ਅਣਪਛਾਤੇ ਹਮਲਾਵਰਾਂ ਨੇ ਸੈਕਟਰ 88 ਵਿੱਚ ਫਾਇਰਿਗ ਕਰਕੇ ਗੱਡੀ ਲੁੱਟੀ ਪੂਰਵਾ ਅਪਾਰਟਮੈਂਟ ਨੇੜੇ ਰਾਤ ਢਾਈ ਵਜੇ ਦੀ ਵਾਰਦਾਤ

ਐਸ ਏ ਐਸ ਨਗਰ, 24 ਨਵੰਬਰ (ਸ.ਬ.) ਬੀਤੀ ਰਾਤ ਢਾਈ ਵਜੇ ਦੇ ਕਰੀਬ ਸੈਕਟਰ 88 ਦੇ ਪੂਰਬ ਅਪਾਰਟਮੈਂਟ ਦੇ ਬਾਹਰ ਚਾਰ ਵਿਅਕਤੀਆਂ ਨੇ ਪਿਸਤੌਲ ਦੀ ਨੋਕ ਤੇ ਇਕ ਕਾਰ ਸਵਾਰ ਤੋਂ ਕਾਰ ਖੋਹ ਲਈ। ਇਸ ਮੌਕੇ ਮੁਲਜਮਾਂ ਵਲੋਂ ਹਵਾਈ ਫਾਇਰਿੰਗ ਵੀ ਕੀਤੀ ਗਈ।

ਇਸ ਸੰਬੰਧੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਹੀਰੋ ਹੋਮਜ ਸੁਸਾਇਟੀ ਵਿੱਚ ਰਹਿਣ ਵਾਲੇ ਹਰਸ਼ਦ ਨੇ ਦੱਸਿਆ ਕਿ ਉਸਨੇ ਟਯੋਟਾ ਕੰਪਨੀ ਦੀ ਕਾਰ ਕਿਰਾਏ ਤੇ ਬੁੱਕ ਕੀਤੀ ਸੀ, ਜਿਸ ਵਿੱਚ ਉਸਨੇ ਹਿਮਾਚਲ ਵਿੱਚ ਘੁੰਮਣ ਜਾਣਾ ਸੀ। ਬੀਤੀ ਰਾਤ ਉਹ ਹਿਮਾਚਲ ਤੋਂ ਬੁੱਧਵਾਰ ਕਾਰ ਬੁੱਕ ਕਰਨ ਤੋਂ ਬਾਅਦ ਦੇਰ ਰਾਤ ਉਹ ਹਿਮਾਚਲ ਦੇ ਮਨਾਲੀ ਤੋਂ ਵਾਪਸ ਆਏ ਸੀ ਅਤੇ ਆਪਣੀਆਂ ਦੋ ਭੈਣਾਂ ਦੇ ਨਾਲ ਸੰਨੀ ਇਨਕਲੇਵ ਖਰੜ ਵੱਲ ਜਾ ਰਹੇ ਸੀ। ਕਾਰ ਉਹ ਖੁਦ ਚਲਾ ਰਿਹਾ ਸੀ।

ਹਰਸ਼ਦ ਅਨੁਸਾਰ ਰਾਹ ਵਿੱਚ ਉਹ ਕੁੱਝ ਖਾਣ ਪੀਣ ਦਾ ਸਾਮਾਨ ਲੈਣ ਲਈ ਪੂਰਬਾ ਅਪਾਰਟਮੈਂਟ ਆਏ ਸੀ ਪਰੰਤੂ ਦੁਕਾਨਾਂ ਬੰਦ ਹੋਣ ਕਾਰਨ ਵਾਪਸ ਸੰਨੀ ਇਨਕਲੇਵ ਜਾ ਰਹੇ ਸਨ ਜਦੋਂ ਉਹਨਾਂ ਦੀ ਗੱਡੀ ਦੇ ਅੱਗੇ ਅਚਾਨਕ ਇੱਕ ਹੌਂਡਾ ਸਿਟੀ ਕਾਰ ਆਈ ਅਤੇ ਉਹਨਾਂ ਨੂੰ ਰੋਕ ਲਿਆ। ਉਸ ਗੱਡੀ ਵਿੱਚ 4-5 ਨੌਜਵਾਨ ਸਵਾਰ ਸਨ ਜਿਹਨਾਂ ਵਿੱਚੋਂ ਇੱਕ ਮੋਨਾ ਨੌਜਵਾਨ ਜਿਸਨੇ ਹੱਥ ਵਿੱਚ ਪਿਸਟਲ ਫੜੀ ਸੀ ਉਸਦੀ ਕਾਰ ਵੱਲ ਆਇਆ ਅਤੇ ਨੇੜੇ ਆ ਕੇ ਹਵਾਈ ਫਾਇਰ ਕੀਤਾ ਅਤੇ ਦੂਜੇ ਨੇ ਕਾਰ ਦੀ ਤਾਕੀ ਖੋਲ ਕੇ ਉਹਨਾਂ ਨੂੰ ਬਾਹਰ ਆਉਣ ਲਈ ਕਿਹਾ ਜਿਸਤੇ ਉਹ ਅਤੇ ਉਸਦੀਆਂ ਭੇਣਾ ਬਾਹਰ ਨਿਕਲ ਆਏ। ਉਕਤ ਨੌਜਵਾਨਾਂ ਨੇ ਉਹਨਾਂ ਦੇ ਮੋਬਾਈਲ ਫੋਨ ਵੀ ਖੋਹ ਲਏ ਅਤੇ ਕਾਰ ਭਜਾ ਕੇ ਲੈ ਗਏ।

ਸੰਪਰਕ ਕਰਨ ਤੇ ਮੁਹਾਲੀ ਦੇ ਐਸ ਪੀ ਡੀ ਸ੍ਰੀ ਅਮਨਦੀਪ ਬਰਾੜ ਨੇ ਦੱਸਿਆ ਕਿ ਕਾਰ ਜੀ ਪੀ ਐਸ ਆਧਾਰਿਤ ਸੀ ਜਿਸਨੂੰ ਬਰਾਮਦ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਪੁਲੀਸ ਨੇ ਇਸ ਮਾਮਲੇ ਵਿੱਚ ਆਈ ਪੀ ਸੀ ਦੀ ਧਾਰਾ 379 ਬੀ, 336 ਅਧੀਨ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲੀਸ ਵਲੋਂ ਮੁਲਜਮਾਂ ਦੀ ਭਾਲ ਕੀਤੀ ਜਾ ਰਹੀ ਹੈ।