ਜੰਮੂ-ਕਸ਼ਮੀਰ ਪੁਲੀਸ ਵਲੋਂ ਸਾਂਬਾ ਵਿੱਚ ਡਰੋਨ ਰਾਹੀਂ ਸੁੱਟੇ ਆਈ ਈ ਡੀ, ਹਥਿਆਰ ਤੇ 5 ਲੱਖ ਰੁਪਏ ਬਰਾਮਦ

ਜੰਮੂ, 24 ਨਵੰਬਰ (ਸ.ਬ.) ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿੱਚ ਪੁਲੀਸ ਨੇ ਅੱਜ ਸਵੇਰੇ ਡਰੋਨ ਜ਼ਰੀਏ ਸਰਹੱਦ ਪਾਰ ਸੁੱਟ ਗਈ ਆਈ. ਈ. ਡੀ., ਹਥਿਆਰਾਂ ਅਤੇ ਨਕਦੀ ਦੀ ਇਕ ਖੇਪ ਬਰਾਮਦ ਕੀਤੀ। ਸੀਨੀਅਰ ਪੁਲੀਸ ਸੁਪਰਡੈਂਟ ਅਭਿਸ਼ੇਕ ਮਹਾਜਨ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਵੀਰਵਾਰ ਸਵੇਰੇ ਕਰੀਬ 6.15 ਵਜੇ ਕੌਮਾਂਤਰੀ ਸਰਹੱਦ ਤੋਂ ਲੱਗਭਗ 5 ਕਿਲੋਮੀਟਰ ਦੂਰ ਰਾਮਗੜ੍ਹ ਅਤੇ ਵਿਜੇਪੁਰ ਵਿਚਾਲੇ ਇਕ ਸ਼ੱਕੀ ਸੀਲਬੰਦ ਪੈਕੇਟ ਵੇਖਿਆ ਅਤੇ ਪੁਲੀਸ ਨੂੰ ਇਸ ਬਾਰੇ ਸੂਚਿਤ ਕੀਤਾ।

ਉਹਨਾਂ ਕਿਹਾ ਕਿ ਸ਼ੱਕੀ ਪੈਕਟ ਵਿੱਚ ਸਟੀਲ ਦੇ ਤਲੇ ਵਾਲਾ ਲੱਕੜ ਦਾ ਇਕ ਬਾਕਸ ਸੀ, ਜਿਸ ਵਿੱਚੋਂ ਬੰਬ ਰੋਕੂ ਦਸਤੇ ਨੇ ਡੇਟੋਨੇਟਰ ਸਮੇਤ 2 ਆਈ. ਈ. ਡੀ., 2 ਚੀਨੀ ਪਿਸਤੌਲਾਂ, 60 ਰਾਊਂਡ ਨਾਲ 4 ਮੈਗਜੀਨ ਅਤੇ 5 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ। ਇਹ ਨਕਦੀ 500 ਰੁਪਏ ਦੇ ਨੋਟਾਂ ਵਿਚ ਹੈ।

ਉਹਨਾਂ ਕਿਹਾ ਕਿ ਇਹ ਸਰਹੱਦ ਪਾਰ ਤੋਂ ਡਰੋਨ ਜ਼ਰੀਏ ਸਾਮਾਨ ਸੁੱਟੇ ਜਾਣ ਦਾ ਮਾਮਲਾ ਹੈ। ਅਸੀਂ ਇਸ ਦੀ ਜਾਂਚ ਕਰ ਰਹੇ ਹਾਂ। ਉਹਨਾਂ ੇ ਕਿਹਾ ਕਿ ਖੇਪ ਦਾ ਇਸਤੇਮਾਲ ਕਿਸੇ ਅਣਹੋਣੀ ਘਟਨਾ ਨੂੰ ਅੰਜ਼ਾਮ ਦੇਣ ਲਈ ਕੀਤਾ ਜਾ ਸਕਦਾ ਸੀ ਪਰ ਪੁਲੀਸ ਨੇ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਮਹਾਜਨ ਨੇ ਦੱਸਿਆ ਕਿ ਖੇਪ ਦੀ ਜਾਣਕਾਰੀ ਦੇਣ ਵਾਲੇ ਸਥਾਨਕ ਲੋਕਾਂ ਅਤੇ ਇਸ ਤੇ ਕਾਰਵਾਈ ਕਰਨ ਵਾਲੇ ਪੁਲੀਸ ਕਰਮੀਆਂ ਨੂੰ ਇਨਾਮ ਦਿੱਤਾ ਜਾਵੇਗਾ।