ਐਨ ਆਈ ਏ ਨੂੰ ਮਿਲਿਆ ਲਾਰੈਂਸ ਬਿਸ਼ਨੋਈ ਦਾ 10 ਦਿਨ ਦਾ ਰਿਮਾਂਡ

ਚੰਡੀਗੜ੍ਹ,24 ਨਵੰਬਰ (ਸ.ਬ.) ਐਨ ਆਈ ਏ ਨੂੰ ਬਠਿੰਡਾ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ 10 ਦਿਨ ਦਾ ਰਿਮਾਂਡ ਹਾਸਲ ਹੋਇਆ ਹੈ ਅਤੇ ਐਨ ਆਈ ਏ ਨੇ ਉਸ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ।

ਇੱਥੇ ਜਿਕਰਯੋਗ ਹੈ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਮੁੱਖ ਮੁਲਜ਼ਮ ਹੈ ਅਤੇ ਉਹ ਸਾਢੇ 4 ਮਹੀਨਿਆਂ ਬਾਅਦ ਪੰਜਾਬ ਤੋਂ ਬਾਹਰ ਜਾ ਰਿਹਾ ਹੈ। ਐਨ ਆਈ ਏ ਨੇ ਬਿਸ਼ਨੋਈ ਨੂੰ ਅੱਜ ਸਵੇਰੇ ਯੂ. ਏ. ਪੀ. ਏ. (ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ) ਤਹਿਤ ਹਿਰਾਸਤ ਵਿੱਚ ਲੈਣ ਤੋਂ ਬਾਅਦ ਉਸ ਨੂੰ ਵੀਡੀਓ ਕਾਨਫਰੰਸ ਰਾਹੀਂ ਐਨ ਆਈ ਏ ਅਦਾਲਤ ਵਿੱਚ ਪੇਸ਼ ਕੀਤਾ। ਇਸ ਦੌਰਾਨ ਅਦਾਲਤ ਨੇ ਐਨ ਆਈ ਏ ਨੂੰ ਗੈਂਗਸਟਰ ਬਿਸ਼ਨੋਈ ਦਾ 10 ਦਿਨਾਂ ਦਾ ਰਿਮਾਂਡ ਦਿੱਤਾ ਜਦਕਿ ਉਨ੍ਹਾਂ ਨੇ 12 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਐਨ ਆਈ ਏ ਨੇ ਲਾਰੈਂਸ ਤੇ ਅੱਤਵਾਦੀ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ਾਂ ਤਹਿਤ ਯੂ. ਏ. ਪੀ. ਏ. ਤਹਿਤ ਮਾਮਲਾ ਦਰਜ ਕੀਤਾ ਸੀ।

ਐਨ ਆਈ ਏ ਹੁਣ ਬਿਸ਼ਨੋਈ ਨੂੰ ਦਿੱਲੀ ਲੈ ਕੇ ਜਾਵੇਗੀ ਅਤੇ ਉਸ ਦੇ ਅੱਤਵਾਦੀ ਸਬੰਧਾਂ ਬਾਰੇ ਉਸ ਕੋਲੋਂ ਪੁੱਛਗਿੱਛ ਕਰੇਗੀ।

ਸੂਤਰਾਂ ਮੁਤਾਬਕ ਕੇਂਦਰੀ ਖ਼ੁਫੀਆ ਏਜੰਸੀਆਂ ਨੇ ਗ੍ਰਹਿ ਮੰਤਰਾਲੇ ਨੂੰ ਇਨਪੁਟ ਦਿੱਤੀ ਹੈ ਕਿ ਕਈ ਗੈਂਗਸਟਰ ਅੱਤਵਾਦੀ ਸੰਗਠਨਾਂ ਦੇ ਸੰਪਰਕ ਵਿੱਚ ਹਨ।