ਜਾਮਾ ਮਸਜਿਦ ਵਿੱਚ ਲੜਕੀਆਂ ਦੇ ਦਾਖ਼ਲੇ ਤੇ ਪਾਬੰਦੀ ਖ਼ਿਲਾਫ਼ ਰਾਸ਼ਟਰੀ ਮਹਿਲਾ ਕਮਿਸ਼ਨ ਕਰੇਗਾ ਕਾਰਵਾਈ : ਰੇਖਾ

ਨਵੀਂ ਦਿੱਲੀ, 24 ਨਵੰਬਰ (ਸ.ਬ.) ਜਾਮਾ ਮਸਜਿਦ ਵਿੱਚ ਲੜਕੀਆਂ ਦੇ ਦਾਖਲੇ ਤੇ ਪਾਬੰਦੀ ਲਗਾਉਣ ਦਾ ਮਾਮਲਾ ਗਰਮਾ ਗਿਆ ਹੈ। ਇਕ ਪਾਸੇ ਜਿੱਥੇ ਕੁਝ ਲੋਕ ਮਸਜਿਦ ਪ੍ਰਬੰਧਕਾਂ ਦੇ ਇਸ ਫੈਸਲੇ ਨੂੰ ਜਾਇਜ਼ ਠਹਿਰਾ ਰਹੇ ਹਨ, ਉਥੇ ਹੀ ਕੁਝ ਇਸ ਨੂੰ ਧਾਰਮਿਕ ਸਥਾਨ ਤੇ ਔਰਤਾਂ ਨਾਲ ਵਿਤਕਰੇ ਨਾਲ ਜੋੜ ਕੇ ਦੇਖ ਰਹੇ ਹਨ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਕਿਹਾ ਕਿ ਅਸੀਂ ਇਸ ਮਾਮਲੇ ਦਾ ਖੁਦ ਨੋਟਿਸ ਲੈ ਰਹੇ ਹਾਂ, ਇਹ ਗੰਭੀਰ ਮਾਮਲਾ ਹੈ। ਜਲਦੀ ਹੀ ਇਸ ਸਬੰਧੀ ਅਗਲੀ ਕਾਰਵਾਈ ਕੀਤੀ ਜਾਵੇਗੀ।

ਰਾਸ਼ਟਰੀ ਮਹਿਲਾ ਕਮਿਸ਼ਨ ਦੇ ਸੂਤਰਾਂ ਮੁਤਾਬਕ ਕਮਿਸ਼ਨ ਵੱਲੋਂ ਜਾਮਾ ਮਸਜਿਦ ਪ੍ਰਬੰਧਕਾਂ ਨੂੰ ਇਸ ਸਬੰਧੀ ਨੋਟਿਸ ਜਾਰੀ ਕੀਤਾ ਜਾਵੇਗਾ। ਇਸ ਪੂਰੇ ਮਾਮਲੇ ਤੇ ਸਪੱਸ਼ਟੀਕਰਨ ਮੰਗਣ ਦੇ ਨਾਲ-ਨਾਲ ਔਰਤਾਂ ਨਾਲ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਾ ਕਰਨ ਦੀ ਚਿਤਾਵਨੀ ਦਿੱਤੀ ਜਾਵੇਗੀ।

ਦੂਜੇ ਪਾਸੇ ਦਿੱਲੀ ਮਹਿਲਾ ਕਮਿਸ਼ਨ ਨੇ ਵੀ ਜਾਮਾ ਮਸਜਿਦ ਪ੍ਰਬੰਧਕਾਂ ਦੇ ਇਸ ਫੈਸਲੇ ਤੇ ਨਾਰਾਜ਼ਗੀ ਜਤਾਈ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਮਸਜਿਦ ਵਿੱਚ ਲੜਕੀਆਂ ਦੇ ਦਾਖਲੇ ਤੇ ਪਾਬੰਦੀ ਲਗਾਉਣ ਤੋਂ ਬਾਅਦ ਜਾਮਾ ਮਸਜਿਦ ਦੇ ਇਮਾਮ ਨੂੰ ਨੋਟਿਸ ਜਾਰੀ ਕੀਤਾ ਹੈ। ਸਵਾਤੀ ਮਾਲੀਵਾਲ ਨੇ ਟਵੀਟ ਕਰਕੇ ਲਿਖਿਆ ਕਿ ਜਾਮਾ ਮਸਜਿਦ ਵਿੱਚ ਔਰਤਾਂ ਦੇ ਦਾਖਲੇ ਤੇ ਰੋਕ ਲਗਾਉਣ ਦਾ ਫੈਸਲਾ ਬਿਲਕੁਲ ਗਲਤ ਹੈ। ਜਿੰਨਾ ਮਰਦ ਨੂੰ ਪੂਜਾ ਕਰਨ ਦਾ ਹੱਕ ਹੈ, ਓਨਾ ਹੀ ਔਰਤ ਨੂੰ ਵੀ। ਮੈਂ ਜਾਮਾ ਮਸਜਿਦ ਦੇ ਇਮਾਮ ਨੂੰ ਨੋਟਿਸ ਜਾਰੀ ਕਰ ਦਿਤਾ ਹੈ। ਕਿਸੇ ਨੂੰ ਵੀ ਇਸ ਤਰ੍ਹਾਂ ਔਰਤਾਂ ਦੇ ਦਾਖਲੇ ਤੇ ਪਾਬੰਦੀ ਲਗਾਉਣ ਦਾ ਅਧਿਕਾਰ ਨਹੀਂ ਹੈ।

ਜ਼ਿਕਰਯੋਗ ਹੈ ਕਿ ਜਾਮਾ ਮਸਜਿਦ ਪ੍ਰਬੰਧਕਾਂ ਵੱਲੋਂ ਮਸਜਿਦ ਦੇ ਗੇਟ ਤੇ ਨੋਟਿਸ ਵੀ ਲਗਾਇਆ ਗਿਆ ਹੈ। ਜਾਮਾ ਮਸਜਿਦ ਪ੍ਰਬੰਧਕਾਂ ਦੇ ਇਸ ਫ਼ੈਸਲੇ ਤੇ ਮੁਸਲਿਮ ਸੰਗਠਨਾਂ, ਸਮਾਜਿਕ ਸੰਗਠਨਾਂ ਅਤੇ ਮਹਿਲਾ ਸੰਗਠਨਾਂ ਵਲੋਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਇਸ ਨੂੰ ਔਰਤ ਵਿਰੋਧੀ ਮਾਨਸਿਕਤਾ ਦਾ ਸਿੱਟਾ ਦੱਸਦੇ ਹੋਏ ਲੋਕ ਮਸਜਿਦ ਪ੍ਰਬੰਧਕਾਂ ਤੋਂ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰ ਰਹੇ ਹਨ।