ਅਦਾਲਤ ਵਲੋਂ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਵਿਰੁੱਧ ਮਨੀ ਲਾਡਰਿੰਗ ਕੇਸ ਦੀ ਸੁਣਵਾਈ 12 ਦਸੰਬਰ ਤੱਕ ਮੁਲਤਵੀ

ਨਵੀਂ ਦਿੱਲੀ, 24 ਨਵੰਬਰ (ਸ.ਬ.) ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਘੇਰੇ ਵਿੱਚ ਆਈ ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਦੇ ਕੇਸ ਦੀ ਸੁਣਵਾਈ 12 ਦਸੰਬਰ ਤਕ ਮੁਲਤਵੀ ਕਰ ਦਿੱਤੀ ਹੈ। ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਜੈਕਲੀਨ ਅਦਾਲਤ ਵਿੱਚ ਪੇਸ਼ ਹੋਈ। ਇਸ ਦੇ ਨਾਲ ਹੀ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਜੈਕਲੀਨ ਫਰਨਾਂਡੀਜ਼ ਨੇ ਵਿਦੇਸ਼ ਜਾਣ ਦੀ ਇਜਾਜ਼ਤ ਵੀ ਮੰਗੀ ਹੈ।

ਪ੍ਰਾਪਤ ਜਾਣਾਕਰੀ ਅਨੁਸਾਰ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਸੁਣਵਾਈ ਲਈ ਸਵੇਰੇ ਅਦਾਲਤ ਪਹੁੰਚੀ। ਉਨ੍ਹਾਂ ਦੇ ਨਾਲ ਵਕੀਲ ਵੀ ਮੌਜੂਦ ਹਨ। ਜੈਕਲੀਨ ਫਰਨਾਂਡੀਜ਼ ਦਾ ਨਾਂ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਵੀ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਅਦਾਕਾਰਾ ਨੇ ਸੁਕੇਸ਼ ਚੰਦਰਸ਼ੇਖਰ ਤੋਂ ਕਾਰ-ਹਾਊਸ ਸਮੇਤ ਮਹਿੰਗੇ ਤੋਹਫ਼ੇ ਲਏ ਹਨ।

ਜੈਕਲੀਨ ਫਰਨਾਂਡੀਜ਼ ਮਨੀ ਲਾਂਡਰਿੰਗ ਨਾਲ ਜੁੜੇ 200 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਫਿਲਹਾਲ ਜ਼ਮਾਨਤ ਤੇ ਹੈ। ਪਿਛਲੇ ਹਫਤੇ ਹੀ, ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਜੈਕਲੀਨ ਨੂੰ 2 ਲੱਖ ਰੁਪਏ ਦੇ ਨਿੱਜੀ ਮੁਚੱਲਕੇ ਅਤੇ ਇੰਨੀ ਹੀ ਰਕਮ ਦੇ ਜ਼ਮਾਨਤੀ ਬਾਂਡ ਤੇ ਜ਼ਮਾਨਤ ਦਿੱਤੀ ਸੀ। ਜੈਕਲੀਨ ਨੂੰ ਕੁੱਲ 4 ਲੱਖ ਰੁਪਏ ਦੇ ਮੁਚਲਕੇ ਤੇ ਜ਼ਮਾਨਤ ਮਿਲ ਗਈ ਹੈ।

ਇਸ ਦੇ ਨਾਲ ਹੀ ਜ਼ਮਾਨਤ ਮਿਲਣ ਦੇ ਬਾਵਜੂਦ ਜੈਕਲੀਨ ਅਦਾਲਤ ਦੇ ਹੁਕਮਾਂ ਤੇ ਹੀ ਵਿਦੇਸ਼ ਜਾ ਸਕੇਗੀ।