ਦੁਨੀਆਂ ਦਾ ਸਭ ਤੋਂ ਤੇਜ਼ ਦੌੜਾਕ ਉਸੈਨ ਬੋਲਟ ਅਚਾਨਕ ਹੋਇਆ ਕੰਗਾਲ ਖਾਤੇ ਵਿਚੋਂ ਗਾਇਬ ਹੋਏ 98 ਕਰੋੜ ਰੁਪਏ

ਜਮੈਕਾ, 19 ਜਨਵਰੀ (ਸ.ਬ.) ਦੁਨੀਆਂ ਦੇ ਸਭ ਤੋਂ ਤੇਜ਼ ਦੌੜਾਕਾਂ ਵਿੱਚੋਂ ਇੱਕ ਜਮੈਕਾ ਦਾ ਉਸੈਨ ਬੋਲਟ ਅਚਾਨਕ ਕੰਗਾਲ ਹੋ ਗਿਆ ਹੈ। ਉਸਦੀ ਕਮਾਈ ਅਤੇ ਰਿਟਾਇਰਮੈਂਟ ਦੇ ਪੈਸੇ ਗਾਇਬ ਹੋ ਗਏ ਹਨ। ਪ੍ਰਾਪਤ ਰਿਪੋਰਟਾਂ ਅਨੁਸੋਾਰ ਦੁਨੀਆਂ ਦੇ ਮਹਾਨ ਦੌੜਾਕਾਂ ਨੂੰ ਪਿੱਛੇ ਛੱਡਦੇ ਹੋਏ ਓਲੰਪਿਕ ਖੇਡਾਂ ਵਿਚ 8 ਵਾਰ ਸੋਨ ਤਮਗਾ ਜਿੱਤਣ ਵਾਲੇ ਉਸੈਨ ਬੋਲਟ ਦੇ ਖਾਤੇ ਵਿਚੋਂ 98 ਕਰੋੜ ਰੁਪਏ ਗੁੰਮ ਹੋ ਗਏ ਹਨ। ਉਸਦਾ ਖਾਤਾ ਸਟਾਕਸ ਐਂਡ ਸਕਿਓਰਿਟੀਜ਼ ਲਿਮਟਿਡ (ਐਸਐਸਐਲ) ਕੰਪਨੀ ਵਿੱਚ ਸੀ।

ਦੂਜੇ ਪਾਸੇ ਬੋਲਟ ਦੇ ਵਕੀਲ ਨੇ ਕੰਪਨੀ ਨੂੰ ਪੱਤਰ ਭੇਜ ਕੇ ਆਪਣੇ ਪੈਸੇ ਜਮ੍ਹਾ ਕਰਵਾਉਣ ਲਈ ਕਿਹਾ ਹੈ। ਵਕੀਲ ਨੇ ਪੱਤਰ ਵਿੱਚ ਲਿਖਿਆ ਕਿ ਜੇਕਰ ਇਹ ਸੱਚ ਹੈ ਤਾਂ ਅਜਿਹਾ ਨਹੀਂ ਹੋਣਾ ਚਾਹੀਦਾ। ਸਾਡੇ ਗਾਹਕ ਦੇ ਵਿਰੁੱਧ ਧੋਖਾਧੜੀ ਜਾਂ ਚੋਰੀ ਵਰਗਾ ਅਪਰਾਧ ਕੀਤਾ ਗਿਆ ਹੈ।

ਖਬਰਾਂ ਅਨੁਸਾਰ ਬੀਤੀ 11 ਜਨਵਰੀ ਨੂੰ ਉਸੈਨ ਬੋਲਟ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਫੰਡ ਗਾਇਬ ਹੋ ਗਿਆ ਹੈ। ਦੂਜੇ ਪਾਸੇ ਉਸ ਦੇ ਵਕੀਲ ਨੇ ਕੰਪਨੀ ਤੋਂ ਪੈਸਿਆਂ ਦੀ ਮੰਗ ਕੀਤੀ। ਵਕੀਲ ਨੇ ਕਿਹਾ ਕਿ ਜੇਕਰ ਕੰਪਨੀ ਨੇ 10 ਦਿਨਾਂ ਦੇ ਅੰਦਰ ਪੈਸੇ ਵਾਪਸ ਨਹੀਂ ਕੀਤੇ ਤਾਂ ਉਸਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ। ਬੋਲਟ ਦੇ ਖਾਤੇ ਵਿੱਚ ਕਰੀਬ 12.8 ਮਿਲੀਅਨ ਡਾਲਰ ਸਨ। ਵਕੀਲ ਅਨੁਸਾਰ ਹੁਣ ਉਸ ਦੇ ਖਾਤੇ ਵਿੱਚ ਸਿਰਫ਼ 12 ਹਜ਼ਾਰ ਡਾਲਰ ਬਚੇ ਹਨ। ਹਾਲਾਂਕਿ ਇਸ ਮਾਮਲੇ ਤੇ ਕੰਪਨੀ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ ਹੈ।