ਸਾਝਾ ਮੁਲਾਜਮ ਮੰਚ ਵਲੋਂ ਰੋਸ ਪ੍ਰਦਰਸ਼ਨ

ਚੰਡੀਗੜ੍ਹ, 24 ਨਵੰਬਰ (ਸ.ਬ.) ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂ.ਟੀ. ਨੇ ਅੱਜ ਸੈਕਟਰ-17 ਵਿੱਚ ਰੋਸ ਰੈਲੀ ਕੀਤੀ ਗਈ। ਇਸ ਮੌਕੇ ਮੰਚ ਦੇ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ 18 ਨਵੰਬਰ ਨੂੰ ਜਾਰੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਫਾੜੀਆਂ।

ਇਸ ਮੌਕੇ ਸੰਬੋਧਨ ਕਰਦਿਆਂ ਸਾਂਝਾ ਮੁਲਾਜ਼ਮ ਮੰਚ ਚੰਡੀਗੜ੍ਹ ਦੇ ਆਗੂਆਂ ਦਵਿੰਦਰ ਸਿੰਘ ਬੈਨੀਪਾਲ, ਜਸਮਿੰਦਰ ਸਿੰਘ, ਸੰਦੀਪ ਸਿੰਘ ਬਰਾੜ, ਰਾਮ ਧਾਲੀਵਾਲ ਅਤੇ ਸੁਖਚੈਨ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਇਕ ਧੋਖਾ ਹੈ ਅਤੇ ਇਹ ਨੋਟੀਫਿਕੇਸ਼ਨ ਨਾ ਹੋ ਕੇ ਸਿਰਫ ਤੇ ਸਿਰਫ ਇਕ ਲਿਖਤੀ ਭਰੋਸੇ ਤੋਂ ਜਿਆਦਾ ਕੁੱਝ ਵੀ ਨਹੀਂ ਹੈ।

ਉਹਨਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੇ ਗੁਜਰਾਤ ਚੋਣਾਂ ਦੇ ਮੱਦੇਨਜਰ ਇਹ ਪੱਤਰ ਜਾਰੀ ਕੀਤਾ ਅਤੇ ਜਾਣ-ਬੁਝ ਕੇ ਸੀ.ਐਸ.ਆਰ ਦੇ ਨਿਯਮਾ ਨੂੰ ਸੋਧੇ ਬਿਨਾਂ ਅਤੇ ਵਿਸਤਰਿਤ ਪੈਨਸ਼ਨ ਪਾਲਸੀ ਦਾ ਉਲੇਖ ਕੀਤੇ ਬਗੈਰ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ। ਉਹਨਾਂ ਹੈਰਾਨੀ ਪ੍ਰਗਟ ਕੀਤੀ ਕਿ ਇਸ ਪੱਤਰ ਵਿੱਚ ਕਿਸੇ ਵੀ ਮਿਤੀ ਦਾ ਉਲੇਖ ਨਹੀਂ ਕੀਤਾ ਗਿਆ ਕਿ ਇਹ ਲਾਗੂ ਕਦੋ ਤੋਂ ਹੋਣੀ ਹੈ।

ਬੁਲਾਰਿਆ ਨੇ ਮੰਗ ਕੀਤੀ ਕਿ ਸਰਕਾਰ ਗੁਜਰਾਤ ਚੋਣਾਂ ਤੋਂ ਪਹਿਲਾਂ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ ਲੋੜੀਂਦੀਆਂ ਸੋਧਾਂ ਪੂਰੀਆਂ ਕਰ ਕੇ ਨਿਯਮਾਂ ਦੇ ਅਨੁਕੂਲ ਨੋਟੀਫਿਕੇਸ਼ਨ ਜਾਰੀ ਕਰੇ ਜਿਸ ਦਾ ਫਾਇਦਾ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਹੋ ਸਕੇ। ਇਸ ਮੌਕੇ ਪੰਜਾਬ ਸਿਵਲ ਸਕੱਤਰੇਤ ਦੀਆਂ ਮੁਲਾਜ਼ਮ ਐਸੋਸੀਏਸ਼ਨਾਂ ਵੱਲੋਂ ਜਸਪ੍ਰੀਤ ਸਿੰਘ ਰੰਧਾਵਾ, ਮਿਥੁਨ ਚਾਵਲਾ, ਸੁ.ਸ਼ੀਲ ਫੌਜੀ, ਇੰਦਰਪਾਲ ਸਿੰਘ ਭੰਗੂ ਅਤੇ ਸੰਦੀਪ ਮੌਜੂਦ ਸਨ।