ਬੰਬ ਧਮਾਕਿਆਂ ਨਾਲ ਦਹਿਲਿਆ ਜੰਮੂ, 7 ਵਿਅਕਤੀ ਜ਼ਖ਼ਮੀ

ਜੰਮੂ, 21 ਜਨਵਰੀ (ਸ.ਬ.) ਜੰਮੂ ਵਿੱਚ ਅੱਜ15 ਮਿੰਟਾਂ ਅੰਦਰ ਹੋਏ 2 ਬੰਬ ਧਮਾਕਿਆਂ ਵਿੱਚ 7 ਵਿਅਕਤੀ ਜ਼ਖ਼ਮੀ ਹੋ ਗਏ। ਐਡੀਸ਼ਨਲ ਪੁਲੀਸ ਡਾਇਰੈਕਟਰ ਜਨਰਲ (ਜੰਮੂ) ਨੇ ਧਮਾਕਿਆਂ ਅਤੇ 6 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ। ਹਾਲਾਕਿ ਹਸਪਤਾਲ ਸੂਤਰਾਂ ਨੇ ਕਿਹਾ ਕਿ ਛਰਰੇ ਲੱਗਣ ਨਾਲ 7 ਲੋਕਾਂ ਨੂੰ ਦਾਖ਼ਲ ਕਰਵਾਇਆ ਗਿਆ ਅਤੇ ਸਾਰਿਆਂ ਦੀ ਹਾਲਤ ਸਥਿਰ ਹੈ।

ਇਕ ਅਧਿਕਾਰੀ ਨੇ ਕਿਹਾ ਕਿ ਪਹਿਲਾ ਧਮਾਕਾ ਸਵੇਰੇ ਕਰੀਬ 10.45 ਵਜੇ ਹੋਇਆ। ਉਸ ਤੋਂ ਬਾਅਦ ਇਕ ਹੋਰ ਧਮਾਕਾ ਹੋਇਆ। ਉਨ੍ਹਾਂ ਕਿਹਾ ਕਿ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ।

ਇਕ ਚਸ਼ਮਦੀਦ ਨੇ ਕਿਹਾ ਕਿ ਪਹਿਲਾ ਧਮਾਕਾ ਇਕ ਵਾਹਨ ਵਿੱਚ ਹੋਇਆ, ਜਿਸ ਨੂੰ ਮੁਰੰਮਤ ਲਈ ਵਰਕਸ਼ਾਪ ਭੇਜਿਆ ਗਿਆ ਸੀ। 15 ਮਿੰਟ ਬਾਅਦ, ਨੇੜੇ ਇਕ ਹੋਰ ਧਮਾਕਾ ਹੋਇਆ, ਜਿਸ ਨਾਲ ਨੁਕਸਾਨੇ ਹਿੱਸਿਆਂ ਅਤੇ ਕੂੜੇ ਨਾਲ ਖੇਤਰ ਭਰ ਗਿਆ। ਉਨ੍ਹਾਂ ਕਿਹਾ ਕਿ ਪਹਿਲੇ ਧਮਾਕੇ ਵਿੱਚ 5 ਲੋਕ ਜ਼ਖ਼ਮੀ ਹੋਏ ਸਨ ਅਤੇ ਦੂਜੇ ਵਿੱਚ 2 ਹੋਰ ਜਖਮੀ ਹੋਏ।