ਚੋਰੀ ਦੀਆਂ 100 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਅੰਤਰਰਾਜੀ ਚੋਰ ਕਾਬੂ 4 ਲੱਖ ਦੀ ਨਕਦੀ, ਐਕਟਿਵਾ, ਹੀਰੇ ਅਤੇ ਸੋਨੇ ਦੇ ਗਹਿਣਿਆਂ ਦੇ ਕਈ ਸੈਟ ਵੀ ਬਰਾਮਦ

ਐਸ. ਏ. ਐਸ. ਨਗਰ, 5 ਦਸੰਬਰ (ਸ.ਬ.) ਮੁਹਾਲੀ ਪੁਲੀਸ ਵਲੋਂ ਚੋਰੀ ਦੀਆਂ 100 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅੰਤਰਰਾਜੀ ਚੋਰ ਰਵੀ ਉਰਫ ਪੁਜਾਰੀ ਵਾਸੀ ਨੇੜੇ ਮੰਦਿਰ ਮਹਾਦੇਵ ਕਲੋਨੀ ਸੂਰਜਪੁਰ ਥਾਣਾ ਪਿੰਜੋਰ ਨੂੰ ਗ੍ਰਿਫਤਾਰ ਕੀਤਾ ਹੈ। ਐਸ ਐਸ ਪੀ ਮੁਹਾਲੀ ਡਾ ਸੰਦੀਪ ਗਰਗ ਨੇ ਅੱਜ ਬਾਅਦ ਦੁਪਹਿਰ ਇੱਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਇਸ ਚੋਰ ਨੂੰ ਮੁਹਾਲੀ ਪੁਲੀਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਦੌਰਾਨ ਐਸ ਪੀ ਇਨਵੈਸਟੀਗੇਸ਼ਨ ਅਮਨਦੀਪ ਸਿੰਘ ਬਰਾੜ ਅਤੇ ਡੀ ਐਸ ਪੀ ਸz. ਗੁਰਸ਼ੇਰ ਸਿੰਘ ਦੀ ਅਗਵਾਈ ਹੇਠ ਇੰਸ. ਸ਼ਿਵ ਕੁਮਾਰ ਇੰਚਾਰਜ ਸੀ. ਆਈ. ਏ. ਸਟਾਫ ਮੁਹਾਲੀ ਅਤੇ ਇੰਸ. ਸੁਮਿਤ ਮੋਰ ਮੁਖ ਅਫਸਰ ਥਾਣਾ ਫੇਜ਼-1 ਮੁਹਾਲੀ ਦੀ ਟੀਮ ਵੱਲੋਂ ਕਾਬੂ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਬੀਤੀ 12-13 ਨਵਬੰਰ ਦੀ ਦਰਮਿਆਨੀ ਰਾਤ ਨੂੰ ਫੇਜ਼ 2 ਦੇ ਵਸਨੀਕ ਸੰਜੀਵ ਗਰਗ ਦੇ ਘਰ ਚੋਰੀ ਦੀ ਵਾਰਦਾਤ ਹੋਈ ਸੀ। ਉਸ ਵੇਲੇ ਸੰਜੀਵ ਗਰਗ ਆਪਣੇ ਪਰਿਵਾਰ ਸਮੇਤ ਘਰ ਦੀ ਪਹਿਲੀ ਮੰਜਿਲ ਤੇ ਸੁੱਤੇ ਸੀ ਅਤੇ ਅਗਲੇ ਦਿਨ ਉਹਨਾਂ ਨੇ ਵੇਖਿਆ ਕਿ ਹੇਠਲੀ ਮੰਜਿਲ ਤੇ ਕਮਰਾ ਖੁੱਲਾ ਪਿਆ ਸੀ, ਅਲਮਾਰੀ ਦੇ ਤਾਲੇ ਟੁੱਟੇ ਹੋਏ ਸੀ ਅਤੇ ਨਕਦੀ/ਸੋਨੇ ਦੇ ਗਹਿਣੇ ਅਲਮਾਰੀ ਵਿੱਚ ਨਹੀਂ ਸਨ। ਇਸ ਸੰਬੰਧੀ ਪੁਲੀਸ ਵਲੋਂ ਆਈ ਪੀ ਸੀ ਦੀ ਧਾਰਾ 457, 380, 483, 411 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਮਾਮਲੇ ਦੀ ਤਫਤੀਸ਼ ਦੌਰਾਨ ਰਵੀ ਕੁਮਾਰ ਉਰਫ ਵਿਜੈ ਉਰਫ ਬਾਬਾ ਵਾਸੀ ਨੇੜੇ ਮੰਦਿਰ ਮਹਾਦੇਵ ਕਾਲੋਨੀ ਸੂਰਜਪੁਰ ਥਾਣਾ ਪਿੰਜੋਰ ਹਰਿਆਣਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਇਸ ਵਿਅਕਤੀ ਦੇ ਖਿਲਾਫ ਪਹਿਲਾ ਵੀ ਚੋਰੀ ਦੇ ਕਰੀਬ 35 ਮੁਕੱਦਮੇ ਪੰਚਕੂਲਾ, ਚੰਡੀਗੜ੍ਹ, ਪਿੰਜੋਰ ਅਤੇ ਮੁਹਾਲੀ ਦੇ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ। ਇਹ ਵਿਅਕਤੀ ਅਪ੍ਰੈਲ 2022 ਵਿੱਚ ਅੰਬਾਲਾ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਕਰੀਬ ਮੁਹਾਲੀ ਵਿੱਚ ਕਈ ਚੋਰੀਆਂ ਨੂੰ ਅੰਜਾਮ ਦੇ ਚੁੱਕਾ ਹੈ।

ਉਹਨਾਂ ਦੱਸਿਆ ਕਿ ਇਸ ਵਿਅਕਤੀ ਤੋਂ ਪੁਲੀਸ ਨੇ 4 ਲੱਖ ਰੁਪਏ ਨਕਦ, ਇੱਕ ਐਕਟਿਵਾ ਸਕੂਟਰ (ਜੋ ਜੀਰਕਪੁਰ ਤੋਂ ਚੋਰੀ ਹੋਇਆ ਸੀ), ਹੀਰੇ ਅਤੇ ਸੋਨੇ ਗਹਿਣਿਆਂ ਦੇ ਡੇਢ ਦਰਜਨ ਦੇ ਕਰੀਬ ਸੈਟ ਵੀ ਬਰਾਮਦ ਹੋਏ ਹਨ। ਉਹਨਾਂ ਦੱਸਿਆ ਕਿ ਪੁਲੀਸ ਵਲੋਂ ਪੂਰੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਇਸ ਵਿਅਕਤੀ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।