ਏਡਜ਼ ਤੋਂ ਬਚਾਅ ਲਈ ਜਾਗਰੂਕਤਾ ਬਹੁਤ ਜ਼ਰੂਰੀ : ਸਿਵਲ ਸਰਜਨ

ਐਸ ਏ ਐਸ ਨਗਰ, 5 ਦਸੰਬਰ (ਸ.ਬ.) ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਕਿਹਾ ਹੈ ਕਿ ਏਡਜ਼ ਤੋਂ ਬਚਾਅ ਲਈ ਜਾਗਰੂਕਤਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਵਿਸ਼ਵ ਏਡਜ਼ ਦਿਵਸ ਦੇ ਸਬੰਧ ਵਿਚ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਲਗਾਤਾਰ ਜਾਗਰੂਕਤਾ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ।

ਇੱਥੇ ਜਾਰੀ ਇੱਕ ਬਿਆਨ ਵਿੱਚ ਉਹਨਾਂ ਕਿਹਾ ਕਿ ਵਿਸ਼ਵ ਏਡਜ਼ ਦਿਵਸ ਹਰ ਸਾਲ 1 ਦਸੰਬਰ ਨੂੰ ਮਨਾਇਆ ਜਾਂਦਾ ਹੈ ਅਤੇ ਜਾਗਰੂਕਤਾ ਸਰਗਰਮੀਆਂ ਹਫ਼ਤਾ ਭਰ ਚਲਦੀਆਂ ਹਨ। ਉਹਨਾਂ ਕਿਹਾ ਕਿ ਇਸ ਮਾਰੂ ਰੋਗ ਤੋਂ ਬਚਾਅ ਲਈ ਜਾਗਰੂਕਤਾ ਅਤੇ ਸਵਾਧਾਨੀਆਂ ਵਰਤਣਾ ਜ਼ਰੂਰੀ ਹੈ। ਇਸ ਬਿਮਾਰੀ ਬਾਰੇ ਜਾਗਰੂਕਤਾ ਦੀ ਕਮੀ ਹੋਣਾ, ਮਰੀਜ਼ ਅੰਦਰ ਇਸ ਬਿਮਾਰੀ ਪ੍ਰਤੀ ਡਰ ਤੇ ਪੀੜਤ ਦਾ ਸਮਾਜਕ ਬਾਈਕਾਟ ਬਹੁਤ ਹੀ ਚਿੰਤਾਜਨਕ ਹੈ ਤੇ ਇਹ ਪੀੜਤ ਦੀ ਹਾਲਤ ਨੂੰ ਹੋਰ ਵੀ ਦੁਖਦ ਬਣਾ ਦਿੰਦਾ ਹੈ।

ਉਨ੍ਹਾਂ ਦੱਸਿਆ ਕਿ ਪੀੜਤ ਨਾਲ ਭੇਦਭਾਵ ਨਹੀਂ ਕਰਨਾ ਚਾਹੀਦਾ ਅਤੇ ਏਡਜ਼ ਦੇ ਫੈਲਾਅ ਬਾਰੇ ਜੋ ਗਲਤ ਧਾਰਨਾਵਾਂ ਹਨ, ਉਨ੍ਹਾਂ ਤੋਂ ਬਚਣਾ ਚਾਹੀਦਾ ਹੈ। ਏਡਜ਼ ਪੀੜਤ ਨੂੰ ਛੂਹਣ ਨਾਲ, ਹੱਥ ਮਿਲਾਉਣ ਨਾਲ, ਉਹਦੇ ਦੁਆਰਾ ਵਰਤੇ ਗਏ ਭਾਂਡਿਆਂ ਵਿਚ ਖਾਣਾ ਖਾਣ ਨਾਲ ਜਾਂ ਫੇਰ ਉਨ੍ਹਾਂ ਦੁਆਰਾ ਵਰਤੇ ਗਏ ਉਪਕਰਣਾਂ ਦੇ ਇਸਤੇਮਾਲ ਨਾਲ ਏਡਜ਼ ਬਿਲਕੁਲ ਨਹੀਂ ਹੁੰਦਾ। ਇਹ ਸਭ ਗ਼ਲਤ ਧਾਰਨਾਵਾਂ ਹਨ।

ਉਨ੍ਹਾਂ ਕਿਹਾ ਕਿ 13 ਤੋਂ 64 ਸਾਲ ਦੇ ਹਰ ਬੰਦੇ ਨੂੰ ਐਚ.ਆਈ.ਵੀ. ਟੈਸਟ ਕਰਵਾਉਣਾ ਚਾਹੀਦਾ ਹੈ ਜੋ ਵੱਖ ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿਚ ਬਿਲਕੁਲ ਮੁਫ਼ਤ ਹੁੰਦਾ ਹੈ।