ਮੁਹਾਲੀ ਵਿੱਚ ਆਵਾਰਾ ਪਸ਼ੂਆਂ ਦੀ ਭਰਮਾਰ

ਐਸ ਏ ਐਸ ਨਗਰ, 5 ਦਸੰਬਰ (ਪਵਨ ਰਾਵਤ) ਮੁਹਾਲੀ ਸ਼ਹਿਰ ਵਿਚ ਆਵਾਰਾ ਪਸ਼ੂਆਂ ਦੀ ਸਮੱਸਿਆ ਗੰਭੀਰ ਹੋ ਗਈ ਹੈ ਅਤੇ ਇਹ ਆਵਾਰਾ ਪਸ਼ੂ ਵਸਨੀਕਾਂ ਲਈ ਭਾਰੀ ਪਰੇਸ਼ਾਨੀ ਦਾ ਕਾਰਨ ਬਣ ਰਹੇ ਹਨ।

ਇਹ ਆਵਾਰਾ ਪਸ਼ੂ ਹਰ ਦਿਨ ਹਰ ਸੜਕ ਤੇ ਵੱਡੀ ਗਿਣਤੀ ਵਿਚ ਘੁੰਮਦੇ ਰਹਿੰਦੇ ਹਨ। ਇਹਨਾਂ ਕਾਰਨ ਆਵਾਜਾਈ ਵਿੱਚ ਵੀ ਵਿਘਨ ਪੈਂਦਾ ਹੈ ਅਤੇ ਕਈ ਵਾਰ ਹਾਦਸੇ ਵਾਪਰਨ ਦਾ ਖਤਰਾ ਪੈਦਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਕੁਝ ਪਸ਼ੂ ਪ੍ਰੇਮੀ ਇਹਨਾਂ ਨੂੰ ਰੋਟੀ ਅਤੇ ਹੋਰ ਖਾਣ ਪੀਣ ਦਾ ਸਮਾਨ ਪਾ ਦਿੰਦੇ ਹਨ, ਜਿਸ ਕਰਕੇ ਆਵਾਰਾ ਪਸ਼ੂਆਂ ਦੇ ਝੁੰਡ ਇਕੱਠੇ ਹੋ ਜਾਂਦੇ ਹਨ। ਇਸ ਤੋਂ ਇਲਾਵਾ ਇਹ ਪਸ਼ੂ ਆਪਸ ਵਿਚ ਲੜਾਈ ਝਗੜਾ ਕਰਦੇ ਰਹਿੰਦੇ ਹਨ।

ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਆਵਾਰਾ ਪਸ਼ੂਆਂ ਦੀ ਸਮੱਸਿਆ ਹੱਲ ਕਰਨ ਵਿੱਚ ਨਗਰ ਨਿਗਮ ਮੁਹਾਲੀ ਪੂਰੀ ਤਰ੍ਹਾਂ ਫੇਲ ਹੋ ਗਿਆ ਹੈ, ਜਿਸ ਕਾਰਨ ਇਹਨਾਂ ਪਸ਼ੂਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਤੋਂ ਇਲਾਵਾ ਇਹ ਪਸ਼ੂ ਪੌਦਿਆਂ ਨੂੰ ਖਾ ਜਾਂਦੇ ਹਨ ਅਤੇ ਲੋਕਾਂ ਦੇ ਮਕਾਨਾਂ ਅੱਗੇ ਮਲ ਮੂਤਰ ਕਰਕੇ ਗੰਦਗੀ ਫੈਲਾ ਦਿੰਦੇ ਹਨ। ਉਹਨਾਂ ਮੰਗ ਕੀਤੀ ਕਿ ਇਹਨਾਂ ਪਸ਼ੂਆਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ।