਿਕਾਇਤਾਂ ਕਰ ਕੇ ਉਨ੍ਹਾਂ ਤੋਂ ਨਾਜਾਇਜ਼ ਵਸੂਲੀ ਕੀਤੀ ਸੀ, ਉਸੇ ਵਿਅਕਤੀ ਬਲਜਿੰਦਰ ਸਿੰਘ ਨੇ ਡੀ. ਐਸ. ਪੀ. ਗੁਰਸ਼ੇਰ ਸਿੰਘ ਸੰਧੂ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਸ਼ਿਕਾਇਤ ਦਾਇਰ ਕੀਤੀ ਸੀ। ਜਿਸ ਤੋਂ ਬਾਅਦ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਗੁਰਸ਼ੇਰ ਸਿੰਘ ਸੰਧੂ ਵਿਰੁਧ ਸਟੇਟ ਕਰਾਇਮ ਫੇਜ਼ 4 ਵਿਖੇ ਮੁਹਾਲੀ ਵਿਖੇ ਧਾਰਾ 419, 465, 467, 468, 471 ਅਤੇ ਭ੍ਰਿਸ਼ਟਾਚਾਰ ਐਕਟ ਦੇ ਤਹਿਤ ਐਫ.ਆਈ.ਆਰ ਦਰਜ ਕੀਤੀ ਗਈ ਸੀ।
ਜਿਕਰਯੋਗ ਹੈ ਕਿ ਗੁਰਸ਼ੇਰ ਸਿੰਘ ਸੰਧੂ ਤੇ ਸੀ. ਆਈ. ਏ ਸਟਾਫ ਖਰੜ ਵਿਖੇ ਗੈਂਗਸਟਰ ਲਾਰੇਂਸ ਬਿਸ਼ਨੋਈ ਦੀ ਇਕ ਨਿਜੀ ਚੈਨਲ ਤੇ ਇੰਟਰਵਿਉ ਕਰਵਾਉਣ ਦੇ ਦੋਸ਼ ਵੀ ਲੱਗੇ ਸਨ। ਇਸ ਕੇਸ ਵਿੱਚ ਹਾਈਕੋਰਟ ਦੇ ਹੁਕਮਾਂ ਤੇ ਬਣਾਈ ਗਈ ਐਸ. ਆਈ. ਟੀ ਮੁਤਾਬਕ ਜਦੋਂ ਇਹ ਇੰਟਰਵਿਉ ਕਰਵਾਈ ਗਈ ਤਾਂ ਗੁਰਸ਼ੇਰ ਸਿੰਘ ਸੰਧੂ ਡੀ. ਐਸ. ਪੀ ਇਨਵੈਸਟੀਗੇਸ਼ਨ ਦੇ ਤੌਰ ਤੇ ਮੁਹਾਲੀ ਵਿਖੇ ਤੈਨਾਤ ਸਨ ਅਤੇ ਅਕਸਰ ਸੀ. ਆਈ. ਏ ਸਟਾਫ ਖਰੜ ਵਿਚਲੇ ਦਫਤਰ ਵਿੱਚ ਹੀ ਬੈਠਦੇ ਸਨ।
ਇਸ ਮਾਮਲੇ ਵਿੱਚ ਹਾਈਕੋਰਟ ਦੀ ਘੁਰਕੀ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਗੁਰਸ਼ੇਰ ਸਿੰਘ ਸੰਧੂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ, ਜਦੋਂ ਕਿ ਇਸ ਮਾਮਲੇ ਵਿੱਚ 7 ਹੋਰ ਪੁਲੀਸ ਅਧਿਕਾਰੀਆਂ ਜਿਨਾਂ ਵਿੱਚ ਸੀ.ਆਈ.ਏ ਇੰਚਾਰਜ ਰਹੇ ਸ਼ਿਵ ਕੁਮਾਰ ਨੂੰ ਵੀ ਮੁਅੱਤਲ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਸੁਣਵਾਈ ਹਾਲੇ ਵੀ ਹਾਈਕੋਰਟ ਵਿੱਚ ਚੱਲ ਰਹੀ ਹੈ।
Mohali
ਵਿਜੀਲੈਂਸ ਵਲੋਂ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਪ੍ਰਾਈਵੇਟ ਵਿਅਕਤੀ ਕਾਬੂ
ਈ.ਓ ਵਿੰਗ ਮੁਹਾਲੀ ਦੇ ਮੁਣਸ਼ੀ ਨੇ ਮੰਗੀ ਸੀ ਰਿਸ਼ਵਤ, ਮੁਣਸ਼ੀ ਫਰਾਰ, ਮਾਮਲਾ ਦਰਜ
ਐਸ ਏ ਐਸ ਨਗਰ, 15 ਜਨਵਰੀ (ਜਸਬੀਰ ਸਿੰਘ ਜੱਸੀ) ਵਿਜੀਲੈਂਸ ਵਲੋਂ ਈ.ਓ ਵਿੰਗ ਮੁਹਾਲੀ ਵਿੱਚ ਤੈਨਾਤ ਮੁਨਸ਼ੀ ਹੌਲਦਾਰ ਅੰਮ੍ਰਿਤਪਾਲ ਸਿੰਘ ਦੇ ਵਿਰੁਧ 50 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਵਿਜੀਲੈਂਸ ਵਲੋਂ 50 ਹਜਾਰ ਰੁਪਏ ਦੀ ਰਿਸ਼ਵਤ ਲੈਂਦਿਆ ਇਕ ਪ੍ਰਾਈਵੇਟ ਵਿਅਕਤੀ ਗੁਰਪ੍ਰੀਤ ਸਿੰਘ (ਜੋ ਅਮ੍ਰਿਤਪਾਲ ਸਿੰਘ ਦਾ ਸਾਥੀ ਦੱਸਿਆ ਜਾ ਰਿਹਾ ਹੈ) ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਵਿਜੀਲੈਂਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਨੂੰ ਅਸ਼ੋਕ ਕੁਮਾਰ ਦੀ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਕੋਲ ਪਹੁੰਚ ਕਰਕੇ ਦੱਸਿਆ ਸੀ ਕਿ ਇਕ ਮਾਮਲੇ ਦੇ ਸਬੰਧ ਵਿੱਚ ਉਸ ਨੂੰ ਈ. ਓ. ਵਿੰਗ ਮੁਹਾਲੀ ਵਿਖੇ ਬੁਲਾਇਆ ਗਿਆ ਸੀ, ਜਿਥੇ ਉਸ ਨੂੰ ਹੌਲਦਾਰ ਅਮ੍ਰਿਤਪਾਲ ਸਿੰਘ ਮਿਲਿਆ, ਜਿਸ ਨੇ ਕਿਹਾ ਕਿ ਉਹ ਈ.ਓ ਵਿੰਗ ਵਿੱਚ ਬਤੌਰ ਮੁਣਸ਼ੀ ਤੈਨਾਤ ਹੈ ਅਤੇ ਉਹ ਹੀ ਉਸ ਦੇ ਮਾਮਲੇ ਦਾ ਨਿਪਟਾਰਾ ਕਰ ਸਕਦਾ ਹੈ।
ਅਸ਼ੋਕ ਕੁਮਾਰ ਨੇ ਵਿਜੀਲੈਂਸ ਨੂੰ ਦੱਸਿਆ ਕਿ ਅਮ੍ਰਿਤਪਾਲ ਸਿੰਘ ਵਲੋਂ ਮਾਮਲੇ ਨੂੰ ਨਿਪਟਾਉਣ ਲਈ ਇਕ ਮੋਟੀ ਰਕਮ ਮੰਗੀ ਗਈ, ਜਿਸ ਰਕਮ ਨੂੰ ਦੇਣ ਤੋਂ ਉਸ ਨੇ ਅਸਮਰਥਾ ਪ੍ਰਗਟਾਈ। ਅਸ਼ੋਕ ਕੁਮਾਰ ਮੁਤਾਬਕ ਅਮ੍ਰਿਤਪਾਲ ਸਿੰਘ ਨੇ ਬਿਨਾਂ ਰਿਸ਼ਵਤ ਤੋਂ ਉਸ ਦੇ ਮਾਮਲੇ ਦਾ ਨਿਪਟਾਰਾ ਕਰਨ ਤੋਂ ਮਨਾਂ ਕਰ ਦਿੱਤਾ। ਆਖਰਕਾਰ ਅੰਮ੍ਰਿਤਪਾਲ ਸਿੰਘ ਅਤੇ ਉਸ ਵਿਚਕਾਰ 50 ਹਜ਼ਾਰ ਰੁਪਏ ਵਿੱਚ ਸੌਦਾ ਤੈਅ ਹੋ ਗਿਆ। ਸ਼ਿਕਾਇਤਕਰਤਾ ਮੁਤਾਬਕ ਉਸ ਨੇ ਰਿਸ਼ਵਤ ਦੇਣ ਤੋਂ ਪਹਿਲਾਂ ਵਿਜੀਲੈਂਸ ਨੂੰ ਸ਼ਿਕਾਇਤ ਕਰਨ ਦਾ ਮਨ ਬਣਾਇਆ ਅਤੇ ਅਮ੍ਰਿਤਪਾਲ ਸਿੰਘ ਦੀ ਪੈਸੇ ਮੰਗਣ ਵਾਲੀ ਸ਼ਿਕਾਇਤ ਵਿਜੀਲੈਂਸ ਨੂੰ ਦੇ ਦਿੱਤੀ।
ਵਿਜੀਲੈਂਸ ਵਲੋਂ ਉਕਤ ਸ਼ਿਕਾਇਤ ਮਿਲਣ ਤੇ ਅੱਜ ਟ੍ਰੈਪ ਲਗਾਇਆ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਤਾਂ ਵਿਜੀਲੈਂਸ ਦੇ ਹੱਥ ਨਹੀਂ ਲੱਗਾ ਪ੍ਰੰਤੂ ਹੌਲਦਾਰ ਅੰਮ੍ਰਿਤਪਾਲ ਸਿੰਘ ਦੀ ਜਗਾ ਇਕ ਪ੍ਰਾਈਵੇਟ ਵਿਅਕਤੀ ਗੁਰਪ੍ਰੀਤ ਸਿੰਘ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਵਿਜੀਲੈਂਸ ਵਲੋਂ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀ ਪ੍ਰਾਈਵੇਟ ਵਿਅਕਤੀ ਗੁਰਪ੍ਰੀਤ ਸਿੰਘ ਵਿਰੁਧ ਭ੍ਰਿਸ਼ਟਾਚਾਰ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀ ਨੂੰ ਭਲਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਸੰਪਰਕ ਕਰਨ ਤੇ ਐਸ. ਐਸ. ਪੀ. ਦੀਪਕ ਪਾਰੀਕ ਨੇ ਕਿਹਾ ਕਿ ਉਨ੍ਹਾਂ ਦੇ ਇਲਾਕੇ ਵਿੱਚ ਜਿਹੜਾ ਵੀ ਪੁਲੀਸ ਕਰਮਚਾਰੀ ਰਿਸ਼ਵਤ ਮੰਗਣ ਜਾਂ ਲੈਣ ਦਾ ਦੋਸ਼ੀ ਪਾਇਆ ਜਾਵੇਗਾ, ਉਸ ਵਿਰੁਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Punjab
ਡੱਲੇਵਾਲ ਦਾ ਮਰਨ 51ਵੇਂ ਦਿਨ ਵਿੱਚ ਦਾਖਲ
ਖਨੌਰੀ ਬਾਰਡਰ ਤੇ 111 ਕਿਸਾਨ ਮਰਨ ਵਰਤ ਤੇ ਬੈਠੇ
ਖਨੌਰੀ, 15 ਜਨਵਰੀ (ਸ.ਬ.) ਖਨੌਰੀ ਬਾਰਡਰ ਉੱਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਜਾਰੀ ਹੈ। ਡੱਲੇਵਾਲ ਦਾ ਮਰਨ ਵਰਤ 51ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ ਅਤੇ ਉਹਨਾਂ ਦੀ ਸਿਹਤ ਦਿਨੋਂ-ਦਿਨ ਵਿਗੜੀ ਜਾ ਰਹੀ ਹੈ।
ਇਸ ਦੌਰਾਨ ਅੱਜ ਡੱਲੇਵਾਲ ਦੇ ਹੱਕ ਵਿੱਚ 111 ਕਿਸਾਨ ਮਰਨ ਵਰਤ ਉੱਤੇ ਬੈਠ ਗਏ ਹਨ। ਇਹ ਕਿਸਾਨ ਪੁਲੀਸ ਦੀ ਬੈਰੀਕੇਡਿੰਗ ਕੋਲ ਬੈਠੇ ਹਨ। ਇਸ ਮੌਕੇ ਪ੍ਰਸ਼ਾਸਨ ਵੱਲੋਂ ਭਾਰੀ ਪੁਲੀਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ। ਕਿਸਾਨਾਂ ਨੇ ਕਾਲੇ ਰੰਗ ਦੇ ਕੱਪੜੇ ਪਾ ਕੇ ਮਰਨ ਵਰਤ ਸ਼ੁਰੂ ਕੀਤਾ ਹੈ।
-
Mohali2 months ago
ਅਨੁਸੂਚਿਤ ਜਾਤੀ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਐਸਸੀ ਬੀਸੀ ਮੋਰਚੇ ਦੇ ਆਗੂਆਂ ਦਾ ਵਫਦ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਮਿਲਿਆ
-
Horscope2 months ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
Horscope2 months ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
Mohali1 month ago
ਮੁਹਾਲੀ ਪੁਲੀਸ ਵੱਲੋਂ 150 ਗ੍ਰਾਮ ਹੈਰੋਇਨ ਸਮੇਤ 1 ਸਮਗਲਰ ਕਾਬੂ
-
Mohali2 months ago
ਸ਼ਹਿਰ ਨੂੰ ਸਫਾਈ ਪੱਖੋਂ ਬਿਹਤਰ ਬਣਾਉਣ ਲਈ ਨਿਵਾਸੀਆਂ ਦਾ ਸਹਿਯੋਗ ਜਰੂਰੀ : ਟੀ ਬੈਨਿਥ
-
National1 month ago
ਦੋ ਕਾਰਾਂ ਦੀ ਟੱਕਰ ਦੌਰਾਨ 5 ਵਿਦਿਆਰਥੀਆਂ ਸਮੇਤ 7 ਵਿਅਕਤੀਆਂ ਦੀ ਮੌਤ
-
Mohali2 months ago
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਵੈਇਛੱਕ ਖੂਨਦਾਨ ਅਤੇ ਅੰਗਦਾਨ ਜਾਗਰੂਕਤਾ ਕੈਂਪ ਲਗਾਇਆ
-
National2 months ago
ਬ੍ਰੇਕਾਂ ਫੇਲ੍ਹ ਹੋਣ ਕਾਰਨ ਐਚ ਆਰ ਟੀ ਸੀ ਬੱਸ ਘਰ ਨਾਲ ਟਕਰਾਈ