ਨਗਰ ਨਿਗਮ ਵਲੋਂ ਠੇਕਾ ਦਿੱਤੇ ਜਾਣ ਨਾਲ ਸ਼ਹਿਰ ਵਾਸੀਆਂ ਨੂੰ ਮਿਲੇਗੀ ਆਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਰਾਹਤ : ਕੁਲਜੀਤ ਸਿੰਘ ਬੇਦੀ

ਐਸ ਏ ਐਸ ਨਗਰ, 24 ਨਵੰਬਰ (ਸ.ਬ.) ਪਿਛਲੇ ਕੁੱਝ ਸਮੇਂ ਤੋਂ ਮੁਹਾਲੀ ਸ਼ਹਿਰ ਵਿੱਚ ਗੰਭੀਰ ਹੋ ਚੁੱਕੀ ਆਵਾਰਾ ਪਸ਼ੂਆਂ ਦੀ ਸਮੱਸਿਆ ਦੇ ਹਲ ਹੋਣ ਦੇ ਆਸਾਰ ਬਣ ਰਹੇ ਹਨ। ਇਸ ਸੰਬੰਧੀ ਨਗਰ ਨਿਗਮ ਵਲੋਂ ਆਵਾਰਾ ਪਸ਼ੂਆਂ ਦੀ ਫੜੋ ਫੜਾਈ ਦੇ ਕੰਮ ਦਾ ਠੇਕਾ ਇੱਕ ਨਿੱਜੀ ਕੰਪਨੀ ਨੂੰ ਦੇ ਦਿੱਤਾ ਗਿਆ ਹੈ ਅਤੇ ਇਸ ਠੇਕੇ ਦਾ ਵਰਕ ਆਰਡਰ ਵੀ ਜਾਰੀ ਕਰ ਦਿੱਤਾ ਗਿਆ ਹੈ।

ਨਗਰ ਨਿਗਮ ਦੇ ਡਿਪਟੀ ਮੇਅਰ ਸz. ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਆਵਾਰਾ ਪਸ਼ੂਆਂ ਦੀ ਫੜੋ ਫੜਾਈ ਦਾ ਕੰਮ ਕਰਨ ਵਾਲੇ ਨਗਰ ਨਿਗਮ ਦੇ ਪਿਛਲੇ ਠੇਕੇਦਾਰ ਦੇ ਕੰਮ ਦੀਆਂ ਉਣਤਾਈਆਂ ਦੇ ਕਾਰਨ ਨਿਗਮ ਵਲੋਂ ਉਸਨੂੰ ਬਲੈਕ ਲਿਸਟ ਕਰ ਦਿੱਤਾ ਗਿਆ ਸੀ ਜਿਸ ਕਾਰਨ ਆਵਾਰਾ ਪਸ਼ੂਆਂ ਦੀ ਸਮੰਸਿਆ ਮੁੜ ਵਧਣ ਲੱਗ ਗਈ ਸੀ। ਉਹਨਾਂ ਦੱਸਿਆ ਕਿ ਇਸ ਦੌਰਾਨ ਨਗਰ ਨਿਗਮ ਦੀ ਆਪਣੀ ਟੀਮ ਵਲੋਂ ਆਵਾਰਾ ਪਸ਼ੂਆਂ ਦੀ ਫੜੋ ਫੜਾਈ ਦਾ ਕੰਮ ਕੀਤਾ ਜਾ ਰਿਹਾ ਸੀ ਪਰੰਤੂ ਨਿਗਮ ਵਿੱਚ ਕਰਮਚਾਰੀਆਂ ਦੀ ਘਾਟ ਕਾਰਨ ਸਮੱਸਿਆ ਆ ਰਹੀ ਸੀ ਅਤੇ ਨਿਗਮ ਵਲੋਂ ਆਵਾਰਾ ਪਸ਼ੂਆਂ ਦੀ ਫੜੋ ਫੜਾਈ ਦੇ ਕਮ ਲਈ ਟੈਂਡਰ ਜਾਰੀ ਕੀਤੇ ਗਏ ਸਨ।

ਉਹਨਾਂ ਦੱਸਿਆ ਕਿ ਟੈਂਡਰਾਂ ਦੇ ਆਧਾਰ ਤੇ ਸਭਤੋਂ ਘੱਟ ਰਕਮ ਭਰਨ ਵਾਲੀ ਮਨਜੀਤ ਸਿੰਘ ਅਰਥਮੂਵਰ ਅਤੇ ਕੰਟਰੈਕਟਰ ਨਾਮ ਦੀ ਕੰਪਨੀ ਨੂੰ ਇਹ ਠੇਕਾ ਅਲਾਟ ਕੀਤਾ ਗਿਆ ਹੈ ਅਤੇ ਇਸ ਦਾ ਵਰਕ ਆਰਡਰ ਵੀ ਜਾਰੀ ਕਰ ਦਿੱਤਾ ਗਿਆ ਹੈ ਅਤੇ ਛੇਹੀ ਹੀ ਇਹ ਸਮੱਸਿਆ ਹੱਲ ਹੋ ਜਾਵੇਗੀ।