ਸੁਪਰੀਮ ਕੋਰਟ ਵਲੋਂ ਆਰਟੀਆਈ ਪੋਰਟਲ ਸ਼ੁਰੂ

ਨਵੀਂ ਦਿੱਲੀ, 24 ਨਵੰਬਰ (ਸ.ਬ.) ਸੁਪਰੀਮ ਕੋਰਟ ਦਾ ਆਰਟੀਆਈ ਪੋਰਟਲ ਸ਼ੁਰੂ ਹੋ ਗਿਆ ਹੈ। ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਦੱਸਿਆ ਕਿ ਸੁਪਰੀਮ ਕੋਰਟ ਦਾ ਆਰਟੀਆਈ ਪੋਰਟਲ ਪੂਰੀ ਤਰ੍ਹਾਂ ਤਿਆਰ ਹੈ। ਇਸ ਪੋਰਟਲ ਰਾਹੀਂ ਲੋਕ ਸੁਪਰੀਮ ਕੋਰਟ ਨਾਲ ਜੁੜੀ ਜਾਣਕਾਰੀ ਆਸਾਨੀ ਨਾਲ ਹਾਸਲ ਕਰ ਸਕਣਗੇ।

ਕੋਈ ਵੀ ਆਮ ਨਾਗਰਿਕ ਹੁਣ ਸੂਚਨਾ ਦੇ ਅਧਿਕਾਰ ਤਹਿਤ ਸੁਪਰੀਮ ਕੋਰਟ ਤੋਂ ਜਾਣਕਾਰੀ ਲੈਣ ਲਈ ਆਨਲਾਈਨ ਅਰਜ਼ੀ ਦੇ ਸਕਦਾ ਹੈ। ਆਨਲਾਈਨ ਅਰਜ਼ੀ ਜਮ੍ਹਾਂ ਕਰਾਉਣ ਲਈ ਤੁਹਾਨੂੰ ਪੋਰਟਲ ਰਜਿਸਰ. ਐਸਸੀਆਈ. ਗੋਰਮਿੰਟ. ਇੰਨ/ਆਰਟੀਆਈ-ਐਪ ਤੇ ਜਾਣਾ ਪਵੇਗਾ। ਸੂਚਨਾ ਦੇ ਅਧਿਕਾਰ ਤਹਿਤ ਲੋਕ ਕਈ ਸੰਸਥਾਵਾਂ ਤੋਂ ਜਾਣਕਾਰੀ ਪ੍ਰਾਪਤ ਕਰਦੇ ਹਨ। ਸੁਪਰੀਮ ਕੋਰਟ ਤੋਂ ਜਾਣਕਾਰੀ ਲੈਣ ਦਾ ਤਰੀਕਾ ਵੀ ਲਗਭਗ ਇੱਕੋ ਜਿਹਾ ਹੈ। ਸੁਪਰੀਮ ਕੋਰਟ ਦੀ ਜਾਣਕਾਰੀ ਲੈਣ ਲਈ ਪਹਿਲਾਂ ਬਿਨੈਕਾਰ ਨੂੰ ਇਸ ਵਿੱਚ ਆਪਣਾ ਲੌਗਇਨ ਆਈਡੀ ਬਣਾਉਣਾ ਹੋਵੇਗਾ। ਇਸ ਤੋਂ ਬਾਅਦ ਜੋ ਜਾਣਕਾਰੀ ਮੰਗੀ ਜਾ ਰਹੀ ਹੈ, ਉਸ ਨੂੰ ਫਾਰਮ ਤੇ ਭਰਨਾ ਹੋਵੇਗਾ।

ਦੱਸ ਦੇਈਏ ਕਿ ਸੂਚਨਾ ਅਧਿਕਾਰ ਐਕਟ, 2005 ਦੇ ਤਹਿਤ ਦੇਸ਼ ਦੀ ਸੁਪਰੀਮ ਕੋਰਟ ਵੀ ਇੱਕ ਜਨਤਕ ਦਫ਼ਤਰ ਹੈ। ਨਾਗਰਿਕ ਕਾਨੂੰਨ ਤਹਿਤ ਇਸ ਦੇ ਕੰਮਕਾਜ ਨਾਲ ਸਬੰਧਤ ਜਾਣਕਾਰੀ ਮੰਗ ਸਕਦੇ ਹਨ। 13 ਨਵੰਬਰ 2019 ਨੂੰ ਇੱਕ ਇਤਿਹਾਸਕ ਫੈਸਲੇ ਵਿੱਚ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੇ ਦਫ਼ਤਰ ਨੂੰ ਵੀ ‘ਪਬਲਿਕ ਆਫਿਸ’ ਐਲਾਨ ਦਿੱਤਾ ਗਿਆ ਹੈ। ਅਜਿਹੇ ਵਿੱਚ ਹੁਣ ਨਾਗਰਿਕ ਸੁਪਰੀਮ ਕੋਰਟ ਦੇ ਨਾਲ-ਨਾਲ ਚੀਫ਼ ਜਸਟਿਸ ਨਾਲ ਜੁੜੇ ਸਵਾਲਾਂ ਦੇ ਜਵਾਬ ਵੀ ਹਾਸਲ ਕਰ ਸਕਣਗੇ। ਹਾਲਾਂਕਿ, ਸੁਪਰੀਮ ਕੋਰਟ ਦੇ ਜੱਜਾਂ ਦੀ ਕੰਮਕਾਜੀ ਜਾਣਕਾਰੀ ਨੂੰ ਜਨਤਕ ਨਹੀਂ ਕੀਤਾ ਜਾਵੇਗਾ, ਕਿਉਂਕਿ ਇਸ ਨਾਲ ਕਈ ਪੈਂਡਿੰਗ ਕੇਸ ਪ੍ਰਭਾਵਿਤ ਹੋ ਸਕਦੇ ਹਨ। ਸੁਰੱਖਿਆ ਦੇ ਨਜ਼ਰੀਏ ਤੋਂ ਸੁਪਰੀਮ ਕੋਰਟ ਦੇ ਜੱਜਾਂ ਨਾਲ ਜੁੜੀਆਂ ਕਈ ਜਾਣਕਾਰੀਆਂ ਵੀ ਇਸ ਅਧਿਕਾਰ ਦੇ ਦਾਇਰੇ ਵਿੱਚ ਨਹੀਂ ਆਉਂਦੀਆਂ। ਅਜਿਹੇ ਵਿੱਚ ਲੋਕਾਂ ਨੂੰ ਜਾਣਕਾਰੀ ਮੰਗਣ ਤੋਂ ਪਹਿਲਾਂ ਕਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ।