ਨਗਰ ਨਿਗਮ ਦੀ ਟੀਮ ਨੇ ਮਟੌਰ ਵਿੱਚ ਹਟਾਏ ਨਾਜਾਇਜ਼ ਕਬਜੇ

ਐਸ ਏ ਐਸ ਨਗਰ, 3 ਦਸੰਬਰ (ਪਵਨ ਰਾਵਤ) ਨਗਰ ਨਿਗਮ ਮੁਹਾਲੀ ਦੀ ਨਾਜਾਇਜ਼ ਕਬਜੇ ਹਟਾਉਣ ਵਾਲੀ ਟੀਮ ਵਲੋਂ ਨਾਜਾਇਜ਼ ਕਬਜੇ ਹਟਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਪਿੰਡ ਮਟੌਰ ਵਿੱਚ ਨਾਜਾਇਜ਼ ਕਬਜੇ ਹਟਾਉਣ ਦੀ ਕਾਰਵਾਈ ਅੱਜ ਵੀ ਜਾਰੀ ਰਹੀ ਅਤੇ ਨਗਰ ਨਿਗਮ ਦੀ ਟੀਮ ਵਲੋਂ ਜੇ ਸੀ ਬੀ ਦੀ ਸਹਾਇਤਾ ਨਾਲ ਦੁਕਾਨਾਂ ਦੇ ਬਾਹਰ ਬਣੇ ਥੜੇ ਢਾਹ ਦਿਤੇ ਗਏ। ਇਸਦੇ ਨਾਲ ਨਾਲ ਦੁਕਾਨਾਂ ਦੇ ਬਾਹਰ ਬਣਾਏ ਸ਼ੈਡ ਵੀ ਹਟਾ ਦਿਤੇ ਗਏ।

ਇਸ ਦੌਰਾਨ ਕੁਝ ਦੁਕਾਨਦਾਰਾਂ ਵਲੋਂ ਨਗਰ ਨਿਗਮ ਦੀ ਟੀਮ ਨੂੰ ਵੇਖ ਕੇ ਆਪਣੀਆਂ ਦੁਕਾਨਾਂ ਦੇ ਅੱਗੇ ਬਣੇ ਸ਼ੈਡ ਖੁਦ ਹੀ ਹਟਾ ਦਿਤੇ। ਇਸ ਦੌਰਾਨ ਇਹ ਵੀ ਵੇਖਣ ਵਿਚ ਆਇਆ ਕਿ ਨਗਰ ਨਿਗਮ ਦੀ ਟੀਮ ਵਲੋਂ ਪਹਿਲਾਂ ਕੁੱਝ ਰਸੂਖਦਾਰਾਂ ਦੇ ਨਾਜਾਇਜ ਕਬਜਿਆਂ ਨੂੰ ਛੱਡ ਦਿੱਤਾ ਗਿਆ ਪਰੰਤੂ ਉੱਥੇ ਜਦੋਂ ਇਲਾਕਾ ਵਾਸੀ ਇਕਠੇ ਹੋ ਗਏ ਅਤੇ ਲੋਕਾਂ ਵਲੋਂ ਨਗਰ ਨਿਗਮ ਦੀ ਟੀਮ ਤੇ ਨਿਰਪੱਖ ਕਾਰਵਾਈ ਕਰਨ ਲਈ ਦਬਾਓ ਪਾਏ ਜਾਣ ਤੋਂ ਬਾਅਦ ਨਿਗਮ ਦੀ ਟੀਮ ਨੇ ਪਹਿਲਾਂ ਛੱਡੇ ਨਾਜਾਇਜ਼ ਕਬਜਿਆਂ ਨੂੰ ਵੀ ਹਟਾ ਦਿੱਤਾ।