ਸੈਕਟਰ 69 ਦੇ ਵੱਡੇ ਹਿੱਸੇ ਦੇ ਵਸਨੀਕਾਂ ਨੂੰ ਗਮਾਡਾ ਵੱਲੋਂ ਰਾਖਵਾਂ ਰੱਖਿਆ ਗਿਆ ਰਸਤਾ ਮੁਹੱਈਆ ਕਰਵਾਉਣ ਦੀ ਮੰਗ ਕੌਂਸਲਰ ਕੁਲਦੀਪ ਕੌਰ ਧਨੋਆ ਦੀ ਅਗਵਾਈ ਵਿੱਚ ਵਫਦ ਗਮਾਡਾ ਅਧਿਕਾਰੀਆਂ ਨੂੰ ਮਿਲਿਆ

ਐਸ ਏ ਐਸ ਨਗਰ, 3 ਦਸੰਬਰ (ਸ.ਬ.) ਸੈਕਟਰ 69 ਦੇ ਵੱਡੇ ਹਿੱਸੇ ਦੇ ਵਸਨੀਕਾਂ ਨੂੰ ਗਮਾਡਾ ਵੱਲੋਂ ਰਾਖਵਾਂ ਰੱਖਿਆ ਗਿਆ ਰਸਤਾ ਮੁਹੱਈਆ ਕਰਵਾਉਣ ਸਬੰਧੀ ਕੌਂਸਲਰ ਕੁਲਦੀਪ ਕੌਰ ਧਨੋਆ ਦੀ ਅਗਵਾਈ ਵਿੱਚ ਸੈਕਟਰ 69 ਦੇ ਵਸਨੀਕਾਂ ਦੇ ਇੱਕ ਵਫਦ ਵੱਲੋਂ ਗਮਾਡਾ ਦੇ ਮੁੱਖ ਪ੍ਰਸ਼ਾਸਕ ਅਤੇ ਟਾਊਨ ਪਲੈਨਰ ਨੂੰ ਮਿਲ ਕੇ ਮੰਗ ਕੀਤੀ ਗਈ ਕਿ ਬਿਨਾ ਦੇਰੀ ਇਹ ਰਸਤਾ ਵਸਨੀਕਾਂ ਲਈ ਜਲਦੀ ਖੁਲਵਾਇਆ ਜਾਵੇ।

ਇਸ ਮੌਕੇ ਕੌਂਸਲਰ ਧਨੋਆ ਨੇ ਗਮਾਡਾ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਕਿ ਸੈਕਟਰ 69 ਨੂੰ ਵਸੇ ਹੋਏ ਨੂੰ ਲਗਭਗ 20 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਪਰ ਬੜੀ ਦੁਖਦਾਈ ਗੱਲ ਹੈ ਕਿ ਸੈਕਟਰ 69 ਦੇ ਵੱਡੇ ਹਿੱਸੇ ਦੇ ਵਸਨੀਕਾਂ ਨੂੰ ਗਮਾਡਾ ਵੱਲੋਂ ਰਾਖਵਾਂ ਰੱਖਿਆ ਗਿਆ ਰਸਤਾ ਅਜੇ ਤੱਕ ਮੁਹੱਈਆ ਨਹੀਂ ਕਰਵਾਇਆ ਗਿਆ। ਉਹਨਾਂ ਕਿਹਾ ਕਿ ਰਾਖਵੇਂ ਰਸਤੇ ਉੱਤੇ ਕਬਜੇ ਹੋਣ ਕਾਰਨ ਗਮਾਡਾ ਨੇ ਆਰਜੀ ਰਸਤਾ ਦਿੱਤਾ ਹੋਇਆ ਹੈ ਜਿੱਥੇ ਕਿ ਅਕਸਰ ਹਾਦਸੇ ਹੁੰਦੇ ਰਹਿੰਦੇ ਹਨ। ਲੋਕਾਂ ਨੂੰ ਮਜਬੂਰਨ ਉਸ ਜਗ੍ਹਾ ਤੋਂ ਲੰਘਣਾ ਪੈ ਰਿਹਾ ਹੈ ਹੁਣ ਨਾਜਾਇਜ਼ ਕਬਜੇ ਖਤਮ ਹੋਏ ਨੂੰ ਵੀ ਲਗਭਗ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਅਤੇ ਇਲਾਕਾ ਵਾਸੀਆਂ ਵਲੋਂ ਗਮਾਡਾ ਦੇ ਅਧਿਕਾਰੀਆਂ ਦਾ ਇਸ ਸਮੱਸਿਆ ਵੱਲ ਧਿਆਨ ਦਿਵਾਇਆ ਗਿਆ ਹੈ ਪਰ ਕੋਈ ਵੀ ਕਾਰਵਾਈ ਨਹੀਂ ਹੋਈ।

ਉਹਨਾਂ ਦਸਿਆ ਕਿ ਮੁੱਖ ਪ੍ਰਸ਼ਾਸਕ ਵੱਲੋਂ ਵਸਨੀਕਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਰਸਤੇ ਵਿੱਚ ਆਉਂਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਪਹਿਲਾਂ ਤੋਂ ਹੀ ਅਲਾਟ ਕੀਤੀ ਹੋਈ ਜਗ੍ਹਾ ਉੱਤੇ ਸ਼ਿਫਟ ਕਰਕੇ ਵਸਨੀਕਾਂ ਲਈ ਜਲਦ ਹੀ ਮਾਸਟਰ ਪਲੈਨ ਮੁਤਾਬਿਕ ਇਹ ਰਸਤਾ ਖੁਲਵਾ ਦਿੱਤਾ ਜਾਵੇਗਾ।

ਵਫਦ ਵਿੱਚ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ, ਗੁਰਦੀਪ ਸਿੰਘ ਅਟਵਾਲ, ਅਵਤਾਰ ਸਿੰਘ ਸੈਣੀ, ਕਰਮ ਸਿੰਘ ਮਾਵੀ, ਕਿਰਪਾਲ ਸਿੰਘ ਲਿਬੜਾ, ਕੈਪਟਨ ਮੱਖਣ ਸਿੰਘ, ਸ਼ਰਨਜੀਤ ਸਿੰਘ ਨਈਅਰ, ਮੇਜਰ ਸਿੰਘ, ਕੁਲਵੀਰ ਸਿੰਘ ਆਦਿ ਹਾਜਰ ਸਨ।