Punjab
ਡਾ. ਓਬਰਾਏ ਦੇ ਯਤਨਾਂ ਸਦਕਾ 55 ਸਾਲਾ ਯਸ਼ਪਾਲ ਦੀ ਮ੍ਰਿਤਕ ਦੇਹ ਦੁਬਈ ਤੋਂ ਭਾਰਤ ਪੁੱਜੀ
ਰਾਜਾਸਾਂਸੀ, 17 ਜਨਵਰੀ (ਸ.ਬ.) ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐਸ. ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਅੱਜ ਜਲੰਧਰ ਨਾਲ ਸੰਬੰਧਿਤ 55 ਸਾਲਾ ਯਸ਼ਪਾਲ ਪੁੱਤਰ ਰਤਨ ਲਾਲ ਦੀ ਮ੍ਰਿਤਕ ਦੇਹ ਮੌਤ ਤੋਂ ਕਰੀਬ 16 ਦਿਨਾਂ ਬਾਅਦ ਦੁਬਈ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ।
ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ. ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਯਸ਼ਪਾਲ ਵੀ ਹੋਰਨਾਂ ਵਾਂਗ ਕਰੀਬ 7 ਸਾਲ ਪਹਿਲਾਂ ਆਪਣੇ ਬਿਹਤਰ ਭਵਿੱਖ ਦੇ ਸੁਪਨੇ ਲੈ ਕੇ ਦੁਬਈ ਕੰਮਕਾਜ ਲਈ ਆਇਆ ਸੀ ਕਿ ਬੀਤੀ 1 ਜਨਵਰੀ ਨੂੰ ਅਚਾਨਕ ਦਿਲ ਦਾ ਦੌਰਾ ਪੈ ਜਾਣ ਨਾਲ ਉਸ ਦੀ ਮੌਤ ਹੋ ਗਈ ਸੀ। ਉਹਨਾਂ ਦੱਸਿਆ ਕਿ ਇਸ ਮੰਦਭਾਗੀ ਘਟਨਾ ਸੰਬੰਧੀ ਮ੍ਰਿਤਕ ਦੇ ਪਰਿਵਾਰ ਨੇ ਯਸ਼ਪਾਲ ਦੇ ਨਾਲ ਰਹਿਣ ਵਾਲੇ ਅਮਰਜੀਤ ਸਿੰਘ ਰਾਹੀਂ ਸੰਪਰਕ ਕਰਕੇ ਯਸ਼ਪਾਲ ਦੀ ਮ੍ਰਿਤਕ ਦੇਹ ਭਾਰਤ ਭੇਜਣ ਲਈ ਕਿਹਾ ਸੀ, ਜਿਸ ਉਪਰੰਤ ਭਾਰਤੀ ਦੂਤਾਵਾਸ ਦੀ ਮਦਦ ਨਾਲ ਉਨ੍ਹਾਂ ਆਪਣੇ ਨਿੱਜੀ ਸਹਾਇਕ ਬਲਦੀਪ ਸਿੰਘ ਚਾਹਲ ਦੀ ਦੇਖ ਰੇਖ ਵਿੱਚ ਸਾਰੇ ਲੋੜੀਂਦੇ ਕਾਗਜ਼ਾਤ ਮੁਕੰਮਲ ਕਰਵਾ ਕੇ ਅੱਜ ਯਸ਼ਪਾਲ ਦੀ ਮ੍ਰਿਤਕ ਦੇਹ ਨੂੰ ਭਾਰਤ ਪਹੁੰਚਾਇਆ ਹੈ।
Mohali
ਫਿਲਮ ‘ਐਮਰਜੈਂਸੀ’ ਦੇ ਪ੍ਰਦਰਸ਼ਨ ਨੂੰ ਲੈ ਕੇ ਮੁਹਾਲੀ ਦੇ ਤਿੰਨ ਸ਼ਾਪਿੰਗ ਮਾਲਾਂ ਦੇ ਬਾਹਰ ਰੋਸ ਪ੍ਰਦਰਸ਼ਨ
ਐਸ.ਏ.ਐਸ.ਨਗਰ, 17 ਜਨਵਰੀ (ਜਸਬੀਰ ਸਿੰਘ ਜੱਸੀ) ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਵੱਲੋਂ ਬਣਾਈ ਗਈ ਫਿਲਮ ‘ਐਮਰਜੈਂਸੀ’ ਦੇ ਪ੍ਰਦਰਸ਼ਨ ਤੇ ਰੋਕ ਲਾਉਣ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਿਸਾਨ ਯੂਨੀਅਨ ਵੱਲੋਂ ਅੱਜ ਮੁਹਾਲੀ ਵਿਚਲੇ ਸੀ.ਪੀ 67 ਮਾਲ, ਬੈਸਟੈਕ ਮਾਲ ਅਤੇ ਮੁਹਾਲੀ ਵਾਕ ਦੇ ਬਾਹਰ ਰੋਸ ਪ੍ਰਦਰਸ਼ਨ ਕੀਤੇ ਗਏ। ਰੋਸ ਪ੍ਰਦਰਸ਼ਨ ਦੀ ਸੂਚਨਾ ਮਿਲਣ ਤੇ ਡੀ.ਐਸ.ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਅਤੇ ਵੱਖ ਵੱਖ ਪੁਲੀਸ ਸਟੇਸ਼ਨਾਂ ਦੇ ਮੁਖੀ ਮੌਕੇ ਤੇ ਪਹੁੰਚੇ ਅਤੇ ਸਥਿਤੀ ਨੂੰ ਸੰਭਾਲਦਿਆਂ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕੀਤਾ।
ਅੱਜ ਸਵੇਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ, ਅਧਿਕਾਰੀਆਂ ਅਤੇ ਕਿਸਾਨ ਯੂਨੀਅਨ ਦੇ ਮੈਂਬਰਾਂ ਦੀ ਅਗਵਾਈ ਹੇਠ ਵੱਖ ਵੱਖ ਸ਼ਾਪਿੰਗ ਮਾਲਾਂ ਵਿੱਚ ਬਣੇ ਸਿਨੇਮਾਘਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤੇ ਗਏ। ਪ੍ਰਦਰਸ਼ਨ ਕਾਰੀਆਂ ਦੇ ਹੱਥਾਂ ਵਿੱਚ ਕਿਸਾਨੀ ਝੰਡੇ ਫੜੇ ਹੋਏ ਸਨ ਅਤੇ ਕੰਗਨਾ ਰਣੌਤ ਵਿਰੁਧ ਨਾਅਰੇਬਾਜੀ ਕਰ ਰਹੇ ਸਨ। ਪ੍ਰਦਰਸ਼ਨਕਾਰੀਆਂ ਵਲੋਂ ਸਿਨੇਮਾ ਮਾਲਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਸਿਨੇਮਾ ਘਰ ਵਿੱਚ ‘ਐਮਰਜੈਂਸੀ’ ਫਿਲਮ ਨਾ ਚਲਾਈ ਜਾਵੇ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਹਲਕਾ ਮੁਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਫਿਲਮ ਦੇ ਪ੍ਰਦਰਸ਼ਨ ਨੂੰ ਰੋਕਣ ਵਾਸਤੇ ਮੁੱਖ ਮੰਤਰੀ ਦੇ ਨਾਮ ਬੀਤੇ ਦਿਨੀਂ ਹੀ ਡਿਪਟੀ ਕਮਿਸ਼ਨਰ ਮੁਹਾਲੀ ਰਾਹੀਂ ਮੰਗ ਪੱਤਰ ਭੇਜਿਆ ਗਿਆ ਸੀ। ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਹ ਫ਼ਿਲਮ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾ ਸਕਦੀ ਹੈ ਅਤੇ ਇਸ ਨਾਲ ਪੰਜਾਬ ਵਿੱਚ ਹਿੰਸਾ ਦਾ ਦੌਰ ਸ਼ੁਰੂ ਹੋਣ ਦਾ ਖਤਰਾ ਹੈ। ਉਨ੍ਹਾਂ ਕਿਹਾ ਕਿ ਇਸ ਫਿਲਮ ਦੇ ਪ੍ਰਦਰਸ਼ਨ ਤੇ ਪੰਜਾਬ ਵਿੱਚ ਰੋਕ ਲਾਉਣੀ ਚਾਹੀਦੀ ਹੈ।
Mohali
ਮੁਹਾਲੀ ਵਿਚਲੀ ਫਰੈਂਸਿਕ ਲੈਬ ਦੇ ਡਾਕਟਰਾਂ ਅਤੇ ਸਟਾਫ ਨੇ ਆਪਣੇ ਹੀ ਡਾਇਰੈਕਟਰ ਵਿਰੁੱਧ ਲਗਾਇਆ ਧਰਨਾ
ਫਰੈਂਸਿਕ ਲੈਬ ਦੀ ਮਹਿਲਾ ਅਫਸਰ ਨੇ ਜਾਤੀ ਸੂਚਕ ਸ਼ਬਦ ਬੋਲਣ ਦੇ ਲਗਾਏ ਦੋਸ਼, ਪੁਲੀਸ ਨੂੰ ਦਿੱਤੀ ਸ਼ਿਕਾਇਤ
ਐਸ ਏ ਐਸ ਨਗਰ, 17 ਜਨਵਰੀ (ਜਸਬੀਰ ਸਿੰਘ ਜੱਸੀ) ਮੁਹਾਲੀ ਫੇਜ਼ 4 ਵਿਚਲੀ ਸੀ. ਐਫ. ਐਸ. ਐਲ. ਫਰੈਂਸਿਕ ਲੈਬ ਦੇ ਡਾਕਟਰਾਂ ਅਤੇ ਹੋਰਨਾਂ ਸਟਾਫ ਮੈਂਬਰਾਂ ਵਲੋਂ ਆਪਣੇ ਹੀ ਡਾਇਰੈਕਟਰ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਡਾਇਰੈਕਟਰ ਦੀਆਂ ਮਨਮਾਨੀਆਂ ਅਤੇ ਇਕ ਮਹਿਲਾ ਅਫਸਰ ਨੂੰ ਜਾਤੀ ਸੂਚਕ ਸ਼ਬਦ ਬੋਲਣ ਦੇ ਦੋਸ਼ਾਂ ਨੂੰ ਲੈ ਕੇ ਪੁਲੀਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ।
ਇਸ ਸਬੰਧੀ ਫਰੈਂਸਿਕ ਲੈਬ ਦੇ ਡਾ. ਰਜਨੀਸ਼ ਕੁਮਾਰ ਨੇ ਦੱਸਿਆ ਕਿ ਡਾਇਰੈਕਟਰ ਵਲੋਂ ਲੈਬ ਦੀ ਮਸ਼ੀਨਰੀ ਅਤੇ ਹੋਰ ਸਮਾਨ ਦੀ ਖਰੀਦੋ ਫਰੋਖਤ ਨੂੰ ਲੈ ਕੇ ਉਨਾਂ ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਉਨ੍ਹਾਂ ਵਲੋਂ ਦੱਸੇ ਵੈਂਡਰ ਤੋਂ ਹੀ ਸਮਾਨ ਖਰੀਦਿਆ ਜਾਵੇ। ਡਾ. ਸੰਦੀਪ ਕੁਮਾਰ ਦਾ ਕਹਿਣਾ ਹੈ ਕਿ ਉਹ ਸਾਫ ਸੁਥਰੇ ਮਾਹੌਲ ਵਿਚ ਕੰਮ ਕਰਨਾ ਚਾਹੁੰਦੇ ਹਨ, ਪ੍ਰੰਤੂ ਉਹ ਮੌਜੂਦਾ ਡਾਇਰੈਕਟਰ ਦੇ ਅਧੀਨ ਕੰਮ ਨਹੀਂ ਕਰਨਾ ਚਾਹੁੰਦੇ।
ਉਨਾਂ ਕਿਹਾ ਕਿ ਮੌਜੂਦਾ ਡਾਇਰੈਕਟਰ ਉੱਤੇ ਕਈ ਤਰ੍ਹਾਂ ਦੇ ਦੋਸ਼ ਹਨ, ਪ੍ਰੰਤੂ ਇਸ ਦੇ ਬਾਵਜੂਦ ਉਨਾਂ ਦੇ ਕਾਰਜਕਾਲ ਵਿੱਚ ਵਾਧਾ ਕਿਉਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਨਾਂ ਤੇ ਕਈ ਅਜਿਹੇ ਕੰਮ ਕਰਨ ਦਾ ਦਬਾਅ ਪਾਇਆ ਜਾਂਦਾ ਹੈ, ਜੋ ਕਿ ਉਹ ਨਹੀਂ ਕਰਨਾ ਚਾਹੁੰਦੇ। ਉਨਾਂ ਇਕ ਮਹਿਲਾ ਫਰੈਂਸਿਕ ਲੈਬ ਅਫਸਰ ਨੂੰ ਜਾਤੀ ਸੂਚਕ ਸ਼ਬਦ ਬੋਲਣ ਤੇ ਇਤਰਾਜ ਜਤਾਉਂਦਿਆਂ ਕਿਹਾ ਕਿ ਇਹ ਨਾ ਕਾਬਲੇ ਬਰਦਾਸ਼ਤ ਹੈ। ਉਧਰ ਸ਼ਿਕਾਇਤ ਦੇਣ ਵਾਲੀ ਮਹਿਲਾ ਅਫਸਰ ਦਾ ਇਲਜਾਮ ਹੈ ਕਿ ਮੌਜੂਦਾ ਡਾਇਰੈਕਟਰ ਵਲੋਂ ਕਿਸੇ ਹਾਈ ਪ੍ਰੋਫਾਇਲ ਕੇਸ ਨੂੰ ਲੈ ਕੇ ਉਨਾਂ ਨੂੰ ਜਾਤੀ ਸੂਚਕ ਸ਼ਬਦ ਬੋਲੇ ਗਏ ਹਨ ਅਤੇ ਉਸ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਵੀ ਕੀਤਾ ਜਾ ਰਿਹਾ ਹੈ। ਉਹ ਡੀ. ਐਨ. ਏ ਅਤੇ ਵਿਭਾਗ ਵਿੱਚ ਬਦਲੀਆਂ ਨੂੰ ਲੈ ਕੀ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨਾਂ ਵਲੋਂ ਡਾਇਰੈਕਟਰ ਵਿਰੁਧ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ, ਪ੍ਰੰਤੂ ਪੁਲੀਸ ਵਲੋਂ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨਾਂ ਕਿਹਾ ਕਿ ਉਨਾਂ ਦਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਉਨਾਂ ਨੂੰ ਇਨਸਾਫ ਨਹੀਂ ਮਿਲਦਾ।
ਇਸ ਸਬੰਧੀ ਡਾਇਰੈਕਟਰ ਅਸ਼ਵਨੀ ਕਾਲੀਆ ਨੇ ਫੋਨ ਤੇ ਵਾਰ ਵਾਰ ਸੰਪਰਕ ਕੀਤਾ ਗਿਆ ਪ੍ਰੰਤੂ ਉਨਾਂ ਕੋਈ ਜਵਾਬ ਨਹੀਂ ਦਿੱਤਾ ਅਤੇ ਨਾ ਹੀ ਐਸ. ਐਮ. ਐਸ ਤੇ ਛੱਡੇ ਗਏ ਮੈਸਜ ਦਾ ਜਵਾਬ ਦਿੱਤਾ ਗਿਆ। ਇਸ ਸਬੰਧੀ ਏ. ਐਸ. ਪੀ. ਸਿਟੀ 1 ਜੇਅੰਤ ਪੁਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲੀਸ ਨੂੰ ਸ਼ਿਕਾਇਤ ਮਿਲ ਗਈ ਹੈ, ਪੁਲੀਸ ਉਕਤ ਸ਼ਿਕਾਇਤ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਉਪਰੰਤ ਬਣਦੀ ਕਾਨੂੰੂਨੀ ਕਾਰਵਾਈ ਕੀਤੀ ਜਾਵੇਗੀ।
Mohali
ਖੇਤੀਬਾੜੀ ਮੰਤਰੀ ਖੁੱਡੀਆਂ ਨੇ ਸਨੇਟਾ ਵਿਖੇ ਦਾਣਾ ਮੰਡੀ ਦੇ ਨਵੇਂ ਸਬ ਯਾਰਡ ਦਾ ਨੀਂਹ ਪੱਥਰ ਰੱਖਿਆ
ਢਾਈ ਕਰੋੜ ਦੀ ਲਾਗਤ ਨਾਲ 5 ਏਕੜ ਵਿੱਚ ਬਣੇਗੀ ਮੰਡੀ, ਆਲੇ ਦੁਆਲੇ ਦੇ 20 ਤੋਂ ਵੱਧ ਪਿੰਡਾਂ ਨੂੰ ਮਿਲੇਗਾ ਫ਼ਾਇਦਾ
ਐਸ ਏ ਐਸ ਨਗਰ, 17 ਜਨਵਰੀ (ਸ.ਬ.) ਪੰਜਾਬ ਦੇ ਖੇਤੀਬਾੜੀ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗਾਂ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਅੱਜ ਮੁਹਾਲੀ ਦੇ ਪਿੰਡ ਸਨੇਟਾ ਵਿਖੇ 5 ਏਕੜ ਰਕਬੇ ਵਿੱਚ ਬਣਨ ਵਾਲੀ ਦਾਣਾ ਮੰਡੀ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਮੰਡੀ ਢਾਈ ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ, ਜਿਸ ਨੂੰ 6 ਮਹੀਨੇ ਵਿੱਚ ਮੁਕੰਮਲ ਕਰ ਲਿਆ ਜਾਵੇਗਾ।
ਨੀਂਹ ਪੱਥਰ ਰੱਖਣ ਤੋਂ ਬਾਅਦ ਸੰਬੋਧਨ ਕਰਦਿਆਂ ਸ੍ਰੀ ਖੁੱਡੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਮੰਡੀ ਦੀ ਉਸਾਰੀ ਨੂੰ ਪ੍ਰਵਾਨਗੀ ਦੇ ਕੇ ਇਲਾਕੇ ਦੇ 20 ਤੋਂ ਵਧੇਰੇ ਪਿੰਡਾਂ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਨੇਟਾ ਵਿੱਚ ਮੰਡੀ ਦਾ ਫੜ੍ਹ ਨਾ ਹੋਣ ਕਾਰਨ ਫਸਲ ਸੜਕਾਂ ਦੇ ਕਿਨਾਰੇ ਵੇਚਣ ਲਈ ਢੇਰੀ ਕੀਤੀ ਜਾਂਦੀ ਸੀ ਅਤੇ ਇਸ ਸੰਬੰਧੀ ਹਲਕਾ ਵਿਧਾਇਕ ਵਲੋਂ ਉਨ੍ਹਾਂ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦੇ ਜਾਣ ਤੇ ਉਨ੍ਹਾਂ ਵੱਲੋਂ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਸਨੇਟਾ ਦੀ ਮੰਡੀ ਬਣਾਉਣ ਵਿੱਚ ਆ ਰਹੀਆਂ ਸਾਰੀਆਂ ਅੜਚਣਾਂ ਨੂੰ ਦੂਰ ਕਰਦੇ ਹੋਏ ਇਸ ਨੂੰ ਤੁਰੰਤ ਸ਼ੁਰੂ ਕਰਵਾਇਆ ਜਾਵੇ। ਉਹਨਾਂ ਕਿਹਾ ਕਿ ਅੱਜ ਇਲਾਕੇ ਦੀ ਵੱਡੀ ਮੰਗ ਪੂਰੀ ਹੋਈ ਹੈ।
ਉਨ੍ਹਾਂ ਕਿਹਾ ਕਿ ਇਸ ਮੰਡੀ ਵਿੱਚ ਤਿੰਨ ਆਕਸ਼ਨ ਪਲੇਟਫਾਰਮ (ਬੋਲੀ ਲਾਉਣ ਵਾਲੇ ਉੱਚੇ ਸਥਾਨ), ਇੱਕ ਵੱਡਾ ਸ਼ੈੱਡ, 71 ਦੁਕਾਨਾਂ ਤੇ ਬੂਥ, ਪਾਣੀ ਦੀ ਟੈਂਕੀ ਅਤੇ ਡਿਸਪੋਜ਼ਲ ਤਿਆਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਇਸ ਮੰਡੀ ਲਈ 60000 ਕੁਇੰਟਲ ਝੋਨਾ ਅਤੇ 33000 ਕੁਇੰਟਲ ਕਣਕ ਦੀ ਆਮਦ ਦਰਜ ਕੀਤੀ ਜਾਂਦੀ ਸੀ ਅਤੇ ਹੁਣ ਨਵੀਂ ਮੰਡੀ ਦੇ ਬਣਨ ਨਾਲ ਹੋਰ ਵਧੇਰੇ ਜਿਨਸ ਦੀ ਆਮਦ ਦੀ ਥਾਂ ਬਣੇਗੀ। ਇਹ ਮੰਡੀ ਸ਼ਹਿਰੀ ਇਲਾਕੇ ਨੂੰ ਸੀਜ਼ਨ ਦੇ ਦਿਨਾਂ ਵਿੱਚ ਆਉਂਦੀ ਟ੍ਰੈਫਿਕ ਦੀ ਮੁਸ਼ਕਿਲ ਤੋਂ ਵੀ ਵੱਡੀ ਰਾਹਤ ਦੇਵੇਗੀ।
ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਪੰਜਾਬ ਵਿੱਚ ਚੰਗੇ ਬੀਜਾਂ, ਮਿਆਰੀ ਖਾਦਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਕੇਂਦਰ ਦੀ ਨਵੀਂ ਮੰਡੀਕਰਨ ਨੀਤੀ ਨਾਲ ਅਸਹਿਮਤੀ ਪ੍ਰਗਟਾਉਂਦਿਆਂ ਉਹਨਾਂ ਕਿਹਾ ਕਿ ਕਿਸਾਨ ਲੰਬੇ ਸਮੇਂ ਤੱਕ (ਬਾਜ਼ਾਰ ਵਿੱਚ ਅਨਾਜ ਦੇ ਭਾਅ ਵਧਣ ਤੱਕ) ਫ਼ਸਲ ਘਰ ਨਹੀਂ ਰੱਖ ਸਕਦਾ। ਉਨ੍ਹਾਂ ਕਿਹਾ ਪੰਜਾਬ ਵਿੱਚ 1800 ਤੋਂ ਵਧੇਰੇ ਮੰਡੀਆਂ/ਖਰੀਦ ਕੇਂਦਰ ਹਨ, ਜੋ ਇਸ ਨਵੀਂ ਪ੍ਰਣਾਲੀ ਨਾਲ ਨਹੀਂ ਚੱਲ ਸਕਦੇ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਕਿਸਾਨਾਂ ਨਾਲ ਟਕਰਾਅ ਵਿੱਚ ਨਾ ਪੈ ਕੇ, ਉਨ੍ਹਾਂ ਦੀਆਂ ਮੰਗਾਂ ਨੂੰ ਮੰਨਣਾ ਚਾਹੀਦਾ ਹੈ। ਭੁੱਖ ਹੜਤਾਲ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਜਿਹੇ ਕਿਸਾਨ ਨੇਤਾਵਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ, ਕਿਸਾਨਾਂ ਦੀਆ ਮੰਗਾਂ ਵੱਲ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।
ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਸਵਾਗਤ ਕਰਦਿਆਂ ਕੌਂਸਲਰ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਸਨੇਟਾ ਦੀ ਮੰਡੀ ਦੀ ਸਥਾਪਤੀ ਇਲਾਕੇ ਦੀ ਵੱਡੀ ਮੁਸ਼ਕਿਲ ਅਤੇ ਚਣੌਤੀ ਬਣੀ ਹੋਈ ਸੀ ਅਤੇ ਸਰਕਾਰ ਨੇ ਮੰਡੀ ਦੀ ਉਸਾਰੀ ਦੀ ਸ਼ੁਰੂਆਤ ਕਰਕੇ ਇਲਾਕੇ ਨੂੰ ਤੋਹਫ਼ਾ ਦਿੱਤਾ ਹੈ। ਇਸ ਮੌਕੇ ਉਹਨਾਂ ਮੰਗ ਕੀਤੀ ਕਿ ਸਨੇਟਾ ਦੇ ਹਸਪਤਾਲ ਦੀ ਨਵੀਂ ਬਣੀ ਇਮਾਰਤ ਨੂੰ ਜਲਦ ਚਾਲੂ ਕੀਤਾ ਜਾਵੇ ਜਿਸ ਨੂੰ ਖੇਤੀਬਾੜੀ ਮੰਤਰੀ ਨੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਕੋਲ ਪਹੁੰਚਾਉਣ ਦਾ ਭਰੋਸਾ ਦਿਵਾਇਆ। ਉਨ੍ਹਾਂ ਖੁਦ ਪੀ ਐੱਚ ਸੀ ਦੀ ਇਮਾਰਤ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਆਪ ਪੰਜਾਬ ਦੇ ਬੁਲਾਰੇ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਸਕੱਤਰ ਸ਼੍ਰੀ ਰਾਮਵੀਰ, ਏ ਡੀ ਸੀ (ਡੀ) ਸੋਨਮ ਚੌਧਰੀ, ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਦੀਪਾਂਕਰ ਗਰਗ, ਮੰਡੀ ਬੋਰਡ ਦੇ ਇੰਜੀਨੀਅਰ ਇਨ ਚੀਫ਼ ਜਤਿੰਦਰ ਸਿੰਘ ਭੰਗੂ ਮੁੱਖ ਇੰਜੀਨੀਅਰ ਮੰਡੀ ਬੋਰਡ ਗੁਰਿੰਦਰ ਸਿੰਘ ਚੀਮਾ, ਕਾਰਜਕਾਰੀ ਇੰਜੀਨੀਅਰ ਸੁਖਵਿੰਦਰ ਸਿੰਘ, ਜੀ ਐਮ ਮੰਡੀ ਬੋਰਡ ਮਨਜੀਤ ਸਿੰਘ ਸੰਧੂ, ਜ਼ਿਲ੍ਹਾ ਮੰਡੀ ਅਫ਼ਸਰ ਗਗਨਦੀਪ ਸਿੰਘ, ਖੇਤੀਬਾੜੀ ਮੰਤਰੀ ਦੇ ਪੀ ਏ ਸੁਰਿੰਦਰ ਸਿੰਘ ਅਤੇ ਸਰਪੰਚ ਗੁਰਦੇਵ ਸਿੰਘ, ਸਾਬਕਾ ਸਰਪੰਚ ਭਗਤ ਰਾਮ ਤੇ ਸੰਜੀਵ ਕੁਮਾਰ ਅਤੇ ਸਮੂਹ ਪੰਚਾਇਤ ਸਨੇਟਾ ਤੇ ਵੱਡੀ ਗਿਣਤੀ ਇਲਾਕੇ ਦੇ ਲੋਕ ਮੌਜੂਦ ਸਨ।
-
National1 month ago
ਦੋ ਕਾਰਾਂ ਦੀ ਟੱਕਰ ਦੌਰਾਨ 5 ਵਿਦਿਆਰਥੀਆਂ ਸਮੇਤ 7 ਵਿਅਕਤੀਆਂ ਦੀ ਮੌਤ
-
Mohali2 months ago
ਮੁਹਾਲੀ ਪੁਲੀਸ ਵੱਲੋਂ 150 ਗ੍ਰਾਮ ਹੈਰੋਇਨ ਸਮੇਤ 1 ਸਮਗਲਰ ਕਾਬੂ
-
National2 months ago
ਬ੍ਰੇਕਾਂ ਫੇਲ੍ਹ ਹੋਣ ਕਾਰਨ ਐਚ ਆਰ ਟੀ ਸੀ ਬੱਸ ਘਰ ਨਾਲ ਟਕਰਾਈ
-
Mohali2 months ago
ਇਪਟਾ, ਪੰਜਾਬ ਵੱਲੋਂ ਦਸਤਾਵੇਜ਼ੀ ਫਿਲਮ ‘ਪੋੜੀ’ ਦਾ ਪ੍ਰਦਰਸ਼ਨ
-
National2 months ago
ਚੱਕਰਵਾਤੀ ਫੇਂਗਲ ਚੇਨਈ ਦੇ ਨੇੜੇ ਲੈਂਡਫਾਲ ਕਰਨ ਲਈ ਤਿਆਰ, ਅਲਰਟ ਜਾਰੀ
-
National2 months ago
ਸੋਸ਼ਲ ਮੀਡੀਆ ਤੇ ਭੜਕਾਊ ਪੋਸਟਾਂ ਖਿਲਾਫ ਪੁਲੀਸ ਵੱਲੋਂ ਕਈ ਥਾਵਾਂ ਤੇ ਛਾਪੇਮਾਰੀ
-
Horscope2 months ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
Mohali2 months ago
ਡੀ.ਏ.ਵੀ ਸਕੂਲ ਦੀ ਏਕਮ ਕੌਰ ਨੇ ਮਾਰਸ਼ਲ ਆਰਟਸ ਚੈਂਪੀਅਨਸ਼ਿਪ ਵਿੱਚ ਸਿਲਵਰ ਮੈਡਲ ਜਿੱਤਿਆ