ਪਿੰਡ ਵਾਸੀਆਂ ਨੂੰ ਮੋਟੇ ਅਨਾਜ ਦੇ ਫ਼ਾਇਦਿਆਂ ਬਾਰੇ ਜਾਗਰੂਕ ਕੀਤਾ

ਬੂਥਗੜ੍ਹ, 21 ਜਨਵਰੀ (ਸ.ਬ.) ਸਥਾਨਕ ਪਿੰਡ ਗੂੜਾ ਵਿਖੇ ਮੋਟੇ ਅਨਾਜ ਦੇ ਫ਼ਾਇਦਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਆਯੁਰਵੈਦਿਕ ਮੈਡੀਕਲ ਅਫ਼ਸਰ ਡਾ. ਜੀਵਨਜੋਤ ਢਿੱਲੋਂ ਅਤੇ ਡਾ. ਸ਼ਿਵਾਨੀ ਬਾਂਸਲ ਨੇ ਕਿਹਾ ਕਿ ਅੱਜ ਦੀ ਨੱਠ-ਭੱਜ ਦੀ ਜ਼ਿੰਦਗੀ ਵਿਚ ਅਸੀਂ ਅਪਣੇ ਮੂਲ ਅਨਾਜ ਨੂੰ ਬਹੁਤ ਪਿੱਛੇ ਛੱਡ ਆਏ ਹਾਂ ਜਦਕਿ ਮੋਟਾ ਅਨਾਜ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਕੈਂਸਰ, ਕੁਪੋਸ਼ਣ, ਪੇਟ ਦੀਆਂ ਬੀਮਾਰੀਆਂ ਅਤੇ ਹੋਰ ਅਨੇਕਾਂ ਬੀਮਾਰੀਆਂ ਤੋਂ ਬਚਾਅ ਕਰਨ ਵਿਚ ਇਹ ਅਨਾਜ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਮੋਟੇ ਅਨਾਜ ਜਿਵੇਂ ਬਾਜਰਾ, ਕੋਧਰਾ, ਕੰਗਣੀ, ਰਾਗੀ, ਜਵਾਰ ਆਦਿ ਨੂੰ ਅਪਣੀ ਰੋਜ਼ਾਨਾ ਖ਼ੁਰਾਕ ਵਿਚ ਸ਼ਾਮਲ ਕਰਨ ਦੀ ਲੋੜ ਹੈ।

ਇਸ ਮੌਕੇ ਆਂਗਣਵਾੜੀ ਸੁਪਰਵਾਇਜ਼ਰ ਇੰਦਰਜੀਤ ਕੌਰ ਨੇ ਧੀਆਂ ਅਤੇ ਪੁੱਤਰਾਂ ਵਿਚ ਫ਼ਰਕ ਨਾ ਕਰਨ ਦਾ ਸੁਨੇਹਾ ਦਿਤਾ ਅਤੇ ਧੀਆਂ ਦੀ ਲੋਹੜੀ ਪੁੱਤਰਾਂ ਵਾਂਗ ਮਨਾਉਣ ਦੀ ਅਪੀਲ ਕੀਤੀ। ਇਸ ਮੌਕੇ ਲੜਕੀਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਕਰੀਮਤਾ, ਸਕੂਲ ਅਧਿਆਪਕ ਮੱਖਣ ਸਿੰਘ, ਪੀ.ਜੀ.ਆਈ. ਤੋਂ ਡਾਕਟਰਾਂ ਦੀ ਟੀਮ ਅਤੇ ਪੰਜਾਬ ਯੂਨੀਵਰਸਿਟੀ ਦੇ ਸੋਸ਼ਲ ਵਿਕਾਸ ਵਿਭਾਗ ਦੇ ਵਿਦਿਆਰਥੀ ਤੇ ਹੋਰ ਪਿੰਡ ਵਾਸੀ ਮੌਜੂਦ ਸਨ। ਇਹ ਸਮਾਗਮ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਕਰਵਾਇਆ ਗਿਆ।