ਸਰੀ ਵਿੱਚ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲ
ਕੈਨੇਡਾ, 24 ਨਵੰਬਰ (ਸ.ਬ.) ਕੈਨੇਡਾ ਦੇ ਸਰੀ ਵਿਚ 22 ਨਵੰਬਰ ਨੂੰ ਇਕ ਸਕੂਲ ਦੀ ਪਾਰਕਿੰਗ ਵਿਚ ਵਾਪਰੀ ਛੁਰੇਬਾਜ਼ੀ ਦੀ ਘਟਨਾ ਵਿਚ ਮਾਰੇ ਗਏ ਨੌਜਵਾਨ ਦੀ ਪਛਾਣ 18 ਸਾਲਾ ਮਹਿਕਪ੍ਰੀਤ ਸੇਠੀ ਦੇ ਰੂਪ ਵਿਚ ਹੋਈ ਹੈ। ਇਨਵੈਸਟੀਗੇਸ਼ਨ ਟੀਮ ਨੇ ਬੀਤੀ ਦੁਪਹਿਰ ਉਸ ਦੀ ਪਛਾਣ ਦੀ ਪੁਸ਼ਟੀ ਕੀਤੀ। 18 ਸਾਲਾ ਸੇਠੀ ਤੇ 12600 66 ਐਵੇਨਿਊ ਸਥਿਤ ਨਿਊਟਨ ਦੇ ਤਮਨਾਵਿਸ ਸੈਕੰਡਰੀ ਸਕੂਲ ਦੇ ਬਾਹਰ ਚਾਕੂ ਨਾਲ ਹਮਲਾ ਕੀਤਾ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਆਪਣੇ ਛੋਟੇ ਭਰਾ ਨੂੰ ਸਕੂਲੋਂ ਲੈਣ ਗਿਆ ਸੀ।
ਪੁਲੀਸ ਅਨੁਸਾਰ ਉਨ੍ਹਾਂ ਨੂੰ ਦੁਪਹਿਰ 12:08 ਵਜੇ ਸਕੂਲ ਦੇ ਬਾਹਰ ਛੁਰੇਬਾਜ਼ੀ ਦੀ ਘਟਨਾ ਸਬੰਧੀ ਸੂਚਨਾ ਮਿਲੀ ਸੀ। ਉਨ੍ਹਾਂ ਦੱਸਿਆ ਕਿ ਛੁਰੇਬਾਜ਼ੀ ਦੀ ਘਟਨਾ ਵਿਚ ਜ਼ਖ਼ਮੀ ਇੱਕ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ।
ਪੁਲੀਸ ਨੇ ਕਿਹਾ ਕਿ ਉਹਨਾਂ ਨੇ ਇੱਕ 17 ਸਾਲਾ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਉਨ੍ਹਾਂ ਵਿਦਿਆਰਥੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਨ੍ਹਾਂ ਨੇ ਚਾਕੂ ਮਾਰਦੇ ਦੇਖਿਆ ਹੈ ਜਾਂ ਜਿਨ੍ਹਾਂ ਕੋਲ ਘਟਨਾ ਦੀ ਸੈਲਫੋਨ ਵੀਡੀਓ ਹੈ। ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਐਚ ਆਈ ਟੀ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।