ਤੁਰਕੀ ਵਿੱਚ ਭੂਚਾਲ ਦੇ ਝਟਕੇ, 22 ਵਿਅਕਤੀ ਜ਼ਖਮੀ

ਅੰਕਾਰਾ, 23 ਨਵੰਬਰ (ਸ.ਬ.) ਪੱਛਮੀ ਤੁਰਕੀ ਦੇ ਡੁਜ਼ਸੇ ਸ਼ਹਿਰ ਨੇੜੇ ਅੱਜ ਰਿਕਟਰ ਪੈਮਾਨੇ ਤੇ 5.9 ਦੀ ਤੀਬਰਤਾ ਵਾਲਾ ਭੂਚਾਲ ਆਇਆ, ਜਿਸ ਕਾਰਨ 22 ਵਿਅਕਤੀ ਜ਼ਖਮੀ ਹੋ ਗਏ। ਨੈਸ਼ਨਲ ਡਿਜ਼ਾਸਟਰ ਐਂਡ ਐਮਰਜੈਂਸੀ ਮੈਨੇਜਮੈਂਟ ਅਥਾਰਟੀ (ਏਐਫਏਡੀ) ਦੇ ਅਨੁਸਾਰ ਭੂਚਾਲ ਗੋਲਯਾਕਾ ਜ਼ਿਲ੍ਹੇ ਵਿੱਚ ਕੇਂਦਰਿਤ ਸੀ ਅਤੇ ਇਹ ਸਵੇਰੇ 4:08 ਵਜੇ ਆਇਆ। ਸਰਕਾਰੀ ਰਿਪੋਰਟ ਮੁਤਾਬਕ 6.81 ਕਿਲੋਮੀਟਰ ਦੀ ਡੂੰਘਾਈ ਵਿੱਚ ਆਏ ਸ਼ਕਤੀਸ਼ਾਲੀ ਭੂਚਾਲ ਦੇ ਝਟਕੇ ਇਸਤਾਂਬੁਲ ਦੇ ਨਾਲ-ਨਾਲ ਰਾਜਧਾਨੀ ਅੰਕਾਰਾ ਵਿੱਚ ਵੀ ਮਹਿਸੂਸ ਕੀਤੇ ਗਏ।

ਡੁਜ਼ਸੇ ਇਸਤਾਂਬੁਲ ਤੋਂ ਲਗਭਗ 210 ਕਿਲੋਮੀਟਰ ਅਤੇ ਅੰਕਾਰਾ ਤੋਂ ਲਗਭਗ 236 ਕਿਲੋਮੀਟਰ ਦੂਰ ਸਥਿਤ ਹੈ। ਏ. ਐੱਫ. ਏ. ਡੀ. ਨੇ ਕਿਹਾ ਕਿ ਭੂਚਾਲ ਤੋਂ ਬਾਅਦ ਕੁੱਲ 18 ਝਟਕੇ ਮਹਿਸੂਸ ਕੀਤੇ ਗਏ, ਜਦੋਂ ਕਿ ਸਾਵਧਾਨੀ ਦੇ ਤੌਰ ਤੇ ਖੇਤਰ ਵਿੱਚ ਬਿਜਲੀ ਕੱਟ ਲਗਾਏ ਜਾ ਰਹੇ ਹਨ। ਸਿਹਤ ਮੰਤਰੀ ਫਹਰਤਿਨ ਕੋਕਾ ਨੇ ਟਵਿੱਟਰ ਤੇ ਕਿਹਾ ਕਿ ਇੱਕ ਜ਼ਖਮੀ ਵਿਅਕਤੀ ਉੱਚਾਈ ਤੋਂ ਛਾਲ ਮਾਰਨ ਕਾਰਨ ਗੰਭੀਰ ਸੀ ਅਤੇ ਰਾਸ਼ਟਰੀ ਮੈਡੀਕਲ ਬਚਾਅ ਟੀਮਾਂ ਅਤੇ ਐਂਬੂਲੈਂਸਾਂ ਨੂੰ ਪ੍ਰਭਾਵਿਤ ਖੇਤਰ ਵਿੱਚ ਭੇਜਿਆ ਗਿਆ ਹੈ।

ਡੁਜ਼ਸੇ ਦੇ ਗਵਰਨਰ ਸੇਵਡੇਟ ਅਟੇ ਨੇ ਦਿਨ ਲਈ ਸਕੂਲਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ।1999 ਵਿੱਚ ਡੁਜ਼ਸੇ ਵਿੱਚ 7.2 ਤੀਬਰਤਾ ਦਾ ਭੂਚਾਲ ਆਇਆ ਜੋ 30 ਸਕਿੰਟਾਂ ਤੱਕ ਚੱਲਿਆ, ਜਿਸ ਵਿੱਚ 845 ਲੋਕ ਮਾਰੇ ਗਏ ਅਤੇ ਲਗਭਗ 5,000 ਹੋਰ ਜ਼ਖਮੀ ਹੋਏ।