11 ਸਾਲ ਪਹਿਲਾਂ ਖੁਦਕੁਸ਼ੀ ਕਰਨ ਵਾਲੇ ਈ.ਟੀ.ਓ ਰਣਜੀਤ ਸਿੰਘ ਦੇ ਪਰਿਵਾਰ ਨੂੰ ਕੇਸ ਵਾਪਸ ਲੈਣ ਲਈ ਦਿੱਤੀਆਂ ਜਾ ਰਹੀਆਂ ਹਨ ਧਮਕੀਆਂ ਪਰਿਵਾਰ ਦਾ ਇਲਜਾਮ : ਪੁਲੀਸ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਨਹੀਂ ਹੋਈ ਕੋਈ ਕਾਰਵਾਈ

ਐਸ ਏ ਐਸ ਨਗਰ, 5 ਦਸੰਬਰ (ਸ.ਬ.) ਸਥਾਨਕ ਫੇਜ਼ 2 ਦੇ ਵਸਨੀਕ ਈਟੀਓ ਰਣਜੀਤ ਸਿੰਘ ਨੇ ਸਾਲ 2011 ਵਿੱਚ ਸਲਫਾਜ਼ ਖਾ ਕੇ ਖੁਦਕੁਸ਼ੀ ਕਰ ਲਈ ਸੀ। ਖ਼ੁਦਕੁਸ਼ੀ ਦਾ ਕਾਰਨ ਵਿਜੀਲੈਂਸ ਵੱਲੋਂ ਉਸ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਸੀ।

ਈ ਟੀ ਓ ਰਣਜੀਤ ਸਿੰਘ ਦੀ ਖ਼ੁਦਕੁਸ਼ੀ ਤੋਂ ਬਾਅਦ ਉਸ ਦੀ ਪਤਨੀ ਮਨਜੀਤ ਕੌਰ ਨੇ ਆਪਣੇ ਪਤੀ ਨੂੰ ਬੇਕਸੂਰ ਠਹਿਰਾਉਣ ਅਤੇ ਉਸ ਖ਼ਿਲਾਫ਼ ਝੂਠੇ ਕੇਸ ਦਰਜ ਕਰਨ ਵਾਲਿਆਂ ਖ਼ਿਲਾਫ਼ ਲੰਬੀ ਲੜਾਈ ਲੜੀ। ਜਿਸ ਤੋਂ ਬਾਅਦ ਪੁਲੀਸ ਨੇ ਤਤਕਾਲੀ ਐਸਪੀ ਵਿਜੀਲੈਂਸ ਅਮਨਦੀਪ ਕੌਰ, ਉਸਦੇ ਰੀਡਰ ਹਰਵਿੰਦਰ ਸਿੰਘ, ਵਪਾਰੀ ਰਜਿੰਦਰ ਗੋਪੀ, ਵਪਾਰੀ ਰਾਜੀਵ ਸੂਦ ਅਤੇ ਵਪਾਰੀ ਪਰਮਜੀਤ ਸਿੰਘ ਦੇ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਸੀ।

ਹੁਣ ਈ ਟੀ ਓ ਦੀ ਪਤਨੀ ਮਨਜੀਤ ਕੌਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਆਪਣੇ ਵੱਲੋਂ ਦਰਜ ਕੀਤਾ ਕੇਸ ਵਾਪਸ ਲੈ ਕੇ ਆਪਣੇ ਬਿਆਨ ਵਾਪਸ ਲਵੇ, ਨਹੀਂ ਤਾਂ ਉਸ ਨੂੰ ਵੀ ਉਸ ਦੇ ਪਤੀ ਕੋਲ ਭੇਜ ਦਿੱਤਾ ਜਾਵੇਗਾ। ਇਸ ਸੰਬੰਧੀ ਈ ਟੀ ਓ ਦੀ ਪਤਨੀ ਮਨਜੀਤ ਕੌਰ ਵਲੋਂ ਐਸ ਐਸ ਪੀ ਮੁਹਾਲੀ ਨੂੰ ਸ਼ਿਕਾਇਤ ਦਿੱਤੇ ਜਾਣੇ ਦੇ ਦੋ ਹਫਤਿਆਂ ਬਾਅਦ ਵੀ ਕੋਈ ਕਾਰਵਾਈ ਨਾ ਹੋਣ ਕਾਰਨ ਪਰਿਵਾਰ ਸਹਿਮ ਦੇ ਸਾਏ ਹੇਠ ਹੈ।

ਇਸ ਸੰਬੰਧੀ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਈਟੀਓ ਰਣਜੀਤ ਸਿੰਘ ਦੀ ਪਤਨੀ ਮਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੀ 14 ਨਵੰਬਰ ਨੂੰ ਵਟਸਐਪ ਕਾਲ ਆਈ ਸੀ। ਜਿਸ ਵਿੱਚ ਫੋਨ ਕਰਨ ਵਾਲੇ ਨੇ ਕਿਹਾ ਕਿ ਤੁਸੀਂ ਐਸਪੀ ਵਿਰੁੱਧ ਲੜ ਰਹੇ ਕੇਸ ਵਿੱਚੋਂ ਹਟ ਜਾਓ, ਨਹੀਂ ਤਾਂ ਨਤੀਜਾ ਮਾੜਾ ਹੋਵੇਗਾ ਅਤੇ ਤੁਸੀਂ ਥੋੜ੍ਹੇ ਸਮੇਂ ਵਿੱਚ ਖਤਮ ਹੋ ਜਾਵੋਗੇ। ਜਿਸ ਤੇ ਉਨ੍ਹਾਂ ਨੇ ਜਵਾਬ ਦਿੱਤਾ ਕਿ ਉਹ ਪਿੱਛੇ ਨਹੀਂ ਹਟਣਗੇ, ਤੁਸੀਂ ਜੋ ਚਾਹੋ ਕਰ ਸਕਦੇ ਹੋ।

ਮਨਜੀਤ ਕੌਰ ਨੇ ਦੱਸਿਆ ਕਿ ਇਹ ਧਮਕੀ ਭਰੀ ਕਾਲ ਮਿਲਣ ਤੋਂ ਬਾਅਦ ਉਸ ਨੇ ਐਸਐਸਪੀ ਮੁਹਾਲੀ ਨੂੰ ਮਿਲ ਕੇ ਇਸ ਦੀ ਸ਼ਿਕਾਇਤ ਕੀਤੀ ਸੀ ਅਤੇ ਉਹ ਨੰਬਰ ਵੀ ਦਿੱਤਾ ਸੀ ਜਿਸ ਤੋਂ ਉਸ ਨੂੰ ਕਾਲ ਆਈ ਸੀ। ਪਰ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਹੋਈ ਹੈ। ਉਹਨਾਂ ਮੰਗ ਕੀਤੀ ਕਿ ਉਹਨਾਂ ਨੂੰ ਧਮਕੀਆਂ ਦੇਣ ਵਾਲੇ ਵਿਅਕਤੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।