ਯੂਪੀ: ਜੇਲ੍ਹ ਵਿੱਚ ਪਤੀ-ਪਤਨੀ ਨੇ ਜ਼ਹਿਰ ਖਾਧਾ, ਔਰਤ ਦੀ ਮੌਤ

ਬਲੀਆ (ਉੱਤਰ ਪ੍ਰਦੇਸ਼), 1 ਦਸੰਬਰ (ਸ.ਬ.) ਇੱਥੋਂ ਦੀ ਜ਼ਿਲ੍ਹਾ ਜੇਲ੍ਹ ਵਿੱਚ ਕੈਦੀ ਅਤੇ ਉਸ ਨੂੰ ਮਿਲਣ ਆਈ ਪਤਨੀ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਕਾਰਨ ਔਰਤ ਦੀ ਮੌਤ ਹੋ ਗਈ। ਕੈਦੀ ਦੀ ਸਿਹਤ ਵਿਗੜ ਗਈ। ਸੂਰਜ ਸਾਹਨੀ (25) ਅਤੇ ਉਸ ਦੀ ਪਤਨੀ ਨੀਲਮ ਸਾਹਨੀ (23) ਨੇ ਜ਼ਿਲ੍ਹਾ ਜੇਲ੍ਹ ਵਿੱਚ ਜ਼ਹਿਰੀਲੇ ਬਿਸਕੁਟ ਖਾ ਲਏ, ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਵਿਗੜ ਗਈ ਅਤੇ ਦੋਵੇਂ ਬੇਹੋਸ਼ ਹੋ ਗਏ। ਦੋਹਾਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਰਾਤ ਨੀਲਮ ਸਾਹਨੀ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦੋਂ ਕਿ ਸੂਰਜ ਸਾਹਨੀ ਨੂੰ ਗੰਭੀਰ ਹਾਲਤ ਵਿਚ ਵਾਰਾਨਸੀ ਸਥਿਤ ਬਨਾਰਸ ਹਿੰਦੂ ਯੂਨੀਵਰਸਿਟੀ (ਬੀਐਚਯੂ) ਦੇ ਟਰਾਮਾ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ। ਸੂਰਜ ਸਾਹਨੀ ਨੇ ਮਾਮੂਲੀ ਝਗੜੇ ਦੌਰਾਨ ਆਪਣੇ ਰਿਸ਼ਤੇਦਾਰ ਦਾ ਕਤਲ ਕਰ ਦਿੱਤਾ ਸੀ। ਉਸ ਨੂੰ 7 ਜੂਨ, 2021 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਦੋਂ ਤੋਂ ਉਹ ਨਿਆਂਇਕ ਹਿਰਾਸਤ ਵਿੱਚ ਹੈ।